(ਪੰ:ਸ) ਪੰਜਾਬੀ ਕਲਾਕਾਰਾਂ ਦੀ ਸਿਰਮੌਰ ਸੰਸਥਾ ‘ਨਾਰਥ ਜ਼ੋਨ ਫ਼ਿਲਮ ਐਂਡ ਟੀ.ਵੀ. ਆਰਟਿਸਟਸ ਅੇਸੋਸੀਏਸ਼ਨ’ ਵੱਲੋਂ ਬੀਤੀ 22 ਜੁਲਾਈ 2021 ਨੂੰ ਮੋਹਾਲੀ ਦੇ ‘ਮਿਰਾਜ਼ ਹੋਟਲ’ ਵਿਖੇ ਦਲਜੀਤ ਅਰੋੜਾ ਲਿਖਤ ਅਤੇ ਮਲਕੀਤ ਰੌਣੀ ਸੰਪਾਦਿਤ ਪੁਸਤਕ ‘ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ’ ‘ਨਜ਼ਫਟਾ’ ਪ੍ਰਧਾਨ ਗੁਰਪ੍ਰੀਤ ਘੁੱਗੀ, ਮੁੱਖ ਮਹਿਮਾਨਾਂ ਪ੍ਰੋ:ਸਤੀਸ਼ ਕੁਮਾਰ ਵਰਮਾ, ਬਾਬੂ ਸਿੰਘ ਮਾਨ, ਗੁੱਗੂ ਗਿੱਲ, ਸਰਦਾਰ ਸੋਹੀ ਅਤੇ ਬਲਕਾਰ ਸਿੰਘ ਸਿੱਧੂ ਸਮੇਤ ਕਈ ਦਿੱਗਜ ਵਿਸ਼ੇਸ਼ ਮਹਿਮਾਨ ਫ਼ਿਲਮੀ ਹਸਤੀਆਂ ਦੀ ਮੋਜ਼ੂਦਗੀ ਵਿਚ ਲੋਕ ਅਰਪਣ ਕੀਤੀ ਗਈ।
ਸਮਾਰੋਹ ਦੀ ਸ਼ੁਰੂਆਤ ਕਰਦੇ ਹੋਏ ਮੰਚ ਸੰਚਾਲਕ ਅਤੇ ਪੁਸਤਕ ਦੇ ਸੰਪਾਦਕ ਮਲਕੀਤ ਰੌਣੀ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਉੱਥੇ ਇਸ ਪੁਸਤਕ ਨੂੰ ਸੰਪਾਦਿਤ ਕਰਨ ਦਾ ਕਾਰਨ ਦੱਸਦਿਆਂ ਕਿਹਾ ਕਿ ਦਲਜੀਤ ਅਰੋੜਾ ਦੀਆਂ ਇਹ ਚੋਣਵੀਆਂ ਸੰਪਾਦਕੀਆਂ ਹਮੇਸ਼ਾਂ ਲਈ ਫ਼ਿਲਮ ਨਿਰਮਾਣ ਕਾਰਜ ਲਈ ਸਹਾਈ ਹੋਣ ਵਾਲੀਆਂ ਹਨ, ਇਸ ਲਈ ਇਨ੍ਹਾਂ ਨੂੰ ਸਾਡੀ ਸੰਸਥਾ ਵਲੋਂ ਕਿਤਾਬ ਦਾ ਰੂਪ ਦੇ ਕੇ ਸਾਂਭਣ ਦਾ ਯਤਨ ਕੀਤਾ ਗਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਸਤੀਸ਼ ਵਰਮਾ ਨੇ ਕਿਹਾ ਕਿ ਸਿਨੇਮਾ ਸਬੰਧੀ ਸਾਡੀ ਪੰਜਾਬੀ ਜ਼ੁਬਾਨ ਵਿਚ ਬਹੁਤ ਘੱਟ ਸਾਹਿਤ ਲਿਖਿਆ ਗਿਆ ਹੈ ਅਤੇ ਇਹ ਕਿਤਾਬ ਸਿਨੇਮਾ ਵਿਦਿਆਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਆਖਿਆ ਕਿ ਦਲਜੀਤ ਅਰੋੜਾ ਅਤੇ ਮਲਕੀਤ ਰੌਣੀ ਦੁਆਰਾ ਇਸ ਪੁਸਤਕ ਲਈ ਕੀਤੇ ਯਤਨਾਂ ਦੀ ਵਿਸ਼ੇਸ਼ ਸ਼ਲਾਘਾ ਕਰਨੀ ਬਣਦੀ ਹੈ।
