ਜੇ ਪੀ.ਟੀ.ਸੀ ਕੋਲ ਸੱਚਮੁੱਚ ਕੋਈ “ਐਵਾਰਡ ਜਿਊਰੀ” ਹੈ ਤਾਂ ਦਰਸ਼ਨ ਕਰਵਾਏ, ਜ਼ਰਾ ਪੁੱਛੀਏ ਤਾਂ ਸਹੀ ਉਨਾਂ ਨੂੰ..
2019 ਵਿੱਚ 61 ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਚੋਂ ਪੀ਼ਟੀ਼ਸੀ ਐਵਾਰਡ ਲਈ 39 ਫ਼ਿਲਮਾਂ ਚੁਣੀਆਂ ਗਈਆਂ, ਜੋ 22 ਸ਼ਾਮਲ ਨਹੀਂ ਹੋਈਆਂ, ਉਨਾਂ ਵਿੱਚ ਵੀ ਕਈ ਵਧੀਆ ਫ਼ਿਲਮਾਂ ਸਨ ਜੋ ਸ਼ਾਮਲ ਕੀਤੀਆਂ ਕੁਝ ਬੇਕਾਰ ਫ਼ਿਲਮਾਂ ਦੇ ਮੁਕਾਬਲਤਨ ਕਈ ਕੈਟਾਗਗੀਆਂ ਵਿੱਚ ਹਜ਼ਾਰਾਂ ਦਰਜੇ ਚੰਗੀਆਂ ਸਨ ਅਤੇ ਕੁਝ ਐਵਾਰਡ ਦੇ ਹੱਕਦਾਰ ਲੋਕਾਂ ਨੂੰ ਪਾਸੇ ਰੱਖਣ ਦੇ ਮਨਸੂਬੇ ਕਾਰਨ ਨੋਮੀਨੇਟ ਹੀ ਨਹੀਂ ਕੀਤਾ ਗਿਆ, ਬਾਕੀ ਗੀਤਕਾਰਾਂ ਬਾਰੇ ਤਾਂ ਪਹਿਲਾਂ ਹੀ ਗੱਲ ਹੋ ਚੁੱਕੀ ਹੈ। ਖੈਰ ਪਹਿਲਾਂ ਗੱਲ ਉਨਾਂ ਐਵਾਰਡਾਂ ਦੀ ਜੋ ਸ਼ਾਮਲ ਫ਼ਿਲਮਾਂ ਨੂੰ ਦਿੱਤੇ ਗਏ, ਕਿਉਂਕਿ ਐਵਾਰਡ ਵਿੱਚ ਨਾ ਸ਼ਾਮਲ ਕੀਤੀਆਂ ਜਾਣ ਵਾਲੀਆਂ ਕੁੱਝ ਫ਼ਿਲਮਾਂ ਬਾਰੇ ਤਾਂ ਪ੍ਰਬੰਧਕਾਂ ਨੂੰ ਪਤਾ ਵੀ ਨਈ ਹੋਣਾ ਕਿ ਰਿਲੀਜ਼ ਵੀ ਹੋਈਆਂ ਕਿ ਨਹੀ। ਸਭ ਨੂੰ ਪਤਾ ਹੈ ਕਿ ਅਕਸਰ ਉਨਾਂ ਫ਼ਿਲਮਾਂ ਨੂੰ ਹੀ ਕਨਸਿਡਰ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਕੋਈ ਬਿਜ਼ਨਸ ਦਿੱਤਾ ਹੋਵੇ ਜਾਂ ਫੇਰ ਉਸ ਫ਼ਿਲਸ ਨਾਲ ਸਬੰਧਤ ਲੋਕ ਭਵਿੱਖ ਵਿੱਚ ਪੀ.ਟੀ.ਸੀ ਦੇ ਕੰਮ ਆਉਣ ਵਾਲੇ ਹੋਣ ।
‘ਬੈਸਟ ਫ਼ਿਲਮ” ਗੱਲ ਸ਼ੁਰੂ ਕਰਦੇ ਹਾਂ 2019 ਲਈ ਚੁਣੀ ਗਈ ‘ਬੈਸਟ ਫ਼ਿਲਮ-ਅਰਦਾਸ ਕਰਾਂ’ ਦੀ ਤਾਂ ਕੋਈ ਸ਼ੱਕ ਨਹੀਂ ਕਿ ਇਹ ਫ਼ਿਲਮ ਬਹੁਤ ਵਧੀਆ ਫ਼ਿਲਮ ਸੀ ਜਿਸ ਲਈ ਗਿੱਪੀ ਗਰੇਵਾਲ ਸਮੇਤ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਨਾਲ ਹੀ ਵਿਸ਼ੇਸ਼ ਮੁਬਾਰਕ ਇਸ ਫ਼ਿਲਮ ਦੇ ਸੰਵਾਦ ਲੇਖਕ ਰਾਣਾ ਰਣਬੀਰ ਨੂੰ ਕਿ ਉਸ ਨੂੰ ਇਸ ਫ਼ਿਲ਼ਮ ਦੇ ਦੂਜੇ ਐਵਾਰਡ ‘ਬੈਸਟ ਡਾਇਲਗ ਰਾਈਟਰ’ ਲਈ ਚੁਣਿਆ ਗਿਆ ਅਤੇ ਰਾਣੇ ਦੀ ਲੇਖਣੀ ਕਮਾਲ ਦੀ ਹੈ, ਇਸ ਵਿੱਚ ਵੀ ਕੋਈ ਸ਼ੱਕ ਨਹੀਂ। ਪਰ “ਅਰਦਾਸ ਕਰਾਂ” ਵਾਲੇ ਕਿਤੇ ਇਹ ਨਾ ਸੋਚ ਲੈਣ ਕੇ ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਵੀ ਵਧੀਆ ਸੀ, ਨਾਂ ਹੀ ਤੁਹਾਡੀ ਫ਼ਿਲਮ ਦਾ ਪੂਰਾ ਸੰਗੀਤ ਵਧੀਆ ਸੀ, ਨਾ ਹੀ ਸ਼ਾਇਦ ਐਡੀਟਿੰਗ ਸਹੀ ਹੋ ਸਕੀ ਅਤੇ ਨਾ ਹੀ ਸਿਨਮੈਟੋਗਰਾਫ਼ੀ ਲਈ ਦਰਸ਼ਕਾਂ ਦਾ ਦਿਲ ਜਿੱਤ ਸਕੇ, ਐਵੇਂ ਤੁਸੀਂ ਮਨਫੀਵਡਿਗਰੀ ਟੈਮੰਪਰੇਚਰ ਵਿਚ ਕਨੇਡਾ ਦੀ ਬਰਫੀਲੀਆਂ ਪਹਾੜੀਆਂ ਦੇ ਦ੍ਰਿਸ਼ ਫ਼ਿਲਮਾਉਂਦੇ ਰਹੇ। ਮਾਫ ਕਰਨਾ ਇਹ ਮੈਂ ਨਹੀਂ ਕਹਿ ਰਿਹਾ ਇਹ ਤਾਂ ਪੀ.ਟੀ.ਸੀ ਨੇ ਆਪ ਸਿੱਧ ਕਰ ਦਿੱਤਾ ਜਦੋਂ ਬੈਸਟ ਕਹਾਣੀ ਦਾ ਐਵਾਰਡ ਫ਼ਿਲਮ ਗੁੱਡੀਆਂ ਪਟੋਲੇ ਦੇ ਲੇਖਕ ਨੂੰ ਦਿੱਤਾ ਗਿਆ ਹੈ ਅਤੇ ਬੈਸਟ ਸਕਰੀਨ ਪਲੇਅ ਦਾ ਐਵਾਰਡ ਉਸ ਸੁਪਰਫਲਾਪ ”ਹਾਈ ਐੰਡ ਯਾਰੀਆਂ” ਫ਼ਿਲਮ ਨੂੰ ਦਿੱਤਾ ਗਿਆ ਜੋ ਕਿ ਐਡੀ ਵੱਡੀ ਸਟਾਰ ਕਾਸਟ ਹੋਣ ਦੇ ਬਾਵਜੂਦ ਸਕਰੀਨ ਪਲੇਅ ਤੋਂ ਹੀ ਸਭ ਤੋਂ ਵੱਧ ਮਾਰ ਖਾ ਗਈ, ਸ਼ਾਇਦ ਇਸ ਤੋਂ ਵੱਧ ਇਸ ਐਵਾਰਡ ਦੀ ਬੇਇਜ਼ਤੀ ਨਹੀਂ ਹੋ ਸਕਦੀ, ਜੋ ਪੀ.ਟੀ.ਸੀ ਵਾਲਿਆਂ ਕਰ ਦਿੱਤੀ। ‘ਬੈਸਟ ਐਡੀਟਿੰਗ” ਦਾ ਐਵਾਰਡ ਵੀ ਸਿਕੰਦਰ-2 ਨੂੰ ਦਿੱਤਾ ਗਿਆ, ਜੋ ਕਿ ਅਤਿਅੰਤ ਹੈਰਾਨੀ ਭਰਪੂਰ ਹੈ ਅਤੇ ‘ਬੈਸਟ ਸਿਨਮੈਟੋਗਰਾਫ਼ੀ” ਦਾ ਐਵਾਰਡ ਵੀ ਫ਼ਿਲਮ ‘ਝੱਲੇ” ਦੇ ਖਾਤੇ ਪਿਆ।
‘ਬੈਸਟ ਮਿਊਜ਼ਿਕ’ ਬਾਕੀ ਰਹੀ ਬੈਸਟ ਮਿਊਜ਼ਿਕ ਦੀ ਗੱਲ ਤਾਂ ਉਹ ਵੀ ਗੁੱਡੀਆਂ ਪਟੋਲੇ ਦੇ ਸੰਗੀਤਕਾਰ ‘ਰਕਸ ਮਿਊਜ਼ਿਕ ਦੇ” ਹਿੱਸੇ ਆਇਆ, ਜਿਸ ਦਾ ਵੀ ਸ਼ਾਇਦ ਸਹੀ ਫੈਸਲਾ ਨਹੀਂ ਹੋ ਸਕਿਆ ਜਦਕਿ ਦਰਸ਼ਕਾਂ ਦੀ ਪਸੰਦ ਮੁਤਾਬਕ ਇਹ ਐਵਾਰਡ ਸਿਰਫ ਤੇ ਸਿਰਫ ਫ਼ਿਲਮ “ਮੁਕਲਾਵਾ” ਦਾ ਹੀ ਬਣਦਾ ਹੈ। ਜੇ ਅਸੀਂ ਸਾਰੀ ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਫ਼ਿਲਮ “ਮੁਕਲਾਵਾ” ਨਾਲੋਂ ਸੋਹਣਾ, ਵੱਡਾ ਅਤੇ ਮੈਲੋਡੀਅਸ ਸੰਗੀਤ ਕਿਸੇ ਵੀ ਫ਼ਿਲਮ ਦਾ ਨਹੀਂ ਸੀ।
ਪਾਪੂਲਰ ਸੋਂਗ ਆਫ਼ ਦਾ ਯਿਅਰ ਐਵਾਰਡ ਇਸ ਲਈ ਫ਼ਿਲਮ ਮੁਕਲਾਵਾ ਦੇ ਗਾਣੇ ‘ਵੰਗ ਦਾ ਨਾਪ’ ਨੂੰ ਚੁਣ ਲਿਆ ਗਿਆ, ਭਾਂਵੇ ਕਿ ਮੁਕਲਾਵਾ ਦਾ ਸਾਰਾ ਗੀਤ ਸੰਗੀਤ ਬੈਸਟ ਸੀ ਪਰ ਇਸ ਐਵਾਰਡ ਅਸਲ ਹੱਕਦਾਰ ਫ਼ਿਲ਼ਮ ‘ਛੱੜਾ’ ਦਾ ਗੀਤ ‘ਟੋਮੀ ਦੀਆਂ ਜੀਨਾਂ” ਹੈ ਜੋ ਕਿ ਵੱਧ ਮਸ਼ਹੂਰ ਹੋਇਆ।
‘ਬੈਸਟ ਪਲੇਅਬੈਕ ਸਿੰਗਰ (ਮੇਲ)’ ਗੱਲ ਜੇ ਫੇਰ ਫ਼ਿਲਮ ‘ਅਰਦਾਸ ਕਰਾਂ” ਦੀ ਕਰੀਏ ਤਾਂ ਗਾਇਕ ਨੱਛਤਰ ਗਿੱਲ ਨੂੰ ਪਲੇਅਬੈਕ ਗਾਇਕੀ ਲਈ ਦਿੱਤਾ ਗਿਆ ‘ਬੈਸਟ ਪਲੇਅਬੈਕ ਸਿੰਗਰ(ਮੇਲ)’ ਦਾ ਐਵਾਰਡ ਸਹੀ ਇਸ ਕਰਕੇ ਲੱਗਾ ਕਿ ਪਿਠਵਰਤੀ ਗਾਇਕੀ ਦੇ ਅਵਾਰਡਾਂ ਲਈ ਨਿਰੋਲ ਗਾਇਕ ਹੀ ਜਚੱਦੇ ਹਨ, ਵੈਸੇ 2019 ਵਿੱਚ ਹੀ ਆਈ ਫਿਲਮ “ਮਿੱਟੀ ਦਾ ਬਾਵਾ” ਦਾ ਟਾਈਟਲ ਗੀਤ ਵੀ ਨੱਛਤਰ ਗਿੱਲ ਨੇ ਹੀ ਗਾਇਆ ਸੀ ਪਰ ਸ਼ਾਇਦ ਪੀ.ਟੀ.ਸੀ ਵਾਲਿਆਂ ਦੀਆਂ ਨਜ਼ਰਾਂ ਵਿੱਚ ਛੋਟੇ/ਨਵੇਂ ਨਿਰਮਾਤਾ ਦੀ ਫ਼ਿਲਮ ਹੋਣ ਕਰਕੇ ਉਸ ਗੀਤ ਵੱਲ ਕਿਸੇ ਦਾ ਧਿਆਨ ਨਹੀਂ ਗਿਆ।
ਬੈਸਟ ਡਾਇਰੈਕਟਰਹੁਣ ਜੇ ਫ਼ਿਲਮ “ਅਰਦਾਸ ਕਰਾਂ” ਨੂੰ ਬੈਸਟ ਫ਼ਿਲਮ ਐਵਾਰਡ ਦਿੱਤਾ ਗਿਆ ਹੈ ਤਾਂ ਉਸ ਦੇ ਨਿਰਦੇਸ਼ਕ ਨੂੰ ਵੀ ਬੈਸਟ ਡਾਇਰੈਕਟਰ ਦਾ ਆਵਾਰਡ ਮਿਲਣਾ ਬਿਲਕੁਲ ਜਾਇਜ਼ ਹੈ ਇਸ ਫ਼ਿਲਮ ਵਿੱਚ ਗਿੱਪੀ ਦੀ ਮਿਹਨਤ ਅਤੇ ਸ਼ਿਦੱਤ ਵੀ ਝਲਕਦੀ ਹੈ। ਇਸ ਲਈ ਇਕ ਵਾਰ ਫੇਰ ਗਿੱਪੀ ਗਰੇਵਾਲ ਨੂੰ ਵਧਾਈ। ਪਰ ਇੱਕ ਗੱਲ ਦੀ ਹੈਰਾਨੀ ਹੋਈ ਕਿ ਬੈਸਟ ਡਾਇਰੈਕਟਰ ਨੋਮੀਨੇਸ਼ਨਸ ਵਿੱਚ ਹਿੱਟ ਫ਼ਿਲਮ ‘ਬਲੈਕੀਆ’ ਦੇ ਨਿਰਦੇ਼ਸ਼ਕ ਸੁਖਮਿੰਦਰ ਧੰਜਲ (ਨੈਸ਼ਨਲ ਐਵਾਰਡ ਜੇਤੂ) ਦਾ ਨਾਮ ਹੀ ਨਹੀਂ, ਜੋ ਪੀ.ਟੀ.ਸੀ ਲਈ ਵੱਡਾ ਸਵਾਲੀਆ ਚਿੰਨ ਹੈ?
ਬਾਕੀ ਵਰ੍ਹੇ ਦੀ ਬੈਸਟ ਫ਼ਿਲਮ ਦੇ ਐਵਾਰਡ ਦਾ ਦਸਤੂਰ ਤਾਂ ਇਹੀ ਕਹਿੰਦਾ ਕਿ ਜੇ ਫ਼ਿਲਮ ਬੈਸਟ ਹੈ ਤਾਂ ਸਾਰੇ ਪ੍ਰਮੁੱਖ ਆਵਾਰਡ ਵੀ ਉਸੇ ਫ਼ਿਲਮ ਖਾਤੇ ਜਾਣੇ ਚਾਹੀਦੇ ਹਨ ਕਿਉਂਕਿ ਬੈਸਟ ਫ਼ਿਲਮ ਤਾਂ ਕੋਂਬੋ ਪੈਕੇਜ਼ ਨਾਲ ਹੀ ਬਣਦੀ ਹੈ।
ਕੁੱਝ ਹੋਰ ਐਵਾਰਡ ਚਲੋ ਹੁਣ ਤੁਰਦੇ ਹਾਂ ਬਾਕੀ ਇਨਾਮਾਂ ਵੱਲ ਤਾਂ ਫ਼ਿਲਮ ਸੰਗੀਤ ਨਾਲ ਜੁੜੇ ਐਵਾਰਡਾਂ ਚੋਂ ‘ਬੈਸਟ ਪਿਠਵਰਤੀ ਗਾਇਕਾ” ਮਨੰਤ ਨੂਰ ਨੂੰ ਫ਼ਿਲਮ ‘ਮੁਕਲਾਵਾ’ ਦੇ ਗੀਤ ‘ਗੁਲਾਬੀ ਪਾਣੀ’ ਲਈ ਚੁਣਿਆ ਗਿਆ ਅਤੇ ਫ਼ਿਲਮ ‘ਬਲੈਕੀਆ’ ਨੂੰ ‘ਬੈਸਟ ਬੈਕਰਾਊਂਡ ਸਕੋਰ ਲਈ ਚੁਣਿਆ, ਜੋ ਐਵਾਰਡ ਅਮਰ ਮੋਹੀਲੇ ਦੇ ਹਿੱਸੇ ਆਇਆ ਅਤੇ ਫ਼ਿਲਮ ਦੇ ‘ਬੈਸਟ ਐਕਸ਼ਨ’ ਦਾ ਐਵਾਰਡ ਵੀ ਬਲੈਕੀਆ ਨੂੰ ਗਿਆ ਇਹ ਵੀ ਠੀਕ ਹੈ।
“ਬੈਸਟ ਐਕਟਰ ਐਵਾਰਡ” ਹੁਣ ਜੇ ਗੱਲ ਕਰੀਏ 2019 ਦੀਆਂ ਫ਼ਿਲਮ ਦੇ ਬੈਸਟ ਐਕਟਰਾਂ ਚੋਂ ਇਕ ਦੀ ਤਾਂ ਇੱਥੇ ਦੋ ਜਾਣਿਆਂ ਨੂੰ ਐਵਾਰਡ ਦਿੱਤੇ ਜਾਣ ਤੋਂ ਬਾਅਦ ਵੀ ਕਨਫਿਊਜ਼ਨ ਹੈ। ਇਸ ਕੈਟਾਗਰੀ ਵਿਚ 9 ਨੋਮੀਨੇਸ਼ਨ ਸਨ ਜਿਨਾਂ ਚੋਂ 8 ਹੀਰੋ ਅਤੇ ਇਕ ਕਰੈਟਰ ਆਰਟਿਸਟ ਗੁਰਪ੍ਰੀਤ ਘੁੱਗੀ (ਫ਼ਿਲਮ ਅਰਦਾਸ ਕਰਾਂ)। ਪਹਿਲਾਂ ਤਾਂ ਇਹ ਫੈਸਲਾ ਹੋਣਾ ਚਾਹੀਦਾ ਸੀ ਕਿ ਐਵਾਰਡ ਹੀਰੋ ਨੂੰ ਦੇਣਾ ਹੈ ਕਿ ਕਿਸੇ ਨੂੰ ਵੀ ਦਿੱਤਾ ਜਾ ਸਕਦਾ ਹੈ, ਬਾਕੀ ਇਕ ਕੈਟਾਗਰੀ ਵਿਚ ਦੋ ਆਵਾਰਡ ਦਾ ਮਤਲਬ ਐਵਾਰਡ ਦੀ ਵੁੱਕਤ ਖਤਮ ਕਰਨਾ। ਖੈਰ ਅਰਦਾਸ ਕਰਾਂ ਲਈ “ਬੈਸਟ ਐਕਟਰ” ਐਵਾਰਡ ਗੁਰਪ੍ਰੀਤ ਘੁੱਗੀ ਦੇ ਹਿੱਸੇ ਆਇਆ ਤੇ ਦੂਜਾ ਫ਼ਿਲਮ “ਛੜਾ” ਲਈ ਦਿਲਜੀਤ ਦੋਸਾਂਝ ਨੂੰ ਦਿੱਤਾ ਗਿਆ। ਬਾਕੀ ਜੇ ਸੱਚਮੁੱਚ ਬੈਸਟ ਹੀਰੋ ਐਕਟਰਾਂ ਦੀ ਗੱਲ ਕਰਨੀ ਹੈ ਤਾਂ ਨੋਮੀਨੇਸ਼ਨਸ ਵਿਚਲੇ ਨਾਵਾਂ ਚੋਂ ਮੁਕਲਾਵਾ ਲਈ ‘ਐਮੀ ਵਿਰਕ’ ਅਤੇ ਬਲੈਕੀਆ ਲਈ ‘ਦੇਵ ਖਰੌੜ’ ਨੂੰ ਇਗਨੋਰ ਕਰਨਾ ਉਨਾਂ ਨਾਲ ਬੇ ਇੰਨਸਾਫੀ ਹੈ।
ਕੁੱਝ ਹੋਰ ਐਵਾਰਡ ਬੈਸਟ ਡੈਬੀਊ ਮੇਲ ਐਕਟਰ ਲਈ ਗੁਰਨਾਮ ਭੁੱਲਰ ਨੂੰ ਫ਼ਿਲਮ ‘ਗੁੱਡੀਆਂ ਪਟੋਲੇ’ ਲਈ ਅਤੇ ਬੈਸਟ ਡੈਬੀਊ ਫੀਮੇਲ ਲਈ ਸ਼ਰਨ ਕੌਰ (ਮੁੰਡਾ ਫਰੀਦਕੋਟੀਆ) ਨੂੰ। ਪਹਿਲੀਆਂ ਫ਼ਿਲਮਾਂ ਹੋਣ ਕਰਕੇ ਦਿੱਤੇ ਗਏ ਇਹ ਐਵਾਰਡ ਠੀਕ ਹਨ। ਬੈਸਟ ਪਰਫੋਰਮੈਂਸ ਇਨ ਨੈਗੇਟਿਵ ਰੋਲ ਵਿੱਚ ਮਾਨਵ ਵਿਜ ਨੂੰ ਫ਼ਿਲਮ “ਡੀ.ਐਸ.ਪੀ ਦੇਵ” ਲਈ ਦਿੱਤਾ ਗਿਆ ਐਵਾਰਡ ਵੀ ਬਿਲਕੁਲ ਠੀਕ ਹੈ।
