Movie Reviews

ਫ਼ਿਲਮ ਸਮੀਖਿਆ-‘ਸਿਕਸ ਈਚ’-ਫ਼ਿਲਮ ਐਸੀ ਬਣੇ ਕਿ ਦਰਸ਼ਕ ਖੁਦ ਫ਼ਿਲਮ ਵੇਖਣ ਲਈ ਮਜਬੂਰ ਹੋਵੇ ਨਾ ਕਿ ਦਰਸ਼ਕਾਂ ਅੱਗੇ ਗੁਹਾਰ ਲਗਾਉਣੀ ਪਵੇ।

Written by Daljit Arora
ਫ਼ਿਲਮ ਸਮੀਖਿਆ-‘ਸਿਕਸ ਈਚ’
—————–
ਫ਼ਿਲਮ ਐਸੀ ਬਣੇ ਕਿ ਦਰਸ਼ਕ ਖੁਦ ਫ਼ਿਲਮ ਵੇਖਣ ਲਈ ਮਜਬੂਰ ਹੋਵੇ ਨਾ ਕਿ ਦਰਸ਼ਕਾਂ ਅੱਗੇ ਗੁਹਾਰ 🙏 ਲਗਾਉਣੀ ਪਵੇ। -ਦਲਜੀਤ ਸਿੰਘ ਅਰੋੜਾ #filmreview #sixeachpunjabimovie
🎞🎞🤔🤔
ਗੱਲ “ਸਿਕਸ ਈਚ” ਦੀ ਤਾਂ
ਜੇ ਮੈਂ ਜਾਂ ਮੇਰੇ ਵਰਗਾ ਕੋਈ ਹੋਰ ਆਮ ਦਰਸ਼ਕ ਇਹ ਫ਼ਿਲਮ ਸਿਨੇਮਾ ਘਰ ਵਿਚ ਜਾ ਕੇ ਦੇਖਦਾ ਹਾਂ ਤਾਂ ਸੁਭਾਵਿਕ ਹੈ ਕਿ ਉਸ ਦੀ ਇੱਛਾ ਇਸ ਫ਼ਿਲਮ ਦਾ ਅਧਾਰ ਬਣਾ ਕੇ ਪ੍ਰਚਾਰੇ ਗਏ ਪੰਜਾਬ ਅੰਦਰ ਵਾਪਰੇ ਕਿਸੇ ‘ਰੀਅਲ ਇੰਨਸੀਡੈਂਟ’ ਨੂੰ ਪਰਦੇ ਤੇ ਵੇਖਣ ਦੀ ਹੋਵੇਗੀ ਜਿਸ ਵਿਚ ਇਕ ਲੜਕੀ ਨੇ ਕਿਸੇ ਮੁੰਡੇ ਨੂੰ ਵਿਦੇਸ਼ ਲੈ ਕੇ ਜਾਣ ਦੇ ਬਹਾਨੇ ਉਸ ਨਾਲ ਵਿਆਹ ਕਰਵਾ ਲਿਆ ਤੇ ਮੁੰਡੇ ਦਾ ਖਰਚਾ ਕਰਵਾ ਕੇ ਆਪ ਬਾਹਰ ਚਲੀ ਗਈ ਅਤੇ ਵਿਦੇਸ਼ ਜਾ ਕੇ ਮੁੰਡੇ ਨੂੰ ਬੁਲਾਇਆ ਹੀ ਨਹੀਂ ਅਤੇ ਉਸ ਮੁੰਡੇ ਨੇ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰਕੇ ਆਤਮਾ ਹੱਤਿਆ ਕਰ ਲਈ, ਤੇ ਅੱਗੋ ਕੀ ਹੋਇਆ ਵਗੈਰਾ ਵਗੈਰਾ.. ?
