(ਪੰ:ਸ) 17 ਦਸੰਬਰ ਨੂੰ ਆਉਣ ਵਾਲੀ ਪੰਜਾਬੀ ਫ਼ਿਲਮ ਸ਼ਾਖਾ ਨੀ ਗਿਰਧਾਰੀ ਲਾਲ ਦੀ ਝਲਕ ਵੇਖਦੇ ਨਜ਼ਰ ਆ ਰਿਹਾ ਹੈ ਕਿ ਹੰਬਲ ਮੋਸ਼ਨ ਪਿਕਚਰਜ਼ ਅਤੇ ਪੂਜਾ ਐਂਟਰਟੇਨਮੈਂਟ ਦੁਆਰਾ ਨਿਰਮਿਤ ਅਤੇ ਓਮਜੀ ਸਟਾਰ ਸਟੂਡੀਓਜ਼ ਵਲੋਂ ਬਤੌਰ ਡਿਸਟ੍ਰੀਬਿਊਟਰ ਰਿਲੀਜ਼ ਕੀਤੀ ਜਾਣ ਵਾਲੀ ਇਹ ਫ਼ਿਲਮ 2021 ਦੀ ਸਭ ਤੋਂ ਦਿਲਚਸਪ ਫ਼ਿਲਮ ਸਾਬਤ ਹੋਵੇਗੀ।
ਫਿਲਮ ਦੀ ਖੂਬਸੂਰਤੀ ਦਾ ਇਕ ਪਹਿਲੂ ਇਹ ਵੀ ਹੈ ਕਿ ਇਸ ਵਿਚ ਅਭਿਨੇਤਰੀਆਂ ਦੀ ਭਰਮਾਰ ਹੈ, ਟ੍ਰੇਲਰ ਵਿਚਲੇ ਹਰ ਸ਼ਾਰਟ ਵਿਚ ਇਕ ਤੋਂ ਇਕ ਸੋਹਣਾ ਚਿਹਰਾ ਨਜ਼ਰ ਆ ਰਿਹਾ ਹੈ।ਜੋਕਿ ਫ਼ਿਲਮ ਨੂੰ ਕੁਝ ਹੱਟ ਕੇ ਦਰਸਾ ਰਿਹਾ ਹੈ। ਫਿਲਮ ਦਾ ਮੁੱਖ ਧੁਰਾ ਬਣੇ ਗਿਰਧਾਰੀ ਲਾਲ ਦੇ ਰੂਪ ਵਿਚ ਗਿੱਪੀ ਗਰੇਵਾਲ ਦੀ ਸ਼ਰਾਰਤੀ ਅਦਾਕਾਰੀ ਵਾਲਾ ਕਾਮੇਡੀ ਪੱਖ ਵੀ ਫ਼ਿਲਮ ਵੇਖਣ ਦੀ ਚਾਹਤ ਵਧਾਉਂਦਾ ਦਿਸ ਰਿਹਾ ਹੈ।
ਜੇ ਫ਼ਿਲਮ ਵਿਚਲੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਸੱਤ ਨਾਮਵਰ ਅਭਿਨੇਤਰੀਆਂ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਤਨੂ ਗਰੇਵਾਲ, ਸਾਰਾ ਗੁਰਪਾਲ, ਪਾਯਲ ਰਾਜਪੂਤ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਯਾਮੀ ਗੌਤਮ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਕਰਮਜੀਤਅਨਮੋਲ, ਗੁਰਪ੍ਰੀਤ ਭੰਗੂ, ਰਾਜ ਧਾਰੀਵਾਲ, ਹਰਿੰਦਰ ਭੁੱਲਰ, ਸੀਮਾ ਕੌਸ਼ਲ, ਰਘਬੀਰ ਬੋਲੀ,ਸ਼ਦਿਲਰਾਜ ਉਦੇ, ਅਮਨ ਕੌਤਿਸ਼, ਹਨੀ ਮੱਟੂ ਅਤੇ ਨਿਸ਼ਾ ਬਾਨੋ ਤੋਂ ਇਲਾਵਾ ਹੋਰ ਵੀ ਅਦਾਕਾਰ ਚਿਹਰੇ ਫ਼ਿਲਮ ਦਾ ਸ਼ਿੰਗਾਰ ਹਨ।
ਇਸ ਫ਼ਿਲਮ ਦੇ ਲੇਖਕ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਹਨ ਜਦ ਕਿ ਨਿਰਦੇਸ਼ਕ ਗਿੱਪੀ ਗਰੇਵਾਲ ਖੁਦ ਹਨ।ਸੰਗੀਤ ਜਤਿੰਦਰ ਸ਼ਾਹ ਦਾ ਹੈ, ਗਾਇਕ ਗਿੱਪੀ ਗਰੇਵਾਲ, ਸਰਤਾਜ, ਕਮਲ ਖਾਨ ਅਤੇ ਅਮ੍ਰਿਤ ਮਾਨ ਹਨ ਜਿਹਨਾਂ ਨੇ ਸਤਿੰਦਰ ਸਰਤਾਜ, ਕੁਮਾਰ, ਹੈਪੀ ਰਾਏਕੋਟੀ, ਰਿੱਕੀ ਮਾਨ ਅਤੇ ਅੰਮ੍ਰਿਤ ਮਾਨ ਦੇ ਲਿਖੇ ਬੋਲਾਂ ਨੂੰ ਆਪਣੀ ਦਿਲਕਸ਼ ਆਵਾਜ਼ਾਂ ਦਿੱਤੀਆਂ ਹਨ।
ਮੁੱਕਦੀ ਗੱਲ ਇਹ ਹੈ ਕਿ ਇਹ ਫ਼ਿਲਮ ਆਪਣੇ ਪ੍ਰਚਾਰ ਅਤੇ ਦਿੱਖ ਤੋਂ ਆਪਣੇ ਵੱਖਰੇ ਅੰਦਾਜ਼ , ਕਾਮੇਡੀ, ਰੋਮਾਂਸ, ਖੂਬਸੂਰਤ ਸੰਗੀਤ, ਅਮੀਰ ਪੰਜਾਬੀ ਸੱਭਿਆਚਾਰ ਅਤੇ ਆਮ ਲੋਕਾਂ ਦੀਆਂ ਦੁਨਿਆਵੀ ਭਾਵਨਾਵਾਂ ਦਾ ਇਕ ਸ਼ਾਨਦਾਰ ਨਜ਼ਾਰਾ ਪੇਸ਼ ਕਰ ਰਹੀ ਹੈ ਜਿਸ ਦਾ ਅਸਲੀ ਮਜ਼ਾ ਲੈਣ ਲਈ ਸਾਨੂੰ 17ਦਸੰਬਰ ਤੱਕ ਇੰਤਜ਼ਾਰ ਕਰਨਾ ਪਵੇਗਾ।ਉਮੀਦ ਹੈ ਇਹ ਫ਼ਿਲਮ ਜ਼ਰੂਰ ਕਾਮਯਾਬ ਹੋਵੇਗੀ।