ਬੈਸਟ ਐਕਟਰੈਸ ਜੇ ਇਸ ਵਾਰ ਵਾਰੀ ਸੋਨਮ ਬਾਜਵਾ ਦੀ ਹੀ ਸੀ ਤਾਂ ਉਸ ਨੂੰ ਫ਼ਿਲਮ ‘ਗੁੱਡੀਆਂ ਪਟੋਲੇ’ ਜਾਂ ‘ਮੁਕਲਾਵਾ’ ਲਈ ਇਹ ਐਵਾਰਡ ਦੇਣਾ ਬਣਦਾ ਸੀ ਕਿਉਂਕਿ ‘ਅੜਬ ਮੁਟਿਆਰਾਂ’ ਵਿੱਚ ਤਾਂ ਉਸ ਨੇ ਓਵਰ ਐਕਟਿੰਗ ਦੀ ਕੋਈ ਕਸਰ ਨਹੀਂ ਛੱਡੀ, ਭਾਂਵੇ ਕਿ ਸੋਨਮ ਦੱਮਦਾਰ ਭੂਮੀਕਾਵਾਂ ਨਿਭਾਉਣ ਵਿੱਚ ਨਿਪੁੰਨ ਅਦਾਕਾਰਾ ਹੈ। ਬਾਕੀ ਇਸ ਕੈਟਾਗਰੀ ਵਿੱਚ ਨੋਮੀਨੇਟ ਸਾਰੀਆਂ ਹੀਰੋਈਨਾਂ ਹੀ ਇਕ ਤੋਂ ਇੱਕ ਵੱਧ ਸਨ।
‘ਬੈਸਟ ਸਪੋਰਟਿੰਗ ਐਕਟਰੈਸ ਐਵਾਰਡ’ ਇਸ ਐਵਾਰਡ ਦੀ ਗੱਲ ਫੇਰ ਜ਼ਰਾ ਔਖੀ ਹੈ ਕਿ ਫ਼ਿਲਮ ਲਈ ਦਿੱਤਾ ਜਾਣ ਵਾਲਾ ‘ਬੈਸਟ ਸਪੋਰਟਿੰਗ ਐਕਟਰੈਸ ਐਵਾਰਡ’ ਜੋਕਿ ਕਿ ਅਨੀਤਾ ਦੇਵਗਨ ਨੂੰ ਫ਼ਿਲਮ “ਜੱਦੀ ਸਰਦਾਰ” ਲਈ ਦਿੱਤਾ ਗਿਆ। ਬਿਨਾ ਸ਼ੱਕ ਅਨੀਤਾ ਇੱਕ ਬਹੁਤ ਹੀ ਨਿਪੁੰਨ ਅਦਾਕਾਰਾ ਹੈ ਪਰ ਜੇ ਅਸੀ ਗੱਲ ਫ਼ਿਲਮ ਦੇ ਹਿਸਾਬ ਨਾਲ ਕਰੀਏ ਤਾਂ ਪਹਿਲੀ ਗੱਲ ਫ਼ਿਲਮ ਫਲਾਪ ਸੀ, ਉਹ ਇਕ ਮੇਲ ਓਰੀਐਂਟਿਡ ਫ਼ਿਲਮ ਸੀ ਜਿਸ ਦੇ ਨਾ ਚੱਲਣ ਦੇ ਕਾਰਨਾਂ ਦੀ ਸਮੀਖਿਆ ਪਹਿਲਾਂਹੀ ਹੋ ਚੁੱਕੀ ਹੈ। ਜੇ ਫ਼ਿਲਮ ਹਿੱਟ ਜਾਂਦੀ ਹੈ ਜਾਂ ਕ੍ਰਿਟਿਕਸ ਦੀਆਂ ਨਜ਼ਰਾਂ ਵਿੱਚ ਸਲਾਹੀ ਜਾਂਦੀ ਹੈ ਤਾਂ ਹੀ ਉਸ ਵਿਚਲੇ ਕਿਰਦਾਰ ਨੋਟਿਸ ਹੁੰਦੇ ਹਨ। ਦੂਜੇ ਪਾਸੇ ਏਸੇ ਕੈਟਾਗਰੀ ਦੀ ਨੋਮੀਨੇਸ਼ਨ ਵਿੱਚ ਸ਼ਾਮਲ 2019 ਦੀ ਹਿੱਟ ਮੰਨੀ ਜਾਂਦੀ ਫ਼ਿਲਮ ‘ਬਲੈਕੀਆ’ ਵਿੱਚ ਦੇਵ ਖਰੋੜ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ‘ਏਕਤਾ ਬੀ.ਪੀ.ਸਿੰਘ’ ਨੂੰ ਪੀ.ਟੀ.ਸੀ ਫ਼ਿਲਮ ਐਵਾਰਡ ਦੀ ਅਖੌਤੀ ਜਿਊਰੀ ਨੇ ਕਿਉਂ ਅਣਗੋਲਿਆ? ਇਕ ਹੋਰ ਜ਼ਰੂਰੀ ਗੱਲ ਕੇ ਇਸ ਐਵਾਰਡ ਦੀ ਅਸਲ ਹੱਕਦਾਰ 2019 ਦੀ ਹੀ ਬੈਸਟ ਫ਼ਿਲਮੀ ਕਹਾਣੀ ਵਾਲੀ “ਗੁੱਡੀਆਂ ਪਟੋਲੇ” ਵਿਚਲੀ ਦੱਮਦਾਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਇਸ ਕੈਟਾਗਰੀ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ, ਜੋਕਿ ਫ਼ਿਲਮ ਦੀ ਰੀੜ ਦੀ ਹੱਡੀ ਸੀ। ਧੰਨ ਹੋ ਪੀ.ਟੀ.ਸੀ ਵਾਲਿਓ!
