ਇਸ ਗੱਲ ਦਾ ਪ੍ਰਗਟਾਵਾ ਪਲਵਿੰਦਰ ਧਾਮੀ ਨੇ ਪੰਜਾਬੀ ਸਕਰੀਨ ਅਦਾਰੇ ਨਾਲ ਯੂ.ਕੇ ਤੋਂ ਵਿਸ਼ੇਸ਼ ਤੌਰ ਤੇ ਟੈਲੀਫੋਨ ਕਾਲ ਅਤੇ ਵਾਇਸ ਮੈਸੇਜ ਰਾਹੀਂ ਕੀਤਾ। ਉਨਾਂ ਕਿਹਾ ਕਿ 29 ਅਪ੍ਰੈਲ ਨੂੰ ਰਿਲੀਜ ਹੋ ਰਹੀ ਫਿ਼ਲਮ “ਨੀ ਮੈ ਸੱਸ ਕੁੱਟਣੀ” ਦੇ ਟਾਈਟਲ ਗੀਤ “ਨੀ ਮੈ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਹਲੇ” ਉਨਾਂ ਦੁਆਰਾ ਗਾਇਆ ਗੀਤ ਹੈ ਜੋਕਿ 1989 ਨੂੰ ਇੰਡੀਆ ਵਿਚ ਐਚ. ਐਮ. ਵੀ. ਕੰਪਨੀ ਵਲੋਂ ਰਿਲੀਜ ਹੋਈ ਟੇਪ “ਰੱਬਾ ਕੀ ਕਰੀਏ” ਦਾ ਹਿੱਸਾ ਹੈ, ਅਤੇ ਜਿਸ ਨੂੰ ਇੰਡੀਆ ਤੋਂ ਬਾਹਰ ਐਲ.ਪੀ ਰਿਕਾਰਡ ਰਾਹੀਂ ਅੰਗਰੇਜੀ ਟਾਈਟਲ “ਕੂਲ ਐਂਡ ਡੈਡਲੀ” ਹੇਠ “ਅਰਿਸ਼ਮਾ ਰਿਕਾਰਡਜ਼”ਕੰਪਨੀ ਦੁਆਰਾ ਰਿਲੀਜ ਕੀਤਾ ਗਿਆ ਸੀ। ਇਸ ਅਸਲ ਗੀਤ ਦੇ ਲੇਖਕ ਜੇ.ਕੇ.ਰੌਲੀ(ਕੁਮਾਰ) ਅਤੇ ਵਰਿੰਦਰ ਹਨ ਅਤੇ ਸੰਗੀਤ /ਧੁਨ, ਦੀਪਕ ਖਜਾਨਚੀ ਦੀ ਰਚਨਾ ਹੈ। ਇਸ ਗੀਤ/ਬੋਲੀਆਂ ਨੂੰ ਧਾਮੀ ਅਤੇ ਕੁਮਾਰ(ਹੀਰਾ ਗਰੁੱਪ ਯੂ.ਕੇ)ਨੇ ਗਾਇਆ ਹੈ।
ਧਾਮੀ ਨੇ ਕਿਹਾ ਕਿ ਗੀਤ ਦੀ ਹੁੱਕ ਲਾਈਨ ਦੇ ਨਾਲ ਨਾਲ ਕੰਪੋਜੀਸ਼ਨ ਵੀ ਸਾਡੀ ਹੀ ਹੈ, ਜੋ ਨਵੇਂ ਗਾਣੇ ਵਿਚ ਵਰਤੀ ਗਈ ਹੈ ਅਤੇ ਅਸੀ ਕਿਸੇ ਨੂੰ ਵੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ । ਉਨਾਂ ਨੇ ਸਾਰੇ ਸਬੂਤ ਵੀ ਵਟਸਐਪ ਰਾਹੀਂ ਭੇਜੇ ਹਨ ਤਾਂ ਜੋ ਖਬਰ ਨਸ਼ਰ ਕੀਤੀ ਜਾ ਸਕੇ।
