ਪ੍ਰਵਾਸੀ ਸ਼ਾਇਰ -ਗੀਤਕਾਰ ਸ਼ਮੀ ਜਲੰਧਰੀ ਦੀ ਪੁਸਤਕ ‘ਉਹ ਪਹਿਲੀ ਮੁਹੱਬਤ’ ਲੋਕ ਅਰਪਣ!
ਪ੍ਰੋਫੋ.ਪਾਲੀ ਭੁਪਿੰਦਰ ਸਿੰਘ ਸਮੇਤ ਅਜ਼ੀਮ ਸਿਨੇ ਸ਼ਖਸੀਅਤਾਂ ਨੇ ਕੀਤੀ ਜਾਰੀ ਕਰਨ ਦੀ ਰਸਮ ਅਦਾ!
————
ਚੰਡੀਗੜ੍ਹ 28 ਅਗਸਤ:ਪੰ.ਸ:( ਪਰਮਜੀਤ ਫ਼ਰੀਦਕੋਟ) ਆਸਟ੍ਰੇਲੀਆ ਵਸੇਂਦੇ ਪੰਜਾਬ ਮੂਲ ਸ਼ਾਇਰ ਸ਼ਮੀ ਜਲੰਧਰੀ ਦੀ ਨਵੀਂ ਪੁਸਤਕ ‘ਉਹ ਪਹਿਲੀ ਮੁਹੱਬਤ’ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਯੋਜਿਤ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪਾਠਕਾ ਸਨਮੁੱਖ ਕੀਤੀ ਗਈ, ਜਿਸ ਨੂੰ ਰਸਮੀ ਤੌਰ ਤੇ ਲੋਕ -ਅਰਪਣ ਕਰਨ ਦੀ ਰਸਮ ਸਾਹਿਤ ਅਤੇ ਸਿਨੇਮਾ ਜਗਤ ਦੀਆਂ ਨਾਮਵਰ ਸ਼ਖਸ਼ੀਅਤਾਂ ਵੱਲੋ ਅਦਾ ਕੀਤੀ ਗਈ, ਜਿੰਨਾਂ ਵਿਚ ਪ੍ਰੋਫੋ. ਪਾਲੀ ਭੁਪਿੰਦਰ ਸਿੰਘ ਅਜ਼ੀਮ ਲੇਖਕ ਅਤੇ ਨਿਰਦੇਸ਼ਕ, ਰਤਨ ਔਲਖ ਦਿਗਜ਼ ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰ, ਅਦਾਕਾਰ ਬਿਨੈ ਜੌੜਾ, ਅਦਾਕਾਰਾ ਹਰਸ਼ਿਤਾ ਸਿੰਘ, ਸੀਨੀਅਰ ਕਾਲਮਨਿਸਟ ਨਿਰੂਪਮਾ ਦੱਤ ਤੋਂ ਇਲਾਵਾ ਦਲਜੀਤ ਥਖਸ਼ੀ, ਸੁਨੀਲ ਡੋਗਰਾ, ਜਸਜੀਤ ਜਸ ਆਦਿ ਸ਼ੁਮਾਰ ਰਹੇ । ਪੰਜਾਬੀ ਸਾਹਿਤ ਖਾਸ ਕਰ ਸ਼ਾਇਰੀ ਅਤੇ ਗੀਤਕਾਰੀ ਦੀ ਦੁਨੀਆ ਵਿਚ ਅਜ਼ੀਮ ਸ਼ਖਸ਼ੀਅਤ ਵਜੋ ਜਾਣੇ ਜਾਂਦੇ ਹਨ ਸ਼ਮੀ_ਜਲੰਧਰੀ, ਜਿੰਨਾਂ ਨੂੰ ਕਾਦਰ ਦੀ ਕੁਦਰਤ ਨਾਲ ਰੱਜ ਕੇ ਪਿਆਰ ਕਰਨ ਵਾਲ਼ੇ ਸ਼ਾਇਰ ਵਜੋ ਵੀ ਜਾਣਿਆ ਜਾਂਦਾ ਹੈ । ਸ਼ਾਇਰੀ ਅਤੇ ਗੀਤਕਾਰੀ ਨੂੰ ਨਵੇਂ ਰੰਗ ਦੇਣ ਵਾਲੇ ਇਹ ਬਾਕਮਾਲ ਸ਼ਾਇਰ ਅਪਣੀ ਨਵੀਂ ਪੁਸਤਕ ਉਹ ਪਹਿਲੀ ਮੁਹੱਬਤ ਲੈ ਕੇ ਪਾਠਕਾ, ਸਰੋਤਿਆ ਅਤੇ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਏ ਹਨ , ਜਿੰਨਾਂ ਦੀ ਇਹ ਇਕ ਹੋਰ ਨਵੀਂ ਸਾਹਿਤ ਪਰਵਾਜ਼ ਹਰ ਇਨਸਾਨ ਦੇ ਕਿਸੇ ਅਪਣੇ ਲਈ ਮਨੋਭਾਵਾਂ ਦਾ ਵਰਣਨ ਬੇਹੱਦ ਖੂਬਸੂਰਤੀ ਨਾਲ ਕਰਦੀ ਹੈ। ‘ਪਹਾੜਾਂ ਦੀ ਉਂਚਾਈ ਦਾ ਸਿਖ਼ਰ,ਸਾਗਰਾਂ ਦਾ ਡੂੰਗਾਪਾਣ, ਨਦੀਆਂ ਦਾ ਇਕ ਚਾਲੇ ਆਪਣੀ ਮਸਤੀ ‘ਚ ਵਹਿੰਦੇ ਜਾਣਾ ਤੇ ਸਮੁੰਦਰ ‘ਚ ਜਾ ਮਿਲ਼ਨਾ ਤੇ ਆਪਣੀ ਹੋਂਦ ਨੂੰ ਸਮੁੰਦਰ ਨੂੰ ਸਮਰਪਿਤ ਕਰ ਦੇਣਾ,ਪਰਿੰਦਿਆਂ ਦਾ ਕਤਾਰਾਂ ਬੰਨ੍ਹ-ਬੰਨ੍ਹ ਅੰਬਰੀਂ ਉਡਾਰੀਆਂ ਲਾਉਂਦੇ ਅਠਖੇਲੀਆਂ ਕਰਨਾ ਇਸ ਸਾਰੇ ਵਰਤਾਰੇ ਨੂੰ ਇਸ਼ਕ ਦੀ ਕਰਾਮਾਤ ਮੰਨਣ ਵਾਲ਼ਾ ਸ਼ਮੀ ਜਲੰਧਰੀ ਰੂਹ ਦਾ ਬੜਾ ਪਾਕੀਜ਼ਾ ਸਖ਼ਸ਼ ਹੈ।
ਇਹ ਉਹ ਫ਼ਕੀਰ ਸ਼ਾਇਰ ਹੈ ਜਿਸ ਦੀ ਬਗਲੀ ਵਿੱਚ ਸ਼ਬਦਾਂ ਦੇ ਲੱਖਾਂ ਹੀਰੇ ਜਵਾਹਰਾਤ ਲਾਲ ਮੋਤੀ ਮੌਜ਼ੂਦ ਹਨ।ਉਸ ਦੀਆਂ ਤਮਾਮ ਰਚਨਾਵਾਂ ਵਿੱਚ ਪਹਾੜ, ਝਰਨੇ, ਜੰਗਲ, ਨਦੀਆਂ,ਨਾਲ਼ੇ,ਸਾਗਰ,ਹਵਾਵਾਂ ਆਦਿ ਸ਼ਬਦਾਂ ਦਾ ਵਾਰ-ਵਾਰ ਜ਼ਿਕਰ ਵੀ ਇਹੀ ਦਰਸ਼ਾਉਂਦਾ ਹੈ ਕੇ ਉਹ ਵੱਡਾ ਕੁਦਰਤ ਪ੍ਰੇਮੀ ਹੈ ਤੇ ਕਾਦਰ ਦੀ ਮੀਨਾਕਾਰੀ ਦਾ ਢਿੱਡੋਂ ਕਾਇਲ ਹੈ।
