ਜੇ ਪੰਜਾਬੀ ਸਿਨੇਮਾ ਦੇ ਵਿੱਤੀ ਸਾਲ 2020-2021(1 ਅਪੈ੍ਲ 2020 ਤੋਂ 31 ਮਾਰਚ 2021 ਤੱਕ ਦੀ ਗੱਲ ਕਰੀਏ ਤਾਂ ਸਿਰਫ ਇਕ ਹੀ ਪੰਜਾਬੀ ਫ਼ਿਲਮ ਆਪੇ ਪੈਣ ਸਿਆਪੇ" ਬੀਤੀ 26 ਫਰਵਰੀ ਨੂੰ ਸਿਨੇਮਾ ਘਰਾਂ
ਚ ਰਿਲੀਜ਼ ਹੋ ਸਕੀ। ਜੇ ਇਸ ਦੇ ਕਾਰਨ ਵੱਲ ਜਾਈਏ ਤਾਂ ਪਹਿਲਾ ਵੱਡਾ ਕਾਰਨ ਕੋਰੋਨਾ
ਮਹਾਂਮਾਰੀ ਅਤੇ ਦੂਜਾ ਕਿਸਾਨ ਅੰਦੋਲਨ
ਜਿਹੜੇ ਕਿ ਅਜੇ ਦੋਨੋ ਹੀ ਬਰਕਰਾਰ ਹਨ। ਜੇ ਇਕ ਫ਼ਿਲਮ ਰਿਲੀਜ਼ ਹੋਈ ਵੀ ਤਾਂ ਉਸ ਨੂੰ ਬਹੁਤਾ ਵਧੀਆ ਹੁੰਗਾਰਾ ਨਹੀਂ ਮਿਲਿਆ, ਕਿਸੇ ਸ਼ਹਿਰ ਨਜ਼ਰ ਆਈ ਤੇ ਕਿਤੇ ਨਹੀਂ, ਨਾ ਹੀ ਸਿਨੇਮਾ ਘਰਾਂ ਨੇ ਬਹੁਤੀ ਉਤਸੁਕਤਾ ਦਿਖਾਈ ਅਤੇ ਨਾ ਹੀ ਦਰਸ਼ਕਾਂ ਨੇ। ਇਹ ਸੰਭਾਵਨਾ ਵੀ ਪਹਿਲਾਂ ਤੋਂ ਹੀ ਸੀ, ਕਿਉਂਕਿ ਨਾ ਤਾਂ ਅਜੇ ਕੋਰੋਨਾ ਦਾ ਸਹਿਮ ਲੋਕਾਂ ਚੋਂ ਨਿਕਲਿਆ ਹੈ ਅਤੇ ਨਾ ਹੀ ਬਿਮਾਰੀ ਦੇਸ਼-ਦੁਨੀਆਂ ਚੋਂ ਨਿਕਲੀ ਹੈ। ਇਸੇ ਲਈ ਪੰਜਾਬ ਵਿਚ ਵੀ ਫਿਰ ਤੋਂ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਜਿਸ ਤਹਿਤ ਕਿਸੇ ਵੀ ਇਨਡੋਰ ਪਲੇਸ ਤੇ 100 ਤੋਂ ਵੱਧ ਲੋਕ ਇੱਕਠੇ ਨਹੀਂ ਹੋ ਸਕਦੇ ਤਾਂ ਫਿਰ ਫ਼ਿਲਮ ਵਧੀਆ ਹੋਣ ਦੇ ਬਾਵਜੂਦ ਇਸ ਦੇ ਲਾਗਤੀ ਪੈਸਿਆਂ ਦੀ ਪੂਰਤੀ ਕਿੱਦਾਂ ਸੰਭਵ ਹੈ ?
