? ਸਵਾਲ “ਫ਼ਿਲਮ ਫੇਅਰ ਅਵਾਰਡ ਪੰਜਾਬੀ” ਦੇ ਪ੍ਰਬੰਧਕਾਂ,ਗੁੱਸੇ ਹੋਏ ਐਂਟਰਟੇਨਮੈਂਟ ਮੀਡੀਆ ਅਤੇ ਸ਼ਾਮਲ ਕਲਾਕਾਰਾਂ ਸਮੇਤ ਪੰਜਾਬੀ ਇੰਡਸਟ੍ਰੀ ਦੇ ਹੋਰ ਲੋਕਾਂ ਨੂੰ .. ???
———
ਪਹਿਲਾ ਸਵਾਲ ਪ੍ਰਬੰਧਕਾਂ ਲਈ
?———?
ਕਿ ਜੇ ਕੋਈ ਹੋਰ ਕੁਦਰਤੀ ਆਫ਼ਤ ਆਉਂਦੀ ਤਾਂ ਪੰਜਾਬ ਦੀ ਧਰਤੀ ਤੇ ਇਹ ਪ੍ਰੋਗਰਾਮ ਹੁੰਦਾ ?
ਕਿਉਂਕਿ ਪੰਜਾਬੀਆਂ, ਪੰਜਾਬੀ ਸਿਨਮਾ ਪ੍ਰੇਮੀਆਂ ਅਤੇ ਪੰਜਾਬੀ ਸਿਨੇਮਾ ਦੇ ਲੋਕਾਂ ਲਈ ਤਾਂ ਜਸਵਿੰਦਰ ਭੱਲਾ ਸਾਹਬ ਦਾ ਇਸ ਤਰਾਂ ਬੇਵਕਤ ਤੁਰ ਜਾਣਾ, ਕਿਸੇ ਆਫ਼ਤ ਤੋਂ ਘੱਟ ਨਹੀਂ ਸੀ!
ਅਸੀਂ ਕਈ ਵੱਡੇ-ਵੱਡੇ ਸਮਾਗਮ ਮੀਂਹ-ਹਨੇਰੀ-ਹੜਾਂ, ਦੇਸ਼ ‘ਚ ਵਾਪਰੀਆਂ ਅਣਸੁਖਾਵੀਆਂ ਅੱਤਵਾਦੀ ਘਟਨਾਵਾਂ ਅਤੇ ਕਰੋਨਾ ਵਰਗੀਆਂ ਬੀਮਾਰੀਆਂ ਕਾਰਨ ਐਨ ਮੌਕੇ ਕੈਂਸਲ ਜਾਂ ਅਗਾਂਹ ਪੈਂਦੇ ਵੇਖੇ ਨੇ,ਜਿੱਥੇ ਲੱਖਾਂ-ਕਰੋੜਾਂ ਦੇ ਨੁਕਸਾਨ ਤੋਂ ਬਾਅਦ ਵੀ ਸਾਡਾ ਕੋਈ ਵੱਸ ਨਹੀਂ ਚੱਲਿਆ ! ਜੇ ਕਿਸੇ ਨੂੰ ਯਾਦ ਹੋਵੇ ਤਾਂ ਇਕ ਵਾਰ ਪੀ.ਟੀ.ਸੀ.ਐਵਾਰਡ ਸ਼ੋਅ ਵੀ ਬਾਰਿਸ਼ ਦੀ ਭੇਟ ਚੜ੍ਹ ਗਿਆ ਸੀ।
———
ਜੇ ਪੋਸਟਪੋਨ ਨਹੀਂ ਹੋ ਸਕਦਾ ਸੀ ਤਾਂ ਘੱਟੋ-ਘੱਟ ਇਸ ਦੀ ਰੂਪ ਰੇਖਾ ਹੀ ਬਦਲ ਲੈਂਦੇ ।
———-
ਵੈਸੇ ਤਾਂ ਹੁਣ ਜੋ ਹੋਣਾ ਸੀ ਹੋ ਗਿਆ ਪਰ ਹੋਇਆ ਇਹ ਪੰਜਾਬੀਆਂ ਅਤੇ ਸਿਨੇਮਾ ਜਗਤ ਵਿਚਲੇ ਜਸਵਿੰਦਰ ਭੱਲਾ ਦੇ ਚਾਹੁਣ ਵਾਲਿਆਂ ਦੇ ਜਜ਼ਬਾਤਾਂ ਨੂੰ ਲਤਾੜ ਕੇ !
