ਵੱਡਾ ਅਫਸੋਸ ਇਸ ਗੱਲ ਦਾ ਹੈ ਕਿ ਸਾਡਾ ਪੰਜਾਬੀ ਸਿਨੇਮਾ ਅਜੇ ਵੀ ਐਨੀਆਂ ਹਲਕੀਆਂ ਹਲਕੀਆਂ ਅਧਾਰ ਰਹਿਤ ਕਹਾਣੀਆਂ ਤੇ ਇਰਦ ਗਿਰਦ ਘੁੰਮ ਰਿਹਾ ਹੈ, ਜਾਂ ਫਿਰ ਕਾਮੇਡੀ ਦੇ ਨਾਅ ਤੇ ਬਾਰ ਬਾਰ ਪਿਛਾਂਹ ਨੂੰ ਗੇੜੇ ਕੱਢ ਰਿਹਾ ਹੈ ਅਤੇ ਦੂਜੇ ਪਾਸੇ ਦੱਖਣੀ ਸਿਨੇਮਾ ਨਵੇਂ ਨਵੇਂ ਕਾਮਯਾਬ ਤਜ਼ੁਰਬਿਆਂ ਨਾਲ ਇਕੋ ਫ਼ਿਲਮ ਰਾਹੀਂ ਹਫਤੇ ਵਿਚ ਹਜ਼ਾਰਾਂ ਕਰੋੜ ਦੀ ਕੁਲੈਕਸ਼ਨ ਨਾਲ ਦੁਨੀਆਂ ਭਰ ਵਿਚ ਚਰਚਾ ਵਿਚ ਹੈ। ਸੋ ਪਹਿਲਾਂ ਸੋਚ ਵੱਡੀ ਤੇ ਉਸਾਰੂ ਕਰਨ ਦੀ ਲੋੜ ਹੈ, ਬਾਕੀ ਸਭ ਬਾਅਦ ਦੀਆਂ ਗੱਲਾਂ।
ਗੱਲ “ਮੈ ਤੇ ਬਾਪੂ” ਦੀ ਤਾਂ ਜਿੰਨਾਂ ਵੱਡਾ ਇਸ ਫ਼ਿਲਮ ਦੇ ਟਾਈਟਲ ਦਾ ਕੱਦ ਹੈ, ਉਸ ਅੱਗੇ ਇਹ ਫ਼ਿਲਮ ਓਨੀ ਹੀ ਬੋਣੀ ਸਾਬਤ ਹੁੰਦੀ ਹੈ, ਪਹਿਲੇ 10/12 ਮਿੰਟ ਤਾਂ ਲੱਗਿਆ ਸੀ ਕਿ ਫ਼ਿਲਮ ਵਿਚ ਕੁਝ ਨਵਾਂਪਣ ਹੈ, ਮਗਰ ਅਗੇ ਤੁਰਦਿਆਂ ਹੀ ਅਜਿਹੀ ਲੜਖੜਾਉਂਦੀ ਹੈ ਕਿ ਆਖਰ ਤੱਕ ਨਹੀਂ ਸੰਭਲਦੀ। ਟਾਈਟਲ ਦੇ ਨਾਲ ਨਾਲ ਵਿਸ਼ਾ ਵੀ ਮਜਬੂਤ ਹੋਣਾ ਚਾਹੀਦੈ, ਬੇਸ਼ਕ ਅਸੀਂ ਵਿਸ਼ੇ ਨੂੰ ਕਾਮੇਡੀ ਰਾਹੀਂ ਕਿਉਂ ਨਾ ਪੇਸ਼ ਕਰਨਾ ਹੋਵੇ।