ਕਹਾਣੀ ਤਾਂ ਮੈਂ ਇਸ ਤੋਂ ਵੱਧ ਨਹੀਂ ਦੱਸਾਂਗਾ ਤੇ ਫ਼ਿਲਮ ਦਾ ਵਿਸ਼ਾ ਵੀ ਤੁਸੀਂ ਸਮਝ ਗਏ ਹੋ।
ਫ਼ਿਲਮ ਅੱਗੇ ਤੁਰਦੀ ਹੈ ਤਾਂ ਅੰਤਰਾਲ ਤੱਕ ਮੈਨੂੰ ਵੀ ਠੀਕ ਲੱਗ ਰਿਹਾ ਸੀ ਕਿ ਲੇਖਕ-ਨਿਰਦੇਸ਼ਕ ਸਹੀ ਟਰੈਕ ਤੇ ਜਾ ਰਿਹਾ ਹੈ, ਪਰ ਅਚਾਨਕ ਲੇਖਕ ਵੱਲੋਂ ਇਸ ਸੱਚੀ ਘਟਨਾ ਤੇ ਬਣੀ ਜਾਪਦੀ ਫ਼ਿਲਮ ਦੇ ਨਾਲ ਇਕ ਮਨਘੜਤ ਕਹਾਣੀ ਜੋੜ ਲਈ ਜਾਂਦੀ ਹੈ ਜਿਸ ਨਾਲ ਰੀਅਲਿਸਟਿਕ ਸਿਨੇਮਾ ਦੇਖਣ ਵਾਲੇ ਦਰਸ਼ਕ ਨੂੰ ਝੱਟਕਾ ਲੱਗਦਾ ਹੈ।
ਖੈਰ ਕਹਾਣੀ ਅੱਗੇ ਤੁਰਦੀ ਹੈ ਤਾਂ ਮੈਂ ਇਸ ਨੂੰ ਅਸਲੀਅਤ ਤੋਂ ਵੱਖ ਸਮਝ ਕੇ ਇਕ ਆਮ ਸਸਪੈਂਸ/ਥ੍ਰਿਲਰ ਫ਼ਿਲਮੀ ਡਰਾਮੇ ਵਾਂਗੂ ਦੇਖਦਾ ਹੋਇਆ ਫਿਰ ਤੋਂ ਫ਼ਿਲਮ ਨਾਲ ਜੁੜ ਜਾਂਦਾ ਹੈ ਕਿ ਚੱਲੋ ਇਕ ਮਨੋਰੰਜਨ ਭਰਪੂਰ ਫ਼ਿਲਮ ਹੀ ਸਹੀ। ਘੱਟੋ-ਘੱਟ ਕੋਈ ਹੱਟਵੇਂ ਵਿਸ਼ੇ ਦੀ ਪੰਜਾਬੀ ਫਿਲਮ ਤਾਂ ਵੇਖਣ ਨੂੰ ਮਿਲੀ,ਜਿਸ ਦਾ ਬੈਕਗਰਾਉਂਡ ਸਕੋਰ ਅਤੇ ਗੀਤ-ਸੰਗੀਤ ਵੀ ਸੋਹਣਾ ਲੱਗਿਆ।
ਹੁਣ ਇਸ ਫ਼ਿਲਮ ਦੀ ਦਿਲਚਸਪ ਕਹਾਣੀ ਆਪਣੇ ਰਵਾਇਤਨ ਫਿਲਮੀ ਹੈਪੀ ਐਂਡਿੰਗ ਵਾਂਗ ਆਪਣੇ ਆਖਰੀ ਪੜਾਅ ਤੇ ਪਹੁੰਚਦੀ ਹੈ।
ਇੱਥੇ ਫਿਲਮ ਦੇ ਕਲਾਈਮੈਕਸ ਦੀ ਗੱਲ ਦੱਸਣ ਤੋਂ ਪਹਿਲਾ ਮੈਂ ਇਕ ਸਿੰਬੋਲਿਕ ਗੱਲ ਕਰਨਾ ਚਾਹੁੰਦਾ ਹਾਂ ਕਿ ਜੇ ਫ਼ਿਲਮ ਬਨਾਉਣ ਦਾ ਮਕਸਦ ਕਿਸੇ ਕ੍ਰਿਮਿਨਲ ਦਾ ਮਾੜਾ ਅੰਤ ਵਿਖਾ ਕੇ ਪੰਜਾਬੀ ਦਰਸ਼ਕਾਂ ਅਤੇ ਸਮਾਜ ਨੂੰ ਇਹ ਸੁਨੇਹਾ ਦੇਣਾ ਹੈ ਕਿ ਇਹੋ ਜਿਹੇ ਲੋਕਾਂ ਦੇ ਜਾਲ ਵਿਚ ਨਾ ਫਸੋ, ਤਾਂ ਫਿਰ ਲੇਖਕ ਇਸ ਫ਼ਿਲਮ ਵਿਚ ਆਪਣੀ ਦਿਸ਼ਾ ਤੋਂ ਪੂਰੀ ਤਰਾਂ ਭਟਕ ਗਿਆ,ਕਿਉਂਕਿ ਫ਼ਿਲਮ ਵਿਚਲੇ ਮੁੱਖ ਦੋਸ਼ੀ ਨੂੰ ਠੋਸ ਸਬੂਤਾਂ ਅਤੇ ਮਜਬੂਤ ਦਲੀਲਾਂ ਨਾਲ ਕੋਰਟ ਵਿਚ ਨਿਰਦੋਸ਼ ਸਾਬਤ ਕਰ ਦਿੱਤਾ ਜਾਂਦਾ ਹੈ ਅਤੇ ਲੋਕਾਂ ਦੀ ਹਮਦਰਦੀ ਉਸ ਦੋਸ਼ੀ ਨਾਲ ਹੁੰਦੀ ਵਿਖਾਈ ਦਿੰਦੀ ਸੈ,ਜਿਸ ਦੇ ਮਾੜੇ ਕੰਮਾਂ ਦਾ ਅੰਤ ਵੇਖਣ ਲਈ
ਮੇਰੇ ਵਰਗਾ ਆਮ ਦਰਸ਼ਕ ਫ਼ਿਲਮ ਵੇਖਣ ਗਿਆ ਹੈ।
ਹੁਣ ਗੱਲ ਫ਼ਿਲਮ ਦੇ ਅੰਤ ਦੀ ਤਾਂ ਹੈਰਾਨੀ ਓਦੋਂ ਹੋਰ ਵੀ ਵੱਧ ਗਈ ਜਦੋਂ ਲੇਖਕ ਨੇ ਫਿਰ ਇਸ ਫ਼ਿਲਮ ਦੀ ਕਹਾਣੀ ਦਾ ਪਾਸਾ ਪਲਟਣ ਦੀ ਕੋਸ਼ਿਸ਼ ਵਿਚ ਇਸ ਨੂੰ ਸ਼ੁਰੂ ਵਾਲੇ ਦੋਸ਼ੀ ਵੱਲੋਂ ਕੀਤੀ ਧੋਖਾਧੜੀ ਵਾਲੇ ਟਰੈਕ ਨਾਲ ਜੋੜਦਿਆਂ ਅਦਾਲਤ ਵਿਚ ਖੁਦ ਹੀ ਨਿਰਦੋਸ਼ ਸਾਬਤ ਕੀਤੇ ਵਿਅਕਤੀ ਨੂੰ ਸਜਾ ਦੇਣ ਦੀ ਸਿਫਾਰਸ਼ ਮੌਕੇ ਮੁਤਾਬਕ ਕੁਝ ਅਢੁਕਵੇਂ ਸੰਵਾਦਾਂ ਰੂਪੀ ਸਪੀਚ ਨਾਲ ਇਹ ਕਹਿ ਕੇ ਕੀਤੀ ਕਿ ਜੱਜ ਸਾਹਬ ਭਾਵੇਂ ਇਹ ਦੋਸ਼ੀ ਸਾਬਤ ਨਹੀਂ ਹੋਇਆ ਪਰ ਇਹਦੇ ਵਰਗੇ ਹੋਰ ਕਈ ਦੋਸ਼ੀ ਤਾਂ ਹਨ ਸਮਾਜ ਵਿਚ, ਇਸ ਲਈ ਦੇ ਇਸਨੂੰ ਸਜਾ ਦਿੱਤੀ ਜਾਂਦੀ ਹੈ ਤਾਂ ਬਾਕੀਆਂ ਲਈ ਇਕ ਉਦਹਾਰਣ ਬਣੇਗੀ।