ਮੰਨਿਆ ਕਿ ਇਹੋ ਜਿਹੀ ਈਵੈਂਟ ਕੋਈ ਦੋ-ਚਾਰ ਦਿਨਾਂ ਦੀ ਖੇਡ ਨਹੀਂ ਹੁੰਦੀ ਇਸ ਦੀ ਤਿਆਰੀ ਲਈ ਮਹੀਨਿਆਂ ਬੱਧੀ ਲੱਗ ਜਾਂਦੇ ਹਨ।ਕਲਾਕਾਰਾਂ ਦੀਆਂ ਡੇਟਾਂ ਬੁੱਕ ਹੁੰਦੀਆਂ ਹਨ,ਉਹਨਾਂ ਦੇ ਸਮਝੋਤੇ ਸਾਈਨ ਹੋਏ ਹੁੰਦੇ ਹਨ। ਪ੍ਰੋਗਰਾਮ ਰਿਲੇਅ ਚੈਨਲਾਂ ਸਮੇਤ ਹੋਰ ਸਪਾਂਸਰਾਂ ਦੇ ਪ੍ਰਬੰਧਕਾਂ ਨਾਲ ਸਮਝੌਤਿਆਂ ਤੇ ਦਸਤਖ਼ਤ ਹੋਏ ਹੁੰਦੇ ਹਨ,ਜਿਸ ਵਿਚ ਬਹੁਤ ਸਾਰਾ ਪੈਸਾ
ਇਨਵਾਲਵ ਹੁੰਦਾ ਹੈ ਅਤੇ ਉਪਰੋਂ ਇਹ ਹੈ ਵੀ ਟਿਕਟ ਸ਼ੋਅ ਸੀ।
ਪਹਿਲਾਂ ਤਾਂ ਪੋਸਟਪੋਨ ਹੀ ਹੋਣਾ ਚਾਹੀਦਾ ਸੀ ਜਾਂ ਫਿਰ ਬਿਲਕੁਲ ਸਾਧੇ ਢੰਗ ਨਾਲ ਅਵਾਰਡਾਂ ਤੱਕ ਹੀ ਸੀਮਤ ਰੱਖਦੇ। ਕਲਾਕਾਰਾਂ ਦੀ ਪਬਲਿਕ ਪ੍ਰਫੋਰਮੈਂਸ ਵੱਖਰੀ ਰਿਕਾਰਡ ਕਰ ਲੈਂਦੇ ਸਪਾਂਸਰਾਂ ਅਤੇ ਸਪਾਂਸਰ ਚੈਨਲਾਂ ਲਈ।
ਵੱਧ ਤੋਂ ਵੱਧ ਕੀ ਹੁੰਦਾ, ਵਿਕੀਆਂ ਟਿਕਟਾਂ ਵਾਲੇ ਦਰਸ਼ਕਾਂ ਨੂੰ ਕਿਸੇ ਤਰਾਂ ਅਡਜਸਟ ਕਰਨਾ ਪੈਂਦਾ ! ਭਾਵੇਂ ਕਿ ਪ੍ਰੋਗਰਾਮ ਸ਼ੁਰੂ ਹੋਣ ਵੇਲੇ ਭੱਲਾ ਸਾਹਬ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਪਰ ਫੇਰ ਵੀ
ਇਸ ਐਵਾਰਡ ਸ਼ੋਅ ਨੂੰ ਜਸ਼ਨ ਰੂਪੀ ਰਾਤ ਮਨਾਉਣਾ ਅਫਸੋਸਜਨਕ ਲੱਗਿਆ ਜਦਕਿ ਇਸੇ ਦਿਨ ਅਸੀਂ ਪੰਜਾਬ ਦੇ ਹਰਮਨ ਪਿਆਰੇ ਅਭਿਨੇਤਾ ਨੂੰ ਅੰਤਿਮ ਵਿਦਾਈ ਦਿੱਤੀ’ ਅਤੇ ਤਾਂ ਸਿਵਿਆਂ ਦੀ ਅੱਗ ਵੀ ਠੰਡੀ ਨਹੀਂ ਸੀ ਹੋਈ ਅਜੇ ਤਾਈੰ।😔
———
ਦੂਜਾ ਸਵਾਲ ਪੰਜਾਬ ਵਿਚਲੇ ਐਂਟਰਟੇਨਮੈਂਟ ਮੀਡੀਆ ਲਈ
?——–?
