My Editorial
ਕਹਿਣ ਨੂੰ ਤਾਂ ਪੰਜਾਬੀ ਸਿਨੇਮਾ ਜੋਬਨ ‘ਤੇ ਹੈ, ਕਿਉਂਕਿ ਧੜਾਧੜ ਨਵੀਆਂ ਫ਼ਿਲਮਾਂ ਆ ਰਹੀਆਂ ਹਨ! ਪਰ ਦੂਜੇ ਪਾਸੇ ਪੁੱਠੇ ਪੈਰੀਂ ਜਾ ਵੀ ਰਹੀਆਂ ਹਨ!ਆਪਾਂ ਬਹੁਤੀ ਦੂਰ ਨੀ ਜਾਂਦੇ ਸਿਰਫ਼ 2024 ਦੀਆਂ ਅਕਤੂਬਰ ਤੱਕ ਰਿਲੀਜ਼ ਹੋਈਆਂ 56 ਫ਼ਿਲਮਾਂ ‘ਤੇ ਹੀ ਨਜ਼ਰ ਮਾਰੀਏ ਤਾਂ ਸਿਰਫ਼ 6 ਫ਼ਿਲਮਾਂ ਹੀ ਚੰਗੀਆਂ ਚੱਲੀਆਂ ਅਤੇ ਉਹਨਾਂ ਵਿੱਚੋਂ ਵੀ ਤਿੰਨ ਫ਼ਿਲਮਾਂ ਤਾਂ ਧਾਰਮਿਕ ਜਾਂ ਸੋਸ਼ਲ ਫੈਮਲੀ ਡਰਾਮਾ ਟਾਈਪ ਹੀ ਸਨ।ਇਹਨਾਂ ਫ਼ਿਲਮਾਂ ਦੇ ਚੱਲਣ ਵਿਚ ਕਲਾਕਾਰਾਂ ਤੋਂ ਵੱਧ ਕੰਟੈਂਟ ਦਾ ਯੋਗਦਾਨ ਸੀ।ਜਿੱਥੇ ਫ਼ਿਲਮ ‘ਰਜਨੀ’ ਵਿਚ ਕੋਈ ਵੱਡੇ ਚਿਹਰੇ ਨਹੀਂ ਸਨ ਓਥੇ ‘ਅਰਦਾਸ-ਸਰਬਤ ਦੇ ਭਲੇ ਦੀ’ ਅਤੇ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਵਿਚ ਭਾਵੇਂ ਵੱਡੇ ਲੀਡ ਚਿਹਰੇ ਸਨ ਪਰ ਫੇਰ ਵੀ ਇਹਨਾਂ ਫ਼ਿਲਮਾਂ ਨੂੰ ਚਲਾਉਣ ਵਿਚ ਬਾਕੀ ਸਹਾਇਕ ਕਲਾਕਾਰਾਂ ਦੇ ਨਾਲ-ਨਾਲ ਮਜਬੂਤ ਵਿਸ਼ਾ-ਵਸਤੂ ਭਾਰੂ ਸੀ।ਸੋਚ ਕੇ ਵੇਖੋ ਕਿ ਇਸ ਵਰ੍ਹੇ ਦੀਆਂ ਕੁੱਲ ਫ਼ਿਲਮਾਂ ਚੋਂ ਰੈਗੂਲਰ ਮਨੋਰੰਜਨ ਭਰਪੂਰ ਕੰਟੈਂਟ ਵਾਲੀਆਂ ਕਿੰਨੀਆਂ ਫ਼ਿਲਮਾਂ ਚੱਲ ਪਾਈਆਂ?
