(ਪੰ:ਸ) ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਅੱਜ 17 ਨਵੰਬਰ ਨੂੰ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ। ਉਹ ਕਾਫੀ ਸਮੇ ਤੋਂ ਡੀਮੈਂਸ਼ੀਆ ਦੀ ਬਿਮਾਰੀ ਤੋਂ ਪੀੜਤ ਸਨ। ਉਹਨਾਂ ਦੇ ਤੁਰ ਜਾਣ ਤੇ ਸਾਰਾ ਪੰਜਾਬੀ ਫ਼ਿਲਮ ਜਗਤ ਬੇਹੱਦ ਉਦਾਸ ਹੈ।
ਦਲਜੀਤ ਕੌਰ ਦਾ ਫ਼ਿਲਮੀ ਸਫ਼ਰ ਪੰਜਾਬੀ ਫ਼ਿਲਮਾਂ ਓਦੋਂ ਤੋਂ ਸ਼ੁਰੂ ਹੋਇਆ, ਜਦੋਂ ਇੰਦਰਜੀਤ ਹਸਨਪੁਰੀ ਨੇ (1976) ਵਿਚ ਧਰਮ ਕੁਮਾਰ ਵਲੋਂ ਨਿਰਦੇਸ਼ਿਤ ਪੰਜਾਬੀ ਫ਼ਿਲਮ “ਦਾਜ” ਬਣਾਈ।
ਇਸ ਕਾਮਯਾਬ ਫ਼ਿਲਮ ਤੋਂ ਬਾਅਦ ਦਲਜੀਤ ਕੌਰ ਨੇ ‘ਗਿੱਧਾ’, ‘ਗੋਰਖ ਧੰਦਾ’, ‘ਸੈਦਾਂ ਜੋਗਨ’, ‘ਬਟਵਾਰਾ’, ‘ਲਾਜੋ’, ਤੇ ‘ਮਾਮਲਾ ਗੜਬੜ ਹੈ’ ਤੋਂ ਇਲਾਵਾ ‘ਯਾਰੀ ਦੁਸ਼ਮਣੀ’, ‘ਧਨ ਦੌਲਤ’, ‘ਵਿਦੇਸ਼’, ‘ਅਤੇ ਅੰਮ੍ਰਿਤ’ ਵਰਗੀਆਂ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।
ਫ਼ਿਲਮ ਸਨਅਤ ਵਿੱਚ ਤਾਂ ਦਲਜੀਤ ਕੌਰ ਮਸ਼ਹੂਰ ਤੇ ਮਸਰੂਫ਼ ਰਹੀ ਮਗਰ ਜ਼ਾਤੀ ਜ਼ਿੰਦਗ਼ੀ ਵਿੱਚ ਅਖ਼ੀਰ ਤੱਕ ਦੁੱਖਾਂ ਨਾਲ ਘੁਲਦੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ।
ਪੰਜਾਬੀ ਸਕਰੀਨ ਅਦਾਰਾ ਦਲਜੀਤ ਕੌਰ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹੈ ।
-ਮਨਦੀਪ ਸਿੰਘ ਸਿੱਧੂ