ਵੇਖਣ ਵਿਚ ਆਇਆ ਕਿ ਕੁਝ ਮੀਡੀਆ ਵਾਲਿਆਂ ਨੂੰ ਸ਼ੋਅ ਲਈ ਅੰਦਰ ਨਹੀਂ ਜਾਣ ਦਿੱਤਾ ਜਾਂ ਉਹਨਾਂ ਲਈ ਇੰਤਜ਼ਾਮ ਸਹੀ ਨਹੀਂ ਸੀ ਇਸ ਲਈ ਉਹ ਹੁਣ ਆਪਣਾ ਇਤਰਾਜ਼ ਜਾਂ ਗੁੱਸਾ ਪ੍ਰਬੰਧਕਾਂ ਤੇ ਕੱਢ ਰਹੇ ਹਨ।
ਮੈਂ ਤੁਹਾਡੇ ਨਾਲ ਸਹਿਮਤ ਤਾਂ ਜ਼ਰੂਰ ਹਾਂ ਪਰ ਇਕ ਸਵਾਲ ਤੁਹਾਡੇ ਲਈ ਇਹ ਵੀ ਹੈ ਕਿ ਦੋਸਤੋ ਸਾਡੀ ਰੋਜ਼ੀ-ਰੋਟੀ ਦਾ ਸਾਧਨ ਪੰਜਾਬੀ ਸਿਨੇਮਾ ਹੀ ਹੈ ਅਤੇ ਕੀ ਸਾਡਾ ਇਸ ਸ਼ੋਅ ਨੂੰ ਪੰਜਾਬੀ ਸਿਨੇਮਾ ਲਈ ਇਸ ਕਾਲੇ ਦਿਨ ਵੇਖਣ ਜਾਣਾ ਜਾਂ ਕਵਰ ਕਰਨ ਜਾਣਾ ਬਣਦਾ ਸੀ?
ਚਾਹੀਦਾ ਤਾਂ ਇਹ ਸੀ ਕਿ ਤੁਸੀਂ ਇਹਨਾਂ ਨੂੰ ਇਸ ਪ੍ਰੋਗਰਾਮ ਦੇ ਭੱਲਾ ਸਾਹਬ ਦੇ ਅੰਤਿਮ ਸੰਸਕਾਰ ਵਾਲੇ ਦਿਨ ਹੀ ਹੋਣ ‘ਤੇ ਆਪਣੇ ਪਲੇਟਫਾਰਮਾਂ ਰਾਹੀਂ ਸਵਾਲ ਕਰਦੇ ਅਤੇ ਜੇ ਉਹਨਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਾ ਹੁੰਦੇ ਤਾਂ ਇਸ ਦਾ ਖੁੱਲ੍ਹਾ ਬਾਈਕਾਟ ਕਰਦੇ ਜਾਂ ਫਿਰ ਪੰਜਾਬੀ ਫ਼ਿਲਮ ਐਂਡ ਟੀਵੀ ਐਸੋਸੀਏਸ਼ਨ (ਪਫਟਾ) ਵਾਂਗ ਇੱਥੇ ਨਾ ਜਾਣ ਦਾ ਮਿਲ ਕੇ ਅਗਾਊਂ ਐਲਾਨ ਕਰ, ਪ੍ਰਬੰਧਕਾਂ ਪ੍ਰਤੀ ਆਪਣਾ ਇਤਰਾਜ਼, ਭੱਲਾ ਸਾਹਬ ਲਈ ਦੁੱਖ ਅਤੇ ਉਹਨਾਂ ਦੇ ਪਰਿਵਾਰ ਲਈ ਆਪਣੀ ਹਮਦਰਦੀ ਦਰਜ ਕਰਵਾਉਂਦੇ ਤਾਂ ਤੁਹਾਡੀ ਗੱਲ ਦਾ ਪ੍ਰਬੰਧਕਾਂ ਤੇ ਜ਼ਿਆਦਾ ਅਸਰ ਹੋਣਾ ਸੀ ਅਤੇ ਹੋ ਸਕਦਾ ਕਿ ਹੋਰ ਵੱਡੇ ਮੀਡੀਆ ਅਦਾਰੇ ਵਾਲੇ ਵੀ ਤੁਹਾਡੇ ਨਾਲ ਆ ਖੜਦੇ ਅਤੇ ਮੀਡੀਆ ਦਾ ਸਾਥ ਨਾ ਮਿਲਦਾ ਵੇਖ ਇਸ ਐਵਾਰਡ ਸ਼ੋਅ ਦੇ ਪ੍ਰਬੰਧਕ ਇਸ ਨੂੰ ਅੱਗੇ ਪਾ ਦਿੰਦੇ ਪਰ ਮਾਫ਼ ਕਰਨਾ ਹੁਣ ਤੁਹਾਡੀ ਲੜਾਈ ਆਪਣੇ ਲਈ ਲੱਗ ਰਹੀ ਹੈ ਨਾ ਕਿ ਜਸਵਿੰਦਰ ਭੱਲਾ ਸਾਹਬ ਦੀ ਮੌਤ ਦੇ ਦੁੱਖ ਅਤੇ ਉਹਨਾਂ ਦੇ ਪਰਿਵਾਰ ਲਈ ਹਮਦਰਦੀ ਵੱਜੋਂ।
———–
ਤੀਜਾ ਸਵਾਲ ਇਸ ਅਵਾਰਡ ਸ਼ੋਅ ਵਿਚ ਪ੍ਰਫੋਰਮੈਂਸ ਦੇਣ ਜਾਂ ਹਾਜ਼ਰ ਕਲਾਕਾਰਾਂ ਅਤੇ ਇੰਡਸਟ੍ਰੀ ਦੇ ਹੋਰ ਲੋਕਾਂ ਨੂੰ
?———–?
ਦੋਸਤੋ ਕਲਾ ਦੀ ਦੁਨੀਆਂ ਸਾਡਾ ਅਸਲ ਪਰਿਵਾਰ ਹੈ ਅਤੇ ਸਾਡਾ ਆਪਸੀ ਭਾਇਚਾਰਾ ਹੀ ਸਾਡੀ ਪਛਾਣ ਹੋਣੀ ਚਾਹੀਦੀ ਹੈ, ਭਾਸ਼ਾ ਜਾਂ ਖੇਤਰ ਭਾਵੇਂ ਕੋਈ ਵੀ ਹੋਵੇ। ਜਦੋਂ ਕੋਈ ਸਾਡਾ ਆਪਣਾ ਤੁਰ ਜਾਂਦਾ ਹੈ ਤਾਂ ਸਭ ਤੋਂ ਵੱਧ ਦੁੱਖ ਸਾਨੂੰ ਆਪ ਨੂੰ ਹੀ ਹੁੰਦਾ ਹੈ।
ਪਰ ਇਸ ਜਗਾਹ ਅਸੀਂ ਆਪਣੇ ਦੁੱਖ ਦੇ ਇਜ਼ਹਾਰ ਤੋਂ ਖੁੰਝ ਗਏ। ਜੇ ਤੁਸੀਂ ਵੀ ਸਾਰੇ ਰਲ ਕੇ ਆਪਣੀ ਹਾਜ਼ਰੀ ਜਾਂ ਪ੍ਰਫੋਰਮੈਂਸ ਤੋਂ ਇਨਕਾਰ ਕਰਦੇ ਤਾਂ ਵੀ ਪ੍ਰਬੰਧਕਾਂ ਨੂੰ ਇਸ ਨੂੰ ਅਗਾਂਹ-ਪਿਛਾਂਹ ਕਰਨ ਬਾਰੇ ਸੋਚਨਾ ਪੈਣਾ ਸੀ ਕਿਉਂਕਿ ਤੁਸੀਂ ਹੀ ਇਸ ਪ੍ਰੋਗਰਾਮ ਦਾ ਅਧਾਰ ਸੀ ਅਤੇ ਸਭ ਤੋਂ ਵੱਡੀ ਤਾਕਤ ਵੀ ਸੀ।
