🎞🎞🎞🎞
ਲੰਬੇ ਸਮੇਂ ਤੋਂ ਪੰਜਾਬੀ ਫ਼ਿਲਮਾਂ ਲਿਖਣ ਵਾਲਾ ‘ਨਰੇਸ਼ ਕਥੂਰੀਆ’ ਇਕ ਜਾਣਿਆ ਪਛਾਣਿਆਂ ਨਾਂ ਹੈ ਜਿਸ ਨੇ ਪੰਜਾਬੀ ਸਿਨੇਮੇ ਨੂੰ ਮਸਾਲਾਂ ਭਰਪੂਰ ਫ਼ਿਲਮਾਂ ਦਿੱਤੀਆਂ। ਲੇਖਣੀ ਦੇ ਇਲਾਵਾ ਦਰਸ਼ਕਾਂ ਨੇ ਨਰੇਸ਼ ਕਥੂਰੀਆ ਨੂੰ ਛੋਟੇ-ਛੋਟੇ ਕਿਰਦਾਰਾਂ ਲਈ ਅਦਾਕਾਰੀ ਕਰਦਿਆਂ ਵੀ ਪਸੰਦ ਕੀਤਾ ਹੈ। ਨਰੇਸ਼ ਕਥੂਰੀਆ ਪਹਿਲੀ ਵਾਰ ਇਕ ਲੇਖਕ ਦੇ ਨਾਲ-ਨਾਲ ਨਾਇਕ ਵਜੋਂ ਪੰਜਾਬੀ ਪਰਦੇ ‘ਤੇ ਦਸਤਕ ਦੇਣ ਜਾ ਰਿਹਾ ਹੈ।
ਬੀਤੇ ਦਿਨੀਂ ਰਿਲੀਜ਼ ਹੋਇਆ ਫ਼ਿਲਮ ‘ਹੈਪੀ ਖੁਸ਼ ਹੋ ਗਿਆ’ ਦਾ ਟੀਜ਼ਰ ਵੇਖਦਿਆਂ ਇਹ ਕਹਿ ਸਕਦੇ ਹਾਂ ਕਿ ਬਤੌਰ ਨਾਇਕ ਉਸਦੀ ਆਮਦ ਦਰਸ਼ਕਾਂ ਨੂੰ ਇਕ ਨਿਵੇਕਲੇ ਮਨੋਰੰਜਨ ਸੰਸਾਰ ਨਾਲ ਜੋੜੇਗੀ। ਇਸ ਫ਼ਿਲਮ ਦਾ ਵਿਸ਼ਾ ਆਮ ਫ਼ਿਲਮਾਂ ਤੋਂ ਹੱਟ ਕੇ ਹੋਵੇਗਾ,ਜੋ ਪੂਨਰ-ਜਨਮ ਦਾ ਭਰਮ-ਭੁਲੇਖੇ ‘ਚੋਂ ਗੁਜ਼ਰਦਾ ਹੋਇਆ ਜ਼ਿੰਦਗੀ ਦੇ ਯਥਾਰਥ ਨਾਲ ਜੁੜੀਆਂ ਕਹਾਣੀਆਂ ਸਦਕਾ ਦਰਸ਼ਕਾਂ ਨੂੰ ਇੱਕ ਚੰਗਾ ਸੁਨੇਹਾ ਵੀ ਦੇਵੇਗਾ। ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਦਰਸ਼ਕ ਨਰੇਸ਼ ਕਥੂਰੀਆ ਨੂੰ ਪੰਜਾਬੀ ਸਿਨੇਮੇ ਦੀ ਇਕ ਵੱਡੀ ਅਦਾਕਾਰਾ ਨਾਲ ਵੇਖਣਗੇ।
ਬਜ਼ੁਰਗ ਕਿਰਦਾਰਾਂ ਨਾਲ ਪਹਿਚਾਣ ਸਥਾਪਤ ਕਰਨ ਵਾਲੀ ਗੁਰਪ੍ਰੀਤ ਭੰਗੂ ਪਹਿਲੀ ਵਾਰ ਇਕ ਮੁਟਿਆਰ ਦੁਲਹਨ ਦੇ ਕਿਰਦਾਰ ਵਿਚ ਦਰਸ਼ਕਾਂ ਨੂੰ ਹੈਰਾਨ ਕਰੇਗੀ।
ਜ਼ਿਕਰਯੋਗ ਹੈ ਕਿ ਗੁਰਪ੍ਰੀਤ ਭੰਗੂ ਨੂੰ ਅਜਿਹਾ ਕਿਰਦਾਰ ਨਿਭਾਉਣ ਦੀ ਦਿਲੀ ਤਮੰਨਾ ਸ਼ੁਰੂ ਤੋਂ ਸੀ ਜੋ ਇਸ ਫ਼ਿਲਮ ਨਾਲ ਹੁਣ ਪੂਰੀ ਹੋ ਰਹੀ ਹੈ, ਇਹ ਗੱਲ ਉਨ੍ਹਾਂ ਨੇ ਫ਼ਿਲਮ ਦੇ ਟੀਜ਼ਰ ਰਿਲੀਜ਼ ਸਮਾਗਮ ਦੌਰਾਨ ਸਾਂਝੀ ਕੀਤੀ ਹੈ। ਨਰੇਸ਼ ਕਥੂਰੀਆ ਅਤੇ ਗੁਰਪ੍ਰੀਤ ਭੰਗੂ ਤੋਂ ਇਲਾਵਾ ਜਤਿੰਦਰ ਕੌਰ, ਦੀਦਾਰ ਗਿੱਲ, ਗੁਰਮੀਤ ਸਾਜਨ, ਹੱਨੀ ਮੱਟੂ, ਗੁਰਿੰਦਰ ਮਕਨਾ ਅਤੇ ਗੁਰਦਿਆਲ ਪਾਰਸ ਆਦਿ ਕਲਾਕਾਰਾਂ ਦੇ ਵੀ ਇਸ ਫ਼ਿਲਮ ਵਿਚ ਅਹਿਮ ਕਿਰਦਾਰ ਹੋਣਗੇ। ਇਸ ਫ਼ਿਲਮ ਨੂੰ ਜਾਣੇ ਪਛਾਣੇ ਸਥਾਪਿਤ ਨਿਰਦੇਸ਼ਕ ਸਿਤਿਜ ਚੌਧਰੀ ਵਲੋਂ ਡਾਇਰੈਕਟ ਕੀਤਾ ਗਿਆ ਹੈ।ਇਹ ਫ਼ਿਲਮ ਓਮਜੀਜ਼ ਕੇ ਐਨ ਸੀ ਸਟੂਡੀਓਜ਼ ਅਤੇ ਨਰੇਸ਼ ਕਥੂਰੀਆ ਫਿਲਮਜ਼ ਦੇ ਬੈਨਰ ਹੇਠ ਸਾਂਝੇ ਤੌਰ ਤੇ ਰਿਲੀਜ਼ ਕੀਤੀ ਜਾ ਰਹੀ ਹੈ।ਪੰਜਾਬੀ ਸਕਰੀਨ ਅਦਾਰੇ ਵੱਲੋਂ ਸ਼ੁੱਭ ਇੱਛਾਵਾਂ।
ਸੁਰਜੀਤ ਜੱਸਲ
981467737