(ਪੰ:ਸ) ਬੀਤੇ ਦਿਨੀਂ ਭਾਰਤ ਸਰਕਾਰ ਵਲੋਂ ਘੋਸ਼ਿਤ ਹੋਏ ਇਸ ਪੁਰਸਕਾਰ ਨੂੰ ਅੱਜ ਦੇਸ਼ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਵਲੋਂ ਫ਼ਿਲਮ ਅਤੇ ਰੰਗਮੰਚ ਅਦਾਕਾਰਾ ਨਿਰਮਲ ਰਿਸ਼ੀ ਦੀ ਝੋਲੀ ਪਾਇਆ ਗਿਆ, ਜੋ ਕਿ ਪੂਰੇ ਪੰਜਾਬੀ ਸਿਨੇਮਾ ਸੰਸਾਰ ਲਈ ਵੱਡੇ ਮਾਣ ਦੀ ਗੱਲ ਹੈ।
ਜੇ ਨਿਰਮਲ ਰਿਸ਼ੀ ਦੇ ਪਿਛੋਕੜ ਕੰਮਾਂ ਵੱਲ ਝਾਤ ਮਾਰੀਏ ਤਾਂ
ਮਾਲਵੇ ਦਾ ਮਾਣ, ਰੰਗਮੰਚ ਤੇ ਫ਼ਿਲਮਾਂ ਦੀ ਜਾਨ-ਨਿਰਮਲ ਰਿਸ਼ੀ
ਮਾਲਵੇ ਦੇ ਕੱਕੇ ਰੇਤਿਆਂ ‘ਚ ਕਲਾ ਦਾ ਫੁੱਲ ਬਣ ਕੇ ਉਭਰੀ। ਰੰਗਮੰਚ ਅਤੇ ਫਿਲਮਾਂ ਦੇ ਬਗੀਚੇ ਨੂੰ ਖੁਸ਼ਬੂਆਂ ਬਖੇਰਨ ਵਾਲੀ ਨਿਰਮਲ ਰਿਸ਼ੀ ਅੱਜ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ। ਅੱਜ ਦੇ ਬਹੁਤੇ ਦਰਸ਼ਕ ਨਿਰਮਲ ਰਿਸ਼ੀ ਨੂੰ ਪੰਜਾਬੀ ਫਿਲਮਾਂ ਵਿਚ ਇਕ ਬਜ਼ੁਰਗ ਅਦਾਕਾਰ ਵਜੋਂ ਹੀ ਜਾਣਦੇ ਹੋਣਗੇ,ਪਰੰਤੂ ਨਿਰਮਲ ਰਿਸ਼ੀ ਚੜ੍ਹਦੀ ਜਵਾਨੀ ਵੇਲੇ ਤੋਂ ਹੀ ਪੰਜਾਬੀ ਰੰਗਮੰਚ ਲਈ ਸਮਰਪਿਤ ਅਦਾਕਾਰਾ ਹੈ।
ਮਾਨਸਾ ਦੇ ਪਿੰਡ ਖੀਵਾ ਕਲਾ ਦੀ ਜੰਮਪਲ ਨਿਰਮਲ ਰਿਸ਼ੀ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡੋਂ ਕਰਨ ਉਪਰੰਤ ਗੰਗਾ ਨਗਰ ਤੋਂ ਬੀ.ਏ. ਕੀਤੀ ਅਤੇ ਪਟਿਆਲੇ ਤੋਂ ਐੱਮ.ਐੱਡ. ਅਤੇ ਐਮ.