(ਪੰ.ਸ. ਵਿਸ਼ੇਸ਼): ਪੰਜਾਬ ਦੇ ਨੰਬਰ ਵੰਨ ਫ਼ਿਲਮ ਡਿਸਟ੍ਰੀਬਿਊਟਰ ਅਤੇ ਨਿਰਮਾਤਾ ‘ਓਮਜੀ ਗਰੁੱਪ’ ਵੱਲੋਂ ਪੰਜਾਬ ਅਤੇ ਨੇੜਲੇ ਸੂਬਾ ਵਾਸੀਆਂ ਲਈ ਇਕ ਸ਼ਾਨਦਾਰ ਸਿਨੇਮਾ ਚੇਨ “ਓ.ਐੱਚ.ਐੱਮ. ਓਮਜੀ” ਸਿਨੇਮਾ ਦੀ ਸ਼ੁਰੂਆਤ 10 ਅਲੱਗ ਅਲੱਗ ਸ਼ਹਿਰਾਂ ਨੂੰ ਚੁਣਨ ਨਾਲ ਕੀਤੀ ਜਾ ਚੁੱਕੀ ਹੈ।
ਇਸ ਲੜੀ ਤਹਿਤ ਤਿਆਰ ਸਿਨੇਮਾ ਘਰਾਂ ਚੋਂ ਬੀਤੇ ਕੱਲ੍ਹ ਅੰਮ੍ਰਿਤਸਰ ਵਾਸੀ ਸਿਨੇ ਦਰਸ਼ਕਾ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ “ਛਹਿਰਟਾ ਏਰੀਆ” ਨਜ਼ਦੀਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚਾਰ ਸਕਰੀਨਾਂ ਅਤੇ 1100 ਸੋ ਤੋਂ ਵੱਧ ਦਰਸ਼ਕਾਂ ਦੀ ਸਮਰੱਥਾ ਵਾਲੇ ਸਿਨੇਮਾ ਕੰਪਲੈਕਸ ਦਾ ਮਹੂਰਤ ਸਾਦੇ ਸਮਾਗਮ ਨਾਲ ਕੀਤਾ ਗਿਆ।
ਇਸ ਮੌਕੇ ਓਮਜੀ ਗੁਰੱਪ ਦੇ ਮੈਨੇਜਿੰਗ ਡਾਇਰੈਕਟਰ ਮੁਨੀਸ਼ ਸਾਹਨੀ ਅਤੇ ਬਾਕੀ ਭਾਈਵਾਲ ਸਾਥੀਆਂ ਪੰਕਜ ਖੇਮਕਾ, ਰਾਜ ਕੁਮਾਰ ਅਤੇ ਨਿਰਭੈਅ ਮਹੇਸ਼ਵਰੀ ਨੇ ਪੰਜਾਬੀ ਸਕਰੀਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਅੰਮ੍ਰਿਤਸਰ ਸਿਨੇ ਦਰਸ਼ਕਾਂ ਨੂੰ ਇਸ ਲਗਜ਼ਰੀ ਸਿਨੇਮਾ ਘਰ ਦਾ ਵੱਖਰਾ ਅਤੇ ਅਰਾਮਦਾਇਕ ਤਜ਼ਰਬਾ ਹੋਵੇਗਾ, ਓਥੇ ਫ਼ਿਲਮ ਵੇਖਣ ਆਏ ਪਰਿਵਾਰਾਂ ਨੂੰ ਵਧੀਆ ਅਤੇ ਬਾਕੀਆਂ ਨਾਲੋਂ ਬਹੁਤ ਸਸਤੀ ਰਿਫਰੈਸ਼ਮੈਂਟ ਮਿਲੇਗੀ। ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਆਮ ਦਰਸ਼ਕਾਂ ਦੀ ਸਿਨੇਮਾ ਹਾਲਾਂ ਅੰਦਰ ਲੋੜੋਂ ਵੱਧ ਮਹਿੰਗੇ ਖਾਣ-ਪੀਣ ਦੀ ਅਕਸਰ ਕੀਤੀ ਜਾਂਦੀ ਸ਼ਿਕਾਇਤ ਨੂੰ ਦੂਰ ਕਰ ਸਕੀਏ।
ਓ.ਐੱਚ.ਐੱਮ. ਟੀਮ ਨੇ ਇਹਨਾਂ ਸਿਨੇਮਾਂ ਘਰਾਂ ਦੀਆਂ ਹੋਰ ਵਿਸ਼ੇਸਤਾਈਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਇਹ ਸਿਨੇਮਾ ਘਰ ਗੋਲਡ ਕਲਾਸ ਆਡੀਟੋਰੀਅਮ ਦੇ ਨਾਲ ਵਿਸ਼ਵ ਪੱਧਰੀ ਸੇਵਾਵਾਂ ਪ੍ਰਦਾਨ ਕਰਦੇ ਹਨ, ਜਿਸ ਵਿਚ ਆਲੀਸ਼ਾਨ ਰਿਕਲਾਈਨਰ ਕੁਰਸੀਆਂ ਅਤੇ ਸਾਰੀਆਂ ਓਡੀਜ਼ ਅਡਵਾਂਸਡ ਲੇਜ਼ਰ ਪ੍ਰੋਜੈਕਟਰ ਨਾਲ ਲੈਸ ਹਨ ਤਾਂ ਜੋ ਵਧੀਆ ਸਕ੍ਰੀਨ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ, ਸਾਰੇ ਥੀਏਟਰਾਂ ਵਿਚ ਫ਼ਿਲਮ ਪ੍ਰੇਮੀਆਂ ਲਈ ਇਕ ਬੇਮਿਸਾਲ ਆਡੀਓ ਅਨੁਭਵ ਲਈ ਡੌਲਬੀ ਡਿਜੀਟਲ ਸਾਊਂਡ ਸਿਸਟਮ ਵੀ ਹੈ।ਇਸ ਮੌਕੇ ਓਮਜੀ ਗੁਰੱਪ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਜਾਬੀ ਸਕਰੀਨ ਮੈਗਜ਼ੀਨ ਦੇ ਸੰਪਾਦਕ ਦਲਜੀਤ ਸਿੰਘ ਅਰੋੜਾ ਅਤੇ ਫ਼ਿਲਮ ਨਿਰਦੇਸ਼ਕ ਮਨਜੋਤ ਸਿੰਘ ਵੀ ਹਾਜ਼ਰ ਸਨ।