(ਪੰ:ਸ ਵਿਸ਼ੇਸ਼ ਪ੍ਰਤੀਨਿਧ) ਸ਼ੈਰੀ ਮਾਨ ਅਤੇ ਸਿੱਧੂ ਮੂਸੇਵਾਲਾ ਨੂੰ ਪਹਿਲੀ ਵਾਰ ਸਿਲਵਰ ਸਕਰੀਨ ਤੇ ਪੇਸ਼ ਕਰਨ ਵਾਲੇ ਨਿਰਦੇਸ਼ਕ ਅਦਿਤਿਆ ਸੂਦ, ਥੋੜੇ ਸਮੇ ਦੀ ਬਰੇਕ ਤੋਂ ਬਾਅਦ ਇਕ ਵਾਰ ਫਿਰ ਪੰਜਾਬੀ ਸਿਨੇਮਾ ਲਈ ਕੁਝ ਨਵਾਂ ਕਰਨ ਜਾ ਰਹੇ ਹਨ।
ਅਦਿਤਿਆ ਫ਼ਿਲਮਜ਼ ਵੱਲੋਂ ਪ੍ਰਿੰਸ ਕੰਵਲਜੀਤ ਨੂੰ ਮੁੱਖ ਕਿਰਦਾਰ ਵਿਚ ਲੈ ਕੇ ਨਵੀਂ ਫ਼ਿਲਮ ‘ਸੈਕਟਰ 17’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
ਗੁਰੂ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਬਣ ਰਹੀ ਇਸ ਫਿਲਮ ਦੀ ਕਹਾਣੀ ਨੂੰ ਪ੍ਰਿੰਸ ਕੰਵਲਜੀਤ ਸਿੰਘ ਨੇ ਲਿਖਿਆ ਹੈ, ਫਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਫ਼ਿਲਮ ਦੇ ਡੀ.ਓ.ਪੀ. ਨੀਰਜ ਸਿੰਘ ਹਨ।
ਨਿਰਮਾਤਾ ਹਰਮਨਦੀਪ ਸੂਦ ਅਤੇ ਸਹਿ ਨਿਰਮਾਤਾ ਵਿਰਾਟ ਕਪੂਰ ਦੀ ਇਸ ਫ਼ਿਲਮ ਵਿਚ ਪ੍ਰਿੰਸ ਕੰਵਲਜੀਤ ਤੋਂ ਇਲਾਵਾ ਹੋਬੀ ਧਾਲੀਵਾਲ ਵੀ ਵਿਖਾਈ ਦੇਣਗੇ।
ਜੇ ਅਦਿਤਿਆ ਫਿਲਮਜ਼ ਦੀਆਂ ਪਹਿਲੀਆਂ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ 2013 ਵਿਚ ਉਹਨਾਂ ਨੇ ਫ਼ਿਲਮ ‘ਓਏ ਹੋਏ ਪਿਆਰ ਹੋ ਗਿਆ’ ਦਾ ਨਿਰਮਾਣ ਕੀਤਾ , ਜਿਸ ਵਿਚ ਉਹਨਾ ਨੇ ਪ੍ਰਸਿੱਧ ਗਾਇਕ ਸ਼ੈਰੀ ਮਾਨ ਨੂੰ ਬਤੌਰ ਹੀਰੋ ਪਹਿਲੀ ਵਾਰ ਸਿਲਵਰ ਸਕਰੀਨ ਤੇ ਪੇਸ਼ ਕੀਤਾ।
ਫ਼ਿਲਮ ‘ਓਏ ਹੋਏ ਪਿਆਰ ਹੋ ਗਿਆ’ ਵਿਚ ਰਾਣਾ ਰਣਬੀਰ ਅਤੇ ਨਿਹਾਰਕਾ ਕਰੀਰ ਵੀ ਮੁੱਖ ਭੂਮਿਕਾਵਾਂ ਵਿਚ ਸਨ। ਇਸ ਫ਼ਿਲਮ ਨੂੰ ਅਦਿਤਿਆ ਸੂਦ ਦੁਆਰਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਸੀ।
ਇਸੇ ਤਰਾਂ ਅਦਿਤਿਆ ਸੂਦ ਦੁਆਰਾ ਲਿਖਤ ਅਤੇ ਨਿਰਦੇਸ਼ਤ ਫ਼ਿਲਮ ‘ਤੇਰੀ ਮੇਰੀ ਜੋੜੀ’ ਰਾਹੀਂ ਮਹਿਮਾਨ ਭੂਮਿਕਾ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਪਹਿਲੀ ਵਾਰ ਵੱਡੇ ਪਰਦੇ ਤੇ ਪੇਸ਼ ਕੀਤਾ।ਇਹ ਫ਼ਿਲਮ 2019 ਵਿਚ ਰਿਲੀਜ਼ ਹੋਈ ਸੀ।
ਕਿੰਗ ਬੀ ਚੌਹਾਨ, ਮੋਨੀਕਾ ਸ਼ਰਮਾ, ਰਾਣਾ ਜੰਗ ਬਹਾਦਰ, ਵਿਜੇ ਟੰਡਨ, ਅਤੇ ਯੋਗਰਾਜ ਸਿੰਘ ਵਰਗੇ ਕਲਾਕਾਰਾਂ ਨਾਲ ਬਣੀ ਫ਼ਿਲਮ ‘ਤੇਰੀ ਮੇਰੀ ਜੋੜੀ’ ਵੀ ਕਾਫੀ ਚਰਚਾ ਵਿਚ ਰਹੀ, ਤੇ ਹੁਣ ਪ੍ਰਿੰਸ ਕੰਵਲਜੀਤ ਸਿੰਘ ਨੂੰ ਲੀਡ ਕਿਰਦਾਰ ਵਿਚ ਲੈ ਕੇ ਫ਼ਿਲਮ ‘ਸੈਕਟਰ 17’ ਦਾ ਬਣਾਇਆ ਜਾਣਾ ਆਪਣੇ ਆਪ ਵਿਚ ਨਿਵੇਕਲੇਪਣ ਦਾ ਸੰਕੇਤ ਹੈ।ਸੋ ਉਮੀਦ ਕਰਦੇ ਹਾਂ ਕਿ ਜਲਦੀ ਹੀ ਇਹ ਫ਼ਿਲਮ ਵੱਡੇ ਪਰਦੇ ਦਾ ਸ਼ਿੰਗਾਰ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ।