ਪੰਜਾਬੀ ਦੇ ਪ੍ਰਸਿੱਧ ਫ਼ਿਲਮ ਮੇਕਰ ਇਕਬਾਲ ਢਿਲੋਂ ਨੇ ਪੰਜਾਬੀ ਸਕਰੀਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਿਰਮਾਤਾ ਬਲਬੀਰ ਟਾਂਡਾ ਦੁਆਰਾ ਬਣਾਈ ਗਈ ਫ਼ਿਲਮ ਤਬਾਹੀ ਰੀ-ਲੋਡਿਡ ਦਾ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਰਿਲੀਜ ਤੋਂ ਇਕ ਦਿਨ ਪਹਿਲਾਂ ਪ੍ਰੀਮੀਅਰ ਕਰਨ ਦੀ ਬਜਾਏ ਸੈਂਸਰ ਸਰਟੀਫਿਕੇਟ ਮਿਲਦਿਆਂ ਹੀ ਇਸ ਦਾ ਓਪਨ ਸ਼ੋਅ ਰੱਖਿਆ ਜਾਵੇਗਾ, ਜਿਸ ਵਿਚ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ-ਨਿਰਦੇਸ਼ਕਾਂ, ਐਕਟਰਾਂ,ਡਿਸਟ੍ਰੀਬਿਊਟਰਾਂ ਤੋਂ ਇਲਾਵਾ ਚੋਣਵੇ ਮੀਡੀਆ ਘਰਾਂ ਅਤੇ ਰਾਜਨੀਤੀਵਾਨਾਂ ਨੂੰ ਵੀ ਵਿਸ਼ੇਸ ਸੱਦਾ ਪੱਤਰ ਭੇਜਿਆ ਜਾਵੇਗਾ।
ਇਸ ਸ਼ੋਅ ਦੀ ਖਾਸੀਅਤ ਇਹ ਵੀ ਰਹੇਗੀ ਕਿ ਕੋਈ ਵੀ ਵਿਅਕਤੀ ਫ਼ਿਲਮ ਵੇਖਣ ਉਪਰੰਤ ਆਪਣੀ ਰਾਏ ਪਬਲੀਕਲੀ ਰੱਖ ਸਕੇਗਾ ਭਾਵੇਂਕਿ ਫ਼ਿਲਮ ਇਸ ਵਿਸ਼ੇਸ ਸ਼ੋਅ ਤੋਂ ਜਿੰਨੇ ਵਕਫੇ ਬਾਅਦ ਹੀ ਕਿਉਂ ਨਾ ਰਿਲੀਜ਼ ਹੋਵੇ।
ਲਗਦਾ ਹੈ ਕਿ ਫ਼ਿਲਮ ਨਿਰਮਾਤਾਵਾਂ ਦਾ ਇਹ ਦਲੇਰਾਨਾ ਫੈਸਲਾ ਜਿੱਥੇ ਪੰਜਾਬੀ ਸਿਨੇਮਾ ਵਿਚ ਨਵੀਂ ਪਿਰਤ ਪਾਵੇਗਾ ਉੱਥੇ ਫ਼ਿਲਮ ਮੇਕਰਾਂ ਨੂੰ ਕਲਾਕਾਰਾਂ ਨਾਲੋ ਵੱਧ ਆਪਣੇ ਕੰਟੈਂਟ ਤੇ ਭਰੋਸਾ ਰੱਖਣ ਦਾ ਬੱਲ ਪ੍ਰਦਾਨ ਕਰੇਗਾ।
ਵੈਸੇ ਇਕਬਾਲ ਢਿਲੋਂ ਦੀਆਂ ਪੁਰਾਣੀਆਂ ਫ਼ਿਲਮਾ ਦੀ ਜੇ ਗੱਲ ਕੀਤੀ ਜਾਏ ਤਾਂ ਉਨਾਂ ਦੀਆਂ ਅਨੇਕਾਂ ਫਿਲਮਾਂ ਚੋਂ “ਤਬਾਹੀ” “ਬਾਗੀ ਸੂਰਮੇ” “ਸ਼ਹੀਦ ਊਧਮ ਸਿੰਘ” ਅਤੇ ਜੱਟ ਜਿਊਣਾ ਮੌੜ ਵਰਗੀਆਂ ਫ਼ਿਲਮਾਂ ਨੇ ਪਹਿਲਾਂ ਵੀ ਪੰਜਾਬੀ ਸਿਨੇਮੇ ਵਿਚ ਚੰਗੀ ਹਲਚਲ ਮਚਾਈ ਸੀ ਅਤੇ ਇਸ ਵਾਰ ਵੀ ਇਹੋ ਆਸ ਹੈ।
