ਜੇ ਇਸ ਵੀਕੈਂਡ ਤੁਹਾਡਾ ਕੋਈ ਖਾਸ ਰੁਝੇਵਾਂ ਨਾ ਹੋਵੇ ਤਾਂ ਤੁਹਾਨੂੰ ਜੀਓ ਟੀਵੀ ‘ਤੇ ਪਈ ਇਹ ਮਲਿਆਲਮ ਫਿਲਮ ਵੇਖਣੀ ਚਾਹੀਦੀ ਹੈ ਜਿਸ ਦਾ ਟਾਇਟਲ ਹੈ, #ਨਰਿਵੇਤਾ… ਭਾਵ ਲੂੰਬੜ ਦਾ ਸ਼ਿਕਾਰ. ਇੱਕ ਰਚਨਾ, ਜੋ ਦੱਸਦੀ ਹੈ, ਜਦੋਂ ਕੋਈ ਕੌਮ ਬੌਧਕ ਤੌਰ ‘ਤੇ ਵਿਕਾਸ ਕਰ ਜਾਂਦੀ ਹੈ, ਉਸਦੀਆਂ ਪ੍ਰਦਰਸ਼ਨੀ ਕਲਾਵਾਂ ਦੇ ਵਿਸ਼ੇ ਅਤੇ ਪੇਸ਼ਕਾਰੀਆਂ ਕਿਹੋ ਜਿਹੀਆਂ ਹੋ ਜਾਂਦੀਆਂ ਹਨ. ਵਿਚਾਰ ਅਤੇ ਕਲਾਤਮਕ ਸੁਹਜ ਦਾ ਸ਼ਾਨਦਾਰ ਮਿਸ਼ਰਿਨ ਇਹ ਫਿਲਮ ਸਾਡੇ ਪੰਜਾਬੀ ਸਿਨੇਮੇ ਲਈ ਇੱਕ ਸੁਨੇਹਾ ਹੋ ਸਕਦੀ ਹੈ ਕਿ ਜੇ ਅਸੀਂ ਆਪਣੇ ਸਿਨੇਮੇ ਨੂੰ ਇਸ ਤਰ੍ਹਾਂ ਆਪਣੇ ਆਲੇ-ਦੁਆਲੇ ਨਾਲ ਜੋੜ ਸਕੀਏ, ਪੰਜਾਬੀ ਦਰਸ਼ਕ ਸ਼ਰਤੀਆ ਇਸ ਮਾਡਲ ਨੂੰ ਪਸੰਦ ਕਰਨਗੇ.

ਅਭਿਨ ਜੋਸਫ਼ ਦੀ ਲਿਖੀ ਅਨੁਰਾਜ ਮਨੋਹਰ ਵੱਲੋਂ ਨਿਰਦੇਸ਼ਤ ਇਹ ਫਿਲਮ ਕੇਰਲਾ ਦੇ ਮਥੰਗਾ ਅੰਦੋਲਨ (2003) ਉੱਤੇ ਅਧਾਰਿਤ ਹੈ, ਜਿਸ ਵਿੱਚ ਆਪਣੇ ਘਰਾਂ ਲਈ ਲੜ ਰਹੇ ਆਦਿਵਾਸੀਆਂ ਨੂੰ ਪੁਲਿਸ ਨੇ ਬੇਦਰਦੀ ਨਾਲ ਮਾਰਿਆ ਤੇ ਉਨ੍ਹਾਂ ਦੀਆਂ ਲਾਸ਼ਾਂ ਖਪਾ ਦਿੱਤੀਆਂ. ਸਾਰੀ ਫਿਲਮ ਇਸ ਅੰਦੋਲਨ ਦੁਆਲੇ ਘੁੰਮਦੀ ਹੈ ਤੇ ਭਾਰਤੀ ਸਿਆਸਤ ਅਤੇ ਪ੍ਰਸ਼ਾਸਨ ਦਾ ਸਾਜਿਸ਼ੀ ਚਿਹਰਾ ਨੰਗਾ ਕਰਦੀ ਹੈ. ਫਿਲਮ ਦਾ ਕਰਾਫਟ ਕਮਾਲ ਦਾ ਹੈ. ਨਿਰਦੇਸ਼ਕ ਨੇ ਅਸਲ ਜੀਵਨ ਦੇ ਬਹੁਤ ਨੇੜੇ ਰਹਿੰਦਿਆਂ ਇੱਕ ਬੇਹੱਦ ਪ੍ਰਤਿਭਾਸ਼ਾਲੀ ਡਰਾਮਾ ਸਿਰਜਿਆ ਹੈ. ਥੋੜੀ ਧੀਮੀ ਤੋਰ ਜਰੂਰ ਤੁਰਦੀ ਹੈ ਪਰ ਫਿਲਮ ਵਿੱਚ ਪੇਸ਼ ਜੀਵਨ ਅਤੇ ਕਿਰਦਾਰ ਇੰਨੇ ਕੁ ਜੀਵੰਤ ਹਨ ਕਿ ਇੱਕ ਵਾਰ ਤੁਸੀਂ ਉਨ੍ਹਾਂ ਨਾਲ ਜੁੜ ਗਏ, ਫਿਰ ਇੱਕ ਪਲ ਨਹੀਂ ਟੁੱਟ ਸਕਦੇ. ਵਰਗੀਸ (ਤੋਵੀਨੋ ਥਾਮਸ) ਦੇ ਕਿਰਦਾਰ ਦੀ ਇੱਕ ਨਲਾਇਕ ਤੇ ਸੁਪਨ-ਸਾਜ਼ ਮੁੰਡੇ ਤੋਂ ਇੱਕ ਭਾਵੁਕ ਪੁਲਿਸਮੈਣ ਤੇ ਫਿਰ ਸਮਾਜਿਕ ਜਿੰਮੇਵਾਰੀ ਵਾਲੇ ਨਾਇਕ ਤੱਕ ਦੀ ਸ਼ਿਫਟ ਇਸ ਫਿਲਮ ਦਾ ਕੇਂਦਰੀ ਭਾਵ ਹੈ. ਪੁਲਿਸ ਵੱਲੋਂ ਆਦਿਵਾਸੀਆਂ ਉੱਤੇ ਹਮਲੇ ਦਾ ਦਰਿਸ਼ ਇੰਨਾ ਕੁ ਅਸਲੀ ਮਹਿਸੂਸ ਹੁੰਦਾ ਹੈ ਕਿ ‘ਸੇਵਿੰਗ ਪ੍ਰਾਈਵੇਟ ਰਾਇਨ’ ਤੋਂ ਬਾਅਦ ਮੈਂ ਅੱਜ ਕਿਸੇ ਫਿਲਮ ਨੂੰ ਵੇਖਦਿਆਂ ਪਿੰਡੇ ਵਿੱਚ ਸਨਸਨੀ ਮਹਿਸੂਸ ਕੀਤੀ. ਅਦਾਕਾਰੀ ਪੱਖੋਂ ਸਾਰੀ ਫਿਲਮ ਇੱਕ ਨਮੂਨੇ ਦੀ ਫਿਲਮ ਹੈ ਪਰ ਨਿੱਜੀ ਤੌਰ ‘ਤੇ ਮੈਨੂੰ ਜਿਸ ਅਦਾਕਾਰ ਨੇ ਪ੍ਰਭਾਵਿਤ ਕੀਤਾ, ਉਹ ਹੈ ਪ੍ਰਣਵ ਤਿਫਾਈਨ #Pranv Teophine ਜਿਸ ਨੇ ਇੱਕ ਆਦਿਵਾਸੀ ਨੌਜਵਾਨ ਜੋਗੀ ਦਾ ਕਿਰਦਾਰ ਥੋੜ੍ਹਾ ਥੀਏਟਰੀਕਲ ਅੰਦਾਜ਼ ਵਿੱਚ ਪ੍ਰਸ੍ਤੁਤ ਕੀਤਾ ਤੇ ਫਿਲਮ ਖਤਮ ਹੋਣ ਦੇ ਬਾਵਜੂਦ ਵੀ ਯਾਦਾਂ ਵਿੱਚ ਫਸਿਆ ਰਿਹਾ. ਪੁਲਿਸ ਟਾਰਚਰ ਦੌਰਾਨ ਉਸ ਦੇ ਹਾਵ-ਭਾਵ ਤੇ ਵਿਰਲਾਪ ਅੰਦਰ ਉੱਤਰਦਾ ਸੀ. ਸਿਨੇਮੈਟੋਗ੍ਰਾਫੀ ਪੱਖੋਂ ਵੀ ਇਹ ਫਿਲਮ ਖਾਸ ਹੈ. ਖਾਸ ਕਰ ਕੇ ਰਾਤ ਦੇ ਦਰਿਸ਼ ਸਿਰਜਣ ਵਿੱਚ ਸਿਨੇਮੈਟੋਗ੍ਰਾਫਰ ਨੇ ਵਿਸ਼ੇਸ਼ ਮੁਹਾਰਤ ਵਿਖਾਈ ਹੈ. ਬਹੁਤ ਕੁਝ ਹੈ ਇਸ ਫਿਲਮ ਵਿੱਚ ਜਿਸ ਦੀ ਖੁੱਲ੍ਹ ਕੇ ਤਰੀਫ ਕੀਤੀ ਜਾ ਸਕਦੀ ਹੈ.
ਮੇਰੇ ਬਾਰੇ ਕਿਹਾ ਜਾਂਦਾ ਹੈ ਕਿ ਮੈਂ ਸਿਰਫ ਉਨ੍ਹਾਂ ਹੀ ਫਿਲਮਾਂ ਬਾਰੇ ਲਿਖਦਾ ਹਾਂ, ਜੋ ਮੈਨੂੰ ਪਸੰਦ ਆਉਂਦੀਆਂ ਹਨ ਤੇ ਜਦ ਲਿਖਦਾ ਹਾਂ, ਸਿਰਫ ਤਰੀਫ ਹੀ ਕਰਦਾ ਹਾਂ. ਚਲੋ, ਮੈਂ ਇਸ ਫਿਲਮ ਦੀ ਇੱਕ ਆਲੋਚਨਾ ਵੀ ਕਰ ਦਿੰਦਾ ਹਾਂ. ਮੈਨੂੰ ਇਤਰਾਜ਼ ਹੈ, ਇਹ ਫਿਲਮ ਪੰਜਾਬੀ ਵਿੱਚ ਕਿਉਂ ਨਹੀਂ ਬਣਾਈ ਗਈ!
Pali Bhupinder Singh