ਜ਼ਰਾ ਹੁਣ ਸੋਚ ਕੇ ਵੇਖੋ ਕਿ ਜੱਜ ਸਾਹਬ ਲਈ ਕਿਵੇਂ ਮੁਨਾਸਿਬ ਹੋਵੇਗਾ ਕਿ ਅਦਾਲਤ ਵਿਚ ਨਿਰਦੋਸ਼ ਸਾਬਤ ਹੋ ਚੁੱਕੇ ਕਿਸੇ ਵਿਅਕਤੀ ਨੂੰ ਸਜਾ ਸੁਣਾ ਦੇਣ।
ਇਕ ਆਮ ਦਰਸ਼ਕ ਦੀ ਸੋਚ ਮੁਤਾਬਕ ਚਾਹੀਦਾ ਤਾਂ ਇਹ ਸੀ ਕਿ
ਜਾਂ ਤਾਂ ਫ਼ਿਲਮ ਨੂੰ ਹੈਪੀ ਐਂਡਿੰਗ ਵਾਲੇ ਸੀਨ ਤੇ ਮੁਕਾ ਦਿੰਦੇ ਅਤੇ ਨਿਰਦੋਸ਼ ਸਾਬਤ ਹੋਇਆ ਬੰਦਾ ਆਪਣੇ ਘਰ ਪਹੁੰਚ ਜਾਂਦਾ ਜਾਂ ਫਿਰ ਉਸ ਤੇ ਲੱਗੇ ਦੋਸ਼ ਸਹੀ ਸਾਬਤ ਹੁੰਦੇ ਅਤੇ ਫ਼ਿਲਮ ਸਹੀ ਦਿਸ਼ਾ ਤੇ ਟਿਕੀ ਰਹਿ ਕੇ ਉਸ ਦੀ ਸਜਾ ਨਾਲ ਸਮਾਪਤ ਹੁੰਦੀ ਅਤੇ ਜਿਸ ਘਟਨਾ ਨੂੰ ਅਧਾਰ ਬਣਾ ਕਿ ਫ਼ਿਲਮ ਬਣਾਈ ਗਈ ਉਸ ਵਿਚਲੇ ਪੀੜਤ ਪਰਿਵਾਰ ਦੀ ਗੱਲ ਸਮਾਜ ਤੱਕ ਪਹੁੰਚਦੀ।
ਖੈਰ ! ਲੇਖਕ-ਨਿਰਦੇਸ਼ਕ ਨੇ ਪਹਿਲੀ ਵਾਰ ਤਾਂ ਅੰਤਰਾਲ ਵੇਲੇ ਖੁਦ ਹੀ ਕਹਾਣੀ ਨੂੰ ਲੀਹੋਂ ਲਾ ਦਿੱਤਾ ਅਤੇ ਅੰਤ ਵੇਲੇ ਇਕ ਵਾਰ ਫਿਰ ਉਲਝ ਗਿਆ ਕਿ ਫ਼ਿਲਮ ਦਾ ਜਸਟੀਫਾਈਡ ਤਰੀਕੇ ਨਾਲ ਅੰਤ ਕਿਵੇਂ ਕਰਨਾ ਹੈ ? ਹੁਣ ਇੱਥੇ ਦਰਸ਼ਕ ਦਾ ਕਰਫਿਊਜ਼ ਹੋਣਾ ਵੀ ਸੁਭਾਵਿਕ ਹੈ, ਕਿ ਆਖਰ ਉਹ ਇਸ ਫ਼ਿਲਮ ਤੋਂ ਕੀ ਸਿੱਖਿਆ ਲੈ ਕੇ ਚੱਲਿਆ ਹੈ ?
ਦੂਜੀ ਜ਼ਰੂਰੀ ਗੱਲ ਕਿ ਫ਼ਿਲਮ ਦਾ ਨਾਮ, ਜਿਸ ਨੂੰ ਸਮਝਣ ਲਈ ਪਹਿਲਾਂ ਫ਼ਿਲਮ ਦੇਖਣੀ ਪਵੇ ਤਾਂ ਸਮਝੋ ਅੱਧੇ ਦਰਸ਼ਕ ਤੁਸਾਂ ਪਹਿਲਾਂ ਹੀ ਗਵਾ ਲਏ।
ਮੈਂ ਪਹਿਲਾਂ ਵੀ ਬੜੀ ਵਾਰ ਲਿਖ ਚੁੱਕਿਆ ਹਾਂ ਕਿ ਫ਼ਿਲਮ ਦਾ ਨਾਮ ਉਹ ਹੋਣਾ ਚਾਹੀਦਾ ਹੈ ਜਿਸ ਦਾ ਮਤਲਬ ਇਕ ਅੰਗੂਠਾ ਛਾਪ ਦਰਸ਼ਕ ਨੂੰ ਵੀ ਸਮਝ ਆ ਜਾਵੇ ਵਰਨਾ ਇਹੋ ਜਿਹੀਆਂ ਵੱਖਰੇ ਜਿਹੇ ਨਾਵਾਂ ਵਾਲੀਆਂ ਫ਼ਿਲਮਾ ਅੱਜ-ਕੱਲ੍ਹ ਓ.ਟੀ.ਟੀ. ਪਲੇਟਫਾਰਮ ਵਾਸਤੇ ਹੀ ਠੀਕ ਸਮਝੀਆਂ ਜਾਣ ਲੱਗ ਪਈਆਂ ਹਨ।
ਚਲੋ ਹੁਣ ਮੈਂ ਵੀ ਆਪਣੀ ਗੱਲ ਮੁਕਾਉਂਦਾ ਹਾਂ ਕਿ ਫ਼ਿਲਮ ਦੇ ਲੇਖਕ-ਨਿਰਦੇਸ਼ਕ ਅਤੇ ਨਿਰਮਾਤਾ ਦੀ ਸੋਚ ਤਾਂ ਬਿਲਕੁਲ ਠੀਕ ਹੈ ਕਿ ਉਹਨਾ ਨੇ ਇਕ ਵੱਖਰਾ ਸਿਨੇਮਾ ਪੰਜਾਬੀ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਇਹ ਵਿਸ਼ਾ ਚੁਣਿਆ, ਜੋ ਮਜਬੂਤ ਵੀ ਸੀ ਅਤੇ ਚੰਗਾ ਉਪਰਾਲਾ ਵੀ। ਪਰ ਇਹੋ ਜਿਹੇ ਵਿਸ਼ੇ ਹਰ ਪਾਸਿਓਂ ਬਹੁਤ ਮਿਹਨਤ ਵੀ ਮੰਗਦੇ ਹਨ ਇਹ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ।
ਬਾਕੀ ਇਸ ਫ਼ਿਲਮ ਦੇ ਮੇਕਰਾਂ ਵੱਲੋ ਦਰਸ਼ਕਾਂ ਨੂੰ ਇਹ ਫ਼ਿਲਮ ਜ਼ਰੂਰ ਵੇਖਣ ਲਈ ਬਾਰ ਬਾਰ ਕਹਿਣਾ ਜਾਂ ਦਰਸ਼ਕ ਘੱਟ ਮਿਲਣ ਤੇ ਹੌਸਲਾ ਛੱਡਦੇ ਹੋਏ ਇਹ ਕਹਿਣਾ ਕਿ ਜੇ ਹਾਊਸ ਫੁੱਲ ਨਾ ਹੋਏ ਤਾਂ ਦੁਬਾਰਾ ਅਸੀਂ ਇਹੋ ਜਿਹੀ ਫ਼ਿਲਮ ਬਨਾਉਣ ਦੀ ਕੋਸ਼ਿਸ਼ ਹੀ ਨਹੀ ਕਰਾਂਗੇ ਆਦਿ ਨਾਲ ਦਰਸ਼ਕਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਜ਼ਰੂਰੀ ਨਹੀਂ ਕਿ ਦਰਸ਼ਕ ਹਰ ਚੰਗੀ ਫ਼ਿਲਮ ਨੂੰ ਵੀ ਵੇਖੇ।