ਫਿ਼ਲਮ ਦੀ ਕਹਾਣੀ ਮੁਤਾਬਕ ਬਾਪ (ਪ੍ਰੋ:ਸਤੀਸ਼ ਵਰਮਾ) ਨਹੀਂ ਚਾਹੁੰਦਾ ਕਿ ਮੇਰਾ ਪੁੱਤ (ਪਰਮੀਸ਼ ਵਰਮਾ) ਵਿਦੇਸ਼ ਜਾਏ, ਪਰ ਪੁੱਤਰ ਕਿਉਂਕਿ ਵਿਦੇਸ਼ੀ ਕੁੜੀ (ਸੰਜੀਦਾ ਸ਼ੇਖ) ਦਾ ਪ੍ਰੇਮੀ ਹੈ ਅਤੇ ਉਸ ਦਾ (ਗੁਰਮੀਤ ਸਾਜਨ-ਰੋਜ਼ ਜੇ ਕੌਰ ਮੁਖੀ) ਪਰਿਵਾਰ ਇਸ ਸ਼ਰਤ ਤੇ ਪਰਮੀਸ਼-ਸੰਜੀਦਾ ਦਾ ਵਿਆਹ ਕਰਵਾਉਣ ਨੂੰ ਰਾਜ਼ੀ ਹੁੰਦਾ ਹੈ ਕਿ ਮੁੰਡਾ ਵਿਦੇਸ਼ ਜਾ ਕੇ ਰਹੇ। ਹੁਣ ਪਰਮੀਸ਼ ਵਿਦੇਸ਼ ਜਾਣ ਖਾਤਰ ਆਪਣੇ ਪਿਤਾ ਨੂੰ (ਜੋ ਕਿ ਸਮਾਜ ਦੀ ਇਕ ਸਤਿਕਾਰਤ ਹਸਤੀ ਰਿਟਾਇਰਡ ਪ੍ਰੋਫੈਸਰ ਵਜੋਂ ਦਿਖਾਈ ਗਈ ਹੈ ਅਤੇ ਪਤਨੀ ਦੀ ਮੌਤ ਕਾਰਨ ਇੱਕਲਾ ਹੀ ਹੈ), ਨੂੰ ਨਵਾਂ ਵਿਆਹ ਕਰਵਾਉਣ ਦੀ ਸਲਾਹ ਦਿੰਦਾ ਹੈ ਤਾਂ ਕਿ ਬਾਪ ਇਸ ਚੱਕਰ ਵਿਚ ਉਲਝ ਕਿ ਉਸ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦੇਵੇ, ਤੇ ਬਾਪ ਸੱਚਮੁੱਚ ਆਪਣਾ ਠੋਸ ਫ਼ਿਲਮੀ ਸੰਸਕਾਰੀ ਕਰੈਕਟਰ ਨੂੰ ਬਿਨਾਂ ਕਿਸੇ ਠੋਸ ਅਧਾਰ ਛੱਡ ਕੇ ਇਸ ਦੁਬਾਰਾ ਵਿਆਹ ਵਾਲੇ ਚੱਕਰ ਵਿਚ ਉਲਝ ਜਾਂਦਾ ਹੈ, ਬਸ ਇਹੋ ਹੈ ਫਿ਼ਲਮ ਦੀ ਕਹਾਣੀ ਦਾ ਧੁਰਾ !
ਇੱਥੇ ਹੀ ਬਸ ਨਹੀਂ, ਹੁਣ ਪੁੱਤਰ ਆਪਣੇ ਚਾਚੇ ‘ਸੁੱਖੀ ਚਾਹਲ’ ਨਾਲ ਰਲ ਕੇ ਬਾਪ ਦੇ ਵਿਆਹ ਲਈ ਘਰ ਘਰ ਰਿਸ਼ਤਾ ਲੱਭਣ ਦੇ ਚੱਕਰ ਵਿਚ ਉਸ ਸੰਸਕਾਰੀ ਕਿਰਦਾਰ ਦੀ ਇੱਜ਼ਤ ਨੂੰ ਕਿਸ ਕਿਸ ਹਲਕੇ ਪੱਧਰ ਦੇ ਮਜਾਹੀਆਂ ਢੰਗ ਨਾਲ ਰੋਲਦੇ ਹਨ, ਪੁੱਛੋ ਹੀ ਨਾਂ !