ਹਾਲਾਂਕਿ ਸ਼ਮੀ ਮੁਹੱਬਤ ਦਾ ਸ਼ਾਇਰ ਹੈ ਪਰ ਫੇਰ ਵੀ ਉਸ ਦੀ ਕਵਿਤਾ ਵਿਚ ਆਪਣੇ ਵਤਨ ਸਮੇਤ ਦੁਨੀਆਂ ਭਰ ਦੇ ਫ਼ਿਕਰ ਸਾਹਮਣੇ ਆਉਂਦੇ ਹਨ।ਸੂਫ਼ੀਵਾਦ ਨੂੰ ਪ੍ਰਣਾਇਆ ਹੋਇਆ ਸ਼ਾਇਰ ਆਪਣੇ ਤਰਕ ‘ਤੇ ਵਿਵੇਕ ਬੁੱਧੀ ਨਾਲ਼ ਆਪਣੀਆਂ ਕਵਿਤਾਵਾਂ ਵਿਚ ਮਜ਼੍ਹਬੀ ਕੱਟੜਤਾ, ਧਾਰਮਿਕ ਅੰਧ ਵਿਸ਼ਵਾਸ,ਧੀਆਂ ਧਿਆਣੀਆਂ ਪ੍ਰਤੀ ਨਿਰਮੋਹੀ ਨੂੰ ਮੂਲੋਂ ਰੱਦ ਕਰਦਾ ਹੈ।
ਜਲੰਧਰ ਛੱਡ ਆਸਟ੍ਰੇਲੀਆ ਦੇ ਐਡੀਲੈਡ ਵਿਖੇ ਰਹਿ ਰਹੇ ਸ਼ਮੀ ਜਲੰਧਰੀ ਦਾ ਦਿਲ ਪੰਜਾਬ ਵਿੱਚ ਹੀ ਧੜਕਦਾ ਹੈ ਫਿਰ ਉਹ ਭਾਵੇਂ ਲਹਿੰਦਾ ਪੰਜਾਬ ਹੋਵੇ ‘ਤੇ ਭਾਵੇਂ ਚੜ੍ਹਦਾ ਪੰਜਾਬ।
ਸ਼ਮੀ ਜਲੰਧਰੀ ਦਾ ਜਨਮ ਗਿਆਰਾਂ ਜੂਨ ਉੱਨੀ ਸੌ ਕਹੱਤਰ ਨੂੰ ਉੱਤਰ ਪ੍ਰਦੇਸ਼ (ਹੁਣ ਉੱਤਰਾਖੰਡ) ਦੇ ਸ਼ਹਿਰ ਰੁੜਕੀ ਵਿਖੇ ਹੋਇਆ ਸੀ ਕਿਉਂਕਿ ਉਸ ਦੇ ਪਿਤਾ ਜੀ ਮਿਲਟਰੀ ਵਿੱਚ ਹੋਣ ਕਾਰਨ ਰੁੜਕੀ ਵਿਖੇ ਤਾਇਨਾਤ ਸਨ।
2006 ਵਿੱਚ ਉਹ ਜਲੰਧਰ ਨੂੰ ਅਲਵਿਦਾ ਆਖ ਪਰਿਵਾਰ ਸਮੇਤ ਆਸਟ੍ਰੇਲੀਆ ਚਲਾ ਗਿਆ ਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਸ਼ਹਿਰ ਐਡੀਲੈਡ ਵਿਖੇ ਕੰਮ ਕਾਰ ਕਰਦਿਆਂ ਸ਼ਾਇਰੀ ਵਿਚ ਵੀ ਨਾਮ ਕਮਾ ਰਿਹਾ ਹੈ।ਸ਼ਮੀ ਜਲੰਧਰੀ ਅਨੁਸਾਰ ਸ਼ਾਇਰੀ ਕਿਸੇ ਵੀ ਵਿਅਕਤੀ ਨੂੰ ਅੰਦਰੋਂ ਤਬਦੀਲ ਕਰਨ ਦਾ ਹੁਨਰ ਰੱਖਦੀ ਹੈ।