ਜੇ ਇਸ ਫ਼ਿਲਮ ਦੇ ਐਕਟਰਾਂ, ਗੀਤਕਾਰ-ਸੰਗੀਤਕਾਰ ਜਾਂ ਨਿਰਦੇਸ਼ਕ ਦੇ ਓਵਰਆਲ ਕੰਮ ਦੀ ਗੱਲ ਕਰੀਏ ਤਾ ਕਿਸੇ ਦੀ ਕੋਈ ਖਾਸ ਤਕਨੀਕੀ ਆਲੋਚਨਾ ਤਾਂ ਭਾਵੇ ਮੈਂ ਨਹੀਂ ਕਰ ਰਿਹਾ ਕਿਉਂ ਕਿ ਸਾਰੇ ਹੀ ਤਜ਼ੁਰਬੇਕਾਰ ਹੋ ਚੁਕੇ ਨੇ,ਪਰ ਜੇ ਦੂਜੇ ਪਾਸੇ ਫ਼ਿਲਮ ਦੀ ਕਹਾਣੀ ਵੱਲ ਨਜ਼ਰ ਮਾਰੀਏ ਤਾਂ ਪੰਜਾਬੀ ਸਿਨੇਮਾ ਦਾ ਖੋਖਲਾਪਣ ਝਲਕਦਾ ਹੈ। ਲਗ ਰਿਹਾ ਹੈ ਕਿ ਸਬ ਦੀ ਹੋੜ ਸਿਰਫ ਤੇ ਸਿਰਫ ਪੈਸਾ ਕਮਾਉਣ ਤੱਕ ਸੀਮਤ ਹੈ, ਅਸੀਂ ਆਪਣੇ ਪੰਜਾਬੀ ਸਿਨੇਮਾ ਨੂੰ ਕਿਹੜੀ ਦਿਸ਼ਾ ਵਲ ਧਕੇਲ ਰਹੇ ਹਾਂ ਕਿਸੇ ਨੂੰ ਖਿਆਲ ਨਹੀਂ।
ਕਿਉਂਕਿ ਸਾਨੂੰ “ਫੁੱਫੜ ਜੀ” ਨਾਮ ਪਸੰਦ ਆ ਗਿਆ ਇਸ ਲਈ ਫ਼ਿਲਮ ਬਨਾਉਣੀ ਜ਼ਰੂਰੀ ਹੋ ਗਈ ਅਤੇ ਫ਼ਿਲਮ ਦੀ ਕਹਾਣੀ ਕੀ ਰਚਨੀ ਹੈ ਫ਼ਿਲਮ ਦੇ ਟਾਈਟਲ ਮੁਤਾਬਕ ਸੋਚਾਂਗੇ। ਇਕ ਗੱਲ ਹੋਰ ਵੀ ਕਿ ਇਸ ਤੋਂ ਪਹਿਲਾਂ “ਵੈਲਕਮ ਭੂਆ ਜੀ” ਫਿਲਮ ਸ਼ੁਰੂ ਹੋਈ ਸੀ ਤਾਂ ਆਪਾਂ “ਫੁੱਫੜ ਜੀ” ਤੋਂ ਬਿਨਾਂ ਕਿੱਦਾਂ ਰਹਿ ਸਕਦੇ ਸੀ। ਇਹ ਹੈ ਸਾਡੀ ਸੋਚ ਪੰਜਾਬੀ ਸਿਨੇਮਾ ਪ੍ਤੀ।
ਮੈਨੂੰ ਹੈਰਾਨਗੀ ਉਨਾਂ ਸੀਨੀਅਰ ਚਰਿੱਤਰ ਕਲਾਕਾਰਾਂ ਤੇ ਵੀ ਹੈ ਜੋ ਅਨੇਕਾਂ ਫਿਲਮਾਂ ਕਰ ਕੇ ਵੱਡਾ ਨਾਅ ਬਨਾਉਣ ਤੋਂ ਬਾਅਦ ਵੀ ਅਜਿਹੀਆਂ ਬਿਨਾਂ ਸਿਰ ਪੈਰ ਵਾਲੀਆਂ ਫ਼ਿਲਮਾਂ ਵਿਚ ਛਿਟ-ਪੁਟ ਰੋਲ ਕਰਨ ਦੇ ਮੋਹਤਾਜ ਹਨ, ਜਿਨਾਂ ਦਾ ਕੋਈ ਅਧਾਰ ਨਹੀਂ ਹੁੰਦਾ ਅਤੇ ਇਹ ਰੋਲ ਜੇ ਨਵੇਂ ਕਲਾਕਾਰਾਂ ਨੂੰ ਦਿੱਤੇ ਜਾਣ ਤਾਂ ਘੱਟੋ-ਘੱਟ ਸਿਨੇਮਾ ‘ਚ ਕੁਝ ਨਵੀਨਤਾ ਤਾਂ ਨਜ਼ਰ ਆਏ,ਖੈਰ ਛੱਡੋ ❗
ਮੈਨੂੰ ਨੀ ਸਮਝ ਆਈ ਕਿ ਇਸ ਫਿਲਮ ਰਾਹੀਂ ਅਸੀਂ ਕਿਹੜੀ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹਿਆ ਹੈ। ਜੇ ਇਹ ਫ਼ਿਲਮ ਕਾਮੇਡੀ ਹੈ ਤਾਂ ਇਸ ਫ਼ਿਲਮ ਵਿਚਲਾ ਧੁਰਾ ਅਤੇ ਲੋੜੋਂ ਵੱਧ ਓਵਰ ਕਰੈਕਟਰ “ਫੁੱਫੜ ਜੀ” ਦੇ ਸੰਵਾਦ ਸੁਣੋ, ਜਦ ਉਸਦੀ ਭਤੀਜੀ ਲਈ ਮੁੰਡੇ ਦਾ ਪਰਿਵਾਰ ਰਿਸ਼ਤਾ ਤਹਿ ਕਰਨ ਲਈ ਆਉਂਦਾ ਹੈ ਤਾਂ ਆਪਣੇ ਸੋਹਰੇ ਪਰਿਵਾਰ ਦੇ ਚੌਧਰੀ ਬਣੇ ਵਿਖਾਏ “ਫੁੱਫੜ ਜੀ” ਇਹ ਕਹਿ ਕੇ ਮੁੰਡੇ ਵਾਲੇ ਪਰਿਵਾਰ ਨੂੰ ਨਾਹ ਕਰ ਦਿੰਦੇ ਹਨ ਕਿ ਭਾਂਵੇ ਤੁਹਾਡਾ ਮੁੰਡਾ ਜਿੰਨੇ ਮਰਜ਼ੀ ਕਿੱਲਿਆਂ ਦਾ ਮਾਲਕ ਹੋਵੇ ਪਰ ਉਹ ਤੁਹਾਡਾ ਕੱਲਾ ਕੱਲਾ ਪੁੱਤ ਹੈ ਜੇ ਮਰ ਗਿਆ ਤਾਂ ਅਸੀਂ ਆਪਣੀ ਕੁੜੀ ਕਿਸ ਨਾਲ ਬਿਠਾਵਾਂਗੇ ❗ਹੁਣ ਦੱਸੋ ਇਸ ਵਿਚ ਕਿਹੜੀ ਕਾਮੇਡੀ ਹੈ ਅਤੇ ਇਕ ਸੰਵਾਦ ਵਿਚ ਫੁੱਫੜ ਆਪਣੀ ਮਾਂ ਵਲੋਂ ਆਪਣੀ ਪਤਨੀ ਨੂੰ ਤੰਗ ਕੀਤੇ ਜਾਣ ਤੇ ਉਸ ਨਾਲ ਹਮਦਰਦੀ ਜਤਾਉਂਦੇ ਕਹਿੰਦਾ ਹੈ , ਤੂੰ ਹੁਕਮ ਕਰ ,ਮੈਂ ਆਪਣੀ ਬੇਬੇ ਝਟਕਾ ਦਿਆਂ ਵਗੈਰਾ ਵਗੈਰਾ, ਹੋਰ ਵੀ ਬਹੁਤ ਕੁਝ ਊਲ-ਜਲੂਲ ਭਰਿਆ ਹੈ ਫ਼ਿਲਮ ਵਿਚ, ਕਹਿਣ ਦਾ ਮਤਲਬ ਕਿ ਤੁਸੀਂ ਫ਼ਿਲਮ ਵਿਚਲੀ ਕਾਮੇਡੀ ਦੇ ਪੱਧਰ ਦਾ ਅੰਦਾਜ਼ਾ ਲਗਾ ਸਕਦੇ ਸੋ। ਇਹੋ ਜਿਹਾ ਫੁੱਫੜ ਸ਼ਾਇਦ ਹੀ ਕਿਸੇ ਨੇ ਅਸਲ ਵਿਚ ਵੇਖਿਆ ਹੋਵੇ ਅਤੇ ਫ਼ਿਲਮ ਵਿਚਲਾ ਦੂਜਾ ਹੀਰੋ ਜੋ ਕਿ ਇਸੇ ਘਰ ਦਾ ਜਵਾਈ ਵਿਖਾਇਆ ਗਿਆ ਹੈ। ਇਕੋ ਘਰੇ ਫੁੱਫੜ ਤੇ ਜਵਾਈ ਦੀ ਫਿਲਮ ਵਿਚ ਕਾਮੇਡੀ ਭਰਨ ਲਈ ਵਿਖਾਈ ਗਈ ਲਾਗਤ ਬਾਜ਼ੀ (ਜੋ ਕਿ ਬਿਨਾਂ ਕਿਸੇ ਠੋਸ ਅਧਾਰ ਦੇ ਫ਼ਿਲਮ ਨੂੰ ਅੱਗੇ ਵਧਾਉਣ ਲਈ ਜੋੜੀ ਗਈ ਸੀ) ਕਿਸੇ ਹੱਦ ਤੱਕ ਹੀ ਜਚਦੀ ਹੈ, ਜਿੰਨੀ ਕੁ ਦਰਸ਼ਕਾਂ ਨੂੰ ਰਿਸ਼ਤਿਆਂ ਦੀ ਸੱਭਿਅਤਾ ਮੁਤਾਬਕ ਹਜ਼ਮ ਹੋ ਸਕੇ।
ਕਿਉਂਕਿ ਇਹ ਫਿਲਮ 1980 ਦਹਾਕੇ ਦੇ ਸੱਭਿਆਚਾਰ ਨਾਲ ਸਬੰਧਤ ਹੈ ਇਸ ਲਈ ਇਸ ਵਿਚ ਉਹ ਸਾਰਾ ਕੱਚੇ ਘਰਾਂ ਅਤੇ ਉਹੀ ਪਹਿਰਾਵੇ ਵਾਲਾ ਮਾਹੌਲ ਘੜਿਆ ਗਿਆ ਹੈ ਜਿਸ ਨੂੰ ਕਿ ਅਸੀਂ ਪਿੱਛੇ ਜਿਹੇ ਪੰਜਾਬੀ ਫ਼ਿਲਮਾ ਵਿਚ ਪੁਰਾਣੇ ਵਿਆਹਾਂ ਦੇ ਆਏ ਹੜ ਰਾਹੀਂ ਵਿਖਾ ਵਿਖਾ ਘਸਾ ਚੁਕੇ ਹਾਂ ਜਿੱਥੇ ਨਾਂ ਅਸੀ ਕੋਈ ਪੁਰਾਣੀ ਸੱਭਿਆਚਾਰਕ ਗੱਲ ਛੱਡੀ, ਨਾਂ ਰੀਤੀ-ਰਿਵਾਜ ਅਤੇ ਨਾਂ ਹੀ ਕੋਈ ਅਜਿਹਾ ਰਿਸ਼ਤਾ ਵਿਖਾਉਣਾ ਛੱਡਿਆ ਜਿਸ ਨੂੰ ਕਿ ਹੁਣ ਫੇਰ ਵਿਖਾਉਣ ਦੀ ਲੋੜ ਸੀ। ਹਾਂ ਫ਼ਿਲਮ ਵਿਚ ਕੱਚੇ ਕੱਚੇ ਸੀਨ ਜ਼ਰੂਰ ਨਜ਼ਰ ਆਏ।
ਵੈਸੇ ਵੀ #ਜੀਜਾਜੀ ਅਤੇ #ਲਾਵਾਂਫੇਰੇ ਵਰਗੀਆਂ ਸੈਂਸੇਬਲ ਕਾਮੇਡੀ ਵਾਲੀਆਂ ਫ਼ਿਲਮਾਂ ਵੇਖਣ ਤੋਂ ਬਾਅਦ ਇਹੋ ਜਿਹੀ ਫ਼ਿਲਮ ਵੇਖਣ ਦਾ ਕੋਈ ਤੁਕ ਨਹੀਂ ਰਹਿ ਜਾਂਦਾ।
ਖੈਰ ਜੇ ਗੱਲ ਪੁਰਾਣੇ ਸੱਭਿਆਚਾਰ ਵਿਖਾਉਣ ਦੀ ਹੈ ਤਾਂ ਜ਼ਰਾ ਧਿਆਨ ਦੇਣਾ ਮੇਰੀ ਗੱਲ ਵੱਲ ਕਿ ਫ਼ਿਲਮ ਦੇ ਸ਼ੁਰੂਆਤੀ ਸੀਨਾਂ ਵਿਚ ਜਿੱਥੇ ਚੁੱਲੇ ਚੌਂਕੇ ਕੋਲ ਸਾਰਾ ਪਰਿਵਾਰ ਬੈਠਾ ਹੋਵੇ, ਜਿੱਥੇ ਘਰ ਦੀਆਂ ਵੱਡੀਆਂ ਔਰਤਾਂ ਜਿੰਨਾ ਨੇ ਆਪਣੇ ਸਿਰ ਅਤੇ ਗਲੇ ਚੰਗੀ ਤਰਾਂ ਦੁਪੱਟਿਆਂ ਨਾਲ ਢੱਕੇ ਹੋਣ ਅਤੇ ਉਸੇ ਚੌਂਕੇ ‘ਚ ਰੋਟੀ-ਪਾਣੀ ਕਰਦੀਆਂ ਫਿਲਮ ਵਿਚਲੀਆਂ ਦੋ ਲੀਡ ਕੁੜੀਆਂ ਦੇ ਸੀਨ ਵਿਖਾਉਂਦੇ ਸਮੇਂ ਨਿਰਦੇਸ਼ਕ ਉਨਾਂ ਦੀ ਡਰੈਸ ਸੈਂਸ ਦਾ ਖਿਆਲ ਨਾ ਰੱਖੇ ਤਾਂ ਮਾੜੀ ਗੱਲ ਹੈ, ਜਿੱਥੇ ਕਿ ਘਰ ਵਿਚ ਉਨਾਂ ਦੇ ਵੱਡੇ ਮਰਦ ਪਿਓ, ਤਾਇਆ-ਚਾਚਾ ਵਗੈਰਾ ਵੀ ਨਾਲ ਹੋਣ, ਤਾਂ ਦੱਸੋ ਕਿ ਇਹ ਕਿਹੜੇ ਸੱਭਿਆਚਾਰ ਦਾ ਹਿੱਸਾ ਹੈ, ਸ਼ਰਮ ਕਰੋ ਯਾਰ ! ਗਲੈਮਰ ਵਿਖਾਉਣ ਦਾ ਵੀ ਕੋਈ ਸਮਾ-ਸਥਾਨ-ਹਲਾਤ ਹੁੰਦੇ ਹਨ! ਫ਼ਿਲਮ ਮੇਕਰਾਂ ਦੀ ਸੋਚ ਕਿੱਥੇ ਸਟੈਂਡ ਕਰਦੀ ਹੈ ਪਤਾ ਨਹੀਂ, ਆਪੇ ਅੰਦਾਜ਼ਾ ਲਗਾ ਲਓ, ਨਾ ਹੀ ਉਸ ਸਮੇਂ ਕਿਸੇ ਸੀਨੀਅਰ ਕਲਾਕਾਰ ਵਲੋਂ ਟੋਕਿਆ ਗਿਆ ਲਗਦੈ ⁉️ਕਿਉਂ ਗੱਲ ਪੀਰੀਅਡ ਫ਼ਿਲਮ ਦੀ ਹੈ ਉਹ ਵੀ “ਫੁੱਫੜ ਜੀ” ਵਾਲੇ ਪੁਰਾਣੇ ਪੰਜਾਬੀ ਸੱਭਿਆਚਾਰ ਨਾਲ ਸੰਬਧਤ, ਇਸ ਲਈ ਸਭ ਦੇ ਧਿਆਨ ‘ਚ ਲਿਆਉਣਾ ਜ਼ਰੂਰੀ ਸਮਝਿਆ।
ਫ਼ਿਲਮ ਨੂੰ ਲਮਕਾਉਣ ਅਤੇ ਗਾਇਕ ਜੱਸੀ ਗਿੱਲ ਦੀ ਗੈਸਟ ਭੂਮਿਕਾ ਨੂੰ ਜਸਟੀਫਾਈ ਕਰਨ ਲਈ ਇਕ ਹੋਰ ਦਾਜ ਵਾਲਾ ਸਿਕਿਊਂਸ ਵਾੜਿਆ ਗਿਆ ਹੈ ਜਿਸ ਵਿਚ ਮੁੰਡੇ ਵਾਲੇ ਪਰਿਵਾਰ ਨੂੰ ਕਾਰ ਨਾ ਮਿਲਣ ਤੇ ਬਰਾਤ ਵਾਪਸ ਮੁੜਦੀ ਹੈ, ਜੋ ਕਿ ਅੱਜ ਦੀ ਪੀੜੀ ਨੂੰ ਵੱਡੇ ਪਰਦੇ ਤੇ ਵਿਖਾਉਣਾ ਵੈਸੇ ਹੀ ਘਟੀਆ ਲਗਦਾ ਹੈ ਭਾਵੇ ਕੀ ਤੁਸੀਂ ਉਸ ਪੀਰੀਅਡ ਦੀ ਗੱਲ ਹੀ ਕਿਉਂ ਨਾ ਕਰ ਰਹੇ ਹੋਵੋ। ਕਿਉਂ ਇਹ ਸਭ ਕੁਝ ਤੁਸੀਂ #ਫੁੱਫੜ ਦਾ ਵਧੀਆ ਕਰੈਕਟਰ ਐਸਟੈਬਲਿਸ਼ ਕਰਨ ਲਈ ਵੀ ਕਰ ਰਹੇ ਹੋ, ਨਾ ਕਿ ਫਿਲਮ ਦੀ ਜ਼ਰੂਰਤ ਸੀ ਅਤੇ ਨਾ ਹੀ 40/50 ਸਾਲ ਪੁਰਾਣੀਆਂ ਇਹਨਾਂ ਗੱਲਾਂ ਤੋਂ ਅੱਜ ਕਿਸੇ ਨੂੰ ਸਿਖਿਆ ਦੀ ਲੋੜ ਹੈ।