ਗੱਲ ਮੇਰੇ ਅੱਜ ਦੇ ਵਿਸ਼ੇ ਦੀ ਤਾਂ ਹੁਣ ਸਾਡੇ ਪੰਜਾਬੀ ਸਿਨੇਮਾ ਵਿਚ ਨੌਜਵਾਨ ਨਵੇਂ ਚਿਹਰਿਆਂ ਦੀ ਕਮੀ ਰੜਕਣ ਲੱਗ ਪਈ ਹੈ ਜਾਂ ਕਹਿ ਲਓ ਕਿ ਸਾਡੇ ਪੰਜਾਬੀ ਸਿਨੇਮਾ ‘ਤੇ ਬੁਢਾਪਾ ਝਲਕਣ ਲੱਗ ਪਿਆ ਹੈ।ਇਸ ਵਿਚਾਰ ਵਿਚ ਮੇਰੇ ਨਾਲੋਂ ਵੱਧ ਨਵੀਂ ਸਿਨੇਮਾ ਦਰਸ਼ਕ ਪੀੜੀ ਦਾ ਹੀ ਸੰਕੇਤ ਸ਼ਾਮਲ ਹੈ।ਇਸ ਦਾ ਮਤਲਬ ਇਹ ਵੀ ਨਹੀਂ ਕਿ ਪੁਰਾਣੇ ਚਿਹਰਿਆਂ ਦੀ ਕੋਈ ਵੁਕਤ ਨਹੀਂ ਰਹੀਂ ਜਾਂ ਉਹਨਾਂ ਵਿਚ ਕੋਈ ਕਮੀ ਹੈ, ਭਾਵੇਂ ਥੋੜੇ ਹੀ ਹਨ ਪਰ ਉਹਨਾਂ ਨੇ ਹੀ ਤਾਂ ਨਵੇਂ ਸਿਰੇ ਤੋਂ ਪੰਜਾਬੀ ਸਿਨੇਮਾ ਨੂੰ ਲੀਹਾਂ ‘ਤੇ ਲਿਆਂਦਾ ਹੈ।
ਮਗਰ ਦੋਸਤੋ ਸਮੇਂ ਨਾਲ ਘਰ ਵਿਚ ਪਏ ਮਜਬੂਤ ਅਤੇ ਸੋਹਣੇ ਫਰਨੀਚਰ ਤੋਂ ਵੀ ਅੱਖਾਂ ਭਰ ਜਾਂਦੀਆਂ ਹਨ ਅਤੇ ਦਿਲ ਕਰਦਾ ਹੁੰਦਾ ਹੈ ਕਿ ਡਰਾਇੰਗ ਰੂਮ ਵਿਚ ਕੁਝ ਨਵਾਂਪਣ ਨਜ਼ਰ ਆਵੇ।ਆਪਣੀਆਂ ਅੱਖਾਂ ਨੂੰ ਤਾਜ਼ਗੀ ਦੇ ਅਹਿਸਾਸ ਦੇ ਨਾਲ-ਨਾਲ ਘਰ ਆਏ ਮਹਿਮਾਨ ਵੀ ਇਸ ਤਾਜ਼ਗੀ ਨਾਲ ਆਕਰਸ਼ਿਤ ਹੋਣ।
ਇਸ ਵਰ੍ਹੇ ਪੰਜਾਬੀ ਸਿਨੇਮਾ ਵਿਚ ਇਕ ਗੱਲ ਤਾਂ ਵਧੀਆ ਰਹੀ ਕਿ ਕੰਟੈਂਟ ਪੱਖੋਂ ਅਸੀਂ ਸਾਰਥਕ ਲੀਹਾਂ ਵੱਲ ਕਦਮ ਵਧਾਇਆ ਹੈ।ਫ਼ਿਲਮਾਂ ਭਾਵੇਂ ਨਹੀਂ ਚੱਲੀਆਂ ਪਰ ਫ਼ਿਲਮਾਂ ਦੇ ਵਿਿਸ਼ਆਂ ਵਿਚ ਕੁਝ ਤਾਜ਼ਗੀ ਜ਼ਰੂਰ ਨਜ਼ਰ ਆਈ।ਇਸੇ ਲਈ ਹੁਣ ਸਾਨੂੰ ਫ਼ਿਲਮਾਂ ਬਨਾਉਣ ਵੇਲੇ ਕੰਟੈਂਟ ਦੀ ਤਾਜ਼ਗੀ ਦੇ ਨਾਲ-ਨਾਲ ਨਵੇਂ ਲੀਡ ਚਿਹਰੇ ਵੀ ਲਿਆਉਣੇ ਪੈਣਗੇ, ਕਿਉਂਕਿ ਫ਼ਿਲਮਾਂ ਨਾ ਚੱਲਣ ਦਾ ਇਹ ਵੀ ਇਕ ਵੱਡਾ ਕਾਰਨ ਬਣਦਾ ਜਾ ਰਿਹਾ ਹੈ।