ਬੈਸਟ ਕਾਮੇਡੀ ਫ਼ਿਲਮ ਪਹਿਲੀ ਗੱਲ ਤਾਂ ਇਹ ਕੈਟਾਗਰੀ ਹੀ ਫਾਲਤੂ ਹੈ ਕਿਉਕਿ ਫ਼ਿਲਮ ਤਾਂ ਫ਼ਿਲਮ ਹੀ ਹੁੰਦੀ ਹੈ ਅਤੇ ਉਹ ਐਵਾਰਡਾਂ ਵਿਚ ਸਿਰਫ “ਬੈਸਟ ਫ਼ਿਲਮ” ਦੀ ਕੈਟਾਗਰੀ ਨਾਲ ਹੀ ਜਾਣੀ ਜਾਂਦੀ ਹੈ, ਇਸ ਤਰਾਂ ਤਾਂ ਤੁਸੀਂ ਹੋਰਨਾਂ ਨੂੰ ਖੁੱਸ਼ ਕਰਨ ਲਈ ਬੈਸਟ ਰੋਂਮਾਟਿਕ, ਐਕਸ਼ਨ, ਸੋਸ਼ਲ, ਧਾਰਮਿਕ ਜਾਂ ਫ਼ਿਲਮ ਦੇ ਮੂਡ ਦੇ ਹਿਸਾਬ ਨਾਲ ਕੋਈ ਵੀ ਕੈਟਾਗਰੀ ਰੱਖ ਸਕਦੇ ਹੋ, ਆਖਿਰ ਹੈ ਤਾਂ ਤੁਹਾਡੀ ਪ੍ਰਾਈਵੇਟ ਲਿਮਟਡ ਕੰਪਨੀ ਹੀ। ਖੈਰ ‘ਚੱਲ ਮੇਰਾ’ ਪੁੱਤ ਦੇ ਹਿੱਸੇ ਇਹ ਐਵਾਰਡ ਆਇਆ ਜਦਕਿ ਕਿ ਫ਼ਿਲਮ ‘ਛੜਾ’ ਵੀ ਕਿਸੇ ਪਾਸੇ ਘੱਟ ਨਹੀਂ ਸੀ। ਜੇ ਪੀਟੀ.ਸੀ ਦਾ ਇਕੋ ਕੈਟਾਗਰੀ ਵਿਚ ਦੋ ਐਵਾਰਡਾਂ ਦਾ ਰਿਵਾਜ਼ ਹੈ ਹੀ ਤਾਂ ਨਵੀਂ ਕੈਟਾਗਰੀ ਕ੍ਰਿਏਟ ਕਰਨ ਦੇ ਬਾਵਜੂਦ “ਛੜਾ” ਨੂੰ ਕਿਉਂ ਪਾਸੇ ਕੀਤਾ। ਉਹਦਾ ਵੀ ਇਹੋ ਆਵਾਰਡ ਬਣਦਾ ਸੀ। ਦੋਨੋ ਹੀ ਫ਼ਿਲਮਾਂ ਕਮਰਸ਼ੀਅਲੀ ਸੁਪਰ ਹਿੱਟ ਸਨ।
‘ਬੈਸਟ ਸਪੋਰਟਿੰਗ ਐਕਟਰ ਐਵਾਰਡ’ ਇੱਥੇ ਵੀ ਵੱਡੀ ਗੜਬੜ ਹੈ ਜੀ। ਇਹ ਐਵਾਰਡ ਫ਼ਿਲਮ “ਝੱਲੇ” ਲਈ ਪਵਨ ਮਲਹੋਤਰਾ ਨੂੰ ਦਿੱਤਾ ਗਿਆ, ਭਾਵੇਂ ਐਕਟਰ ਵਧੀਆ ਹੈ ਪਰ ਪੰਜਾਬੀ ਬੋਲਣੀ ਉਸ ਨੂੰ ਅਜੇ ਤੱਕ ਵੀ ਨਹੀਂ ਆਈ ਅਤੇ ਦੂਜੇ ਪਾਸੇ ਫ਼ਿਲਮ ‘ਝੱਲੇ’ ਵਿੱਚ ਉਸ ਦੀ ਐਕਟਿੰਗ ਘੱਟ ਤੇ ਓਵਰ ਐਕਟਿੰਗ ਜ਼ਿਆਦਾ ਸੀ, ਇਸ ਲਈ ਇਸ ਐਵਾਰਡ ਦੀ ਵੰਡ ਤਾਂ ਬਿਲਕੁਲ ਹੀ ਗਲਤ ਹੈ। ਸੁਦੇਸ਼ ਲਹਿਰੀ ਨੂੰ ਸਪੈਸ਼ਲੀ ਮੁੰਬਈ ਤੋਂ ਬੁਲਾ ਕੇ ਫ਼ਿਲਮ ‘ਅੜਬ ਮੁਟਿਆਰਾਂ’ ਅਤੇ ‘ਤਾਰਾ ਮੀਰਾ’ ਫ਼ਿਲਮਾਂ ਵਿੱਚ ਕੰਮ ਦਿੱਤਾ ਗਿਆ, ਉਹਦੀ ਸਪੋਰਟ ਵੀ ਸਿਰਫ ਆਨਲਾਈਨ ਐਵਾਰਡ ਵਿਚ ਘਰੇ ਬੈਠੇ ਲੋਕਾਂ ਨੂੰ ਹਸਾਉਣ ਤੱਕ ਹੀ ਸੀਮਤ ਰਹਿ ਗਈ। ਹਾਂ ਜੇ ਨਿਯਤਨ ਇਸ ਕੈਟਾਗਰੀ ਲਈ ਸਹੀ ਐਵਾਰਡ ਦੀ ਚੋਣ ਕਰਨੀ ਸੀ ਤਾਂ ਇਸ ਫ਼ਿਲਮ ਐਵਾਰਡ ਸ਼ੋਅ ਵਿੱਚ ਕਈ ਇਨਾਮਾਂ ਨਾਲ ਜੋੜੀ ਗਈ ਸੁਪਰਹਿੱਟ ਫ਼ਿਲਮ “ਚੱਲ ਮੇਰਾ ਪੁੱਤ” ਵਿਚਲੇ ਪਾਕਿਸਤਾਨੀ ਕਲਾਕਾਰਾਂ ਦੀ ਸਪੋਰਟ ਤੋਂ ਬਿਨਾਂ ਉਸ ਫ਼ਿਲਮ ਦੇ ਪੱਲੇ ਕੀ ਰਹਿ ਜਾਵੇਗਾ, ਸੋਚ ਕੇ ਵੇਖੋ, ਜੇ ਉਹ ਕਲਾਕਾਰ ਫ਼ਿਲਮ ਵਿਚ ਕੰਮ ਕਰ ਸਕਦੇ ਹਨ ਤਾਂ ਨੋਮੀਨੇਟ ਕਿਉਂ ਨਹੀਂ ਹੋ ਸਕਦੇ। ਦੂਜੇ ਪਾਸੇ ‘ਬੈਸਟ ਫ਼ਿਲਮ’ ਐਵਾਰਡ ਜੇਤੂ ਫ਼ਿਲਮ ‘ਅਰਦਾਸ ਕਰਾਂ” ਵਿੱਚ ਫ਼ਿਲਮ ਦਾ ਧੂਰਾ ਜਾਂ ਕਈਆਂ ਨੇ ਉਸ ਨੂੰ ਕਰੈਕਟਰ ਹੀਰੋ ਵੀ ਕਿਹਾ “ਮਲਕੀਤ ਰੌਣੀ” ਨੂੰ ਵੀ ਨੋਮੀਨੇਟ ਹੀ ਨਹੀਂ ਕੀਤਾ ਗਿਆ। ਜੇ ਅਸੀਂ ਪਾਕਿਸਤਾਨੀਆਂ ਨੂੰ ਐਵਾਰਡ ਨਹੀਂ ਸੀ ਦੇਣਾ ਤਾਂ ਫੇਰ ਇਸ ਦਾ ਅਸਲ ਹੱਕਦਾਰ ਤਾਂ ਮਲਕੀਤ ਰੌਣੀ ਹੀ ਸੀ। ਮੈਨੂੰ ਤਾਂ ਲਗਦੈ ਕਿ ਨਾ ਤਾਂ ਕੋਈ ਜਿਊਰੀ ਹੈ ਪੀ.ਟੀ.ਸੀ ਕੋਲ, ਨਾਂ ਹੀ ਕੋਈ ਫ਼ਿਲਮਾਂ ਵੇਖਦਾ ਅਤੇ ਨਾ ਹੀ ਕਿਸੇ ਨੂੰ ਫ਼ਿਲਮਾਂ ਵੇਖਣ ਦੀ ਸਮਝ ਹੈ। ਸਭ ਸਮਝੋਤੇ ਹੀ ਨੇ।
“ਬੈਸਟ ਪਰਫੋਰਮੈਂਸ ਇਨ ਕੋਮਿਕ ਰੋਲ” ਗੱਲ ਫੇਰ ਉਹੀ ਕਿ ਜੇ ਬੈਸਟ ਫ਼ਿਲਮ ‘ਚੱਲ ਮੇਰਾ ਪੁੱਤ’ ਹੈ ਤਾਂ ਕਿਉਂ ਨਹੀਂ ਮੰਨਦੇ ਕੇ ਦਰਸ਼ਕਾਂ ਨੂੰ ਪਾਕਿਸਤਾਨੀ ਕਲਾਕਾਰਾਂ ਨੇ ਹੀ ਸਬ ਤੋਂ ਵੱਧ ਹਸਾਇਆ। ਬਾਕੀ ਪੰਜਾਬ/ਇੰਡੀਆ ਦੇ ਹਿਸਾਬ ਨਾਲ ਜਸਵਿੰਦਰ ਭੱਲਾ ਦਾ ਕੋਈ ਜਵਾਬ ਨਹੀਂ ਇਸ ਲਈ ਉਨਾਂ ਨੂੰ ਫ਼ਿਲਮ “ਬੈਂਡ ਵਾਜੇ” ਲਈ ਇਹ ਐਵਾਰਡ ਬਿਲਕੁਲ ਦਰੁਸਤ ਹੈ, ਵਧਾਈ ਜੀ ਭੱਲਾ ਸਾਹਬ !
