ਫ਼ਿਲਮ ਸਮੀਖਿਆ!
ਸਿਨੇਮਾ ਜਵਾਨ-ਦਰਸ਼ਕ ਪਰੇਸ਼ਾਨ 🙂#filmreview #kudiyajawanbapupreshaan -ਦਲਜੀਤ ਸਿੰਘ ਅਰੋੜਾ
ਅਫ਼ਸੋਸ ਉਸ ਵੇਲੇ ਜ਼ਿਆਦਾ ਹੁੰਦਾ ਏ ਜਦੋਂ ਤਜ਼ੁਰਬੇ ਸਮੇਤ ਸਭ ਕੁਝ ਹੁੰਦਿਆਂ-ਸੁੰਦਿਆਂ ਕਹਾਣੀ-ਨਿਰਦੇਸ਼ਨ ਤੇ ਮਿਹਨਤ ਹੋਈ ਨਜ਼ਰ ਨਹੀਂ ਆਉਂਦੀ।
‘ਕੁੜੀਆਂ ਜਵਾਨ ਬਾਪੂ ਪਰੇਸ਼ਾਨ’ ਇਕ ਮਜਬੂਤ ਟਾਈਟਲ ਅਤੇ ਵਿਸ਼ੇ ਤੇ ਇਕ ਮਜਬੂਤ ਫ਼ਿਲਮ ਬਣ ਸਕਦੀ ਸੀ ਜੇ ਇਸ ਕਹਾਣੀ- ਸਕਰੀਨ ਪਲੇਅ ਨੂੰ ਹੋਰ ਗੰਭੀਰਤਾ ਨਾਲ ਘੜਿਆ ਜਾਂਦਾ।
ਜੇ ਦਰਸ਼ਕਾਂ ਦੀ ਦਿਲਚਸਪੀ ਕਿਸੇ ਵੀ ਫ਼ਿਲਮ ਦੇ ਪਹਿਲੇ 5/7 ਮਿੰਟਾਂ ਵਿਚ ਨਹੀਂ ਬਣਦੀ ਤਾਂ ਮਾਮਲਾ ਗੜਬੜਾ ਜਾਂਦਾ ਹੈ ਪਰ ਆਪਾਂ ਤਾਂ 40/45 ਮਿੰਟ (ਕੁੜੀਆਂ ਜੰਮਣ ਨੂੰ ਲੈ ਕੇ ਘਰ ‘ਚ ਕਲੇਸ਼, ਸ਼ਰੀਕੇਬਾਜ਼ੀ ‘ਚ ਮੁੰਡੇ ਵਿਖਾਉਣਾ ਤੇ ਮੁੰਡਿਆਂ ਲਈ ਬਾਬਿਆਂ ਕੋਲ ਭਟਕਣਾ ਆਦਿ) ਆਉਟ ਡੇਟਡ ਡਰਾਮਾ ਐਸਟੈਬਲਿਸ਼ ਕਰਨ ਵਿਚ ਹੀ ਲੰਘਾ ਦਿੱਤਾ, ਜਿਸ ਦੀ ਕਿ ਅੱਜ ਦੀ ਸਿਨੇਮਾ ਦਰਸ਼ਕ ਪੀੜੀ ਨੂੰ ਵਿਸਥਾਰ ਪੂਰਵਕ ਸਮਝਾਉਣ ਦੀ ਲੋੜ ਨਹੀਂ ਸੀ,ਤੇ ਨਾ ਹੀ ਕੋਈ ਇਹੋ ਜਿਹੀਆਂ ਬੀਤੇ ਜ਼ਮਾਨੇ ਦੀਆਂ ਮੰਦਭਾਗੀਆਂ ਸੋਚਾਂ ਫ਼ਿਲਮਾਂ ਚ ਬਾਰ ਬਾਰ ਵੇਖਣਾ ਚਾਉਂਦਾ ਹੈ ?