ਜਿਵੇਂ ਅੱਜ ਦੀ ਪੀੜੀ ਪੁਰਾਣੇ ਸੰਗੀਤ ਦੀ ਬਜਾਏ ਆਪਣੀ ਮਨ ਮਰਜ਼ੀ ਦਾ ਨਵਾਂ ਸੰਗੀਤ ਸੁਣਦੀ ਹੈ, ਉਸੇ ਤਰਾਂ ਉਹ ਵਰਲਡਵਾਈਡ ਸਿਨੇਮਾ ਵੀ ਵੇਖ ਰਹੀ ਹੈ, ਜਿੱਥੇ ਚਿਹਰਿਆਂ ਦੀ ਪਛਾਣ ਨਾਲੋਂ ਵੱਧ ਉਹਨਾਂ ਦੇ ਅਭਿਨੈ ਨੂੰ ਪਸੰਦ ਕੀਤਾ ਜਾਂਦਾ ਹੈ। ਇਸ ਪੱਖੋਂ ਅਸੀਂ ਬਹੁਤ ਪੱਛੜ ਚੁੱਕੇ ਹਾਂ। ਸਾਡੇ ਕੋਲ 40 ਪਲੱਸ ਹੀਰੋ-ਹੀਰੋਈਨ ਹੀ ਬਚੇ ਹਨ ਬਾਰ-ਬਾਰ ਦਰਸ਼ਕਾਂ ਮੂਹਰੇ ਪੇਸ਼ ਕਰਨ ਲਈ।ਸਾਡੇ ਪੰਜਾਬੀ ਸਿਨੇਮਾ ਦਾ ਅਸੀਂ ਸਿਸਟਮ ਹੀ ਇਸ ਤਰਾਂ ਦਾ ਸਿਰਜ ਲਿਆ ਹੈ ਕਿ ਕੋਈ ਵੀ ਨਵਾਂ ਹੀਰੋ-ਹੀਰੋਈਨ ਅਸੀਂ ਇੰਟਰੋਡਿਊਸ ਕਰਵਾ ਕੇ ਰਾਜ਼ੀ ਹੀ ਨਹੀਂ।ਜੇ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਹਨਾਂ ਨੂੰ ਨਾਕਾਰਨ ਦਾ ਪ੍ਰਚਾਰ ਸ਼ੁਰੂ ਹੋ ਜਾਂਦਾ ਹੈ ਕਿ ਇਹਨਾਂ ਦੇ ਰਾਈਟਸ ਨਹੀਂ ਵਿਕਣੇ, ਸੰਗੀਤ ਨਹੀਂ ਵਿਕਣਾ ਵਗੈਰਾ ਵਗੈਰਾ।ਪੰਜਾਬ ਵਿਚ ਸਭ ਸੰਗੀਤ ਕੰਪਨੀਆਂ, ਡਿਸਟ੍ਰੀਬਿਊਟਰ, ਸੈਟਾਲਾਈਟ ਚੈਨਲ ਅਤੇ ਓ.ਟੀ.ਟੀ. ਵਾਲੇ ਨਵਿਆਂ ‘ਤੇ ਇਤਬਾਰ ਕਰਨ ਅਤੇ ਰਿਸਕ ਲੈਣ ਤੋਂ ਗੁਰੇਜ ਕਰਦੇ ਹਨ।ਇਸੇ ਤਰਾਂ ਹੀ ਨਵੇਂ ਕਹਾਣੀਕਾਰਾਂ, ਨਿਰਦੇਸ਼ਕਾਂ ਅਤੇ ਕਰੈਕਟਰ ਆਰਟਿਸਟਾਂ ਨੂੰ ਵੀ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ।
ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਸਭ ਕਿੰਨਾ ਚਿਰ ਹੋਰ ਚੱਲੇਗਾ, ਮੰਨਿਆ ਕਿ ਅਸੀਂ ਲੋਕ ਕਮਰਸ਼ੀਅਲ ਪੱਖ ਵੇਖਦੇ ਹਾਂ, ਪੁਰਾਣੇ ਐਸਟੈਬਲਿਸ਼ਡ ਚਿਹਰਿਆਂ ਦੀ ਫੈਨ ਫੋਲੋਇੰਗ ਵੇਖਦੇ ਹਾਂ, ਪਰ ਇਹ ਕਿਉਂ ਨਹੀਂ ਸੋਚਦੇ ਕਿ ਫ਼ਿਲਮਾਂ ਫਲਾਪ ਹੋਣ ਦਾ ਕਾਰਨ ਕੀ ਹੈ, ਨਵੀਂ ਪੀੜੀ ਕਿਉਂ ਮਹਿੰਗੀਆਂ ਟਿਕਟਾਂ ਖਰੀਦ ਕੇ ਬਾਰ-ਬਾਰ ਉਹੀ ਚਿਹਰੇ ਵੇਖਣ ਲਈ ਸਿਨੇਮਾ ਘਰਾਂ ਵਿਚ ਜਾਵੇਗੀ ?