ਕਿਉਂਕਿ ਫ਼ਿਲਮ ਨਿਰਮਾਤਾਵਾਂ ਵਲੋਂ ਸਾਨੂੰ ਇਸ ਦਾ ਟ੍ਰੇਲਰ ਅਤੇ ਇਕ ਵਿਸ਼ੇਸ਼ ਗੀਤ ਵਿਖਾਏ ਜਾਣ ਉਪਰੰਤ ਇਹ ਗੱਲ ਅਸੀਂ ਪਹਿਲਾਂ ਵੀ ਕਰ ਚੁਕੇ ਹਾਂ ਕਿ 1947 ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਦਾ ਰਾਜਨੀਤੀਵਾਨਾਂ ਵਲੋ ਕੀਤਾ ਬੁਰੀ ਤਰਾਂ ਸ਼ੋਸ਼ਣ, ਫੈਲਾਏ ਭ੍ਰਿਸ਼ਟ ਸਿਸਟਮ, ਕੀਤੀ ਲੁੱਟ-ਘਸੁੱਟ ਅਤੇ ਨੌਜਵਾਨਾਂ ਦੇ ਹੋਏ ਘਾਣ ਦੀਆਂ ਖੁੱਲ੍ਹ ਕੇ ਪਰਤਾਂ ਉਦੇੜਦੀ ਇਸ ਫ਼ਿਲਮ ਨੂੰ ਸੈਂਸਰ ਸਰਟੀਫਿਕੇਟ ਮਿਲੇਗਾ ਕਿਵੇਂ ?
ਪਰ ਫ਼ਿਲਮ ਨਿਰਮਾਤਾਵਾਂ ਵਲੋਂ ਨਵੇਂ, ਪਰ ਹੁਨਰਮੰਦ ਕਲਾਕਾਰਾਂ ਨੂੰ ਲੈ ਕੇ ਵੱਡੇ ਬਜਟ ਵਾਲੀਆਂ ਫ਼ਿਲਮਾਂ ਨੂੰ ਟੱਕਰ ਦੇਣ ਵਾਲੀ ਫਿ਼ਲਮ ਸਾਬਤ ਕਰਨ ਵਰਗੇ ਮਜਬੂਤ ਇਰਾਦਿਆਂ ਦਾ ਪ੍ਰਗਟਾਵਾ ਤਾਂ ਵਾਕਿਆ ਹੀ ਕਾਬਿਲ ਏ ਤਾਰੀਫ ਹੈ ।
ਬਾਕੀ ਹਰ ਫ਼ਿਲਮ ਆਪਣੀ ਤਕਦੀਰ ਪਹਿਲਾਂ ਤੋਂ ਹੀ ਲਿਖ ਕੇ ਪੈਦਾ ਹੁੰਦੀ ਹੈ ਇਸ ਗੱਲ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ।
ਚੇਤੇ ਰਹੇ ਕਿ ਫ਼ਿਲਮ “ਤਬਾਹੀ ਰੀ-ਲੋਡਿਡ” 29 ਜੁਲਾਈ 2022 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜਿਸ ਲਈ ਪੰਜਾਬੀ ਸਕਰੀਨ ਅਦਾਰੇ ਵਲੋਂ ਇਸ ਫ਼ਿਲਮ ਦੀ ਕਾਮਯਾਬੀ ਵਾਸਤੇ ਸਾਰੀ ਟੀਮ ਨੂੰ ਢੇਰ ਸਾਰੀਆਂ ਸ਼ੁੱਭ ਕਾਮਨਾਵਾਂ।
-ਟੀਮ ਪੰਜਾਬੀ ਸਕਰੀਨ ।