ਦੂਜਾ ਵੱਡਾ ਕਾਰਨ ਕਿਸਾਨ ਅੰਦੋਲਨ ਨੂੰ ਇਸ ਕਰ ਕੇ ਕਿਹਾ ਗਿਆ ਹੈ ਕਿ ਇਸਦੇ ਚਲਦਿਆਂ ਵੀ ਫ਼ਿਲਮਾਂ ਨੂੰ ਬਹੁਤਾ ਰਸ਼ ਪੈਣ ਦੀ ਸੰਭਾਵਨਾ ਨਹੀਂ, ਕਿਉਂਕਿ ਸਾਡਾ ਪੰਜਾਬੀ ਸਿਨੇਮਾ ਸ਼ੁਰੂ ਤੋਂ ਹੀ ਪੇਂਡੂ ਖੇਤਰ ਦੇ ਵੱਧ ਰੁਝਾਨ ਨਾਲ ਹੀ ਜੁੜਿਆ ਰਿਹਾ ਹੈ। ਅੱਜ ਸਾਰੇ ਪੰਜਾਬ ਦਾ ਮਾਹੌਲ ਬਹੁਤਾ ਖੁਸ਼ਨੁਮਾ ਨਹੀਂ ਹੈ, ਕਿਉਂ ਅਸੀ ਸਾਰੇ ਫ਼ਿਲਮੀ ਲੋਕ ਅਤੇ ਜ਼ਿਆਦਾਤਰ ਦਰਸ਼ਕ ਵਰਗ ਵੀ ਕਿਸੇ ਨਾ ਕਿਸੇ ਰੂਪ ਵਿਚ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਹੈ। ਦੂਜਾ ਬਹੁਤ ਵੱਡੀ ਗਿਣਤੀ ਵਿਚ ਕਿਸਾਨਾਂ ਦੀਆਂ ਮੌਤਾਂ ਹੋਣ ਦੇ ਕਾਰਨ ਕਈ ਘਰਾਂ ਵਿਚ ਗ਼ਮਗੀਨ ਜਿਹਾ ਮਾਹੌਲ ਹੈ। ਅਹਿਜੇ ਹਾਲਾਤ ਵਿਚ ਅਜੇ ਸਿਨੇਮਾ ਘਰਾਂ ਅਤੇ ਦਰਸ਼ਕਾਂ ਵਿਚਲੀ ਦੂਰੀ ਬਣੇ ਰਹਿਣ ਦੀ ਵੱਧ ਸੰਭਾਵਨਾ ਹੈ।
ਵੈਸਾ ਤਾਂ ਹਰ ਪੰਜਾਬੀ ਕਲਾਕਾਰ ਨੇ ਕਿਸਾਨੀ ਸੰਘਰਸ਼ ਵਿਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਇਆ ਹੈ ਅਤੇ ਅੱਗੋ ਵੀ ਅਜਿਹਾ ਕਰ ਕੇ ਆਪਣਾ ਇਖ਼ਲਾਕੀ ਫਰਜ਼ ਨਿਭਾ ਰਹੇ ਹਨ ਪਰ ਅਜਿਹੇ ਹਾਲਾਤ ਵਿਚ ਫ਼ਿਲਮੀ ਖੇਤਰ ਨੂੰ ਢੁੱਕਵੇਂ ਸਮੇਂ ਤੇ ਤਰਜੀਹ ਦੇਣ ਆਦਿ ਦੀਆਂ ਕੁਝ ਜ਼ਿੰਮੇਵਾਰੀਆਂ ਵੀ ਸਾਡੇ ਸਿਰ ਹੀ ਹਨ, ਜਿਸ ਕਰਕੇ ਸਾਨੂੰ ਅਜੇ ਥੋੜਾ ਸੰਕੋਚ ਕਰਨ ਦੀ ਵੀ ਲੋੜ ਹੈ।
