ਪੰਸ:ਗੁਰਨੈਬ ਸਾਜਨ(ਬਠਿੰਡਾ) ਪੰਜਾਬੀ ਗਾਇਕੀ ਵਿੱਚ 40 ਸਾਲ ਸੁਰੀਲੀ ਆਵਾਜ਼ ਰਾਹੀਂ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਆਪਣੇ ਗੀਤਾਂ ਰਾਹੀਂ ਵੱਸਣ ਵਾਲੀ ਲੋਕ ਗਾਇਕਾ ਬੀਬਾ ਰਣਜੀਤ ਕੌਰ ਦਾ ਭਾਈਚਾਰਕ ਸਾਂਝ ਕਮੇਟੀ ਬੁਰਜ ਮਹਿਮਾ ਵੱਲੋਂ ਵਿਸ਼ੇਸ਼ ਤੌਰ ਤੇ ਪਿੰਡ ਦੀ ਖੂਹ ਵਾਲੀ ਸੱਥ ਵਿੱਚ ਸਨਮਾਨ ਕੀਤਾ ਗਿਆ। ਲੋਕ ਗਾਇਕਾ ਬੀਬਾ ਰਣਜੀਤ ਕੌਰ ਨੇ ਆਪਣੀ ਗੱਡੀ ਵਿੱਚੋਂ ਉਤਰਦਿਆਂ ਹੀ ਸੱਥ ਨੇੜਲਾ ਚਾਰ ਵਿੱਢਾ ਖੂਹ, ਵਿਸਾਲ ਬੋਹੜ ਦਾ ਦਰੱਖਤ ਅਤੇ ਸਨਮਾਨ ਸਮਾਗਮ ਵਿੱਚ ਬੈਠੇ ਬਜ਼ੁਰਗਾਂ ਨੂੰ ਸਿਜਦਾ ਕੀਤਾ। ਭਾਈਚਾਰਕ ਸਾਂਝ ਕਮੇਟੀ ਦੇ ਸਮੂਹ ਵਲੰਟੀਅਰਾਂ ਚੋ ਮਲਕੀਤ ਸਿੰਘ ਬਰਾੜ ਸਾਬਕਾ ਸਰਪੰਚ, ਬਲਜੀਤ ਸਿੰਘ ਬਰਾੜ ਮਾਸਟਰ ਦਵਿੰਦਰ ਸਿੰਘ ਬਰਾੜ, ਭੋਲਾ ਸਿੰਘ ਆਮ ਆਦਮੀ ਪਾਰਟੀ ਆਗੂ ਨੇ ਬੀਬਾ ਰਣਜੀਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਨੂੰ ਆਖਿਆ ਗਿਆ।
ਮੇਜਰ ਸਿੰਘ ਖਾਲਸਾ ਨੇ ਮੰਚ ਸੰਚਾਲਨ ਕਰਦਿਆਂ ਦੱਸਿਆ ਕਿ ਪੰਜਾਬੀ ਸੰਗੀਤ ਵਿੱਚ ਦੋਗਾਣਾ ਜੋੜੀ ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਨੇ 40 ਸਾਲ ਐਲਪੀ ਤਵਿਆਂ ਤੋਂ ਲੈ ਕੇ ਕੈਸਟਾਂ ਸੈਂਕੜਿਆਂ ਤੋਂ ਵੱਧ ਅਖਾੜੇ ਲਗਾ ਕੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਹੈ। ਉਹਨਾਂ ਦੇ ਗੀਤ ਅੱਜ ਵੀ ਸਦਾ ਬਹਾਰ ਹਨ। ਇਸ ਮੌਕੇ ਬੀਬਾ ਰਣਜੀਤ ਕੌਰ ਨੇ ਭਾਈਚਾਰਕ ਸਾਂਝ ਕਮੇਟੀ ਅਤੇ ਸਮੁੱਚੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਮੈਨੂੰ ਰੱਬ ਵਰਗੇ ਸਰੋਤਿਆਂ ਦੇ ਦਰਸ਼ਨ ਕਰਵਾਏ ਹਨ, ਉਹਨਾਂ ਕਿਹਾ ਕਿ ਜਦੋਂ ਮੈਂ ਸਮਾਗਮ ਵਾਲੀ ਥਾਂ ਤੇ ਪਹੁੰਚਣ ਲਈ ਆਪਣੀ ਗੱਡੀ ਵਿੱਚ ਉਤਰੀ ਤਾਂ ਮੇਰੇ ਕੰਨਾਂ ਵਿੱਚ ਮੇਰੇ ਹੀ ਗਾਏ ਗੀਤ ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜਾਉਣੀਆਂ ਦੇ ਬੋਲ ਕੰਨੀ ਪਏ ਤਾਂ ਰੂਹ ਸਰਸਾਰ ਹੋ ਗਈ।
