
ਡਾ.ਅਮਰਜੀਤ ਸਿੰਘ ਦੀ ਆਤਮਕਥਾ ਦੇ ਵਧੀਆ ਦਸਤਾਵੇਜ ਤੱਕ ਹੀ ਸਿਮਟ ਕੇ ਰਹਿ ਗਈ “ਮਾ ਜਾਏ”



ਜਦਕਿ ਫ਼ਿਲਮ ‘ਮਾਂ ਜਾਏ’ ਤੋਂ ਸਾਰੀ ਫ਼ਿਲਮ ਇੰਡਸਟ੍ਰੀ ਅਤੇ ਸਿਨੇ ਦਰਸ਼ਕਾਂ ਨੂੰ ਭਰਪੂਰ ਆਸਾਂ ਸਨ ਕਿ ਇਸ ਵਰ੍ਹੇ ਪਾਲੀਵੁੱਡ ਦੀ ਹੁਣ ਤੱਕ ਡੁਬਦੀ ਦਿਸਦੀ ਬੇੜੀ ਨੂੰ ਪਾਰ ਲਗਾਵੇਗੀ।
ਇਸ ਦੇ ਦੋ-ਤਿੰਨ ਵੱਡੇ ਕਾਰਨ ਵੀ ਸਨ ਕਿ ਇਕ ਤਾਂ ਨਵਾਨੀਅਤ ਸਿੰਘ Navaniat Singh ਇਕ ਸੂਝਵਾਨ ਫ਼ਿਲਮ ਨਿਰਦੇਸ਼ਕ ਹੈ, ਜਿਸ ਨੇ ਪੰਜਾਬੀ ਸਿਨੇਮਾ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ,ਦੂਜਾ ਇਸ ਵਿਚ ਦੋ ਉਮਦਾ ਕਲਾਕਾਰਾਂ ਜਿੰਮੀ ਸ਼ੇਰਗਿੱਲ ਅਤੇ ਮਾਨਵ ਵਿੱਜ ਦਾ ਹੋਣਾ ਮਾਇਨੇ ਰੱਖਦਾ ਸੀ, ਜਿਹੜੇ ਅਜੇ ਤਾਈਂ ਬਾਲੀਵੁੱਡ ਵਿਚ ਵੀ ਕਈ ਮਾਰਕੇ ਮਾਰਦੇ ਆ ਰਹੇ ਹਨ ਅਤੇ ਤੀਜਾ ਇਸ ਫ਼ਿਲਮ ਦਾ (ਦੋ ਸਕੇ ਭਰਾਵਾਂ ਵਿਚਲੇ ਆਪਸੀ ਪਿਆਰ ਨੂੰ ਪ੍ਰਗਟਾਉਂਦਾ) ਫ਼ਿਲਮ ਦਾ ਟ੍ਰੇਲਰ ਜੋ ਕਿ ਫ਼ਿਲਮ ਵਿਚਲੇ ਨਵੇਂ ਵਿਸ਼ੇ ਦੀ ਗਵਾਹੀ ਭਰ ਰਿਹਾ ਸੀ ਅਤੇ ਨਾਲ ਹੀ ਫ਼ਿਲਮ ਤੋਂ ਪਹਿਲਾਂ ਰਿਲੀਜ਼ ਹੋਏ ਪ੍ਰਸਿੱਧ ਸੰਗੀਤਕਾਰ ਜੈ ਦੇਵ ਕੁਮਾਰ Jaidev Kumar ਵੱਲੋਂ ਤਿਆਰ ਕੀਤੇ ਗਾਣਿਆਂ ਨੇ ਵੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਹੁਣ ਜਦੋਂ ਫ਼ਿਲਮ ਦਰਸ਼ਕਾਂ ਸਾਹਮਣੇ ਖੁੱਲ੍ਹਦੀ ਹੈ ਤਾਂ ਇਸ ਨੂੰ ਉਮੀਦ ਮੁਤਾਬਕ ਭਰਵਾਂ ਹੁੰਗਾਰਾ ਨਹੀਂ ਮਿਲਦਾ ਜਾਂ ਕਹਿ ਲਵੋ ਕਿ ਸਭ ਦੀਆਂ ਉਮੀਦਾਂ ਤੇ ਪਾਣੀ ਫਿਰਦਾ ਨਜ਼ਰ ਆਇਆ, ਜਿਸ ਦੇ ਕੁਝ ਵਾਜਬ ਕਾਰਨ ਵੀ ਹਨ ਜੋ ਮੈਨੂੰ ਮਹਿਸੂਸ ਹੋਏ।
ਦਰਸ਼ਕਾਂ ਨੂੰ ਫ਼ਿਲਮ ਦੇ ਟ੍ਰੇਲਰ ‘ਚੋਂ ਜੋ ਨਜ਼ਰ ਆ ਰਿਹਾ ਸੀ, ਫ਼ਿਲਮ ਅੰਦਰ ਉਹ ਕਸ਼ਿਸ ਅਤੇ ਦਰਸ਼ਕਾਂ ਨੂੰ ਨਾਲ ਜੋੜਦੀ ਭਾਵੁਕਤਾ ਦੀ ਕਮੀ ਮਹਿਸੂਸ ਹੋਈ।
ਕਿਉਂ ਕਿ ਲੇਖਕ-ਨਿਰਦੇਸ਼ਕ ਫ਼ਿਲਮ ਦੇ ਅਗਾਉਂ ਦਰਸਾਏ ਵਿਸ਼ੇ ਤੋਂ ਭਟਕੇ ਹੋਏ ਨਜ਼ਰ ਆਏ।
ਬੇਸ਼ਕ ਉਹਨਾਂ ਦੀ ਭਾਵਨਾ ਇਸ ਫ਼ਿਲਮ ਰਾਹੀਂ ਥੋੜੇ ਸਮੇਂ ਵਿਚ ਦਰਸ਼ਕਾਂ ਨੂੰ ਵੱਧ ਤੋਂ ਵੱਧ ਸਾਰਥਕਤਾ ਭਰਪੂਰ ਨਵਾਂਪਣ ਅਤੇ ਵਿਲੱਖਣਤਾ ਵਿਖਾਉਣ ਦੀ ਹੋ ਸਕਦੀ ਹੈ ਜਿਸ ਦੇ ਪੱਤੇ ਉਹਨਾਂ ਪੂਰੀ ਤਰਾਂ ਪਹਿਲਾਂ ਨਹੀਂ ਖੋਲ੍ਹੇ ਪਰ ਇਹ ਸਭ ਵਿਖਾਉਣ ਦੇ ਚੱਕਰ ਵਿਚ ਉਹ ਦਰਸ਼ਕਾਂ ਦੀ ਉਸ ਉਮੀਦ ਤੋਂ ਖੁੰਝ ਗਏ ਜੋ ਉਹ ਸਕੇ ਭਰਾਵਾਂ ਦੇ ਆਪਸੀ ਸਾਂਝ,ਪਿਆਰ-ਇਤਫਾਕ, ਇਕ ਦੂਜੇ ਪ੍ਰਤੀ ਸਤਿਕਾਰ ਅਤੇ ਕੁਰਬਾਨੀ ਨਾਲ ਭਰੇ ਕਿਸੇ ਜ਼ਬਰਦਸਤ, ਦਿਲਚਸਪ ਅਤੇ ਭਾਵਪੂਰਤ ਪਲਾਟ ਚੋਂ ਉੱਭਰੇ ਪਰਿਵਾਰਕ ਫ਼ਿਲਮੀ ਡਰਾਮੇ ਰੂਪੀ ਵੇਖਣਾ ਚਾਉਂਦੇ ਸਨ ਤਾਂ ਜੋ ਇਹ ਫ਼ਿਲਮ ਅਜੋਕੇ ਸਮਾਜ ਅਤੇ ਵਿਸ਼ੇਸਕਰ ਨਵੀਂ ਪੀੜੀ ਨੂੰ ਅਜਿਹੀਆਂ ਸਾਂਝਾ ਰੂਪੀ ਸੁਨੇਹਾ ਦੇ ਸਕੇ ਅਤੇ ਟੁੱਟਦੇ-ਬਿਖਰਦੇ ਪਰਿਵਾਰਾਂ ਅੰਦਰ ਨਵੀਂ ਰੂਹ ਫੂਕੀ ਸਕੇ।
ਪਰ ਦਰਸ਼ਕਾਂ ਦੀ ਸੋਚ ਤੋਂ ਹੱਟਵੀਂ ਇਹ ਫ਼ਿਲਮੀ ਕਹਾਣੀ ਅਮਰੀਕਾ ਨਿਵਾਸੀ ਆਮ ਲੋਕਾਂ ਤੋਂ ਅਗਿਆਤ ਕਿਸੇ ਡਾ.ਅਮਰਜੀਤ ਸਿੰਘ ਦੀ ਆਟੋਬਾਇਓਗਰਾਫ਼ੀ ਵਿਚਲੀਆਂ ਆਮ ਘਟਨਾਵਾਂ ਤੇ ਅਧਾਰਿਤ ਨਿਕਲੀ ਜੋ ਕਿ ਕਿਸੇ ਹੋਰ ਵਿਅਕਤੀ ਦੇ ਜੀਵਨ ਵਿਚ ਇਸ ਤੋਂ ਵੀ ਵੱਧ ਦਿਲਚਸਪ ਅਤੇ ਹੈਰਾਨੀਜਨਕ ਹੋ ਸਕਦੀਆਂ ਹਨ।
ਜਾਂ ਤਾਂ “ਦੌੜਾਕ ਮਿਲਖਾ ਸਿੰਘ” ਵਰਗੇ ਬੰਦੇ ਜਿਸ ਦੇ ਜੀਵਨ ਬਾਰੇ ਜਾਣਨ ਦੀ ਇੱਛੁਕ ਸਾਰੀ ਦੁਨੀਆ ਹੋਵੇ ਨੂੰ ਹੂ-ਬਹੂ ਫ਼ਿਲਮਾਇਆ ਜਾਵੇ ਤਾਂ ਜਸਟੀਫਾਈਡ ਹੈ ਅਤੇ ਜੇ ਫ਼ਿਲਮ ਦੀ ਕਹਾਣੀ ਵੈਸੇ ਹੀ ਕਿਸੇ ਆਮ ਵਿਅਕਤੀ ਦੇ ਨਿੱਜੀ ਜੀਵਨ ਨੂੰ ਦਰਸਾਉਂਦੀ ਹੈ ਅਤੇ ਉਸ ਦੀ ਇੱਛਾ/ਖੁਸ਼ੀ ਲਈ ਉਸ ਵੱਲੋਂ ਹੀ ਨਿਰਮਤ ਕੀਤੀ ਜਾਂ ਰਹੀ ਹੈ ਤਾਂ ਫਿਰ ਫਿਕਸ਼ਨ ਰੂਪੀ ਹਰ ਰੰਗ ਵਿਚ ਰੰਗੀ ਇਕ ਸੁਨੇਹਾ ਭਰਪੂਰ ਦਿਲਚਸਪ ਫ਼ਿਲਮ ਨੂੰ ਪਰਦੇ ਤੇ ਉਤਾਰਿਆ ਜਾਂਦਾ ਜਿਸ ਵਿਚ ਉਸ ਦੀ ਜੀਵਨੀ ਤਾਂ ਹੁੰਦੀ ਪਰ ਫ਼ਿਲਮ ਦਰਸ਼ਕਾਂ ਲਈ ਪੂਰਾ ਆਨੰਦ ਮਾਣਨ ਯੋਗ !