ਫਿਲ ਕੀਤੀ। ਪਟਿਆਲੇ ਪੜ੍ਹਾਈ ਕਰਦੇ ਹੀ ਉਹ ਪ੍ਰਸਿੱਧ ਫਿਲਮਕਾਰ ਅਤੇ ਨਾਟਕਕਾਰ ਹਰਪਾਲ ਟਿਵਾਣਾ ਅਤੇ ਨੀਨਾ ਟਿਵਾਣਾ ਦੇ ਸੰਪਰਕ ਵਿਚ ਆਈ, ਜਿੱਥੋਂ ਉਸਦਾ ਅਦਾਕਾਰੀ ਦਾ ਸਫਰ ਸ਼ੁਰੂ ਹੋਇਆ। ਉਸਨੇ ਨਾਟਕ ‘ਪੈਸਾ ਬੋਲਦਾ ਹੈ, ਚੋਰ ਨਹੀਂ ਆਤੇ, ਮੱਸਿਆ ਦੀ ਰਾਤ, ਅਧੂਰੇ ਸੁਪਨੇ, ਲੋਹਾ ਕੁੱਟ, ਕਣਕ ਦੀ ਬੱਲੀ, ਹਿੰਦ ਦੀ ਚਾਦਰ, ਚਮਕੌਰ ਦੀ ਗੜੀ, ਸਰਹੰਦ ਦੀ ਦੀਵਾਰ, ਵਰਗੇ ਸੈਂਕੜੇ ਨਾਟਕਾਂ ਵਿਚ ਯਾਦਗਾਰੀ ਕਿਰਦਾਰ ਨਿਭਾਏ।
ਜਿਕਰਯੋਗ ਹੈ ਕਿ ਇਹਨਾਂ ਨਾਟਕਾਂ ਵਿਚ ਨਿਰਮਲ ਰਿਸ਼ੀ ਨਾਲ ਨੀਨਾ ਟਿਵਾਣਾ, ਗੁਰਦਾਸ ਮਾਨ, ਸਰਦਾਰ ਸੋਹੀ, ਓਮਪੁਰੀ, ਯੋਗਰਾਜ ਸੇਡਾ, ਮੋਹਨ ਬੱਗੜ ਵਰਗੇ ਕਲਾਕਾਰਾਂ ਨੇ ਵੀ ਕੰਮ ਕੀਤਾ।
ਫਿਲਮ ‘ਲੌਂਗ ਦਾ ਲਿਸ਼ਕਾਰਾ’ (1981) ਨਿਰਮਲ ਰਿਸ਼ੀ ਦੀ ਪਹਿਲੀ ਸੀ,ਜਿਸ ਵਿਚ ਨਿਰਮਲ ਰਿਸ਼ੀ ਵੱਲੋਂ ਨਿਭਾਇਆ ਗੁਲਾਬੋ ਮਾਸੀ ਦਾ ਕਿਰਦਾਰ ਉਸ ਲਈ ਇਕ ਵੱਡੀ ਪਹਿਚਾਣ ਬਣਿਆ।
ਨਾਟਕਾਂ ਵਿਚ ਕੰਮ ਕਰਨ ਦੇ ਨਾਲ-ਨਾਲ ਨਿਰਮਲ ਰਿਸ਼ੀ ਨੇ ਖਾਲਸਾ ਕਾਲਜ ਲੁਧਿਆਣਾ ਵਿਖੇ ਬਤੌਰ ਲੈਕਚਰਾਰ ਵੀ ਸੇਵਾਵਾਂ ਦਿੱਤੀਆਂ। ਸੇਵਾ ਮੁਕਤੀ ਤੋਂ ਬਾਅਦ ਨਿਰਮਲ ਰਿਸ਼ੀ ਪੂਰੀ ਤਰ੍ਹਾਂ ਕਲਾ ਦੇ ਖੇਤਰ ਨੂੰ ਸਮਰਪਿਤ ਹੁੰਦਿਆਂ, ਕਲਾ ਖੇਤਰ ਵਿਚ ਆਉਣ ਵਾਲੇ ਨਵੇਂ ਮੁੰਡੇ ਕੁੜੀਆਂ ਲਈ ਵੀ ਰਾਹ ਦਸੇਰਾ ਬਣੀ।