ਅਦਾਕਾਰ ਗੁੱਗੂ ਗਿੱਲ ਨੇ ਸੰਖੇਪਤਾ ਨਾਲ ਬਿਆਨਿਆਂ ਜਿੱਥੇ ਪੁਸਤਕ ਰਿਲੀਜ਼ ਤੇ ਸਭ ਨੂੰ ਵਧਾਈ ਦਿੱਤੀ ਉੱਥੇ ਇਹ ਵੀ ਕਿਹਾ ਕਿ ‘ਸਿਨੇਮਾ ਸਾਡੀ ਜਾਨ ਹੈ ਅਤੇ ਆਖਰੀ ਸਾਹਾਂ ਤੱਕ ਅਸੀਂ ਆਪਣੀ ਮਾਂ ਬੋਲੀ ਦੇ ਸਿਨੇਮਾ ਲਈ ਕੰਮ ਕਰਦੇ ਰਹਾਂਗੇ।
ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਨੇ ਕਿਹਾ ਕਿ ਸਿਨੇਮਾ ਇਤਿਹਾਸਕਾਰਾਂ ਲਈ ਅਜਿਹੀਆਂ ਪੁਸਤਕਾਂ ਕਾਰਗਰ ਸਿੱਧ ਹੋਣਗੀਆਂ। ‘ਨਜ਼ਫਟਾ’ ਦਾ ਇਹ ਸਿਨੇਮਾ ਪ੍ਰਤੀ ਸਲਾਘਾਯੋਗ ਕੰਮ ਹਨ।
ਪ੍ਰਸਿੱਧ ਥਿਏਟਰ ਹਸਤੀ ਬਲਕਾਰ ਸਿੱਧੂ ਨੇ ਕਿਹਾ ਕਿ ਕਿਸੇ ਵੀ ਅਖ਼ਬਾਰ ਜਾਂ ਰਸਾਲੇ ਦੀਆਂ ਸੰਪਾਦਕੀਆਂ ਜਿੱਥੇ ਸੰਪਾਦਕ ਦੀ ਪ੍ਰਤੀਭਾ ਜ਼ਾਹਿਰ ਕਰਦੀਆਂ ਹਨ, ਉੱਥੇ ਇਨ੍ਹਾਂ ਨੂੰ ਲਿਖਣਾ ਕਿਤੇ ਕਿਤੇ ਜ਼ੋਖਮ ਵਾਲਾ ਕੰਮ ਵੀ ਸਾਬਤ ਹੁੰਦਾ ਹੈ।
ਜਾਣੇ ਪਛਾਣੇ ਨਾਟਕਕਾਰ ਜਗਦੀਸ਼ ਸਚਦੇਵਾ ਅਤੇ ਪ੍ਰਸਿੱਧ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ ਨੇ ਵੀ ਦਲਜੀਤ ਅਰੋੜਾ ਨੂੰ ਬੇਬਾਕ ਆਲੋਚਕ ਦੱਸਦਿਆਂ ਉਨ੍ਹਾਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ।
ਸਮਾਰੋਹ ਦੌਰਾਨ ਪੰਜਾਬੀ ਸਕਰੀਨ ਦੇ ਸੰਪਾਦਕ ਦਲਜੀਤ ਅਰੋੜਾ ਨੇ ਵੀ ਗੱਲ ਕਰਦਿਆ ਕਿਹਾ ਕਿ ਕਿਸੇ ਵੀ ਫ਼ਿਲਮ ਦੀ ਸਾਰਥਿਕ ਆਲੋਚਨਾ ਅਗਲੀਆਂ ਫ਼ਿਲਮਾਂ ਦੇ ਨਿਰਮਾਣ ਅਤੇ ਸਿਨੇਮਾ ਦੀ ਹੋਰ ਬੇਹਤਰੀ ਲਈ ਹਮੇਸ਼ਾ ਕਾਰਗਰ ਸਿੱਧ ਹੁੰਦੀ ਹੈ, ਬਸ ਲੋੜ ਹੈ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦੀ।