ਇਹੋ ਜਿਹੇ ਸਬਜੈਕਟਿਵ ਸਿਨੇਮਾ ਲਈ ਦਰਸ਼ਕ ਵਰਗ ਹੌਲੀ ਹੌਲੀ ਬਣਦਾ ਹੈ,ਇਸ ਲਈ ਆਪਣੀ ਲੀਕ ਤੇ ਚਲਦਿਆਂ ਪੈਰਲਰ ਸਿਨੇਮਾ ਵਿਚ ਲਗਾਤਾਰਤਾ ਜ਼ਰੂਰੀ ਹੈ,ਜੇ ਲੱਗੇ ਰਹੋਗੇ ਤਾਂ ਦਰਸ਼ਕਾਂ ਨਾਲ ਭਰੇ ਸਿਨੇਮਾ ਹਾਲ ਵੀ ਜ਼ਰੂਰ ਨਜ਼ਰ ਆਉਣਗੇ ਅਤੇ ਤੁਹਾਨੂੰ ਪ੍ਰਸ਼ੰਸਾ ਵੀ ਮਿਲੇਗੀ। ਬਾਕੀ ਜੇ ਦਰਸ਼ਕਾਂ ਦੀ ਮਰਜ਼ੀ ਨਾ ਹੋਵੇ ਤਾਂ 5/5ਸੌ ਕਰੋੜ ਨਾਲ ਬਣੀਆਂ ਫ਼ਿਲਮਾਂ ਵੀ ਨਹੀਂ ਚਲਦੀਆ, ਸੋ ਜੇ ਤੁਸੀਂ ਰੈਗੂਲਰ ਫ਼ਿਲਮ ਮੇਕਰ ਹੋ ਤਾਂ ਆਪਣੇ ਸਿਨੇਮਾ ਦੀ ਪਹਿਚਾਣ ਐਸੀ ਬਣਾਓ ਕਿ ਦਰਸ਼ਕ ਮਜਬੂਰ ਹੋ ਕਿ ਤੁਹਾਡੀ ਫ਼ਿਲਮ ਵੇਖੇ ਨਾ ਕਿ ਤੁਹਾਨੂੰ ਦਰਸ਼ਕਾਂ ਅੱਗੇ ਤਰਲੇ-ਮਿੰਨਤਾ ਕਰਨੀਆਂ ਪੈਣ।
ਬਾਕੀ ਫ਼ਿਲਮ ਨਿਰਮਾਤਾ, ਲੇਖਕ ਅਤੇ ਅਦਾਕਾਰ ਹਰਦੀਪ ਗਰੇਵਾਲ, ਨਿਰਦੇਸ਼ਕ ਗੈਰੀ ਖਤਰਾਓ ਅਤੇ ਫ਼ਿਲਮ ਵਿਚਲੇ ਅਦਾਕਾਰ ਹਰਦੀਪ ਗਰੇਵਾਲ, ਅਮਨਿੰਦਰ ਪਾਲ,ਮੈਂਡੀ ਤੱਖਰ,ਹਰਿੰਦਰ ਭੁੱਲਰ, ਸੁਖਦੇਵ ਬਰਨਾਲਾ,ਬਲਜਿੰਦਰ ਕੌਰ, ਸੰਜੂ ਸੋਲੰਕੀ, ਮਲਕੀਤ ਰੋਣੀ,ਅਨੀਤਾ ਮੀਤ, ਗੁਰਪ੍ਰੀਤ ਤੋਤੀ ਅਤੇ ਰਾਜਵੀਰ ਕੌਰ ਆਦਿ ਸਭ ਨੇ ਆਪਣੇ-ਆਪਣੇ ਕੰਮ ਨੂੰ ਬਾਖੂਬੀ ਅੰਜਾਮ ਦੇਣ ਲਈ ਪੂਰੀ ਪੂਰੀ ਵਾਅ ਲਾਈ ਹੈ। ਸੋ ਸਭ ਨੂੰ ਪੰਜਾਬੀ ਸਕਰੀਨ ਅਦਾਰੇ ਵੱਲੋ ਇਸ ਚੰਗੀ ਕੋਸ਼ਿਸ਼ ਲਈ ਮੁਬਾਰਕਾਂ ਅਤੇ ਸ਼ੁੱਭ ਇੱਛਾਵਾਂ।

Comments & Suggestions

Comments & Suggestions

About the author

Daljit Arora