‘ਬੈਸਟ ਡੈਬੀਊ ਡਾਇਰੈਕਟਰ” ਬਾਕੀ ‘ਬੈਸਟ ਡੈਬੀਊ ਡਾਇਰੈਕਟਰ’ ਲਈ ਜਨਜੋਤ ਸਿੰਘ ਨੂੰ ਫ਼ਿਲਮ ‘ਚੱਲ ਮੇਰਾ ਪੁੱਤ’ ਲਈ ਐਵਾਰਡ ਵੀ ਇਸ ਲਈ ਠੀਕ ਹੈ ਕਿਉਂਕਿ ਉਸ ਦੀ ਫ਼ਿਲਮ ਬੈਸਟ ਕਾਮੇਡੀ ਫ਼ਿਲਮ ਦੀ ਕੈਟਾਗਰੀ ਲਈ ਨਿਯੁਕਤ ਹੋਈ ਹੈ, ਵੈਸੇ ਨਿਰਦੇਸ਼ਕ ਅਮਰਜੀਤ ਸਿੰਘ ਦੀ ਬੀਨੂੰ ਢਿਲੋਂ ਅਭਿਨੀਤ ‘ਕਾਲਾ ਸ਼ਾਹ ਕਾਲਾ’ ਵੀ ਕਿਸੇ ਪਾਸਿਓਂ ਮਾੜੀ ਨਹੀਂ ਸੀ।
‘ਪੀ.ਟੀ.ਸੀ ਪਰੋਮਿਸਿੰਗ ਸਟਾਰ ਆਫ ਦਾ ਯਿਅਰ’ ਜਿਵੇਂ ਕਿ ਉਪਰੋਤਕ ਨਾਮ ਦੀ ਕ੍ਰਿਏਟ ਕੀਤੀ ਗਈ ਨਿਵੇਕਲੀ ਕੈਟਾਗਰੀ ਤੋਂ ਹੀ ਪਤਾ ਲਗ ਰਿਹਾ ਹੈ ਕਿ ਇਹ ਵਾਦਾ ਪੂਰਾ ਕਰਨ ਲਈ ਹੀ ਬਣਾਈ ਗਈ ਹੈ। ਕਿਉਂਕਿ ਹੋਰ ਦਿੱਗਜ ਸਟਾਰਾਂ ਦੇ ਹੁੰਦਿਆਂ ਆਪਣੀ ਅਦਾਕਾਰੀ ਦੇ ਦੱਮ ਤੇ ਉਭਰੇ ਦੇਵ ਖਰੋੜ ਨੂੰ ਕਿਸੇ ਤਰਾਂ ਇਗਨੋਰ ਕਰਨਾ ਸ਼ਾਇਦ ਪੀ.ਟੀ.ਸੀ ਦੇ ਵੱਸ ਵਿੱਚ ਨਾ ਹੋਵੇ, ਜਦਕਿ ਇਸਦਾ ਐਵਾਰਡ ਤਾਂ ਉਪਰ ਵਾਲੀਆਂ ਜੈਨੂਅਨ ਕੈਟਾਗਰੀਆਂ ਵਿੱਚ ਬਣਦਾ ਹੈ, ਭਾਵੇਂ ਅਗਲੇ ਸਾਲ ਹੀ ਸਹੀ।
“ਫ਼ਿਲਮੀ ਯਾਰ ਆਫ ਦਾ ਯਿਅਰ” ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾਓ ਕਿ ਇਹ ਕੈਟਾਗਰੀ ਹਾਸੋਹੀਣੀ ਹੈ ਕਿ ਨਹੀਂ। ਪੀ.ਟੀ.ਸੀ ਲਈ ਸਿੰਗਰਾਂ ਨਾਲ ਯਾਰੀ ਪੁਗਾਉਣੀ ਕਿੰਨੀ ਜ਼ਰੂਰੀ ਹੈ ਉਹ ਜੱਸੀ ਗਿੱਲ, ਨਿੰਜਾ ਅਤੇ ਰਣਜੀਤ ਬਾਵਾ ਨੂੰ ਉਨਾਂ ਦੀ ਸੁਪਰ ਫਲਾਪ ਫ਼ਿਲਮ “ਹਾਈ ਐਂਡ ਯਾਰੀਆ” ਲਈ ਦਿੱਤੇ ਗਏ ਇਹ ਐਵਾਰਡ ਤੋਂ ਸਾਫ ਪਤਾ ਲਗਦਾ ਹੈ, ਜਦਕਿ ਇਸ ਕੈਟਾਗਰੀ ਵਿੱਚ ਸ਼ਾਮਲ ਫ਼ਿਲਮ ‘ਅਰਦਾਸ ਕਰਾਂ’ ਦੇ ਵਿਚਲੇ ਯਾਰ ਸਰਦਾਰ ਸੋਹੀ, ਮਲਕੀਤ ਰੌਣੀ ਅਤੇ ਰਾਣਾ ਜੰਗ ਬਹਾਦੁਰ ਦੇ ਸ਼ਾਨਦਾਰ ਅਭਿਨੈ ਨੂੰ ਭੁਲਾ ਦਿੱਤਾ ਗਿਆ। ਦੂਜਾ ਇੱਥੇ ਇਕ ਹੋਰ ਕੈਟਾਗੀਰੀ ਤਾਂ ਬਣਦੀ ਹੀ ਸੀ ‘ਫ਼ਿਲਮੀ ਸਹੇਲੀ ਆਫ਼ ਦਾ ਯਿਅਰ’, ਇਹ ਭੁੱਲ ਹੀ ਗਏ ਨਹੀਂ ਤਾਂ ਦੋ-ਤਿੰਨ ਪੰਜਾਬੀ ਅਦਾਕਾਰਾਂ ਹੋਰ ਖੁੱਸ਼ ਹੋ ਜਾਂਦੀਆਂ।
ਸਪੈਸਲ਼ ਐਵਾਰਡਸ ਉਪਰੋਤਕ 25 ਐਵਾਰਡਾਂ ਤੋਂ ਇਲਵਾਂ ਦੋ ਸਪੈਸਲ ਐਵਾਰਡ ਦਿੱਤੇ ਗਏ ਜਿਸ ਵਿੱਚ ਇਕ ਤਾਂ ਲਾਈਫ ਟਾਈਮ ਐਚੀਵਮੈਂਟ ਐਵਾਰਡ ਪੀ੍ਤੀ ਸਪਰੂ ਨੂੰ ਅਤੇ ਦੂਜਾ ਗਿੱਪੀ ਗਰੇਵਾਲ ਦੇ ਬੇਟੇ ਗੁਰਫਤਿਹ ਗਰੇਵਾਲ ਨੂੰ ਉਸ ਦੀ ‘ਅਰਦਾਸ ਕਰਾਂ’ ਵਿਚਲੀ ਸ਼ਾਨਦਾਰ ਅਦਾਕਾਰੀ ਕਰਕੇ।
ਪੀ.ਟੀ.ਸੀ ਐਡਜਸਟਮੈਂਟ ਐਵਾਰਡਸ (6) ਸਿਲਸਲਾ ਇੱਥੇ ਹੀ ਨਹੀ ਮੁਕਿਆ, ਗੱਲ ਹੁਣ ਮਜਬੂਰੀ ਵੱਸ ਜਾਂ ਮਰਜ਼ੀ ਨਾਲ ਉਨਾਂ ਨੂੰ ਖੁੱਸ਼ ਕਰਨ ਦੀ ਜੋ ਉਪਰ ਵਾਲੀਆਂ ਕੈਟਾਗਰੀਆਂ ਵਿੱਚ ਨਹੀਂ ਅਡਜਸਟ ਹੋ ਸਕੇ। ਪਹਿਲਾਂ ਗੱਲ ਸ਼ਾਨਦਾਰ ਅਦਾਕਰਾ ਰੂਪੀ ਗਿੱਲ ਦੀ ਜਿਸ ਦਾ ਫ਼ਿਲਮ “ਲਾਈਏ ਜੇ ਯਾਰੀਆਂ”ਵਿਚ ਵਧੀਆ ਅਭਿਨੈ ਸੀ ਨੂੰ ਬੈਸਟ ਕ੍ਰਿਟਿਕ ਐਵਾਰਡ ਨਾਲ ਅਡਜਸਟ ਕੀਤਾ।