ਬਿਹਤਰ ਹੁੰਦਾ ਕਿ ਇਹ ਫ਼ਿਲਮ 40/45 ਬਾਅਦ ਵਿਖਾਈਆਂ ਗਾਈਆਂ ਜਵਾਨ ਹੋਈਆਂ ਕੁੜੀਆਂ ਤੋਂ ਸ਼ੁਰੂ ਹੁੰਦੀ ਅਤੇ ਪਹਿਲਾ ਪਾਰਟ ਬੈਕ ਸਟੋਰੀ ਟੈਲਿੰਗ , ਸੰਵਾਦਾਂ ਰਾਹੀਂ ਟੁਕੜਿਆਂ ‘ਚ ਬਿਆਨ ਕੀਤਾ ਜਾਂਦਾ, ਇਕ ਦੋ ਜ਼ਰੂਰੀ ਸੀਨ ਫਿਲਮਾ ਲਏ ਜਾਂਦੇ ਜਾਂ ਫਿਰ ਸਿੰਬੋਲਿਕ ਪੇਸ਼ਕਾਰੀ ਵੀ ਠੀਕ ਸੀ ਤਾਂ ਕਿ ਦਰਸ਼ਕ ਬੋਰ ਨਾ ਹੁੰਦਾ।
ਦੂਜਾ ਪੰਜਾਬੀ ਫ਼ਿਲਮ ਵਿਚ ਹਿੰਦੀ ‘ਚ ਲੰਮੀ-ਚੌੜੀ ਵਾਇਸ ਓਵਰ (ਸ਼ੁਰੂ ਤੋਂ ਆਖੀਰ ਤੱਕ) ਸਮਝ ਤੋਂ ਬਾਹਰ ਹੈ,ਫਿਲਮ ਨੂੰ ਹਾਸਰਸ ਰੂਪ ਦੇਣ ਲਈ 2/3 ਵਾਰ ਹੀ ਠੀਕ ਲੱਗਣੀ ਸੀ ਜਾਂ ਫਿਰ ਹਰਿਆਣਾ/ਯੂਪੀ ਤੋਂ ਸਬਸਿਡੀ ਲੈਣ ਲਈ ਜਬਰਨ ਵਾੜੀ ਗਈ ਹੋਵੇ ਤਾਂ ਪਤਾ ਨਹੀਂ।
ਫ਼ਿਲਮ ‘ਚ ਵਿਖਾਏ ਗਏ ਸਿਕਿਊਐਂਸਜ਼ ਪਾਜਟਿਵ ਤਾਂ ਹਨ ਪਰ ਬਹੁਤੇ ਮਜਬੂਤ ਨਹੀਂ ਹਨ ਅਤੇ ਨਾ ਹੀ ਦਲੀਲ ਭਰਪੂਰ,ਜਦ ਕਿ ਫ਼ਿਲਮ ਦੇ ਟਾਈਟਲ ਮੁਤਾਬਕ ਲੇਖਕ-ਨਿਰਦੇਸ਼ਕ ਕੋਲ ਬਹੁਤ ਵੱਡਾ ਮੌਕਾ ਸੀ, ਇਸ ਵਿਚ ਜਨਰੇਸ਼ਨ ਗੈਬ ਆਦੀ ਦਲੀਲ ਭਰਪੂਰ ਮਜਬੂਤ ਸੀਨ ਕ੍ਰਿਏਟ ਕਰਨ ਦਾ, ਕਿ ਅਸਲ ਵਿਚ ਅੱਜ ਮਾਪਿਆਂ ਤੇ ਬੱਚਿਆਂ ਵਿਚਾਲੇ ਕਿਹੋ ਜਿਹਾ ਟਕਰਾਅ/ਤਨਾਅ ਚੱਲ ਰਿਹਾ ਹੈ ਅਤੇ ਇਸ ਦੇ ਹੱਲ ਵੀ ਮਜਾਹੀਆ ਤਰੀਕੇ ਨਾਲ ਬਾਖੂਬੀ ਵਿਖਾਏ ਜਾ ਸਕਦੇ ਸਨ।
ਫ਼ਿਲਮ ਦੀ ਕਹਾਣੀ ਤਾਂ ਮੈ ਨਹੀਂ ਦੱਸਾਂਗਾ ਪਰ ਇਸ ਵਿਚਲੇ ਦਲੀਲ ਰਹਿਤ ਤੇ ਕਮਜ਼ੋਰ ਪੱਖ ਲੇਖਕ-ਨਿਰਦੇਸ਼ਕ ਜੇ ਚਾਹੇ ਤਾਂ ਮੇਰੇ ਨਾਲ ਡਿਸਕਸ ਕਰ ਸਕਦਾ ਹੈ।