ਸੋਚਾਂ ਨੂੰ ਹਰਫ਼ਾਂ ਦੇ ਜ਼ੇਵਰ ਪਾਉਣ ਵਾਲ਼ਾ ਤੇ ਖ਼ਾਬਾਂ ਖ਼ਿਆਲਾਂ ਵਿੱਚ ਖ਼ੁਮਾਰੀ ਦੇ ਮੰਜ਼ਰ ਰੱਖਣ ਵਾਲ਼ਾ ਦਿਲਦਾਰ ਸ਼ਾਇਰ ਧਰਮਾਂ ਮਜ਼੍ਹਬਾਂ ਦੇ ਨਾਮ ਤੇ ਲੜਦੇ ਮਨੁੱਖਾਂ ਨੂੰ,ਮੰਦਿਰ ਮਸਜਿਦ ਦੇ ਰੌਲ਼ੇ ਤੇ ਝਗੜਦੀ ਆਮ ਲੋਕਾਈ ਨੂੰ ਵੱਡਾ ਪੈਗ਼ਾਮ ਦਿੰਦਾ ਹੈ ਕਿ ਕਾਦਰ ਤਾਂ ਮੰਦਰ ਮਸਜਿਦ ਵਿੱਚ ਨਹੀਂ ਰਹਿੰਦਾ ਸਗੋਂ ਮੁਹੱਬਤ ਭਰੇ ਸ਼ਬਦਾਂ ਵਿੱਚ ਨਜ਼ਰ ਆਉਂਦਾ ਹੈ।ਇਸ ਲਈ ਉਹ ਮੈਂ ਮੇਰੀ ਦੇ ਝਗੜੇ ਖ਼ਤਮ ਕਰਨ ਦਾ ਵੱਡਾ ਸੁਨੇਹਾ ਆਪਣੀ ਸ਼ਾਇਰੀ ਰਾਹੀਂ ਦੇਣ ਵਿੱਚ ਕਾਮਯਾਬ ਹੁੰਦਾ ਹੈ।
ਉਸ ਦੀ ਸ਼ਾਇਰੀ ਪੜ੍ਹਦਿਆਂ ਪਾਠਕ ਸੂਫ਼ੀਵਾਦ ਦੇ ਗਹਿਰੇ ਪ੍ਰਭਾਵ ਹੇਠ ਜਾ ਪਹੁੰਚਦਾ ਹੈ।ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਮਸਲੇ,ਗੱਲਾਂ, ਗੀਤ, ਸੰਗੀਤ,ਰਸਮਾਂ ਰਿਵਾਜ,ਮਿੱਥਾਂ, ਹਕੀਕਤਾਂ,ਨਦੀਆਂ ਨਾਲ਼ੇ, ਦਰਿਆ,ਸਾਗਰ,ਝੀਲਾਂ, ਬੱਦਲਾਂ,ਬਾਰਿਸ਼ਾਂ,ਪੰਛੀ ਪਰਿੰਦਿਆਂ ਨੂੰ ਉਹ ਆਪਣੀ ਸ਼ਾਇਰੀ ਦਾ ਇਸ ਕਦਰ ਹਿੱਸਾ ਬਣਾਉਂਦਾ ਹੈ ਕਿ ਪਾਠਕ ਉਸ ਦੀ ਸਾਦੀ ਪਰ ਪ੍ਰਭਾਵਸ਼ੀਲ ਸ਼ੈਲੀ ਅਤੇ ਸ਼ਬਦਾਵਲੀ ਤੋਂ ਇਹ ਅਹਿਸਾਸ ਹੀ ਨਹੀਂ ਕਰ ਸਕਦਾ ਕਿ ਉਸ ਦਾ ਤਾਅਲੁਕ ਲਹਿੰਦੇ ਪੰਜਾਬ ਨਾਲ਼ ਹੈ ਜਾਂ ਚੜ੍ਹਦੇ ਪੰਜਾਬ ਨਾਲ਼।ਦੇਖਿਆ ਜਾਵੇ ਤਾਂ ਕਲਾਕਾਰ, ਲੇਖਕ,ਅਦਾਕਾਰ,ਪੀਰ ਫ਼ਕੀਰ,ਸੰਤ ਹੱਦਾਂ ਸਰਹੱਦਾਂ ਪਾਰ ਤੋਂ ਅਗਾਂਹ ਦੀ ਗੱਲ ਕਰਨ ਵਾਲ਼ੇ ਸਭ ਦੇ ਸਾਂਝੇ ਸਮਝੇ ਜਾਂਦੇ ਹਨ ਤੇ ਸ਼ਮੀ ਜਲੰਧਰੀ ਦੀ ਸ਼ਾਇਰੀ ਵੀ ਉਸ ਨੂੰ ਸਾਂਝੇ ਪੰਜਾਬ ਦਾ ਸ਼ਾਇਰ ਬਣਾਉਂਦੀ ਹੈ।
ਉਸ ਦੀ ਚਿੰਤਾ ਦੇ ਘੇਰੇ ਵਿੱਚ ਕੁੱਲ ਆਲਮ ਦੇ ਦੁੱਖ ਤਕਲੀਫ਼ਾਂ ਆਉਂਦੇ ਹਨ।ਸ਼ਬਦਾਂ ਦੇ ਹੀਰੇ ਮੋਤੀ,ਜਵਾਹਰ ਕੁਦਰਤ ਨੇ ਉਸ ਦੀ ਝੋਲ਼ੀ ਵਿੱਚ ਭਰ ਭਰ ਕੇ ਪਾਏ ਹਨ।ਪੰਜਾਬ ਦੀ ਅਮੀਰ ਵਿਰਾਸਤ,ਸੱਭਿਆਚਾਰ ਅਤੇ ਸੂਫ਼ੀਵਾਦ ਦਾ ਉਸ ਤੇ ਡਾਹਢਾ ਪ੍ਰਭਾਵ ਨਜ਼ਰੀਂ ਪੈਂਦਾ ਹੈ ਤੇ ਸੂਫ਼ੀਵਾਦ ਉਸ ਦੀ ਸ਼ਾਇਰੀ ਦਾ ਆਧਾਰ ਬਣਦਾ ਹੈ।ਇਸੇ ਲਈ ਉਸ ਨੂੰ ਕੋਈ ਬੇਗ਼ਾਨਾ ਲੱਗਦਾ ਹੀ ਨਹੀਂ ਸਗੋਂ ਹਰ ਕੋਈ ਉਸ ਨੂੰ ਅਪਣਾ ਹੀ ਲੱਗਦਾ ਹੈ।ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕ ਉਸ ਨੂੰ ਵੱਖ ਵੱਖ ਨਹੀਂ ਲੱਗਦੇ ਸਗੋਂ ਆਪਣੇ ਹੀ ਲੱਗਦੇ ਹਨ।
ਮਿੱਟੀ ਵਿੱਚ ਮਿੱਟੀ ਹੋ ਕੇ ਅੰਨ ਪੈਦਾ ਕਰਨ ਵਾਲ਼ਿਆਂ ਦੇ ਉਹ ਸਦਕੇ ਜਾਂਦਾ ਹੈ।ਖੇਤਾਂ ਚ ਲਹਿਰਾਉਂਦੀਆਂ ਫ਼ਸਲਾਂ ਉਸ ਨੂੰ ਭਾਉਂਦੀਆਂ ਹਨ। ਕੁੱਲ ਹਯਾਤੀ ਨੂੰ ਪਿਆਰ ਕਰਨ ਵਾਲ਼ਾ ਸ਼ਾਇਰ ਕੁੱਲ ਹਯਾਤੀ ਦੇ ਸਦਕੇ ਜਾਂਦਾ ਹੈ:-
ਕੁਝ ਰਚਨਾਵਾਂ ਵਿਚ ਉਹ ਮੁਹੱਬਤ ਦੀ ਪੀੜਾ ਦਾ ਇਉਂ ਵਰਨਣ ਕਰਦਾ ਹੈ ਕਿ ਸ਼ਿਵ ਦੀ ਕਵਿਤਾ ਦਾ ਭੁਲੇਖਾ ਪੈਂਦਾ ਹੈ:
ਸ਼ਮੀ ਜਲੰਧਰੀ ਦੀ ਸਮੁੱਚੀ ਕਵਿਤਾ ਦਾ ਅਧਿਐਨ ਕਰੀਏ ਤਾਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਸੂਫ਼ੀ ਸੰਤਾਂ ਦੀ ਸੋਚ ਦਾ ਉਸ ਦੀ ਜ਼ਿੰਦਗੀ ਤੇ ਗਹਿਰਾ ਅਸਰ ਹੀ ਨਹੀਂ ਪਿਆ ਸਗੋਂ ਸੂਫ਼ੀਵਾਦ ਉਸ ਦੇ ਰੋਮ ਰੋਮ ਵਿਚ ਰਮ ਗਿਆ ਪ੍ਰਤੀਤ ਹੁੰਦਾ ਹੈ।ਇਸੇ ਕਰਕੇ ਉਹ ਕਾਦਰ ਦੀ ਕੁਦਰਤ ਦੇ ਹਰ ਰੰਗ ਦਾ ਕਾਇਲ ਹੁੰਦਾ ਹੈ। ਜੰਗਲ ਪਹਾੜ ਬੇਲੇ,ਝੀਲਾਂ ਨਦੀਆਂ, ਉੱਚੇ ਲੰਮੇ ਦਰੱਖ਼ਤ,ਪੰਛੀ ਪਰਿੰਦੇ, ਜੀਵ ਜੰਤੂ, ਕਾਲੀਆਂ ਘਟਾਵਾਂ, ਰੁੱਤਾਂ, ਪਤਝੜ,ਬਹਾਰ,ਖ਼ੁਸ਼ਬੂ,ਮਹਿਕ, ਬੱਦਲ,ਬਰਸਾਤ ਉਸ ਨੂੰ ਖ਼ੂਬ ਭਾਉਂਦੇ ਹਨ ਤੇ ਅਜਿਹੇ ਸ਼ਬਦ ਉਸ ਦੀ ਸ਼ਾਇਰੀ ਵਿਚ ਵਾਰ-ਵਾਰ ਪੜ੍ਹਨ ਨੂੰ ਮਿਲ਼ਦੇ ਹਨ।
ਪਿਆਰ ਮੁਹੱਬਤ,ਵਸਲ,ਵਿਛੋੜਾ, ਜੁਦਾਈ ਤਨਹਾਈ,ਤੇ ਆਪਣੇ ਪਿਆਰੇ ਲਈ ਮਨ ਦੀ ਤੜਫ਼ ਉਸ ਨੂੰ ਸਭ ਕਾਦਰ ਦੀ ਮਰਜ਼ੀ ਹੀ ਜਾਪਦੇ ਹਨ ਤੇ ਕਾਦਰ ਦਾ ਹਰ ਫ਼ੈਸਲਾ ਉਸ ਨੂੰ ਬਿਨਾਂ ਕਿਸੇ ਸ਼ਿਕਵੇ ਸ਼ਿਕਾਇਤ ਦੇ ਮਨਜ਼ੂਰ ਹੈ।ਕਾਦਰ ਦੀ ਇਨਸਾਨ ਨੂੰ ਅਤਾ ਕੀਤੀ ਸਭ ਤੋਂ ਵੱਡੀ ਨਿਆਮਤ ਉਹ ਇਸ਼ਕ ਨੂੰ ਸਮਝਦਾ ਹੈ।ਪਰ ਉਸਦਾ ਮੰਨਣਾ ਹੈ ਕਿ ਹਰ ਕੋਈ ਇਸ ਭੇਦ ਨੂੰ ਨਹੀਂ ਜਾਣ ਸਕਦਾ:-
ਸ਼ਾਇਰ ਨੂੰ ਇਸ ਗੱਲ ਦਾ ਵੀ ਬਖ਼ੂਬੀ ਪਤਾ ਹੈ ਕਿ ਹੁਣ ਤਲਵਾਰਾਂ ਨਾਲ਼ ਜੰਗ ਜਿੱਤਣ ਦੇ ਵੇਲ਼ੇ ਨਹੀਂ ਰਹੇ ਤੇ ਹੁਣ ਕਲ਼ਮ ਸਭ ਤੋਂ ਵੱਡਾ ਹਥਿਆਰ ਹੈ।ਜੰਗ ਤੋਂ ਬਾਅਦ ਵੀ ਮਸਲੇ ਬਹਿ ਕੇ ਹੀ ਨਿਬੇੜੇ ਜਾਂਦੇ ਸਨ ਤੇ ਹਰ ਫ਼ੈਸਲਾ ਕਲਮ ਹੀ ਕਰਦੀ ਸੀ।ਸ਼ਮੀ ਜਲੰਧਰੀ ਵੀ ਆਪਣੇ ਹਿੱਸੇ ਦਾ ਯੁੱਧ ਅਤੇ ਲੋਕਾਈ ਦੇ ਹੱਕਾਂ ਦੀ ਲੜਾਈ ਕਲ਼ਮ ਨਾਲ਼ ਲੜਨ ਦਾ ਐਲਾਨ ਕਰਦਾ ਹੈ:-
ਮੁਹੱਬਤ ਵਰਗੇ ਖੁਸ਼ਨੁਮਾ ਅਹਿਸਾਸ ਨੂੰ ਸਿਰਫ਼ ਮਹਿਸੂਸ ਹੀ ਕੀਤਾ ਜਾ ਸਕਦਾ। ਸ਼ਮੀ ਦੀ ਸ਼ਾਇਰੀ ਵਿੱਚ ਮੁਹੱਬਤ ਅਹਿਸਾਸ ਬਣਕੇ ਧੜਕਦੀ ਹੈ।ਉਸ ਦੇ ਅਹਿਸਾਸਾਂ ਦੀ ਗਹਿਰਾਈ ਦੀ ਥਾਹ ਨਹੀਂ ਪਾਈ ਜਾ ਸਕਦੀ।ਉਸ ਦੀ ਸ਼ਾਇਰੀ ਦੀ ਵਿਲੱਖਣਤਾ ਅਤੇ ਵਿਸ਼ੇਸ਼ਤਾ ਵੀ ਇਹੀ ਹੈ ਕਿ ਉਹ ਆਮ ਮਨੁੱਖ ਜੋ ਕੁਦਰਤ ਦੀ ਕਾਇਨਾਤ ਦੇ ਚੱਪੇ-ਚੱਪੇ ਨੂੰ ਪਿਆਰਦਾ ਹੈ,ਸਤਿਕਾਰਦਾ ਹੈ, ਅਜਿਹੇ ਭਾਵਾਂ ਨੂੰ ਕਾਵਿਕ ਰੂਪ ਰਾਹੀਂ ਪ੍ਰਗਟ ਕਰਦੀ ਹੈ।ਹਿਮਾਲਿਆ ਦੀ ਕੁੱਖ ਚੋਂ ਨਿਕਲਦੇ ਦਰਿਆਵਾਂ ਸਤਲੁਜ ਤੇ ਬਿਆਸ ਦੇ ਨਾਲ਼ ਨਾਲ਼ ਜੇਹਲਮ,ਰਾਵੀ ਤੇ ਝਨਾਬ ਦੇ ਪਾਣੀਆਂ ਦੀ ਸਾਂਝ ਪਾਉਂਦੀ ਹੈ।ਸ਼ਮੀ ਜਲੰਧਰੀ ਆਪਣੀ ਕਵਿਤਾ ਰਾਹੀਂ ਲਾਹੌਰ,ਮੁਲਤਾਨ ਤੇ ਕਸੂਰ ਦੇ ਨਾਲ਼ ਨਾਲ਼ ਮਾਝੇ ਮਾਲਵੇ ਤੇ ਦੁਆਬੇ ਦੇ ਰੰਗਾਂ ਦਾ ਸੁਮੇਲ ਪੇਸ਼ ਕਰਦਾ ਹੈ।
ਪ੍ਰਦੇਸ਼ ਨੂੰ ਹੀ ਸ਼ਮੀ ਨੇ ਆਪਣਾ ਘਰ ਬਣਾ ਲਿਆ ਹੈ ਪਰ ਉਸ ਦੀ ਸ਼ਾਇਰੀ ਦੇ ਅਹਿਸਾਸ ਅੱਜ ਵੀ ਪੰਜਾਬ ਦੀ ਮਿੱਟੀ ਨਾਲ਼ ਜੁੜੇ ਹੋਏ ਹਨ।ਇਸ ਲਈ ਉਸ ਦੀ ਕਵਿਤਾ ਚੋਂ ਅੱਜ ਵੀ ਪੰਜਾਬ ਦੀਆਂ ਲਹਿਰਾਉਂਦੀਆਂ ਫ਼ਸਲਾਂ ਦੀ ਮਹਿਕ ਆਉਂਦੀ ਹੈ।ਪੰਜਾਬ ਦੇ ਫ਼ਿਕਰ ਉਸ ਦੀ ਸ਼ਾਇਰੀ ਦਾ ਹਿੱਸਾ ਹਨ।
ਗ਼ਮਾਂ ਦਾ ਸਫ਼ਰ, ਵਤਨੋਂ ਦੂਰ, ਪਹਿਲੀ ਬਾਰਿਸ਼ ਅਤੇ ਇਸ਼ਕ ਮੇਰਾ ਸੁਲਤਾਨ ਉਸ ਦੇ ਚਾਰ ਕਾਵਿ ਸੰਗ੍ਰਹਿ ਆ ਚੁੱਕੇ ਹਨ।
ਬ੍ਰਿਟਿਸ਼ ਫ਼ਿਲਮੀ ਸੰਗੀਤਕਾਰ ਮੁਖ਼ਤਾਰ ਸਹੋਤਾ ਨੇ ਸ਼ਮੀ ਦੇ ਗੀਤਾਂ ਨੂੰ ਕਈ ਫ਼ਿਲਮਾਂ ਲਈ ਰਿਕਾਰਡ ਕੀਤਾ ਹੈ।ਉਸ ਦੀਆਂ ਰਚਨਾਵਾਂ/ਗੀਤ ਕੱਚੇ ਧਾਗੇ,ਇਸ਼ਕ ਮਾਈ ਰਿਲੀਜਨ, ਅਤੇ ਹਿੰਦੀ ਫ਼ਿਲਮਾਂ ਵੋਹ ਅਤੇ ਰਾਜਾ ਅਬਰੋਡੀਆ ਵਿੱਚ ਵਿਚ ਰਿਕਾਰਡ ਹੋ ਚੁੱਕੇ ਹਨ।
ਨੂਰਾਂ ਭੈਣਾਂ ਸਮੇਤ ਪਾਕਿਸਤਾਨੀ ਗਾਇਕ ਆਰਿਫ਼ ਲੁਹਾਰ,ਸੂਫ਼ੀ ਗਾਇਕ ਯਾਕੂਬ,ਮੁਹੰਮਦ ਅਲੀ ਅਤੇ ਕਈ ਹੋਰ ਪ੍ਰਸਿੱਧ ਗਾਇਕਾਂ ਨੇ ਸ਼ਮੀ ਦੇ ਗੀਤ ਗਾਏ ਹਨ।ਇਕ ਦਹਾਕੇ ਤੋਂ ਗਾਇਕ ਸੁਨੀਲ ਡੋਗਰਾ ਸ਼ਮੀ ਜਲੰਧਰੀ ਦੀਆਂ ਰਚਨਾਵਾਂ ਮਹਿਫ਼ਿਲਾਂ ਵਿੱਚ ਗਾ ਕੇ ਵਾਹ ਵਾਹ ਖੱਟ ਰਿਹਾ ਹੈ।
ਜਿੱਥੇ ਸ਼ਮੀ ਜਲੰਧਰੀ ਦੇ ਗੀਤ ਹੋਰਾਂ ਗਾਇਕਾਂ ਨੇ ਰਿਕਾਰਡ ਕਰਵਾਏ ਹਨ ਓਥੇ ਹੀ ਕੁਦਰਤ ਨੇ ਸ਼ਮੀ ਜਲੰਧਰੀ ਨੂੰ ਵੀ ਕਸ਼ਿਸ਼ ਭਰਪੂਰ ਰਸ ਭਰਪੂਰ ਆਵਾਜ਼ ਬਖ਼ਸ਼ੀ ਹੈ।ਸ਼ਮੀ ਨੇ ਆਪਣੀਆਂ ਰਚਨਾਵਾਂ ਇਸ਼ਕ ਮੇਰਾ ਸੁਲਤਾਨ, ਦਸਤਕ ਅਤੇ ਫ਼ਕੀਰੀਆਂ ਆਪਣੀ ਆਵਾਜ਼ ਵਿੱਚ ਰਿਕਾਰਡ ਕਰਕੇ ਡਿਜੀਟਲ ਮੀਡੀਆ ਰਾਹੀਂ ਪੇਸ਼ ਕੀਤੇ ਹਨ।ਨਾ ਸਿਰਫ ਉਸ ਨੇ ਆਪਣੀਆਂ ਰਚਨਾਵਾਂ ਹੀ ਗਾਈਆਂ ਸਗੋਂ ਆਸਟ੍ਰੇਲੀਆ ਵੱਸਦੇ ਪ੍ਰਸਿੱਧ ਸ਼ਾਇਰ ਜਸਵੰਤ ਵਾਗਲਾ ਅਤੇ ਪਾਕਿਸਤਾਨੀ ਸ਼ਾਇਰ ਤਜੱਮਲ ਕਲੀਮ ਦੀਆਂ ਕੁਝ ਰਚਨਾਵਾਂ ਵੀ ਆਪਣੀ ਆਵਾਜ਼ ਵਿੱਚ ਰਿਕਾਰਡ ਕੀਤੀਆਂ ਹਨ।