RIP #Dheerajkumar
ਅੱਜ ਮੁੰਬਈ ਦੇ ਕੋਕਿਲਾਬੇਨ, ਹਸਪਤਾਲ ਵਿੱਚ ਨਿਮੋਨਿਆ ਦੇ ਜ਼ੇਰ-ਏ-ਇਲਾਜ ਧੀਰਜ ਕੁਮਾਰ ਅਕਾਲ ਚਲਾਣਾ ਕਰ ਗਏ ਹਨ। ਪੰਜਾਬੀ ਤੇ ਹਿੰਦੀ ਫ਼ਿਲਮ ਸਨਅਤ ਦੇ ਨਾਲ-ਨਾਲ ਟੈਲੀਵਿਜ਼ਨ ਦੀ ਦੁਨੀਆ ਨੂੰ ਆਪਣੀ ਵੱਡੀ ਦੇਣ ਸਦਕਾ ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ।
ਲਾਹੌਰ, ਪੰਜਾਬ ‘ਚ ਜਨਮੇ ਪੁਰਸ਼ੋਤਮ ਦਾਸ ਕੋਛੜ ਉਰਫ਼ ਧੀਰਜ ਕੁਮਾਰ ਨੇ ਆਪਣੇ ਫ਼ਨੀ ਸਫ਼ਰ ਦੀ ਇਬਤਿਦਾ ਰੰਗਲੋਕ ਪ੍ਰੋਡਕਸ਼ਨਸ ਦੀ ਹਿੰਦੀ ਫ਼ਿਲਮ ‘ਰਾਤੋਂ ਕਾ ਰਾਜਾ’ (1970) ਤੋਂ ਕੀਤੀ ਸੀ, ਜਿਸ ਦੇ ਹਿਦਾਇਤਕਾਰ ਰਾਜੇਸ਼ ਨਾਹਟਾ ਸਨ।
ਪੰਜਾਬੀ ਫ਼ਿਲਮਾਂ ਵਿੱਚ ਧੀਰਜ ਕੁਮਾਰ ਨੂੰ ਲਿਆਉਣ ਦਾ ਸਿਹਰਾ ਲੁਧਿਆਣੇ ਦੇ ਮਸ਼ਹੂਰ ਫ਼ਿਲਮਸਾਜ਼ ਇੰਦਰਜੀਤ ਸਿੰਘ ਹਸਨਪੁਰੀ ਸਿਰ ਬੱਝਦਾ ਹੈ, ਜਿਹਨਾਂ ਨੇ ਉਸ ਨੂੰ ਆਪਣੇ ਫ਼ਿਲਮਸਾਜ਼ ਅਦਾਰੇ ਲੁਧਿਆਣਾ ਫ਼ਿਲਮਸ, ਲੁਧਿਆਣਾ ਦੀ ਪੰਜਾਬੀ ਫ਼ਿਲਮ ‘ਦਾਜ’ (1976) ਵਿੱਚ ਬਤੌਰ ਹੀਰੋ ਪੇਸ਼ ਕੀਤਾ ਸੀ , ਜਿਸ ਦੇ ਰੂਬਰੂ ਨਵੀਂ ਅਦਾਕਾਰਾ ਦਲਜੀਤ ਕੌਰ ਕੰਮ ਕਰ ਰਹੀ ਸੀ।
ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਉਹਨਾਂ ਨੇ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਅਤੇ ਇੱਕ ਫ਼ਿਲਮਸਾਜ਼ ਤੇ ਹਿਦਾਇਤਕਾਰ ਵਜੋਂ ਕਈ ਮਸ਼ਹੂਰ ਟੈਲੀਵਿਜ਼ਨ ਸੀਰੀਅਲਾਂ ਦਾ ਨਿਰਮਾਣ ਵੀ ਕੀਤਾ।
ਬਤੌਰ ਹੀਰੋ ਧੀਰਜ ਕੁਮਾਰ ਨੇ ਕੁੱਲ 12 ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ, ਜਿਹਨਾਂ ਵਿੱਚੋਂ ਇੱਕੋ ‘ਪੰਜਾਬੀ ਫ਼ਿਲਮ ‘ਪਾਪੀ ਤਰੇ ਅਨੇਕ’ (1976) ਕਿਤੋਂ ਨਹੀਂ ਮਿਲਦੀ ਜੋ ਸੈਂਸਰ ਤਾਂ ਹੋ ਗਈ ਸੀ ਪਰ ਸਿਨਮਾ ਰਿਲੀਜ਼ ਨਹੀਂ ਹੋ ਸਕੀ।
2018 ਵਿੱਚ ਮੈਂ ਧੀਰਜ ਕੁਮਾਰ ਦੀ ਪਹਿਲੀ ਇੰਟਰਵਿਊ ਉਹਨਾਂ ਦੇ ਮੁੰਬਈ ਸਥਿੱਤ Creative Eye ਦੇ ਦਫ਼ਤਰ ਵਿੱਚ ਕੀਤੀ ਸੀ ਜੋ ਮੇਰੇ ਲਈ ਇੰਤਹਾਈ ਦਿਲਚਸਪ ਤੇ ਯਾਦਗਾਰੀ ਸੀ।
ਧੀਰਜ ਕੁਮਾਰ ਦੀ ਸ਼ਖ਼ਸੀਅਤ ਉੱਤੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ ਚੱਲਦੇ ਮੇਰੇ ਕਾਲਮ ‘ਸਿਨੇ ਪੰਜਾਬੀ ਯਾਦਾਂ ਤੇ ਯਾਦਗਾਰਾਂ’ ਵਿੱਚ 11 ਜਨਵਰੀ 2020 ਨੂੰ ਮਜ਼ਮੂਨ ਵੀ ਸ਼ਾਇਆ ਹੋਇਆ ਸੀ।
-ਮਨਦੀਪ ਸਿੰਘ ਸਿੱਧੂ, ਪਟਿਆਲਾ