ਨਿਰਮਲ ਰਿਸ਼ੀ ਇਕ ਪਰਪੱਕ ਅਦਾਕਾਰਾ ਹੈ। ਉਸਨੇ ਉਮਰ ਦੀ ਹਿਸਾਬ ਨਾਲ ਹਰੇਕ ਕਿਰਦਾਰ ਨੂੰ ਪੂਰੀ ਜਿੰਦ-ਜਾਨ ਨਾਲ ਨਿਭਾਇਆ ਹੈ। ਭਾਵੇਂ ਨਾਟਕ ਹੋਣ ਜਾਂ ਫਿਰ ਫਿਲਮਾਂ.. ਉਸਨੇ ਆਪਣੇ ਕਿਰਦਾਰ ਨੂੰ ਪੂਰੀ ਰੂਹ ਨਾਲ ਖੇਡਿਆ ਹੈ। ਉਸ ਦੇ ਕਿਰਦਾਰਾਂ ਵਿਚ ਮਾਲਵੇ ਦੀ ਮਹਿਕ ਹੁੰਦੀ ਹੈ।
ਫਿਲਮਾਂ ਦੀ ਗੱਲ ਕਰੀਏ ਤਾਂ ਲੌਂਗ ਦਾ ਲਿਸ਼ਕਾਰਾ ਉਸ ਦੀ ਪਹਿਲੀ ਫਿਲਮ ਸੀ। ਉਸ ਤੋਂ ਬਾਅਦ ਨਿੱਕਾ ਜੈਲਦਾਰ ਵਰਗੀਆਂ ਫਿਲਮਾਂ ਨਾਲ ਨਿਰਮਲ ਰਿਸ਼ੀ ਮੁੜ ਪੰਜਾਬੀ ਪੜਦੇ ਦਾ ਸ਼ਿੰਗਾਰ ਬਣੀ। ਗੁਲਾਬੋ ਮਾਸੀ ਤੋਂ ਬਾਅਦ ਨਿਰਮਲ ਰਿਸ਼ੀ ਦਾ ਜੇ ਕੋਈ ਹੋਰ ਕਿਰਦਾਰ ਲੋਕਾਂ ਦੀ ਲੋਕਾਂ ਲਈ ਪਹਿਚਾਣ ਬਣਿਆ ਤਾਂ ਉਹ ਪਿਸਤੌਲ ਵਾਲੀ ਬੇਬੇ ਹੈ।
‘ਲੌਂਗ ਦਾ ਲਿਸ਼ਕਾਰਾ’ ਤੋਂ ਬਾਅਦ ਨਿਰਮਲ ਰਿਸ਼ੀ ਦੇ ਹਿੱਸੇ ‘ਸੁਨੇਹਾ, ਸ਼ੇਰਾਂ ਦੇ ਪੁੱਤ ਸ਼ੇਰ, ਦੀਵਾ ਬਲੇ ਸਾਰੀ ਰਾਤ ,ਜਿਗਰਾ ਜੱਟ ਦਾ, ਕੁਰਬਾਨੀ ਜੱਟ ਦੀ, ਉੱਚਾ ਦਰ ਬਾਬੇ ਨਾਨਕ ਦਾ, ਮੇਲਾ, ਅੰਗਰੇਜ਼, ਲਵ ਪੰਜਾਬ, ਦੁੱਲਾ ਭੱਟੀ, ਬੰਬੂਕਾਟ, ਨਿੱਕਾ ਜੈਲਦਾਰ, ਲਹੌਰੀਏ, ਬਾਈ ਲਾਰਸ, ਸੂਬੇਦਾਰ ਜੋਗਿੰਦਰ ਸਿੰਘ, ਲੋਂਗ ਲਾਚੀ, ਆਟੇ ਦੀ ਚਿੜੀ, ਬਾਜਰੇ ਦਾ ਸਿੱਟਾ, ਗੁੱਡੀਆਂ ਪਟੋਲੇ, ਗੋਡੇ ਗੋਡੇ ਚਾਅ, ਵਰਗੀਆਂ ਅਨੇਕਾਂ ਫਿਲਮਾਂ ਆਈਆਂ।
ਨਿਰਮਲ ਰਿਸ਼ੀ ਦੀ ਕਲਾ ਖੇਤਰ ਵਿੱਚ ਵਰ੍ਹਿਆਂ-ਬੱਧੀ ਕੀਤੀ ਤਪੱਸਿਆ ਦੇ ਇਸ ਐਵਾਰਡ ਰੂਪੀ ਫ਼ਲ ਮਿਲਣ ਤੇ ਅਦਾਰਾ ਪੰਜਾਬੀ ਸਕਰੀਨ ਨਿਰਮਲ ਰਿਸ਼ੀ ਨੂੰ ਲੱਖ ਲੱਖ ਵਧਾਈ ਦਿੰਦਾ ਹੈ।
– ਸੁਰਜੀਤ ਜੱਸਲ(ਪੰਜਾਬੀ ਸਕਰੀਨ ਮੈਗਜ਼ੀਨ )