ਅਮਰਿੰਦਰ ਗਿੱਲ ਨੂੰ ਵੀ ਬੈਸਟ ਕ੍ਰਿਟਿਕ ਐਵਾਰਡ, ਫ਼ਿਲਮ ‘ਛੜਾ’ ਜਿਸ ਨੂੰ ਬੈਸਟ ਕਾਮੇਡੀ ਫ਼ਿਲਮ ਦੇ ਐਵਾਰਡ ਤੋਂ ਵਾਂਝਿਆਂ ਰੱਖ, ਬੈਸਟ ਕ੍ਰਿਟਿਕ ਐਵਾਰਡ ਦੇ ਦਿੱਤਾ ਗਿਆ, ਜੋ ਅਜਿਹੀ ਬੇਮਤਲਬੀ ਕਾਮੇਡੀ ਫ਼ਿਲਮ ਲਈ ਪਹਿਲੀ ਵਾਰ ਸੁਣਿਆ ਗਿਆ, ਹਾਂ ਫ਼ਿਲਮ ‘ਗੁੱਡੀਆਂ ਪਟੋਲੇ’ ਲਈ ਬੈਸਟ ਕ੍ਰਿਟਿਕ ਫ਼ਿਲਮ ਐਵਾਰਡ ਕਿਸੇ ਹੱਦ ਤੱਕ ਠੀਕ ਹੈ।
ਦੋ ਹੋਰ ਹਾਸੋਹੀਣੇ ਐਵਾਰਡ ‘ਮੋਸਟ ਪਾਪੂਲਰ ਸਟਾਰ ਆਨ ਫੇਸਬੁਕ’ (ਮੇਲ-ਫੀਮੇਲ) ਪਹਿਲਾ ਸਰਗੁਨ ਮਹਿਤਾ ਨੂੰ, ਜਿਸ ਦੀ ਫ਼ਿਲਮ ‘ਸੁਰਖੀ ਬਿੰਦੀ’, ‘ਚੰਡੀਗੜ੍ਹ-ਅੰਮ੍ਰਿਤਸਰ ਚੰਡੀਗੜ’ ਅਤੇ ਫ਼ਿਲਮ ‘ਝੱਲੇ’ ਵਿੱਚ ਨਿਭਾਈ ਦੱਮਦਾਰ ਅਦਾਕਾਰੀ ਨੂੰ ਭੁਲਾ ਕੇ ਫੇਸਬੁਕ ਕੈਟਾਗਰੀ ਜੋਗੀ ਬਣਾ ਛੱਡਿਆ, ਇਟਸ ਵੈਰੀ ਬੈਡ। ਘੱਟ ਤੋਂ ਘੱਟ ਕਿ੍ਰਟਿਕ ਐਵਾਰਡ ਤਾਂ ਦੇ ਦਿੰਦੇ। ਦੂਜਾ ਇਹੋ ਐਵਾਰਡ ਗਿੱਪੀ ਗਰੇਵਾਲ ਨੂੰ, ਬੰਦਾ ਇਹਨਾਂ ਨੂੰ ਪੁੱਛੇ ਗਿੱਪੀ ਗਰੇਵਾਲ ਨੂੰ ਫ਼ਿਲਮ “ਅਰਦਾਸ ਕਰਾਂ” ਲਈ ਮਿਲੇ ਐਨੇ ਐਵਾਰਡਾਂ ਤੋਂ ਬਾਅਦ ਇਹਦੀ ਜ਼ਰੂਰਤ ਸੀ ? ਯਾਰ ਇੱਥੇ ਵੀ ਕਿਸੇ ਹੋਰ ਨੂੰ ਖੁੱਸ਼ ਕਰ ਲੈਂਦੇ, ਇਹਦੇ ਲਈ ਤਾਂ ਸਾਡੇ ਸਭ ਦੇ ਸੁਪਰ ਹੀਰੋ ਸਰਦਾਰ ਸੋਹੀ ਹੀ ਬਥੇਰੇ ਸੀ, ਉਨਾਂ ਨਾਲੋ ਵੱਧ ਐਕਟਿਵ ਕੋਣ ਹੈ ਫੇਸਬੁੱਕ ਤੇ (ਹਾਸੇ ਨਾਲ)।
ਦੋਸਤੋ ਇਹ ਤਾਂ ਸੀ ਕਿਸੇ ਨਾ ਕਿਸੇ ਢੰਗ ਨਾਲ ਦਿੱਤੇ ਗਏ ਕੁਝ ਸਹੀ ਤੇ ਕੁਝ ਬਹੁਤ ਗੈਰ ਲੋੜੀਂਦੇ ਤੇ ਕੁੱਝ ਬੇਹੱਕੇ ਐਵਾਰਡ। ਹੁਣ ਜੇ ਗੱਲ ਐਵਾਰਡਾਂ ਦੀ ਮੱਹਤਤਾ ਅਤੇ ਕਦਰ ਨੂੰ ਸਮਝਦੇ ਹੋਏ ਥੋੜੀ ਹੋਰ ਗੰਭੀਰਤਾ ਅਤੇ ਸੁਲਝੇ ਹੋਏ ਵਿਸ਼ਾਲ ਦਿਲ ਨਾਲ ਕੀਤੀ ਜਾਵੇ ਤਾਂ ਦਿੱਤੇ ਹੋਏ ਐਵਾਰਡਾਂ ਵਿੱਚ ਵੀ ਸਹੀ ਅਡਜਸਟਮੈਂਟ ਕੀਤੀ ਜਾ ਸਕਦੀ ਸੀ। ਸਮਝਣਾ ਹੋਵੇਗਾ ਕਿ ਕਿਹੜੀ ਫ਼ਿਲਮ, ਕਿਹੜਾ ਐਕਟਰ ਕ੍ਰਿਟਿਕ ਕੈਟਾਗਰੀ ਲਈ ਫਿਟ ਬੈਠਦਾ ਹੈ ਅਤੇ ਕੋਣ ਕੋਣ ਨੋਰਮਲ ਕੈਟਾਗਰੀ ਤੇ ਨੋਮੀਨੇਸ਼ਨ ਲਈ ਫਿਟ ਬੈਠਦਾ ਹੈ, ਜਿਸ ਦਾ ਕਲੀਅਰਕਟ ਜ਼ਿਕਰ ਅਸੀ ਪੰਜਾਬੀ ਸਕਰੀਨ ਦੇ ਜਨਵਰੀ 2020 ਦੇ ਛਪੇ ਅੰਕ ਵਿੱਚ 2019 ਦੀਆਂ ਸਾਰੀਆਂ ਫ਼ਿਲਮਾਂ ਦੇ ਲੇਖੇ-ਜੌਖੇ ਸਹਿਤ ਕਰ ਚੁੱਕੇ ਹਾਂ, ਪਰ ਸ਼ਾਇਦ ਪੀ.ਟੀ.ਸੀ ਦੇ ਐਵਾਰਡ ਪ੍ਰਬੰਧਕ ਜਾਂ ਜਿਊਰੀ (ਵੈਸੇ ਹੈ ਹੀ ਨਹੀ ਲਗਦੀ) ਐਨੀ ਸਮਝ ਦੇ ਮਾਲਕ ਹੀ ਨਹੀ ਜਾਂ ਫੇਰ ਕਲਾ ਤੋਂ ਵੱਧ ਵਪਾਰ ਨਾਲ ਐਵਾਰਡਾਂ ਨੂੰ ਤੋਲਿਆ ਜਾਂਦਾ ਹੈ।