ਭਾਵੇਂ ਕਿ ਫ਼ਿਲਮ ਦੇ 2/3 ਦ੍ਰਿਸ਼ ਦਰਸ਼ਕਾਂ ਨੂੰ ਭਾਵੁਕ ਵੀ ਕਰਦੇ ਹਨ ਪਰ ਜਦੋਂ ਫ਼ਿਲਮ ਦੇ ਕਮਜ਼ੋਰ ਪੱਖ ਜ਼ਿਆਦਾ ਭਾਰੂ ਪੈ ਜਾਣ ਤਾਂ ਫ਼ਿਲਮ ਚ ਬਚਕਾਨਾਪਣ ਝਲਕਦਾ ਹੈ।
ਹਾਂ ਫ਼ਿਲਮ ਦੇ ਗੀਤ-ਸੰਗੀਤ ਵਿਚ ਮਜਬੂਤੀ ਜ਼ਰੂਰ ਨਜ਼ਰ ਆਈ ਖਾਸਕਰ ‘ਭੈਣੇ ਮੇਰੀਏ’ ਮੋਟੀਵੇਸ਼ਨਲ ਗੀਤ ਸਭ ਤੋਂ ਵੱਧ ਪ੍ਰਭਾਵਸ਼ਾਲੀ ਅਤੇ ਢੁਕਵਾਂ ਵੀ ਲੱਗਾ।
ਬਾਕੀ ਫ਼ਿਲਮ ਵਿਚਲੇ ਸਥਾਪਿਤ ਅਦਾਕਾਰ ਤਾਂ ਵਧੀਆ ਹੈ ਹੀ, ਪਰ ਕਰਮਜੀਤ ਅਨਮੋਲ ਦੀਆਂ ਵਿਖਾਈਆਂ ਗਈਆਂ ਚਾਰੋਂ ਕੁੜੀਆਂ ਵੀ ਕਮਾਲ ਦੀਆਂ ਐਕਟ੍ਰਸ ਹਨ ਅਤੇ ਸੁਖਵਿੰਦਰ ਰਾਜ ਦੇ ਦਿਖਾਏ ਗਏ ਦੋਨੋਂ ਮੁੰਡਿਆਂ ਦੀ ਪ੍ਰਫੋਰਮੈਂਸ ਵੀ ਵਧੀਆ ਰਹੀ।
ਬਾਕੀ ਇਹ ਫ਼ਿਲਮ ਅਸਲ ਸਿਨੇਮਾ ਦਰਸ਼ਕਾਂ ਨੂੰ ਕਿਹੋ ਜਿਹੀ ਲੱਗ ਰਹੀ ਹੈ ਇਸ ਦਾ ਜਵਾਬ ਤਾਂ ਸ਼ਾਇਦ ਹੁਣ ਤੱਕ ਨਿਰਮਾਤਾ ਨੂੰ ਫ਼ਿਲਮ ਦੀ ਤਿੰਨ ਦਿਨਾਂ ਦੀ ਕੁਲੈਕਸ਼ਨ ਤੋਂ ਮਿਲ ਚੁੱਕਿਆ ਹੋਵੇਗਾ।ਹੁਣ ਤੁਹਾਡੇ ਫ਼ਿਲਮ ਪ੍ਰੀਮੀਅਰ ਦਰਸ਼ਕ ਕੋਈ ਜਾਦੂ ਚਲਾ ਦੇਣ ਤਾਂ ਪਤਾ ਨਹੀਂ⁉️😊 ਪਰ ਜਦੋਂ ਪੰਜਾਬੀ ਸਿਨੇਮੇ ਦੀ ਭਰ ਜਵਾਨੀ ਵਾਲੀ ਖੂਬਸੂਰਤੀ ਸਿਨੇਮਾ ਘਰਾਂ ਵਿਚ ਨਜ਼ਰ ਨਾ ਆਵੇ ਤਾਂ ਅਸਲ ਦਰਸ਼ਕਾਂ ਦਾ ਪਰੇਸ਼ਾਨ ਹੋਣਾ ਸੁਭਾਵਿਕ ਹੈ।😊 -ਦਲਜੀਤ ਸਿੰਘ ਅਰੋੜਾ