ਆਖ਼ਰ ਤੁਹਾਡੇ ਲਈ ਇਹ ਅਵਾਰਡ ਸ਼ੋਅ ਹੀ ਸੀ ਕੋਈ ਬਹੁਤੀ ਵੱਡੀ ਗੱਲ ਵੀ ਨਹੀਂ ਸੀ,ਵੈਸੇ ਵੀ ਤਾਂ ਕਈ ਵੱਡੇ-ਵੱਡੇ ਕਲਾਕਾਰ ਨੋਮੀਨੇਟ ਹੋਣ ਜਾਂ ਐਵਾਰਡ ਮਿਲਣ ਤੇ ਵੀ ਆਪਣਿਆਂ ਰੁਝਿਵਿਆਂ ਜਾਂ ਹੋਰ ਕਾਰਨਾਂ ਕਰ ਕੇ ਅਵਾਰਡ ਪ੍ਰਾਪਤ ਕਰਨ ਲਈ ਨਹੀਂ ਜਾਂਦੇ ਵੇਖੇ ਅਤੇ ਪ੍ਰਫੋਰਮੈਂਸ ਵਾਲੇ ਤਾਂ ਪੇਡ ਹੁੰਦੇ ਨੇ ਉਹ ਵੀ ਥੋੜਾ ਰਿਸਕ ਲੈ ਸਕਦੇ ਸੀ।
ਬਾਕੀ ਜਿਹੜੇ ਲੋਕ ਸਵੇਰੇ ਚਿਟ ਕਪੜਿਆਂ ‘ਚ ਭੱਲਾ ਸਾਹਬ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋ ਕੇ ਅੱਥਰੂ ਵਹਾਉਂਦੇ ਵੇਖੇ ਅਤੇ ਉਸੇ ਹੀ ਸ਼ਾਮ, ਸ਼ਾਹੀ ਕਪੜਿਆਂ ਵਿਚ ਖਿੜਖਿੜਾਂਉਂਦੇ ਵੇਖੇ ਗਏ ਜਾਂ ਜਿਸੜੇ ਕਿਸੇ ਹੋਰ ਮਜਬੂਰੀ ਵੱਸ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ,ਉਹ ਆਪਣੀ ਸਮੀਖਿਆ ਆਪ ਹੀ ਕਰਨ ਤਾਂ ਬਿਹਤਰ ਹੈ ਅਤੇ ਜਿਹੜੀਆਂ ਫ਼ਿਲਮੀ ਸੰਸਥਾਵਾਂ,ਐਕਟਰ ਜਾਂ ਪੰਜਾਬੀ ਸਿਨੇਮਾ ਨਾਲ ਜੁੜੇ ਲੋਕ, ਭੱਲਾ ਸਾਹਬ ਦੇ ਤੁਰ ਜਾਣ ਦੇ ਦੁੱਖ ਵੱਜੋਂ ਇਸ ਈਵੈਂਟ ਦਾ ਹਿੱਸਾ ਨਹੀਂ ਬਣੇ ਉਹਨਾਂ ਦੀ ਪੰਜਾਬੀ ਸਿਨੇਮਾ ਭਾਇਚਾਰੇ ਪ੍ਰਤੀ ਇਸ ਸੁਹਿਰਦਤਾ ਅਤੇ ਜ਼ਿੰਮੇਵਾਰੀ ਲਈ ਉਹਨਾਂ ਨੂੰ ਪੰਜਾਬੀ ਸਕਰੀਨ ਅਦਾਰੇ ਵੱਲੋਂ ਸਲਿਊਟ।
—–
ਖੈਰ ! ਜੋ ਹੋਣਾ ਸੀ ਹੋ ਗਿਆ ਪਰ ਅਗਾਊਂ ਅਜਿਹੇ ਸਮੇਂ ਤੇ ਅਸੀਂ ਅਜਿਹੇ ਉਲਾਹਮਿਆਂ ਤੋਂ ਜ਼ਰੂਰ ਬਚ ਸਕਦੇ ਹਾਂ।ਧੰਨਵਾਦ 🙏