ਮੁਕਦੀ ਗੱਲ ਕਿ ਇਸ ਫ਼ਿਲਮ ਵਿਚ ਕਿਤੇ ਵੀ ਤਾਜ਼ਗੀ ਨਹੀਂ ਝਲਕਦੀ। ਫ਼ਿਲਮ ਚੋਂ ਕਹਾਣੀਕਾਰ ਮਨਫੀ ਹੈ, ਪਰ ਕੁਝ ਸੰਵਾਦ ਚੰਗੇ ਵੀ ਸਨ, ਬਾਕੀ ਫ਼ਿਲਮ ਦਾ ਗੀਤ-ਸੰਗੀਤ ਸੋਹਣਾ ਹੈ ਜੋ ਬੋਰਿੰਗ ਫਿਲਮ ਵਿਚ ਥੋੜੀ ਚੇਂਜ ਲਿਆਉਂਦਾ ਹੈ ਤੇ ਸਭ ਦੀ ਅਦਾਕਾਰੀ ਵੀ ਸੋਹਣੀ ਹੈ ਪਰ ਮਾਫ਼ ਕਰਨਾ ਐਨੀ ਭੀੜ ਵਿਚ ਸਭ ਦਾ ਨਾਮ ਨਹੀਂ ਲਿਆ ਜਾ ਸਕਦਾ, ਖੈਰ ਫ਼ਿਲਮ ਵਿਚਲੀਆਂ ਹੀਰੋਇਨਾਂ ਜਸਮੀਨ ਬਾਜਵਾ, ਸਿਦਕੀ ਸ਼ਰਮਾ ਅਤੇ ਅਦਾਕਾਰਾ ਅਨੂ ਚੌਧਰੀ ਦੀ ਦਾ ਕੰਮ ਵੀ ਸੋਹਣਾ ਹੈ।
ਬਿਨੂੰ ਢਿਲੋਂ ਵਰਗੇ ਕੈਰਕਟਰ ਹੀਰੋ ਅਤੇ ਕਾਮੇਡੀ ਛਵੀ ਵਾਲੇ ਵਿਅਕਤੀ ਲਈ ਤਾਂ ਇਹ ਫ਼ਿਲਮ ਢੁਕਵੀਂ ਹੋ ਸਕਦੀ ਹੈ ਪਰ “ਗੁੱਡੀਆਂ ਪਟੋਲੇ” ਅਤੇ “ਸੁਰਖੀ ਬਿੰਦੀ” ਵਰਗੀਆਂ ਉੱਚ ਮਿਆਰੀ ਫਿਲਮਾਂ ਦੇ ਹੀਰੋ ਗੁਰਨਾਮ ਭੁੱਲਰ ਲਈ ਇਹ ਢੁਕਵੀਂ ਫਿਲਮ ਨਹੀਂ ਸਾਬਤ ਹੁੰਦੀ। ਬਾਕੀ ਇਹ ਗੱਲ ਮੈਂ ਉਪਰ ਵੀ ਕਰ ਚੁੱਕਾ ਹਾਂ ਕਿ ਪੰਜਾਬੀ ਸਿਨੇਮਾ ਦੇ ਮਿਆਰ ਦਾ ਖਿਆਲ ਵੀ ਸੰਜੀਦਗੀ ਨਾਲ ਰੱਖਣ ਦੀ ਲੋੜ ਹੈ , ਭਾਵੇਂ ਕਿ ਪੈਸਾ ਸਭ ਦੀ ਜ਼ਰੂਰਤ ਹੈ ਪਰ ਸਿਨੇਮਾ ਦਾ ਢਿੱਡ ਤਾਂ ਉਸ ਦੇ ਮਿਆਰ ਨਾਲ ਹੀ ਭਰਿਆ ਜਾਣਾ ਹੈ, ਚੇਤੇ ਰਹੇ। -ਦਲਜੀਤ