ਭਾਵੇਂ ਕਿ ਬਾਲੀਵੁੱਡ ਵਿਚ ਵੀ ਪੁਰਾਣੇ ਚਿਹਰਿਆਂ ਦਾ ਕੰਮ ਅਜੇ ਵੀ ਚੱਲ ਰਿਹਾ ਹੈ ਪਰ ਓਥੇ ਨਵਂੇ ਚਿਹਰਿਆਂ ਦੀ ਆਮਦ ਵੀ ਨਾਲੋ-ਨਾਲੋ ਹੁੰਦੀ ਰਹਿੰਦੀ ਹੈ, ਭਾਵੇਂ ਬਾਹਰੋਂ ਹੋਣ ਜਾਂ ਉਹਨਾਂ ਵਿੱਚੋਂ ਪਹਿਲੇ ਸਟਾਰਾਂ ਦੇ ਬੱਚੇ ਹੀ ਕਿਉਂ ਨਾ ਹੋਣ। ਲੋਕ ਜਿੱਥੇ ਸ਼ਾਹਰੁਖ, ਸਲਮਾਨ, ਅਕਸ਼ੈ ਕੁਮਾਰ, ਕੈਟਰੀਨਾ, ਕਰੀਨਾ, ਦੀਪਿਕਾ ਪਾਦੁਕੋਣ, ਐਸ਼ਵਰਿਆ ਰਾਏ,ਪ੍ਰਿਅੰਕਾ ਚੋਪੜਾ ਆਦਿ ਦੀਆਂ ਫ਼ਿਲਮਾਂ ਦੇਖਦੇ ਹਨ,ਓਥੇ ਰਾਜ ਕੁਮਾਰ ਰਾਓ,ਰਣਬੀਰ ਕਪੂਰ,ਸ਼ਰਧਾ ਕਪੂਰ,ਤ੍ਰਿਪਤੀ ਦਿਮਰੀ,ਆਲੀਆ ਭੱਟ,ਕ੍ਰਿਤੀ ਸੈਨਨ,ਸ਼ਰੂਤੀ ਹਸਨ,ਜਾਨਵੀ ਕਪੂਰ,ਰਣਵੀਰ ਸਿੰਘ,ਵਿੱਕੀ ਕੌਸ਼ਲ,ਅਨਨਿਆ ਪਾਂਡੇ,ਆਯੂਸ਼ਮਾਨ ਖੁਰਾਣਾ, ਕਾਰਤਿਕ ਆਰਿਯਨ,ਸਿਦਾਰਥ ਮਲਹੋਤਰਾ, ਤੇ ਅਪਾਰ ਸ਼ਕਤੀ ਖੁਰਾਣਾ ਆਦਿ ਨੂੰ ਵੱਧ ਵੇਖਦੇ ਹਨ।
ਦੂਜੇ ਪਾਸੇ ਸਾਡੇ ਪੰਜਾਬੀ ਸਿਨੇਮਾ ਕੋਲ ਕਿਹੜੇ ਅਜਿਹੇ ਨਵੇਂ ਨੌਜਵਾਨ ਕਲਾਕਾਰ ਚਿਹਰੇ ਹਨ ਜਿਹਨਾਂ ਦਾ ਨਾਂ ਅਸੀਂ ਉਂਗਲੀਆਂ ‘ਤੇ ਗਿਣਾ ਸਕੀਏ ? ਮੈਨੂ ਨਹੀਂ ਲੱਗਦਾ ਕਿ ਪਿੱਛਲੇ 15 ਸਾਲਾਂ ਵਿਚ ਅਸੀਂ ਕੋਈ ਮਜਬੂਤ ਨਵਾਂ ਲੀਡ ਚਿਹਰਾ ਪੇਸ਼ ਕਰ ਸਕੇ ਹੋਈਏ।ਬਾਲੀਵੁੱਡ ਵਿਚ ਵੀ ਪੁਰਾਣੇ ਕਲਾਕਾਰਾਂ ਨੂੰ ਅੱਜ-ਕੱਲ੍ਹ ਆਪਣੀਆਂ ਫ਼ਿਲਮਾਂ ਚਲਾਉਣ ਲਈ ਜ਼ਿਆਦਾ ਪ੍ਰਚਾਰ ਦੇ ਨਾਲ-ਨਾਲ ਦਰਸ਼ਕਾਂ ‘ਤੇ ਪ੍ਰਭਾਵ ਪਾਉਣ ਲਈ ਜਾਂ ਕਹਿ ਲਓ ਕਿ ਉਹਨਾਂ ਦਾ ਸੋਸ਼ਣ ਤੱਕ ਕਰਦਿਆਂ ਹੋਇਆ ਪੱਲਿਓਂ ਟਿਕਟਾਂ ਖਰੀਦ ਕੇ ਥਿਏਟਰ ਭਰੇ ਜਾਂਦੇ ਹਨ ਅਤੇ ਇਹ ਸਭ ਕੁਝ ਹੁਣ ਪੰਜਾਬੀ ਸਿਨੇਮਾ ਵਿਚ ਵੀ ਸ਼ੁਰੂ ਹੋ ਚੁੱਕਿਆ ਹੈ, ਖਾਸਕਰ ਜਦੋਂ ਅਸੀਂ ਟਰਾਲੀਆਂ ਭਰੇ ਲੋਕ ਦਰਸ਼ਕ ਬਣ ਕੇ ਸਿਨੇਮਾ ਘਰ ਵੱਲ ਜਾਂਦੇ ਵੇਖਦੇ ਹਾਂ।
ਦੋਸਤੋ ਮੈਨੂੰ ਲੱਗਦਾ ਹੈ ਕਿ ਹੁਣ ਉਹਨਾ ਚਿਰ ਗੱਲ ਅੱਗੇ ਨਹੀਂ ਤੁਰਨੀ ਜਿੰਨਾ ਚਿਰ ਸਿਨੇਮੇ ਵਿਚ ਦਰਸ਼ਕਾਂ ਨੂੰ ਤਾਜ਼ਗੀ ਨਹੀਂ ਮਿਲਦੀ, ਫ਼ਿਲਮਾਂ ਭਾਵੇਂ ਸਾਲ ਦੀਆਂ 100 ਬਣਾ ਲਈਏ! ਪਰ ਇਹ ਗੱਲ ਮੰਨ ਕੇ ਚੱਲੋ ਅਸੀਂ ਬਾਕੀਆਂ ਦੇ ਮੁਕਾਬਲਤਨ ਪਛੜ ਰਹੇਂ ਹਾਂ।ਸਾਡੇ ਸਿਨੇਮਾ ਵਿਚ ਨਵੀਂ ਪੀੜੀ ਦੇ ਦਰਸ਼ਕਾ ਨੂੰ ਨਵੀਆਂ-ਤਾਜ਼ੀਆਂ ਅਤੇ ਮਜਬੂਤ ਕਹਾਣੀਆਂ ਦੇ ਨਾਲ-ਨਾਲ ਫ਼ਿਲਮਾਂ ਵਿਚ ਦਿਲ ਖਿੱਚਵੇਂ ਰੋਮਾਂਟਿਕ ਚਿਹਰਿਆਂ ਦਾ ਰੋਮਾਂਸ, ਹੀਰੋਇਨਾਂ ‘ਤੇ ਝਲਕਦਾ ਗਲੈਮਰ, ਐਕਸ਼ਨ ਹੀਰੋ ਤੇ ਵਿਲੇਨ ਦੀ ਦੱਮਦਾਰ ਸੰਵਾਦ ਅਦਾਇਗੀ, ਹਾਵ-ਭਾਵ ਅਤੇ ਪ੍ਰਭਾਵਸ਼ਾਲੀ ਤਾਜ਼ਾ ਆਵਾਜ਼ਾਂ ਅਤੇ ਇਸੇ ਤਰ੍ਹਾਂ ਹੀ ਨਵੇਂ ਕਰੈਕਟਰ ਚਿਹਰਿਆਂ ਵਿਚ ਉਪਰੋਕਤ ਗੁਣਾਂ ਦਾ ਨਵਾਂ ਅੰਦਾਜ਼ ਨਜ਼ਰ ਆਉਣਾ ਚਾਹੀਦਾ ਹੈ।