ਆਖਰ ਬਾਪ ਸਾਰੇ ਸਮਾਜ ਨੂੰ ਲਾਂਭੇ ਕਰ ਆਪਣੀ ਨਵੀਂ ਬਣੀ ਸਮਝੋਤਾ ਪੂਰਵਕ ਪ੍ਰੇਮਿਕਾ “ਸੁਨੀਤਾ ਧੀਰ” ਨਾਲ ਵਿਆਹ ਕਰਵਾਉਣ ਦੀ ਜ਼ਿੱਦ ਤੇ ਹੈ ਤੇ ਮੁੰਡਾ ਹੁਣ ਰਿਸ਼ਤਾ ਤੁੜਵਾਉਣ ਦੇ ਚੱਕਰ ਵਿਚ, ਕਿਉਂਕਿ ਇਸ ਕਾਰਨ ਹੁਣ ਉਸ ਦਾ ਆਪਣਾ ਪ੍ਰੇਮ ਰਿਸ਼ਤਾ ਖਤਰੇ ਵਿਚ ਹੈ !
ਅਸਲ ਵਿਚ ਇਹ ਕਹਾਣੀ ਬਾਪ-ਬੇਟੇ ਦੇ ਆਪਸੀ ਸਾਰਥਕ ਰਿਸ਼ਤੇ ਨੂੰ ਸਮਾਜ ਅੱਗੇ ਪੇਸ਼ ਕਰਨ ਦੀ ਕੋਸ਼ਿਸ ਵਿਚ “ਜਗਦੀਪ ਵੜਿੰਗ” ਵਲੋਂ ਘੜੀ ਗਈ ਹੈ, ਪਰ ਇਸ ਦਾ ਅਧਾਰ ਕਿੰਨਾ ਸਾਰਥਕ ਚਾਹੀਦਾ ਸੀ ਸ਼ਾਇਦ ਇਸ ਬਾਰੇ ਪ੍ਰੋ: ਸਤੀਸ਼ ਵਰਮਾ ਨਾਲੋ ਵੱਧ ਕੇ ਕੋਈ ਨਹੀਂ ਜਾਣ ਸਕਦਾ, ਪਰ ਉਹ ਤਾਂ ਇਸ ਫ਼ਿਲਮ ਵਿਚ ਮਹਿਜ ਇਕ ਫਿ਼ਲਮੀ ਕਿਰਦਾਰ ਹਨ, ਕਹਾਣੀਕਾਰ ਨਹੀਂ, ਪਰ ਫੇਰ ਵੀ ਉਨਾਂ ਦਾ ਇਹ ਫਿ਼ਲਮੀ ਕਿਰਦਾਰ ਉਨਾਂ ਦੀ ਅਸਲ ਸ਼ਖ਼ਸੀਅਤ ਕਾਰਨ ਉਨਾਂ ਤੇ ਢੁਕਿਆ ਨਹੀਂ। ਕਿਉਂਕਿ ਜੇ ਤੁਸੀਂ ਅਨੁਪਮ ਖੇਰ ਜਾਂ ਪਰੇਸ਼ ਰਾਵਲ ਵਾਂਗ ਰੈਗੁਲਰ ਐਕਟਰ ਹੋ ਤਾਂ ਕੋਈ ਵੀ ਕਿਰਦਾਰ ਓਪਰਾ ਨਹੀਂ ਲੱਗਦਾ ਪਰ ਜੇ ਤੁਸੀਂ ਇਸ ਤਰਾਂ ਫ਼ਿਲਮ ਵਿਚ ਐਂਟਰੀ ਕਰਨੀ ਹੈ ਤਾਂ ਤੁਹਾਨੂੰ ਜਜ਼ਬਾਤਾਂ ਤੋਂ ਉਪਰ ਉੱਠ ਕੇ ਸੋਚਨਾ ਪਵੇਗਾ।