ਇੱਕ ਗੱਲ ਹੋਰ ਕਿ ਬੇਹਤਰ ਹੁੰਦਾ ਜੇ ਐਵਾਰਡ ਟਰੋਫੀਆਂ ਅਡਵਾਂਸ ਵਿੱਚ ਘਰੋ-ਘਰੀ ਨਾ ਪਹੁੰਚਾ ਕੇ ਸਿਰਫ ਆਨ ਲਾਈਨ ਬਾਈਟ ਹੀ ਲਈ ਜਾਂਦੀ।
ਬਾਕੀ 2019 ਦੀਆਂ ਕੁਝ ਖਾਸ ਫ਼ਿਲਮਾਂ ਜਿਨਾਂ ਨੂੰ ਐਵਾਰਡ ਕੈਟਾਗਰੀਆਂ ਵਿਚ ਸਾਮਲ ਨਹੀਂ ਕੀਤਾ ਗਿਆ ਜਾਂ ਸ਼ਾਮਲ ਕਰਨ ਦੇ ਬਾਵਜੂਦ ਵੀ ਇਗਨੋਰ ਕੀਤਾ ਗਿਆ ਦੇ ਕਾਰਨ ਉਨਾਂ ਨਾਲ ਸਬੰਧਤ ਕਲਾਕਾਰ ਅਤੇ ਹੋਰ ਲੋਕਾਂ ਨਾਲ ਵੀ ਬੇਇਨਸਾਫੀ ਹੋਈ। ਫ਼ਿਲਮਾਂ ਦੇ ਨਾਮ ਜਿਵੇਂ “ਸੁਰਖੀ ਬਿੰਦੀ” ਜੋ ਸਹੀ ਮਾਇਨਿਆਂ ਵਿਚ 2019 ਦੀ ਬੈਸਟ ਫ਼ਿਲ਼ਮ ਅਤੇ ਕ੍ਰਿਟਿਕ ਕੈਟਾਗਰੀ ਲਈ ਪ੍ਰਫੈਕਟ ਫ਼ਿਲਮ ਸੀ, ”ੳ ਅ”, ਜੋਕਿ ਪੰਜਾਬੀ ਮਾਂ ਬੌਲੀ ਨੂੰ ਸਮਰਪਿਤ ਕ੍ਰਿਟਿਕ ਕੈਟਾਗਰੀ ਯੋਗ ਫ਼ਿਲਮ ਸੀ, ਫ਼ਿਲਮ “ਕਾਲਾ ਸ਼ਾਹ ਕਾਲਾ” ਜੋਕਿ ਵਧੀਆ ਕਹਾਣੀ ਵਾਲੀ ਕਾਮੇਡੀ ਫ਼ਿਲਮ ਸੀ, ਫ਼ਿਲਮ “ਝੱਲੇ” ਦਾ ਵਿਸ਼ਾ ਅਤੇ ਲੀਡ ਐਕਟਰਾਂ ਦੀ ਕਾਬਿਲੇ-ਤਾਰੀਫ ਅਦਾਕਾਰੀ ਸੀ, ਫ਼ਿਲਮ “ਮਿੱਟੀ ਦਾ ਬਾਵਾ” (ਜਿਸ ਦੇ ਸੰਗੀਤ ਵਿੱਚ ਗੁਰਬਾਣੀ ਸ਼ਬਦਾ ਦਾ ਹੋਣਾ ਵੀ ਵਿਸ਼ੇਸ਼ ਗੱਲ ਸੀ), ਗੁੱਗੂ ਗਿੱਲ ਦੇ ਕਰੈਕਟਰ ਹੀਰੋ ਵਜੋਂ ਅੱਲਗ ਅਭਿਨੈ ਵਾਲੀ ਫ਼ਿਲਮ ‘ਆਸਰਾ’ ਜੋਕਿ ਕਿ ਬਹੁਤ ਹੀ ਦਿਲਖਿਚਵੀਂ ਕਹਾਣੀ ਵਾਲੀ ਪਰਿਵਾਰਕ ਫ਼ਿਲਮ ਸੀ, ਜਿਸ ਦੇ ਗੀਤ ਵੀ ਚੋਟੀ ਦੇ ਗਾਇਕਾਂ ਨੇ ਗਾਏ ਅਤੇ ਉਸ ਦੀ ਹੀਰੋਈਨ ਰਾਣੀ ਚੈਟਰਜੀ ਵੀ ਬੈਸਟ ਐਕਟਰਸ ਦੀ ਕੈਟਾਗਰੀ ਦੇ ਯੋਗ ਸੀ, ਫ਼ਿਲਮ ਅਮਾਨਤ ਵੀ ਸਾਰਥਕ ਸਿਨੇਮਾ ਦਾ ਹਿੱਸਾ ਸੀ ਅਤੇ “ਨਾਨਕਾ ਮੇਲ” ਆਦਿ ਵੀ ਕੁਝ ਸਲਾਹੁਣ ਯੋਗ ਫਿਲਮਾਂ ਸਨ। ਉਪਰੋਤਕ ਗੱਲਾਂ ਦਾ ਜ਼ਿਕਰ ਇਸ ਲਈ ਵੀ ਜ਼ਰੂਰੀ ਸੀ ਤਾਂ ਕਿ ਆਉਣ ਵਾਲੇ ਸਮੇ ਫ਼ਿਲਮੀ ਇਤਹਾਸ ਦੇ ਪੰਨਿਆਂ ਵਿੱਚ ਇਹਨਾਂ ਗੈਰਮਿਆਰੀ ਐਵਾਰਡ ਸ਼ੋਆਂ ਦਾ ਜ਼ਿਕਰ ਜ਼ਰੂਰ ਛਿੜੇ, ਬਾਕੀ ਦੋਸਤੋ ਜਿਨਾਂ ਨੂੰ ਐਵਾਰਡ ਮਿਲੇ ਮੇਰੇ ਵਲੋਂ ਮੁਬਾਰਕ, ਪਰ ਜੇ ਮੈਂ ਕਿਸੇ ਐਵਾਰਡ ਤੇ ਕਿੰਤੂ ਪਰੰਤੂ ਕੀਤਾ ਹੈ ਤਾਂ ਪੰਜਾਬੀ ਸਿਨੇਮਾ ਦੀ ਬੇਹਤਰੀ ਅਤੇ ਇਨਾਂ ਐਵਾਰਡਾਂ ਦੀ ਅਹਿਮੀਅਤ ਹੋਰ ਵਧਾਉਣ ਖਾਤਰ, ਨਾ ਤਾਂ ਮੈਨੂੰ ਪੀ.ਟੀ.ਸੀ ਨਾਲ ਕੋਈ ਨਿੱਜੀ ਰੰਜਿਸ਼ ਹੈ ਅਤੇ ਨਾ ਹੀ ਕਿਸੇ ਕਲਾਕਾਰ ਨਾਲ, ਜੇ ਵਿਸ਼ਾਲ ਹਿਰਦੇ ਨਾਲ ਸੋਚੋਗੇ ਤਾਂ ਸਭ ਦੇ ਫਾਇਦੇ ਦੀ ਹੀ ਗੱਲ ਨਜ਼ਰ ਆਵੇਗੀ। ਬਾਕੀ ਪੰਜਾਬੀ ਸਿਨੇਮਾ ਪ੍ਰਤੀ ਆਪਣੀ ਡਿਊਟੀ ਤਾਂ ਮੈਂ ਇਸੇ ਤਰਾਂ ਹੀ ਨਿਭਾਵਾਂਗਾ। ਦਿੱਤੇ ਗਏ ਐਵਾਰਡਾਂ ਸਮੇਤ ਨੋਮੀਨੇਸ਼ਨਸ ਦੀ ਪੂਰੀ ਲਿਸਟ ਪੰਜਾਬੀ ਸਕਰੀਨ ਦੀ ਵੈਬਸਾਈਟ ਤੇ ਵੱਖਰੀ ਦੇਖ ਸਕਦੇ ਹੋ।
ਧੰਨਵਾਦ
-ਦਲਜੀਤ ਅਰੋੜਾ