ਉਹਨਾਂ ਨੂੰ ਨਵੇਂ ਨੌਜਵਾਨ ਨਿਰੇਦਸ਼ਕਾਂ ਦੀ ਨਵੀਂ ਪੀੜੀ ਮੁਤਾਬਕ ਕਲਾਤਮਿਕ ਪੇਸ਼ਕਾਰੀ, ਨਵੇਂ ਲੇਖਕਾਂ ਦੇ ਤਾਜ਼ਾ ਕਹਾਣੀ-ਸਕਰੀਨ ਅਤੇ ਕਰੈਕਟਰਾਂ ਮੁਤਾਬਕ ਸੰਜੀਦਾ ਅਤੇ ਕਾਮੇਡੀ ਸੰਵਾਦਾਂ ਦਾ ਨਵਾਂ ਅੰਦਾਜ਼ ਆਦਿ ਵੀ ਨਜ਼ਰ ਆਉਣਾ ਚਾਹੀਦਾ ਹੈ।ਇਹ ਸਭ ਅੱਜ ਦੇ ਸਮੇਂ ਦੀ ਜ਼ਰੂਰਤ ਹੈ, ਜੇ ਇਸ ਨੂੰ ਅਜੇ ਵੀ ਪੂਰਾ ਨਾ ਕਰ ਪਾਏ ਤਾਂ ਅਸੀਂ ਆਪਣੇ ਸਿਨੇਮਾ ਦਾ ਭਵਿੱਖ ਆਪ ਹੀ ਸੋਚ ਸਕਦੇ ਹਾਂ !
ਜੇ ਕਹਾਣੀ-ਸਕਰੀਨ ਅਤੇ ਪੇਸ਼ਕਾਰੀ ਵਿਚ ਦੱਮ ਹੋਇਆ ਤਾਂ ਕੰਟੈਂਟ ਬੇਸਡ ਫ਼ਿਲਮਾਂ ਪੁਰਾਣੇ ਲੀਡ ਚਿਹਰਿਆਂ ਨਾਲ ਵੀ ਚੱਲਣਗੀਆਂ ਪਰ ਉਹ ਕਰੈਕਟਰ ਹੀਰੋ-ਹੀਰੋਈਨ ਵਜੋਂ ਹੀ ਹੋਣਗੀਆਂ ਅਤੇ ਜ਼ਿਆਤਰ ਓ.ਟੀ.ਟੀ. ਚੈਨਲਾਂ ‘ਤੇ ਹੀ ਆਪਣਾ ਵੱਧ ਪ੍ਰਭਾਵ ਛੱਡ ਸਕਣਗੀਆਂ। ਰੈਗੂਲਰ ਫ਼ਿਲਮਾਂ ਲਈ ਤਾਂ ਸਾਨੂੰ ਸਿਨੇਮਾ ਵਿਚ ਤਾਜ਼ਗੀ ਲਿਆਉਣੀ ਹੀ ਪਵੇਗੀ ਵਰਨਾ ਧਾਰਮਿਕ-ਸੋਸ਼ਲ ਟਾਇਪ ਕੰਟੈਟ ਨਾਲ ਅਸੀਂ ਕਿੰਨਾ ਕੁ ਸਿਨੇਮਾ ਅੱਗੇ ਤੋਰ ਸਕਾਂਗੇ ਜਾਂ ਕਿੰਨਾ ਚਿਰ ਪੱਲਿਓਂ ਟਿਕਟਾਂ ਖਰੀਦ ਕੇ ਵੰਡਣ ਨਾਲ ਅਸਲ ਦਰਸ਼ਕਾਂ ਦੀਆਂ ਭਾਵਨਾਵਾਂ ਨਾਲ ਠੱਗੀ ਕੰਮ ਆਵੇਗੀ।ਸੋ ਦੋਸਤੋ ਨਵਿਆਂ ਲਈ ਦਿਲਾਂ ਦੇ ਦਰਵਾਜ਼ੇ ਖੋਲ੍ਹੋ, ਜੇ ਸਿਨੇਮਾ ਵਿਚ ਤਾਜ਼ਗੀ ਅਤੇ ਸੰਵੇਦਨਸ਼ੀਲਤਾ ਬਣੀ ਰਹੇਗੀ ਤਾਂ ਵਪਾਰ ਵੀ ਆਪਣੇ-ਆਪ ਚੱਲੇਗਾ।
! ਅਸਲ ਬਦਲਾਅ ਜ਼ਰੂਰੀ ਹੈ
Published in Oct-Dec issue of Punjabi Screen Magazine
-ਦਲਜੀਤ ਸਿੰਘ ਅਰੋੜਾ