ਫ਼ਿਲਮ ਦੇ ਟਾਈਟਲ ਮੁਤਾਬਕ ਬਾਪ-ਬੇਟੇ ਦੇ ਰਿਸ਼ਤੇ ਤੇ ਕੋਈ ਵੱਡੀ ਸਾਰਥਕ ਸਮਾਜਿਕ ਉਦਹਾਰਣ ਇਸ ਫ਼ਿਲਮ ਰਾਹੀਂ ਪੇਸ਼ ਕੀਤੀ ਜਾ ਸਕਦੀ ਸੀ ਤਾਂ ਜੋ ਮੰਨੋਰੰਜਨ ਦੇ ਨਾਲ ਨਾਲ ਅੱਜ ਦੀਆਂ ਦੋਹਾਂ ਪੀੜੀਆਂ ਲਈ ਸੰਦੇਸ਼ਮਈ ਤੇ ਯਾਗਗਰ ਸਿੱਧ ਹੁੰਦੀ, ਪਰ ਅਫਸੋਸ…?❗
ਬਾਕੀ ਇਸ ਫ਼ਿਲਮ ਨੂੰ ਕਿਤੇ ਕਿਤੇ ਭਾਵੁਕਤਾ ਵਾਲੇ ਦ੍ਰਿਸ਼ਾਂ-ਸੰਵਾਦਾਂ ਅਤੇ ਇਕ ਭਾਵੁਕ ਗੀਤ ਨਾਲ ਜੋੜਣ ਦੀ ਚੰਗੀ ਕੋਸ਼ਿਸ਼ ਵੀ ਕੀਤੀ ਗਈ ਹੈ, ਪਰ ਕਹਾਣੀ ਅਤੇ ਪੇਸ਼ਕਾਰੀ ਬਹੁਤੀ ਮਿਆਰੀ ਨਾ ਹੋਣ ਕਾਰਨ ਇਹ ਗੱਲਾਂ ਚੇਤੇ ਨਹੀਂ ਰਹਿੰਦੀਆਂ।
ਕਹਾਣੀ ਵਿਚ ਨਿਵੇਕਲਾਪਣ ਨਾ ਹੋ ਕੇ ਇਸ ਵਿਚਲੇ ਟੋਟਕਿਆਂ ਦਾ ਪਿੱਛੇ ਜਿਹੇ ਆਈ ਹਿੰਦੀ ਫਿ਼ਲਮ ਬਧਾਈ ਹੋ ਅਤੇ ‘ਜ਼ੀ5 ਓ.ਟੀ.ਟੀ’ ਤੇ ਰਿਲੀਜ਼ ਹੋਈ ਕੈਨੀ ਛਾਬੜਾ ਨਿਰਦੇਸ਼ਿਤ ਫਿ਼ਲਮ “ਜਿੰਨੇ ਜੰਮੇ ਸਾਰੇ ਨਿਕੰਮੇ” ਦਾ ਰਲੇਵਾਂ” ਹੈ।
ਇਕ ਗੱਲ ਹੋਰ ਕੇ ਅਜਿਹੇ ਕਾਮੇਡੀ ਵਿਸ਼ਿਆਂ ਲਈ ਮੇਨ ਕਲਾਕਾਰਾਂ ਦੀ ਚੋਣ ਅਤੇ ਪੇਸ਼ਕਾਰੀ ਵਿਚ ਬਾਲੀਵੁੱਡ ਵਾਲੇ ਕਦੇ ਸਮਝੋਤਾ ਨਹੀਂ ਕਰਦੇ ਭਾਂਵੇ ਨਿਰਮਾਤਾ-ਨਿਰਦੇਸ਼ਕ ਦੇ ਘਰ ਵਿਚ ਹੀ ਕਿੰਨੇ ਐਕਟਰ ਕਿਉਂ ਨਾ ਹੋਣ।
ਬਾਕੀ ਇਸ ਫਿ਼ਲਮ ਦੇ ਸਾਰੇ ਕਿਰਦਾਰਾਂ ਨੇ ਆਪਣੀ ਸਮਰੱਥਾ ਮੁਤਾਬਿਕ ਵਧੀਆ ਅਦਾਕਾਰੀ ਕੀਤੀ ਹੈ ਐਂਡ ਸੁੱਖੀ ਚਾਹਲ ਇਜ਼ ਦਾ ਬੈਸਟ। ਇਸ ਤੋਂ ਇਲਾਵਾ ਹਰੀਸ਼ ਵਰਮਾ ਨੇ ਵੀ ਕੋਮਿਕ ਮਹਿਮਾਨ ਭੂਮਿਕਾ ਨਿਬਾਈ ਹੈ। ਉਦੇ ਪ੍ਰਤਾਪ ਸਿੰਘ ਦੁਆਰਾ ਕਹਾਣੀ-ਸਕਰੀਨ ਪਲੇਅ ਮੁਤਾਬਕ ਦਿੱਤਾ ਨਿਰਦੇਸ਼ਨ ਵੀ ਠੀਕ ਹੈ। ਫ਼ਿਲਮ ਦਾ ਓਪਨਿੰਗ ਗੀਤ ਜੋ ਕਿ ਉਸ ਦੇ ਆਪਣੇ ਸਟਾਈਲ ਦੇ ਬੋਲ ਤੇ ਕੰਪੋਜੀਸ਼ਨ ਵਾਲਾ ਸੀ ਬਹੁਤ ਸੋਹਣਾ ਲੱਗਾ ਤੇ ਬਾਕੀ ਗੀਤ-ਸੰਗੀਤ ਵੀ ਵਧੀਆ ਹੈ।
ਆਖਰੀ ਗੱਲ ਕਿ ਅਜਿਹਿਆਂ ਵਿਸ਼ਿਆਂ ਵਾਲੀਆਂ ਫ਼ਿਲਮਾਂ ਦੀ ਚੋਣ ਅਤੇ ਪੇਸ਼ਕਾਰੀ ਸਮੇਂ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੁੰਦਾ ਕਿ ਇਹ ਸਾਡੇ ਸਮਾਜਿਕ ਤਾਣੇਬਾਣੇ ਨਾਲ ਕਿੰਨੀਆਂ ਕੁ ਢੁੱਕਦੀਆਂ ਹਨ ਤੇ ਇਸ ਵਿਚ ਕਿੰਨੀ ਕੁ ਫ਼ਿਲਮ ਲਿਬਰਟੀ ਲਈ ਜਾਵੇ ਤਾਂ ਕਿ ਖੇਤਰੀ ਦਰਸ਼ਕਾਂ ਨੂੰ ਹਜ਼ਮ ਹੋ ਸਕੇ। ਭਾਂਵੇ ਕਿ ਫਿ਼ਲਮ ਦੇ ਆਖਰ ਵਿਚ “ਬਿਨੂੰ ਢਿਲੋਂ” ਦੇ ਵਾਇਸ ਓਵਰ ਦੁਆਰਾ “ਵੱਡੀ ਉਮਰੇ” ਦੂਜੇ ਵਿਆਹ ਵਾਲੇ ਧੁਰੇ ਨੂੰ ਅਸਲ ਜ਼ਿੰਦਗੀ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ ਗਈ ਹੈ ਪਰ ਓਦੋਂ ਤੱਕ ਪਰਦਾ ਗਿਰ ਚੁੱਕਾ ਹੁੰਦਾ ਹੈ ਤੇ ਦਰਸ਼ਕ ਬਾਹਰ ਨਿਕਲਣ ਲੱਗ ਪੈਂਦੇ ਹਨ, ਅਸਲ ਵਿਚ ਇਹ ਵਾਇਸ ਓਵਰ ਇਸੇ ਸਟਾਈਲ ਵਿਚ ਜੇ ਸਾਰੀ ਫਿ਼ਲਮ ਨੂੰ ਨਾਲ ਨਾਲ ਕੈਰੀ ਕਰਦਾ ਤਾਂ ਵੀ ਫਿ਼ਲਮ ਦਾ ਸਵਾਦ ਬਦਲ ਜਾਣਾ ਸੀ।
-ਦਲਜੀਤ