ਉਹਨਾਂ ਕਿਹਾ ਕਿ ਤੁਸੀਂ ਮੇਰੇ ਗੀਤਾਂ ਨੂੰ ਤੇ ਮੈਨੂੰ ਮਣਾਂ ਮੂੰਹੀਂ ਪਿਆਰ ਦਿੱਤਾ, ਮੈਂ ਤੁਹਾਡਾ ਕਰਜਾ ਕਦੇ ਵੀ ਨਹੀਂ ਮੋੜ ਸਕਦੀ। ਸਾਡੇ ਵੇਲੇ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਹੁੰਦੇ ਸਨ ਪਰ ਅੱਜ ਦੇ ਗੀਤ ਮਨ ਨੂੰ ਸ਼ਾਂਤੀ ਦੇਣ ਦੀ ਬਜਾਏ ਭਟਕਣਾ ਪੈਦਾ ਕਰਦੇ ਹਨ। ਇਸ ਮੌਕੇ ਉਹਨਾਂ ਆਪਣੇ ਗਾਏ ਗੀਤ, ਬੈਠਾ ਰੋਵੇਂਗਾ ਵਣਾਂ ਦੇ ਥੱਲੇ ਰਾਂਝਣਾਂ ਵੇ, ਡੂੰਘੇ ਡੁੱਬ ਗਿਆ ਜਿਗਰੀਆ ਯਾਰਾ ਪੱਤਣਾਂ ਤੇ ਭਾਲਦੀ ਫਿਰਾਂ, ਸੀਟੀ ਮਾਰ ਮੈਂ ਚੁਬਾਰਾ ਤੇਰਾ ਭੁੱਲ ਗਈ ਵੇ, ਵਾਹ ਨੀ ਭਾਬੀਏ ਜਿਉਂਦੀ ਰਹਿ ਅਤੇ ਹੋਰ ਵੀ ਮਕਬੂਲ ਗੀਤ ਤਰੰਨਮ ‘ਚ ਗਾ ਕੇ ਸੁਣਾਏ।
ਭਾਈਚਾਰਕ ਸਾਂਝ ਕਮੇਟੀ ਵੱਲੋਂ ਲੋਕ ਗਾਇਕਾ ਬੀਬਾ ਰਣਜੀਤ ਕੌਰ ਨੂੰ ਫੁਲਕਾਰੀ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਲਕੀਤ ਸਿੰਘ ਬਰਾੜ ਸਾਬਕਾ ਸਰਪੰਚ ਨੇ ਕਿਹਾ ਕਿ ਸਾਨੂੰ ਸਾਡਾ ਅਮੀਰ ਸੱਭਿਆਚਾਰਕ ਵਿਰਸਾ ਸਾਂਭਣਾ ਚਾਹੀਦਾ ਹੈ, ਲੋਕ ਗਾਇਕਾ ਬੀਬਾ ਰਣਜੀਤ ਕੌਰ ਨੇ 40 ਸਾਲ ਮਿਆਰੀ ਅਤੇ ਸਮਾਜਿਕ ਰਿਸ਼ਤਿਆਂ ਦੀ ਮਾਣ ਮਰਿਆਦਾ ਨੂੰ ਦਰਸਾਉਂਦੇ ਗੀਤ ਗਾ ਕੇ ਸਾਡੇ ਅਮੀਰ ਵਿਰਸੇ ਨੂੰ ਜਿਉਂਦਾ ਰੱਖਿਆ, ਅਸੀਂ ਭਾਈਚਾਰਕ ਸਾਂਝ ਕਮੇਟੀ ਅਤੇ ਸਮੁੱਚਾ ਬੁਰਜ ਮਹਿਮਾ ਨਗਰ ਦੇ ਲੋਕ ਲੋਕ ਗਾਇਕਾ ਬੀਬਾ ਰਣਜੀਤ ਕੌਰ ਨੂੰ ਸਨਮਾਨਿਤ ਕਰਨ ਤੇ ਖੁਸ਼ੀ ਮਹਿਸੂਸ ਕਰਦੇ ਹਾਂ, ਵਾਹਿਗੁਰੂ ਕਰੇ ਬੀਬਾ ਰਣਜੀਤ ਕੌਰ ਇਦਾਂ ਹੀ ਸੰਗੀਤ ਪ੍ਰੇਮੀਆਂ ਨੂੰ ਆਪਣੇ ਗੀਤਾ ਰਾਹੀਂ ਸਕੂਨ ਦਿੰਦੀ ਰਹੇ।
ਇਸ ਮੌਕੇ ਜਗਮੋਹਣ ਸਿੰਘ, ਬਲਜੀਤ ਸਿੰਘ ਬਰਾੜ, ਬੂਟਾ ਸਿੰਘ ਪਿੰਡ ਆਲਾ, ਗੋਰਾ ਸਿੰਘ ਮੌੜ, ਜੱਸਾ ਸਿੰਘ ਬਰਾੜ,ਰੇਸ਼ਮ ਬਰਾੜ ਸਿੰਘ ਸਾਬਕਾ ਪੰਚ, ਮਾਸਟਰ ਦਵਿੰਦਰ ਸਿੰਘ ਬਰਾੜ, ਭੋਲਾ ਸਿੰਘ ਆਮ ਪਾਰਟੀ ਆਗੂ, ਲਛਮਣ ਸਿੰਘ ਬਰਾੜ, ਦਵਿੰਦਰ ਸਿੰਘ, ਗੁਰਚਰਨ ਸਿੰਘ, ਮੇਜਰ ਸਿੰਘ ਮੈਂਬਰ, ਗੁਰਤੇਜ ਸਿੰਘ, ਗੁਰਸੇਵਕ ਸਿੰਘ ਬਰਾੜ ਦਿਉਣ,ਗੁਰਨੈਬ ਸਾਜਨ ਦਿਉਣ, ਡਾ. ਚੇਤ ਸਿੰਘ ਦਿਉਣ, ਬੀਬਾ ਰਣਜੀਤ ਕੌਰ ਦੀ ਟੀਮ ਚੋਂ ਦੀਪ ਸਿੰਘ ਸਿੱਧੂ, ਸਰਬਜੀਤ ਸਿੰਘ ਢਿੱਲੋਂ, ਗੁਰਮੇਲ ਸਿੰਘ ਢਿੱਲੋਂ ਸਾਬਕਾ ਥਾਣੇਦਾਰ, ਸੁਖਦੇਵ ਸਿੰਘ ਲੁਹਾਰਾ ਮੌਜੂਦ ਸਨ।