ਜਿਹੜੇ ਨਿਰਮਾਤਾ ਅਪ੍ਰੈਲ ਮਹੀਨੇ ਤੋਂ ਫ਼ਿਲਮਾਂ ਰਿਲੀਜ਼ ਬਾਰੇ ਸੋਚ ਰਹੇ ਹਨ ਜਾਂ ਰਿਲੀਜ਼ ਡੇਟਾਂ ਅਨਾਊਂਸ ਕਰ ਚੁੱਕੇ ਹਨ, ਉਨ੍ਹਾਂ ਨੂੰ ਤਾਂ ਵਧੇਰੇ ਸੋਚਣ ਦੀ ਲੋੜ ਸੀ। ਇਕ ਤਾਂ ਇਸ ਵਾਰ ਕਿਸਾਨਾਂ ਤੋਂ ਪੂਰੀ ਤਰਾਂ ਸ਼ਾਇਦ ਆਪਣੀ ਫਸਲ ਦਾ ਵੀ ਧਿਆਨ ਨਾ ਦਿੱਤਾ ਗਿਆ ਹੋਵੇ ਅਤੇ ਦੂਜਾ ਵਾਢੀਆਂ ਦੇ ਦਿਨ, ਤਾਂ ਸਾਨੂੰ ਆਮ ਲੋਕਾਂ ਦੇ ਆਰਥਿਕ ਹਾਲਾਤ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਜੋ ਕਿ ਕਰੋਨਾ ਬੀਮਾਰੀ ਕਰ ਕੇ ਪਹਿਲਾਂ ਹੀ ਲਤਾੜੇ ਜਾ ਚੁਕੇ ਹਨ। ਅਜਿਹੇ ਦਿਨਾਂ ਵਿਚ ਤਾਂ ਵੈਸੇ ਹੀ ਹਰ ਵਪਾਰ ਠੰਡਾ ਹੁੰਦਾ ਹੈ ਅਤੇ ਕਾਰੋਬਾਰੀ ਬਹਾਰ ਤਾਂ ਫਸਲਾਂ ਦੇ ਵੇਚ-ਵੱਟਣ ਤੋਂ ਬਾਅਦ ਹੀ ਆਉਂਦੀ ਹੈ,ਜਿਸ ਬਾਰੇ ਅਜੇ ਕੁਝ ਵੀ ਸਾਫ ਨਹੀਂ ਹੈ। ਇਸ ਲਈ ਸਾਨੂੰ ਫ਼ਿਲਮ ਜਗਤ ਅਤੇ ਇਸ ਵਪਾਰ ਨਾਲ ਜੁੜੇ ਲੋਕਾਂ ਨੂੰ ਵੀ ਜਲਦਬਾਜ਼ੀ ਤੋਂ ਕੰਮ ਨਹੀਂ ਲੈਣਾ ਚਾਹੀਦਾ।
ਦੋਸਤੋ ਮੇਰਾ ਮਤਲਬ ਕਿਸੇ ਨੂੰ ਨਿਰਾਸ਼ ਕਰਨਾ ਨਹੀਂ ਹੈ ਕਿਉਂਕਿ ਮੇਰੇ ਨਾਲੋ ਵੱਧ ਫ਼ਿਲਮ ਨਿਰਮਾਤਾ ਸਿਆਣਾ ਹੈ ਜਿਸ ਨੇ ਫ਼ਿਲਮ ਤੇ ਪੈਸੇ ਲਗਾਏ ਹਨ। ਪੰਜਾਬੀ ਸਕਰੀਨ ਅਦਾਰੇ ਦੀ ਤਾਂ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਪਾਲੀਵੁੱਡ ਦੇ ਹਾਲਾਤ ਦੀ ਸਮੇਂ ਸਮੇਂ ਬਦਲਦੀ ਸਹੀ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇ। ਬਾਕੀ ਮੇਰੇ ਵਲੋਂ ਆਉਣ ਵਾਲੀਆਂ ਸਭ ਪੰਜਾਬੀ ਫ਼ਿਲਮਾਂ ਲਈ ਸ਼ੁੱਭ ਇੱਛਾਵਾਂ !
ਪੰਜਾਬੀ ਸਕਰੀਨ ਅਦਾਰਾ ਦੇਸ਼-ਵਿਦੇਸ਼ ਵੱਸਦੇ ਸਮੂਹ ਭਾਰਤੀਆਂ, ਪੰਜਾਬੀ ਫ਼ਿਲਮ ਉਦਯੋਗ ਨਾਲ ਜੁੜੇ ਸਭ ਵਿਅਕਤੀਆਂ ਅਤੇ ਰਸਾਲੇ ਦੇ ਸਾਰੇ ਪਾਠਕਾਂ ਨੂੰ ਆਉਣ ਵਾਲੇ ਵਿਸਾਖੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹੈ।