ਗੱਲ ਪੰਜਾਬੀ ਵੈੱਬਸੀਰੀਜ਼ ‘ਖੜਪੰਚ’ ਦੀ ! #khadpanch ਤਾਂ ਸਿਨੇ ਪ੍ਰੇਮੀਆਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਨਿਰਮਾਤਾ-ਨਿਰਦੇਸ਼ਕ ਅਤੇ ਫ਼ਿਲਮ ਲੇਖਕ ਵੀ ਇਸ ਨੂੰ ਜ਼ਰੂਰ ਵੇਖਣ,
ਤਾਂਕਿ ਸਭ ਨੂੰ ਪਤਾ ਲੱਗ ਸਕੇ ਕਿ ਵੱਡੇ ਪਰਦੇ ਅਤੇ ਓ.ਟੀ.ਟੀ. ਤੋਂ ਇਲਾਵਾ ਵੀ ਵਧੀਆ ਕੰਮ ਸਾਡੇ ਸਿਨੇਮਾ ਖੇਤਰ ਵਿਚ ਹੋ ਰਿਹਾ ਹੈ, ਜਿਸ ਨੂੰ ਸਰਾਹਿਆ ਜਾਣਾ ਜ਼ਰੂਰੀ ਹੈ।
ਤੁਸੀਂ ਇਹ 7 ਐਪੀਸੋਡਜ਼ ਵਾਲੀ ਮਜਬੂਤ ਕਹਾਣੀ-ਸਕਰੀਨ ਪਲੇਅ ਅਤੇ ਨਿਰਦੇਸ਼ਨ ਦਾ ਪ੍ਰਦਰਸ਼ਨ ਕਰਦੀ ਪੰਜਾਬੀ ਵੈੱਬਸੀਰੀਜ਼ ‘ਟ੍ਰੋਲ ਪੰਜਾਬੀ’ ਯੂਟਿਊਬ ਚੈਨਲ ਤੇ ਬਿਲਕੁਲ ਮੁਫਤ ਦੇ ਸਕਦੇ ਹੋ।
“ਖੜਪੰਚ” ਵੈਬਸੀਰੀਜ਼ ਅਤੇ ਇਸ ਵਿਚਲੇ ਜ਼ਿਆਦਾਤਰ ਨਵੇਂ, ਪਰ ਪ੍ਰਪੱਕ ਕਲਾਕਾਰਾਂ ਨੇ ਇਸ ਵੈੱਬਸੀਰੀਜ਼ ਦੇ ਲੇਖਕ-ਨਿਰਦੇਸ਼ਕ ਅਤੇ ਨਿਰਮਾਤਾ ਰੈਬੀ ਟਿਵਾਨਾ ਦੀ ਛਤਰਛਾਇਆ ਹੇਠ ਆਪਣੀ ਸ਼ਾਨਦਾਰ ਅਤੇ ਸੁਭਾਵਿਕ ਅਦਾ-ਅਦਾਈਗੀ ਨਾਲ ਇਕ ਵਾਰ ਫਿਰ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਚੰਗੇ ਚੰਗੇ ਓ.ਟੀ.ਟੀ. ਪਲੈਟਫਾਰਮਾਂ ਦੇ ਕੰਟੈਂਟ ਅਤੇ ਤਕਨੀਕ ਦੇ ਬਾਰਬਰ ਸਾਫ ਸੁੱਥਰੇ ਅਤੇ ਮਜਬੂਤ ਢੰਗ ਨਾਲ ਖੜੀ ਇਸ ਵੈੱਬਸੀਰੀਜ਼ ਵਿਚ ਪੰਜਾਬ ਵਿਚਲੀ ‘ਨਸ਼ਿਆਂ ਦੀ ਸਮੱਸਿਆ’ ਨੂੰ ਅਜਿਹੇ ਮਜਬੂਤ,ਮਨੋਰੰਜਨ ਭਰਪੂਰ ਅਤੇ ਦਲੇਰਆਨਾ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਕਿ ਇਕ-ਇਕ ਘੰਟੇ ਦੀਆਂ 7 ਕਿਸ਼ਤਾਂ ਵਿਚ ਨਾ ਤਾਂ ਦਰਸ਼ਕ ਅੱਕਦਾ ਹੈ ਤੇ ਨਾਂ ਥੱਕਦਾ ਹੈ, ਹਰ ਕਿਸੇ ਦਾ ਜੀਅ ਕਰਦਾ ਹੈ ਕਿ ਇਕੋ ਵਾਰ ਹੀ ਸੱਤੇ ਐਪੀਸੋਡ ਵੇਖ ਲਏ ਜਾਣ।
ਇਹ ਹੈ ਸਹੀ ਲੇਖਣੀ ਦਾ ਹੁਨਰ ਜੋ ਸ਼ਾਇਦ ਪੰਜਾਬ ਵਿਚਲੇ ਫ਼ਿਲਮ ਲੇਖਕਾਂ ਵਿਚੋਂ ਟਾਵੇਂ ਟਾਵੇਂ ਕੋਲ ਹੀ
ਵੇਖਣ ਨੂੰ ਮਿਲਦਾ ਹੈ।
ਵੈੱਬਸੀਰੀਜ਼ ਦੇ ਸਾਰੇ ਐਪੀਸੋਡਜ਼ ਦੀ ਵਿਸਥਾਰ ਪੂਰਵਕ ਗੱਲ ਮੈਂ ਨਹੀਂ ਕਰਾਂਗਾ, ਨਹੀਂ ਤਾਂ ਦਰਸ਼ਕਾਂ ਦੇ ਵੇਖਣ ਦੀ ਉਤਸੁਕਤਾ ਘਟੇਗੀ।
ਬਾਕੀ ਐਨਾ ਜ਼ਰੂਰ ਕਹਾਂਗਾ ਕਿ ਪੰਜਾਬ ਵਿਚਲੇ ਨਸ਼ਿਆਂ ਵਰਗੇ ਕਾਲੇ ਪਾਸੇ ਦੀ ਸੱਮਸਿਆ ਨੂੰ ਵਿਖਾਉਣ ਅਤੇ ਸੁਲਝਾਉਣ ਦੀ (ਸਮਾਜ,ਪ੍ਰਸਾਸ਼ਨ ਅਤੇ ਰਾਜਨੀਤੀਵਾਨਾਂ ਨੂੰ ਸ਼ੀਸ਼ਾ ਵਿਖਾਉਣ ਰੂਪੀ) ਸਲਾਹ ਦਿੰਦੀ ਇਸ ਵੈੱਬਸੀਰੀਜ਼ ਵਿਚ ਬੇਲੋੜੀ ਲੈਕਚਰਬਾਜ਼ੀ, ਮਾਰਧਾੜ ਅਤੇ ਗਾਲੀਗਲੋਚ ਦੀ ਥਾਂ ਬੜੇ ਹੀ ਰੋਮਾਂਚਕ ਤਰੀਕੇ ਨਾਲ ਇਕ ਰਿਯਲਿਸਟਿਕ ਸਿਨੇਮਾ ਦੀ ਤਰਜ ਤੇ ਪੇਸ਼ਕਾਰੀ ਤੁਹਾਨੂੰ ਜ਼ਰੂਰ ਹੀ ਇਕ ਸੁਨੇਹਾ ਅਤੇ ਮਨੋਰੰਜਨ ਭਰਪੂਰ ਪਰਿਵਾਰਕ ਸਿਨੇਮਾ ਦਾ ਅਹਿਸਾਸ ਕਰਵਾਏਗੀ।
ਚੰਗਾ ਸਿਨੇਮਾ ਬਨਾਉਣ ਅਤੇ ਵਿਖਾਉਣ ਦੇ ਚਾਹਵਾਨ/ਹੁਨਰਬਾਜ਼ ਤਾਂ ਬਹੁਤ ਨੇ ਅਤੇ ਲੋਕ ਅਜਿਹੀਆਂ ਪੁਖਤਾ ਪੇਸ਼ਕਾਰੀਆਂ ਵੇਖਣਾ ਵੀ ਚਾਹੁੰਦੇ ਹਨ ਪਰ ਗੱਲ ਮੁੱਕਦੀ ਹੈ ਸਿਰਫ ਮੌਕੇ ਮਿਲਣ ਤੇ ?