ਪ੍ਰੋਗਰਾਮ ਦੇ ਅੰਤ ਵਿਚ ਸੰਸਥਾਂ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਆਪਣੇ ਧੰਨਵਾਦੀ ਭਾਸ਼ਨ ਰਾਹੀ ਮਹਿਮਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਬੇਸ਼ੱਕ ਵਕਤੀ ਤੌਰ ਤੇ ਕਿਸੇ ਫ਼ਿਲਮ ਮੇਕਰ ਜਾਂ ਕਲਾਕਾਰ ਨੂੰ ਉਸ ਦੀ ਫ਼ਿਲਮ ਬਾਰੇ ਕਮੀਆਂ ਉਜਾਗਰ ਕਰਦੀ ਆਲੋਚਨਾ ਥੋੜੀ ਬੁਰੀ ਲਗ ਸਕਦੀ ਹੈ, ਮਗਰ ਜੇ ਅਸੀਂ ਹਾਂ ਪੱਖੀ ਨਜ਼ਰੀਏ ਨਾਲ ਉਸ ਦੀ ਸਾਰਥਿਕਤਾ ਨੂੰ ਪ੍ਰਵਾਨ ਕਰ ਲਈਏ ਤਾਂ ਅਸੀ ਉਸ ਤੋਂ ਲਾਹਾ ਵੀ ਲੈ ਸਕਦੇ ਹਾਂ।
ਪ੍ਰਿੰਟ ਮਡੀਆ ਦੀਆਂ ਉਦਹਾਰਣਾ ਸਹਿਤ ਗੱਲ ਕਰਦਿਆਂ ਉਨ੍ਹਾਂ ਦੇ ਛਪੇ ਅੱਖਰਾਂ ਦੀ ਮਹੱਤਤਾ ਦੱਸੀ ਅਤੇ ਇਹ ਵੀ ਕਿਹਾ ਕਿ ਅਜਿਹੀਆਂ ਪੁਸਤਕਾਂ ਜਾਂ ਫ਼ਿਲਮੀ ਰਸਾਲੇ ਸਾਡੀਆਂ ਸਿਨੇਮਾ ਪੀੜੀਆਂ ਦਾ ਇਤਹਾਸ ਸਾਂਭਣ ਦਾ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ ਜਿਸ ਦਾ ਸਹੀ ਮੁਲਾਂਕਣ ਆਉਣ ਵਾਲੇ ਸਮੇ ਵਿਚ ਅਮੁੱਲ ਸਾਬਤ ਹੋਵੇਗਾ।
ਗੁਰਪ੍ਰੀਤ ਘੁੱਗੀ ਨੇ ਹੋਰ ਗੱਲ ਕਰਦਿਆਂ ਕਿਹਾ ਕਿ ਅੱਜ ਸਾਡੇ ਕੋਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਸਭ ਤੋਂ ਵੱਡਾ ਸਾਧਨ ਸਿਨੇਮਾ ਅਤੇ ਟੈਲੀਵਿਜ਼ਨ ਹੈ।ਪੰਜਾਬੀ ਫ਼ਿਲਮਾਂ 100 ਤੋਂ ਵੱਧ ਮੁਲਕਾਂ ਵਿਚ ਰਿਲੀਜ਼ ਹੁੰਦੀਆਂ ਹਨ। ਇਸ ਲਈ ਇਹ ਸਿਨੇਮਾ ਹੀ ਹੈ ਜਿਸ ਨੇ ਮਾਂ ਬੋਲੀ ਨੂੰ ਫੈਲਾਉਣ ਵਿਚ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿਚ ਵੀ ਇਹੋ ਸੰਭਾਵਨਾਵਾਂ ਰਹਿਣਗੀਆਂ। ਸੰਸਥਾ ‘ਨਜ਼ਫਟਾ’ ਇਨ੍ਹਾਂ ਸੰਭਾਵਨਾਵਾਂ ਨੂੰ ਪੂਰਾ ਕਰਨ ਵਿਚ ਯੋਗਦਾਨ ਪਾਉਂਦੀ ਰਹੇਗੀ ਅਤੇ ਸਿਨੇਮਾ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹੇਗੀ।