ਖੈਰ ! ਹੁਣ ਮੈਂ ਫ਼ਿਲਮ ਦੀ ਕਹਾਣੀ ਵਿਚਲੇ ਉਹਨਾਂ ਪੀਰੀਅਡ ਸਿਕਿਊਅੰਸਜ਼ ਦੀ ਅੰਸ਼ਕ ਗੱਲ ਕਰਦਾ ਹਾਂ ਜੋ ਕਿ ਸਿੱਖ ਕਮਿਊਨਿਟੀ ਨਾਲ ਸਬੰਧਤ ਫ਼ਿਲਮ ਦੇ ਮੁੱਖ ਪਾਤਰ ਭਰਾਵਾਂ ਅਤੇ ਉਹਨਾਂ ਦੇ ਪਰਿਵਾਰ ਦੀ ਹੱਡ ਬੀਤੀ ਵੱਜੋ ਪੇਸ਼ ਕੀਤੇ ਗਏ ਹਨ।
ਪਹਿਲਾਂ ਸਮਾਂ 1947 “ਸੰਤਾਲੀ ਦੀ ਹਿੰਦ-ਪਾਕ ਵੰਡ” ਦਾ ਜਿਸ ਦਾ ਸੰਤਾਪ ਪੰਜਾਬੀਆਂ ਨੇ ਭੋਗਿਆ।
ਦੂਜਾ 1984 ਦਾ ਘੁਲੂਘਾਰਾ,ਜਿੱਥੇ ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਕੀਤੇ ਹਮਲੇ ਦੇ ਜਜ਼ਬਾਤੀ ਰੋਹ ਵੱਜੋਂ ਹੋਈ ਪ੍ਰਧਾਨ ਮੰਤਰੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਦਾ ਹੋਇਆ ਕਤਲੇਆਮ ਅਤੇ ਤੀਜਾ 9/11 ਟਿਵਨ ਟਾਵਰਜ਼ ਅਟੈਕ ਤੋਂ ਬਾਅਦ ਅਮਰੀਕਾ ਵਿਚ ਸਿੱਖਾਂ ਨਾਲ ਹੋਏ ਨਕਸਲੀ ਵਿਤਕਰੇ ਦੀ ਦਾਸਤਾਨ। ਇਹਨਾਂ ਤਿੰਨਾਂ ਸਮਿਆਂ ਦੀਆਂ ਦੁਖਦ ਘਟਨਾਵਾਂ ਨੂੰ ਪਰਦਾਪੇਸ਼ ਕਰਨ ਦਾ ਮਕਸਦ ਜੋ ਸਮਝ ਆਉਂਦਾ ਹੈ ਕਿ ਲੇਖਕ-ਨਿਰਦੇਸ਼ਕ ਵੱਲੋਂ ਸਿੱਖਾਂ ਦੀ ਵਾਰ-ਵਾਰ ਹੁੰਦੀ ਇਹ ਦੁਰ-ਦਸ਼ਾ ਵਿਖਾਉਣਾ ਹੈ ਕਿ ਅਸੀਂ ਦੇਸ਼ ਲਈ ਅਨੇਕਾਂ ਕੁਰਬਾਨੀਆਂ ਦੇਣ ਦੇ ਬਾਵਜੂਦ ਬੇਗਾਨਿਆਂ ਵਾਂਗ ਆਪਣੇ ਹੀ ਮੁਲਕ ਅਤੇ ਵਿਦੇਸ਼ਾਂ ਵਿਚ ਵੀ ਐਨੇ ਭਿਅੰਕਰ ਸਮੇਂ ਆਪਣੇ ਪਿੰਡੇ ਤੇ ਹੰਢਾਏ।
ਹੁਣ ਪਹਿਲੀ ਗੱਲ ਤਾਂ ਇਹ ਸਭ ਕੁਝ ਅਸੀਂ ਬਹੁਤ ਫ਼ਿਲਮਾਂ ਵਿਚ ਪਹਿਲਾਂ ਵੀ ਵੇਖ ਚੁਕੇ ਹਾਂ ਅਤੇ ਫ਼ਿਲਮ ਵਿਚਲਾ ਦੂਜਾ ਮੁੱਖ ਵਿਸ਼ਾ ਦੋ ਸਕੇ ਦੋ ਭਰਾਵਾਂ ਦੀ ਸਾਂਝ ਵਿਖਾਉਣੀ ਸਾਡੇ ਲਈ ਨਵਾਂ ਅਤੇ ਆਕਰਸ਼ਕ ਸੀ ਭਾਵੇਂਕਿ ਇਸ ਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਬਣ ਚੁੱਕੀਆਂ ਹਨ !