ਅੱਜ ਦੇ ਕਮਰਸ਼ੀਅਲ ਯੁੱਗ ਵਿਚ ਜਿੱਥੇ ‘ਸਿਨਮਾ ਦੇ ਅਰਥਾਂ’ ਤੋਂ ਭਟਕ ਕੇ ਸਿਰਫ ਪੈਸੇ ਦੀ ਵਾਪਸੀ ਨੂੰ ਨਾਪ-ਤੋਲ ਕੇ ਹੀ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ ਤਾਂ ਨਵੀਂ ਪ੍ਰਤਿਭਾ ਨੂੰ ਮੌਕੇ ਮਿਲਣ ਦੀ ਸੰਭਾਵਨਾ ਘਟਣੀ ਸੁਭਾਵਿਕ ਹੈ,ਕਿਉਂਕਿ ਰਿਸਕ ਲੈਣ ਨੂੰ ਕੋਈ ਤਿਆਰ ਨਹੀਂ।
ਐਸੇ ਸਮੇਂ ਵਿਚ ਆਪਣੇ ਰਸਤੇ ਆਪ ਤਲਾਸ਼ਨ ਅਤੇ ਚੰਗਾ ਸਿਨੇਮਾ ਸਿਰਜਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਅਤੇ ਹੋਰਨਾਂ ਦਾ ਚੰਗਾ ਹੁਨਰ ਸਿਨੇ ਦਰਸ਼ਕਾਂ ਅੱਗੇ ਲਿਆਉਣ ਦੇ ਸੰਕਲਪ ਨਾਲ ਆਪਣੇ ਹੁਨਰ ਅਤੇ ਬਲਬੂਤੇ ਨਾਲ ਅੱਗੇ ਵੱਧ ਰਹੇ ਨੌਜਵਾਨ ਲੇਖਕ,ਨਿਰਮਾਤਾ ਅਤੇ ਨਿਰਦੇਸ਼ਕ ‘ਰੈਬੀ ਟਿਵਾਨਾ” ਦੀ ਸਿਰਜਨਾ ਵੈੱਬਸੀਰੀਜ਼ ‘ਖੜਪੰਚ’ ਪਹਿਲੀ ਨਹੀਂ ਹੈ।
ਰੈਬੀ ਨੇ ਸਿਨੇਮਾ ਪ੍ਰਤੀ ਆਪਣੇ ਹੁਨਰ ਦੇ ਨਾਲ ਨਾਲ ਜਜ਼ਬੇ, ਜਨੂੰਨ, ਦੂਰਅੰਦੇਸ਼ੀ ਅਤੇ ਆਤਮ ਵਿਸ਼ਵਾਸ ਸਦਕਾ ਆਪਣੀਆਂ ਲਿਖੀਆਂ ਦੋ ਬੇਹੱਦ ਕਾਮਯਾਬ ਅਤੇ ਸਲਾਹੁਣਯੋਗ ਪੰਜਾਬੀ ਵੈੱਬਸੀਰੀਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ ਅਤੇ ‘ਯਾਰ ਚੱਲੇ ਬਾਹਰ’ ਦਾ ਨਿਰਮਾਣ-ਨਿਰਦੇਸ਼ਨ ਕਰ ਕੇ ਆਪਣੇ ਵਿਲਖਣ ਸਿਨੇਮਾ ਦੀ ਕਾਮਯਾਬ ਦੁਨੀਆਂ ਖੁਦ ਹੀ ਵਸਾਈ ਅਤੇ ਦੂਜਿਆਂ ਨੂੰ ਆਪਣੇ ਕੰਮ ਨਾਲ ਐਸਾ ਆਕਰਸ਼ਿਤ ਕੀਤਾ ਕਿ ਜਿੱਥੇ ਸਿਨੇਮਾ ਵਾਲੇ ਲੋਕਾਂ ਦਾ ਧਿਆਨ ਰੈਬੀ ਟਿਵਾਨਾ ਦੇ “ਟ੍ਰੋਲ ਪੰਜਾਬੀ” ਦੀ ਲੋਕਪ੍ਰਿਯਤਾ ਵੱਲ ਵਧਿਆ, ਓੱਥੇ ਹਰ ਉਭਰਦਾ ਨੌਜਵਾਨ ਐਕਟਰ ਇਸ ਨਾਲ ਕੰਮ ਕਰਨ ਦਾ ਇੱਛਕ ਹੈ।