ਇਸ ਸਮਾਰੋਹ ਵਿਚ ਉਪਰੋਕਤ ਮਹਿਮਾਨਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਵਿਚ ਸ਼ਵਿੰਦਰ ਮਾਹਲ, ਕਰਮਜੀਤ ਅਨਮੋਲ, ਸੁਰਿੰਦਰ ਫਰਿਸ਼ਤਾ (ਘੁੱਲੇ ਸ਼ਾਹ), ਰਤਨ ਔਲਖ, ਅਸ਼ੀਸ਼ ਦੁੱਗਲ, ਗੁਰਪ੍ਰੀਤ ਕੌਰ ਭੰਗੂ, ਤਰਸੇਮ ਪੌਲ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਸਵਰਾਜ ਸੰਧੂ, ਨਿਰਦੇਸ਼ਕ ਸਤਿਜ ਚੌਧਰੀ, ਮਨਭਾਵਨ ਸਿੰਘ, ਮਨਦੀਪ ਸਿੰਘ, ਦੇਵੀ ਸਰਮਾ, ਮਨਜੋਤ ਅਰੋੜਾ, ਸਾਹਿਲ ਕੋਹਲੀ, ਨਿਰਮਾਤਾ ਦੀਪਕ ਗੁਪਤਾ(ਫਰਾਈਡੇਅ ਰਸ਼), ਗੁਰਪ੍ਰੀਤ ਸਿੰਘ ਨੀਟੂ (ਸਾਇਆ ਫ਼ਿਲਮਜ਼), ਮਨਮੋਹਨ ਸਿੰਘ (ਐੱਮ.ਐੱਮ ਮੂਵੀਜ਼), ਹੋਰ ਅਦਾਕਾਰ ਅਤੇ ਲੇਖਕ ਹਸਤੀਆਂ ਵਿਚ, ਪਰਮਜੀਤ ਭੰਗੂ, ਡਾ.ਰਣਜੀਤ ਸ਼ਰਮਾ, ਕੰਵਲਜੀਤ ਪ੍ਰਿੰਸ, ਰਾਜ ਧਾਲੀਵਾਲ, ਮਨਪ੍ਰੀਤ ਕੌਰ, ਭੁਪਿੰਦਰ ਬਰਨਾਲਾ, ਮਨੋਜ ਚੌਹਾਨ, ਫ਼ਿਲਮ ਖੋਜ਼ਕਾਰ ਮਨਦੀਪ ਸਿੰਘ ਸਿੱਧੂ, ਗੁਰਬਿੰਦਰ ਮਾਨ, ਇਕੱਤਰ ਸਿੰਘ, ਹਰਵਿੰਦਰ ਔਜਲਾ, ਪਰਮਵੀਰ, ਲਾਲੀ ਗਿੱਲ, ਸੁੱਖੀ ਚਾਹਲ, ਅਮਨ ਜੌਹਲ, ਜੱਸ ਸੈਂਪਲਾ, ਸੰਜੂ ਸੋਲੰਕੀ, ਜ਼ੋਹਰੀ ਮਿੱਤਲ ਅਤੇ ਬੂਵਨ ਆਜ਼ਾਦ ਆਦਿ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਵਿਸ਼ੇਸ਼ ਮੌਕੇ ਆਏ ਹੋਏ ਮਹਿਮਾਨਾਂ ਨੂੰ ਜਿੱਥੇ ਪੁਸਤਕ ਭੇਟ ਕੀਤੀ ਗਈ ਉੱਥੇ ਉਨ੍ਹਾਂ ਦਾ ਪੌਦਿਆਂ ਨਾਲ ਵੀ ਸਨਮਾਨ ਕੀਤਾ ਗਿਆ।