ਜੇ ਇਸੇ ਤਰਾਂ ਲਾਕਡਾਊਨ ਵਧਦਾ ਗਿਆ ਤਾਂ ਨੌਜਵਾਨ ਪੀੜੀ ਦਾ ਡਿਜ਼ੀਟਲ ਸਿਨੇਮਾ ਵੱਲ ਵਧ ਰਿਹਾ ਝੁਕਾਅ ਆਦਤ ਵਿੱਚ ਤਬਦੀਲ ਹੋਣ ਦੇ ਆਸਾਰ ਹਨ, ਜੋ ਕਿ ਅਜੇ ਜ਼ਿਆਦਾਤਰ ਸਿਰਫ ਟਾਈਮ ਪਾਸ ਦਾ ਸਾਧਨ ਹੀ ਹੈ ਅਤੇ ਨੌਜਵਾਨ ਪੀੜੀ ਤੋਂ ਇਲਾਵਾ ਵੀ ਲੋਕ ਮੁਬਾਈਲ/ਯੂਟੀਊਬ ਤੇ ਹੀ ਫ਼ਿਲਮਾਂ ਵੇਖਣ ਲੱਗ ਪਏ ਹਨ। ਲਾਕਡਾਊਨ ਖੁੱਲ੍ਹਣ ਤੋ ਬਾਅਦ ਵੀ ਫ਼ਿਲਮ ਖੇਤਰ ਦਾ ਜਲਦੀ ਨਾਲ ਪਟੜੀ ਤੇ ਆਉਣਾ ਵੀ ਸੰਭਵ ਨਹੀਂ ਹੋਵੇਗਾ ਕਿਉਂਕਿ ਕੌਮੀ ਆਫਤਾਂ ਦੇ ਚਲਦਿਆਂ ਮਨੋਰੰਜਨ ਜਗਤ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ।ਜਿਵੇਂ ਕਿ ਅਸੀ ਸੁਣ ਰਹੇ ਹਾਂ ਕਿ ਸਿਨੇਮਾ ਹਾਲ ਖੁੱਲਣ ਤੋਂ ਬਾਅਦ ਵੀ ਪਹਿਲਾਂ ਤਾਂ ਕਾਫੀ ਸਮਾਂ ਲੋਕ ਡਰਦੇ ਜਾਂ ਝਿਜਕਦੇ ਹੀ ਸਿਨੇਮਾ ਹਾਲ ਨਹੀਂ ਜਾਣਗੇ ਅਤੇ ਜੇ ਸ਼ੁਰੂ ਵੀ ਹੋਏ ਤਾਂ ਸ਼ੋਸ਼ਲ ਡਿਸਟੈਂਸ ਦੇ ਚਲਦਿਆਂ ਅੱਧਾ ਹਾਲ ਖਾਲੀ ਰੱਖਿਆ ਜਾਂਦਾ ਹੈ ਤਾਂ ਬਹੁ ਕਰੋੜੀ ਫ਼ਿਲਮਾਂ ਤੋਂ ਕਮਾਈ ਤਾਂ ਬਾਅਦ ਦੀ ਗੱਲ , ਉਨਾਂ ਦੇ ਤਾਂ ਪੈਸੇ ਪੂਰੇ ਹੋਣ ਦੀ ਸੰਭਵਨਾਂ ਵੀ ਬਹੁਤ ਘੱਟ ਜਾਵੇਗੀ। ਮੈਨੂੰ ਨਹੀਂ ਲੱਗਦਾ ਕਿ ਇਹ ਸਭ ਕਿਸੇ ਵੀ ਬਹੁ ਕਰੋੜੀ ਫ਼ਿਲਮ ਨਿਰਮਾਤਾ ਨੂੰ ਮਨਜ਼ੂਰ ਹੋਵੇਗਾ। ਅਜਿਹੀ ਹਾਲਤ ਵਿੱਚ ਜਾਂ ਤਾਂ ਨਿਰਮਾਤਾ ਖ਼ੁਦ ਡਿਜ਼ੀਟਲ ਸਿਨੇਮਾ ਵੱਲ ਰੁੱਖ ਕਰੇਗਾ ਜਾਂ ਫਿਰ ਸਿਨੇਮਾ ਟਰੈਂਡ ਨੂੰ ਜ਼ਿੰਦਾ ਰੱਖਣ ਲਈ ਫ਼ਿਲਮ ਨਿਰਮਾਤਾਵਾਂ ਨੂੰ ਮਲਟਪਲੈਕਸਸ ਸਿਨੇਮਾ ਮਾਲਕਾਂ ਨਾਲ ਨਵੇਂ ਸਮਝੋਤੇ ਦੀ ਲੋੜ ਪਵੇਗੀ, ਜਿਸ ਵਿੱਚ ਫ਼ਿਲਮ ਨਿਰਮਾਤਾਵਾਂ ਦਾ ਕੁੱਲ ਕੁਲੈਕਸ਼ਨ ਵਿੱਚੋਂ ਘੱਟ ਤੋਂ ਘੱਟ (75) ਪੰਜਤਰ ਪ੍ਰਤੀ਼ਤ ਹਿੱਸਾ ਹੋਣ ਦੀ ਸ਼ਰਤ ਹੋਵੇ, ਪਰ ਅਜਿਹਾ ਹੋਣਾ ਸੌਖੀ ਗੱਲ ਨਹੀ ਹੋਵੇਗੀ ਇਸ ਲਈ ਵੀ ਫ਼ਿਲਮ ਨਿਰਮਾਤਾਵਾਂ ਨੂੰ ਇੱਕਠੇ ਹੋ ਕੇ ਸੰਘਰਸ਼ ਹੀ ਕਰਨਾ ਪਵੇਗਾ। ਜੇ ਸੋਚਿਆ ਜਾਵੇ ਤਾਂ ਪਹਿਲਾਂ ਤੋਂ ਬਣੇ ਸਿਨੇਮਾ ਘਰ ਤਾਂ ਕਾਫੀ ਕਮਾਈ ਵੀ ਕਰ ਚੁੱਕੇ ਹਨ ਅਤੇ ਹੁਣ ਵੀ ਟਿੱਕਟਾਂ ਚੋਂ ਕਮਾਈ ਦੇ ਨਾਲ ਨਾਲ ਖਾਣਪੀਣ ਵਾਲੀਆਂ ਸਾਰੀਆਂ ਲੋੜੋ ਵੱਧ ਮੰਹਿਗੀਆਂ ਵਸਤਾਂ ਤੋਂ ਕਮਾਈ ਵੀ ਸਿਨੇਮਾ ਘਰਾਂ ਦੀ ਹੀ ਰਹੇਗੀ ਜਦਕਿ ਫ਼ਿਲਮ ਨਿਰਮਾਤਾ ਕੋਲ ਥਿਏਟਰਾਂ ਤੋਂ ਵਾਪਸੀ ਸਿਰਫ ਤੇ ਸਿਰਫ ਆਪਣੀ ਫਿਲਮ ਤੋਂ ਹੋਣ ਵਾਲੀ ਕੁਲੈਸ਼ਨ ਤੇ ਹੀ ਨਿਰਭਰ ਹੈ। ਸੋ ਇੱਕ ਦੂਜੇ ਦੀ ਲੋੜ ਨੂੰ ਸਮਝਦਿਆਂ ਨਵੇਂ ਸਮਝੋਤੇ ਨਾਲ ਹੀ ਦੋਨਾਂ ਧਿਰਾਂ ਦਾ ਬਚਾਅ ਸੰਭਵ ਹੈ, ਨਹੀਂ ਤਾਂ ਦੋਵਾਂ ਨੂੰ ਭਾਰੀ ਨੁਕਸਾਨ ਉਠਾਣਾ ਪੈ ਸਕਦੈ।
ਦੂਜੇ ਪਾਸੇ ਜੇ ਡਿਜ਼ੀਟਲ ਸਿਨੇਮਾ ਦੀ ਗੱਲ ਕਰੀਏ ਤਾਂ ਇਸ ਦੇ ਪ੍ਰਫੁਲਤ ਹੋਣ ਦੇ ਨਾਲ ਨਾਲ ਇਹ ਗੁਣਵਤਾ ਪ੍ਰਧਾਨ ਵੀ ਹੋਵੇਗਾ ਅਤੇ ਹੋਵੇਗਾ ਵੀ ਸਿਮਤ ਬਜ਼ਟ ਵਾਲਾ ਕਿਉਕਿ ਡਿਜ਼ੀਟਲ ਪਲੇਟਫਾਰਮ ਮੁਹਈਆ ਕਰਵਾਉਣ ਵਾਲੀਆਂ ਕੰਪਨੀਆਂ ਕਿਸੇ ਇੱਕ ਫ਼ਿਲਮ ਦੇ ਅਧਿਕਾਰ ਖਰੀਦਣ ਤੇ ਬਹੁਤ ਵੱਡਾ ਨਿਵੇਸ਼ ਨਹੀਂ ਕਰਨਗੀਆਂ। ਇਸ ਲਈ ਵੱਡੀਆਂ ਫ਼ਿਲਮਾਂ ਦੇ ਨਿਰਮਾਣ ਦੀ ਗਤੀ ਵੀ ਮੱਧਮ ਹੋਵੇਗੀ ਜਿਸ ਨਾਲ ਹੋਰਨਾ ਤੋਂ ਇਲਾਵਾ ਛੋਟੇ-ਵੱਡੇ ਸਭ ਕਲਾਕਾਰ ਵੀ ਪ੍ਰਭਾਵਿਤ ਹੋਣਗੇ ਅਤੇ ਕੁਝ ਲੋਕਾਂ ਨੂੰ ਰੈਗੂਲਰ ਕੰਮ ਨਾ ਮਿਲਣ ਤੇ ਪੇਸ਼ਾ ਬਦਲਣਾ ਵੀ ਪੈ ਸਕਦਾ ਹੈ।
ਇੱਕ ਸੰਭਾਵਨਾ ਇਹ ਵੀ ਹੈ ਕਿ ਛੋਟਾ ਪਰਦਾ ਪਹਿਲਾਂ ਨਾਲੋ ਵੱਧ ਪ੍ਰਫੁਲਤ ਹੋਵੇਗਾ ਅਤੇ ਜੇ ਫਿਲਮਾਂ ਵਾਲੇ ਉਸ ਪਾਸੇ ਨਿਵੇਸ਼ ਲਈ ਹੁਣ ਤੋਂ ਹੀ ਸੋਚ ਲੈਣ ਤਾਂ ਉਨਾਂ ਨੂੰ ਆਪਣਾ ਭਵਿੱਖ ਬਚਾਈ ਰੱਖਣ ਵਿੱਚ ਤਾਂ ਮਦਦ ਮਿਲੇਗੀ ਹੀ ਪਰ ਨਾਲ ਨਾਲ ਫ਼ਿਲਮ ਖੇਤਰ ਨਾਲ ਜੁੜੇ ਬਾਕੀ ਲੋਕਾਂ ਦਾ ਭਵਿੱਖ ਵੀ ਕੁੱਝ ਹੱਦ ਤੱਕ ਸੁਰੱਖਿਤ ਹੋ ਸਕਦਾ ਹੈ।
ਇਹ ਵੀ ਹੋ ਸਕਦਾ ਹੈ ਕਿ ਅਜੇ ਮੇਰੀਆਂ ਕੁਝ ਉਪਰੋਤਕ ਗੱਲਾਂ ਕਿਸੇ ਨੂੰ ਨਾਹ ਪੱਖੀ ਵੀ ਲੱਗਣ ਪਰ ਬਦਲਦੇ ਹਲਾਤਾਂ ਕਾਰਨ ਇੰਨ੍ਹਾਂ ਤੇ ਗੌਰ ਕਰਨਾ ਵੀ ਜ਼ਰੂਰੀ ਹੈ ਕਿਉਂਕਿ ਇਸ ਕੋਰੋਨਾ ਵਰਗੀ ਮਹਾਂਮਾਰੀ ਦੇ ਚਲਦਿਆਂ ਵਿਸ਼ਪਵਿਆਪੀ ਕਾਰੋਬਾਰੀ ਘਾਟੇ ਕਾਰਨ ਸਿਨੇਮਾ-ਸਮੀਕਰਨਾਂ ਦੇ ਬਦਲਣ ਦੀ ਸੰਭਾਵਨਾਂ ਵੱਧਦੀ ਨਜ਼ਰ ਆ ਰਹੀ ਹੈ।
ਧੰਨਵਾਦ ਸਹਿਤ -ਦਲਜੀਤ ਅਰੋੜਾ (ਸੰਪਾਦਕ-ਪੰਜਾਬੀ ਸਕਰੀਨ ਮੈਗਜ਼ੀਨ)