ਆਪਣੀਆਂ ਪਹਿਲੀਆਂ ਵੈੱਬਸੀਰੀਜ਼ ਦੇ ਰੋਮਾਂਚਕ ਅਤੇ ਅਰਥ ਭਰਪੂਰ ਵਿਸ਼ਿਆਂ ਰਾਹੀਂ ਰੈਬੀ ਟਿਵਾਨਾ ਨੇ ਕਾਲਜ ਲਾਈਫ ਅਤੇ ਉਸ ਤੋਂ ਬਾਅਦ ਕਾਮਯਾਬ ਹੋਣ ਲਈ ਉਤਾਵਲੇ ਨੌਜਵਾਨ ਮੁੰਡੇ-ਕੁੜੀਆਂ ਦੇ ਦਿਲ ਦੀ ਗੱਲ ਘਰ ਘਰ ਮਨੋਰੰਜਨ ਭਰਪੂਰ ਤਰੀਕੇ ਨਾਲ ਬਾਖੂਬੀ ਪਹੁੰਚਾਈ ਅਤੇ ਇਹਨਾਂ ਵਿਚ ਕੰਮ ਕਰਨ ਵਾਲੇ ਸਾਰੇ ਦੇ ਸਾਰੇ ਨਵੇਂ ਅਤੇ ਅਦਾਕਾਰੀ ਵਿਚ ਨਿਪੁੰਨ ਕਲਾਕਾਰਾਂ ਦੀ ਆਪਣੀ ਸੂਝ-ਬੂਝ ਨਾਲ ਚੋਣ ਕਰ ਕੇ ,ਉਹਨਾਂ ਲਈ ਅਜਿਹਾ ਕਾਮਯਾਬ ਮੁਕਾਮ ਸਿਰਜਿਆ ਕਿ ਹੁਣ ਉਹ ਕਿਸੇ ਹੋਰ ਜਾਣ-ਪਛਾਣ ਦੇ ਮੁਹਤਾਜ ਨਹੀਂ ਰਹੇ।
ਤੇ ਹੁਣ ਰੈਬੀ ਨੇ ਇਸੇ ਤਰਜ਼ ਤੇ ਆਪਣੀ ਨਿਵੇਕਲੀ ਸੋਚ ਰਾਹੀਂ ਪੰਜਾਬ ਵਿਚ ਨਸ਼ਿਆਂ ਦੀ ਫੈਲਦੀ ਅੱਗ ਵਰਗੇ ਗੰਭੀਰ ਮੁੱਦੇ ਨੂੰ ਇਸ ਵੈੱਬਸੀਰੀਜ਼ ਦਾ ਹਿੱਸਾ ਬਣਾ ਕੇ ਸਸਪੈਂਸ-ਥ੍ਰਿਲ ਵਿਧੀ ਦਾ ਆਕਰਸ਼ਕ ਉਪਯੋਗ ਕਰਦਿਆਂ ਜਿੱਥੇ ਆਪਣੀ ਲੇਖਣੀ ਦੇ ਹੁਨਰ ਦੀ ਵਿਲੱਖਣਤਾ ਸਾਬਤ ਕੀਤੀ ਹੈ ਉੱਥੇ ਇਕ ਵਿਜ਼ਨਰੀ ਨਿਰਦੇਸ਼ਕ ਦੀ ਕਿਸੇ ਵਿਸ਼ੇ ਨੂੰ ਪੇਸ਼ ਕਰਨ ਦੀ ਕਲਾਤਮਿਕ ਖੂਬੀ ਵੀ ਇਸ ਵੈੱਬਸੀਰੀਜ਼ ਰਾਹੀਂ ਸਾਹਮਣੇ ਆਉਂਦੀ ਹੈ।
ਜ਼ਿਕਰਯੋਗ ਹੈ ਕਿ ਇੱਥੇ ਲੇਖਕ-ਨਿਰਦੇਸ਼ਕ ਵਜੋਂ ਇਹਨਾਂ ਦੋਨੋ ਖੂਬੀਆਂ ਦਾ ਮਾਲਕ ਵੀ ਇੱਕਲਾ ਰੈਬੀ ਟਿਵਾਨਾ ਹੀ ਹੈ ਅਤੇ ਇਸ ਨਾਲ ਰੈਬੀ ਦੀ ਤੀਜੀ ਖੂਬੀ ਵੀ ਜੁੜੀ ਹੈ ਕਿ ਉਸ ਨੇ ਇਸ ਵੈੱਬਸੀਰੀਜ ਨੂੰ ਐਡਿਟ ਵੀ ਖੁਦ ਕੀਤਾ ਹੈ।ਫ਼ਿਲਮ ਦੇ ਬਜ਼ਟ,ਮੇਕਿੰਗ ਅਤੇ ਪੇਸ਼ਕਾਰੀ ਵਿਚ ਫ਼ਿਲਮ ਐਡੀਟਿੰਗ ਦੇ ਹੁਨਰ ਦਾ ਵੀ ਅਹਿਮ ਸਥਾਨ ਹੁੰਦਾ ਹੈ ਅਤੇ ਇਕ ਨਿਰਦੇਸ਼ਕ ਵਿਚ ਇਸ ਦਾ ਹੋਣਾ ਸੋਨੇ ਤੇ ਸੋਹਾਗੇ ਨਾਲੋਂ ਘੱਟ ਨਹੀਂ।
ਆਓ ਰਲ ਕੇ ਅਜਿਹੇ ਸਿਨੇਮਾ ਨੂੰ ਵੱਧ ਤੋਂ ਵੱਧ ਵੇਖ ਕੇ ਇਸ ਵਿਚਲੇ ਕਲਾਕਾਰਾਂ ਸਮੇਤ ਸਾਰੀ ਟੀਮ ਦੀ ਹੌਸਲਾ ਅਫ਼ਜ਼ਾਈ ਕਰੀਏ।
ਪੰਜਾਬੀ ਸਕਰੀਨ ਅਦਾਰੇ ਵੱਲੋਂ ਰੈਬੀ ਟਿਵਾਨਾ Rabby Tiwana ਸਮੇਤ ਸਾਰੀ ਟੀਮ ਬਹੁਤ ਬਹੁਤ ਵਧਾਈਆਂ।
-ਦਲਜੀਤ ਸਿੰਘ ਅਰੋੜਾ