ਇਸ ਉਪਰੰਤ ਜਦੋਂ ਅਸੀ ਫਿ਼ਲਮ ਦੇ ਇਕ ਪ੍ਰਮੁੱਖ ਨਿਰਮਾਤਾ ਨੂੰ ਇਸ ਇਤਰਾਜ਼ ਸੰਬਧੀ ਜਾਣਕਾਰੀ ਦੇ ਕੇ ਉਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਇਹ ਵੀ ਆਖਿਆ ਕਿ ਉਹ ਖੁਦ ਪਲਵਿੰਦਰ ਧਾਮੀ ਨਾਲ ਗੱਲ ਕਰ ਲੈਣ ਤਾਂ ਉਨਾਂ ਦਾ ਹੁੰਗਾਰਾ ਨਾਂਹ ਪੱਖੀ ਅਤੇ ਗੱਲ ਨੂੰ ਨਜ਼ਰਅੰਦਾਜ ਕਰ ਵਾਲਾ ਸੀ।
ਦੂਜੇ ਪਾਸੇ ਪਲਵਿੰਦਰ ਧਾਮੀ ਇਨਸਾਫ ਨਾ ਮਿਲਣ ਤੇ ਕਾਨੂੰਨੀ ਕਾਰਵਾਈ ਦੇ ਰਸਤੇ ਜਾਣ ਨੂੰ ਤਿਆਰ ਹੈ।
ਖਬਰ ਨਸ਼ਰ ਕਰਨ ਤੋਂ ਪਹਿਲਾ ਅਸੀਂ ਇਹਦੀ ਹੋਰ ਵੀ ਪੜਤਾਲ ਕੀਤੀ ਕਿ ਸ਼ਾਇਦ ਇਹ ਪੂਰੀ ਲਾਈਨ ਕਿਸੇ ਪੁਰਾਤਨ ਲੋਕ ਬੋਲੀ ਦੀ ਨਾ ਹੋਵੇ ਪਰ ਯੂਟੀਊਬ ਤੇ ਸਿਵਾ ਪਲਵਿੰਦਰ ਧਾਮੀ ਹੀਰਾ ਗਰੁੱਪ ਯੂ.ਕੇ ਤੋਂ ਇਸ ਗੀਤ ਦਾ ਕਿਤੇ ਕਿਸੇ ਹੋਰ ਦਾ ਕੋਈ ਪਹਿਲਾ ਰਿਕਾਰਡ ਨਹੀਂ ਮਿਲਿਆ ।
ਹੁਣ ਜੇ ਚਾਹੁੰਦਾ ਤਾਂ ਇਸ ਨਵੀਂ ਆਈ ਰਹੀ ਫ਼ਿਲਮ ਦਾ ਨਿਰਮਾਤਾ ਸਾਡੇ ਕੋਲੋਂ ਨੰਬਰ ਲੈ ਕੇ ਪਲਵਿੰਦਰ ਧਾਮੀ ਨਾਲ ਗੱਲ ਕਰ ਸਕਦਾ ਸੀ, ਜੇ ਕੋਈ ਗਲਤਫਹਿਮੀ ਵੀ ਸੀ ਤਾਂ ਦੂਰ ਕੀਤੀ ਜਾ ਸਕਦੀ ਸੀ ਜਾ ਹੱਕ- ਮਨਜ਼ੂਰੀ ਦੀ ਗੱਲ ਵੀ ਹੋ ਸਕਦੀ ਸੀ, ਜਿਸ ਵਿਚ ਕੋਈ ਹਰਜ਼ ਨਹੀਂ ਸੀ , ਪਰ ਅਫਸੋਸ ਕਿ ਅਸੀ ਅਜਿਹੇ ਮਸਲੇ ਅੰਦਰ ਬੈਠ ਕੇ ਨਜਿੱਠਣ ਨੂੰ ਤਿਆਰ ਨਹੀ ਅਤੇ ਸਰਕਾਰਾਂ ਕੋਲੋ ਪਾਏਰੇਸੀ ਵਰਗੇ ਮੁੱਦਿਆਂ ਤੇ ਸਖ਼ਤੀ ਦੀ ਮੰਗ ਕਰਦੇ ਹਾਂ।
ਸ਼ਾਇਦ ਅੱਜ ਦੇ ਨਿਰਮਾਤਾ ਪਲਵਿੰਦਰ ਧਾਮੀ (ਹੀਰਾ ਗਰੁੱਪ ਯੂ.ਕੇ) ਨੂੰ ਨਾ ਜਾਣਦੇ ਹੋਣ ਪਰ ਇਹ ਆਪਣੇ ਸਮੇ ਦਾ ਪੰਜਾਬੀ ਸੰਗੀਤ ਉਦਯੋਗ ਵਿਚ ਵੱਡਾ ਨਾਮ ਹੈ ਅਤੇ ਇਹਨਾਂ ਦੀ ਪੰਜਾਬੀ ਸੱਭਿਆਚਾਰਕ ਸੰਗੀਤ ਨੂੰ ਦੁਨੀਆਂ ਭਰ ਵਿਚ ਪ੍ਰਫੁੱਲਿਤ ਕਰਨ ਵਿਚ ਵੱਡੀ ਦੇਣ ਹੈ, ਇਸ ਲਈ ਇਹਨਾਂ ਦੁਆਰਾ ਚੁੱਕਿਆ ਮੁੱਦਾ ਗੈਰ ਜ਼ਿੰਮੇਵਾਰਨਾ ਨਹੀਂ ਹੋ ਸਕਦਾ।
ਪਲਵਿੰਦਰ ਧਾਮੀ ਨੇ ਇਹ ਵੀ ਦੱਸਿਆ ਕਿ ਸਾਡੇ ਹੋਰ ਵੀ ਪੁਰਾਣੇ ਗੀਤਾਂ ਦੀ ਲਾਈਨਾਂ ਬਾਲੀਵੁੱਡ ਦੇ ਵੱਡੇ ਨਿਰਮਾਤਾ-ਨਿਰਦੇਸ਼ਕਾਂ ਨੇ ਵਰਤੀਆਂ ਹਨ ਪਰ ਲਿਖਤੀ ਸਮਝੋਤੇ ਤਹਿਤ ਕਿਉਕਿ ਕਿਉਂਕਿ ਉਹ ਲੋਕ ਰਚਨਾਤਮਕ ਲੋਕਾਂ ਦੀਆਂ ਭਾਵਨਾਵਾਂ ਅਤੇ ਹੱਕਾਂ ਨੂੰ ਸਮਝਣ ਵਾਲੇ ਲੋਕ ਹਨ।
ਸੋ ਸਾਨੂੰ ਲਗਦਾ ਹੈ ਕਿ ਨਵੀਂ ਆ ਰਹੀ ਫਿ਼ਲਮ “ਨੀ ਮੈ ਸੱਸ ਕੁਟਣੀ” ਦੀ ਟੀਮ ਨੂੰ ਆਪਸੀ ਫਿ਼ਲਮੀ ਭਾਇਚਾਰੇ ਤਹਿਤ ਇਹ ਮਸਲਾ ਗੱਲਬਾਤ ਰਾਹੀਂ ਹੱਲ ਕਰ ਲੈਣਾ ਚਾਹੀਦਾ ਹੈ ਅਤੇ ਜੇ ਦੋਨਾਂ ਧਿਰਾਂ ਨੂੰ ਇਹ ਲਗਦਾ ਹੈ ਕਿ ਦੋਵੇਂ ਧਿਰਾਂ ਆਪੋ ਆਪਣੀ ਜਗਾ ਠੀਕ ਹਨ ਅਤੇ ਆਪਣੀ ਬਿਹਤਰੀ ਆਪ ਜਾਣਦੀਆਂ ਹਨ ਤਾਂ ਸਾਨੂੰ ਇਸ ਮਸਲੇ ਦੇ ਸਿੱਟੇ ਦਾ ਇੰਤਜ਼ਾਰ ਕਰਨਾ ਪਵੇਗਾ।
ਬਾਕੀ ਇਹ ਪਹਿਲੀ ਵਾਰ ਨਹੀ ਹੈ ਕਿ ਅਸੀਂ ਅਜਿਹਾ ਮਸਲਾ ਚੁੱਕਿਆ ਹੈ, ਇਸ ਤੋਂ ਪਹਿਲਾਂ ਕਈ ਵਾਰੀ ਅਜਿਹੇ ਮਸਲੇ ਪੰਜਾਬੀ ਸਕਰੀਨ ਰਾਹੀਂ ਇੰਡਸਟ੍ਰੀ ਦੀ ਬਿਹਤਰੀ ਅਤੇ ਪਾਰਦਰਸ਼ਤਾ ਲਈ ਉਠਾਉਂਦੇ ਆਏ ਹਾਂ।
-ਟੀਮ ਪੰਜਾਬੀ ਸਕਰੀਨ