ਫਿਰ ਵੀ ਇਹ ਦੋਵੇਂ ਵਿਸ਼ੇ ਆਪਣੇ ਆਪ ਵਿਚ ਨਵੇਂ ਸਿਰਿਓਂ ਖਾਸਕਰ ਪੰਜਾਬੀ ਫ਼ਿਲਮ ਬਣਨ ਯੋਗ ਵੱਡੇ,ਵਿਲੱਖਣ ਅਤੇ ਵੱਖੋ-ਵੱਖ ਹਨ।
ਜਿਹਨਾਂ ਲੋਕਾਂ ਨੇ ਇਹ ਤਿੰਨੋਂ ਸਮੇਂ ਅੱਖੀਂ ਵੇਖੇ ਜਾਂ ਹੰਢਾਏ ਹਨ ਉਹਨਾਂ ਲਈ ਫ਼ਿਲਮ “ਮਾਂ ਜਾਏ” ਵਿਚਲੀਆਂ ਸਬੰਧਤ ਘਟਨਾਵਾਂ ਆਮ ਘਟਨਾਵਾਂ ਹਨ ਅਤੇ ਹਰ ਆਮ ਵਿਅਕਤੀ ਦੀ ਜ਼ਿੰਦਗੀ ਵਿਚ ਵੀ ਇਸ ਤਰਾਂ ਦੀਆਂ ਬਹੁਤ ਕਿੱਸੇ ਕਹਾਣੀਆਂ ਹੋਣਗੀਆਂ ਕਿ ਭਰਾ ਨੇ ਭਰਾ ਨੂੰ ਅੱਗੇ ਵਧਾਉਣ ਲਈ ਬਹੁਤ ਕੁਝ ਕੀਤਾ,ਕਿਸੇ ਭੈਣ ਨੇ ਭਰਾਵਾਂ ਦਾ ਇਸੇ ਤਰਾਂ ਸਾਥ ਦਿੱਤਾ, ਕਿਸੇ ਦੋਸਤ ਨੇ (ਬਾਲੀਵੁੱਡ ਦੀ ਦੋਸਤੀ ਅਧਾਰਿਤ ਸਭ ਤੋਂ ਵੱਡੀ ਫ਼ਿਲਮ “ਦੋਸਤੀ” ਵਾਂਗ) ਦੋਸਤੀ ਦੀਆਂ ਭਰਾਵਾਂ ਨਾਲੋ ਵੱਡੀਆ ਉਦਹਾਰਣਾਂ ਕਾਇਮ ਕੀਤੀਆਂ ਵਗੈਰਾ ਵਗੈਰਾ।
ਫ਼ਿਲਮ “ਮਾਂ ਜਾਏ” ਵਿਚ ਲੇਖਕ-ਨਿਰਦੇਸ਼ਕ ਸਭ ਕੁੱਝ ਇੱਕਠਿਆਂ ਅਤੇ ਸਿਰਫ ਅਸਲੀਅਤ ਵਿਖਾਉਣ ਦੇ ਚੱਕਰ ਵਿਚ ਫ਼ਿਲਮ ਦੇ (ਭਰਾਵਾਂ ਦੀ ਜੋੜੀ ਵਾਲੇ) ਅਸਲ ਥੀਮ ਨੂੰ ਉਸ ਮਜਬੂਤੀ ਅਤੇ ਦਰਸ਼ਕ ਦੀ ਨਜ਼ਰ ਤੋਂ ਉਸ ਦਿਲਚਸਪੀ ਅਤੇ ਭਾਵੁਕਤਾ ਨਾਲ ਪੇਸ਼ ਨਹੀਂ ਕਰ ਸਕੇ ਜਿਸ ਨੇ ਫ਼ਿਲਮ ਦੇ ਟਾਈਟਲ ਤੋਂ ਦਰਸ਼ਕ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਅਤੇ ਇਹੀ ਦਰਸ਼ਕਾਂ ਦੀ ਇਸ ਫ਼ਿਲਮ ਪ੍ਰਤੀ ਬੇਰੁਖੀ ਦਾ ਸਭ ਤੋਂ ਵੱਡਾ ਕਾਰਨ ਬਣਿਆ ਅਤੇ ਕੁਝ ਹੱਦ ਤੱਕ ਪੰਜਾਬ ਵਿਚ ਆਏ ਹੜ੍ਹਾਂ ਨੇ ਵੀ ਫ਼ਿਲਮ ਨੂੰ ਆਰਥਿਕ ਮਾਰ ਮਾਰੀ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਬਾਕੀ ਫ਼ਿਲਮ ਵਿਚਲੇ ਦੋ/ਤਿੰਨ ਸੰਵਾਦਾਂ ਤੋਂ ਫ਼ਿਲਮ ਦੇ ਸਕਰੀਨ ਪਲੇਅ-ਸੰਵਾਦ ਲੇਖਕ ਇੰਦਰਪਾਲ ਸਿੰਘ ਅਤੇ ਗੁਰਪ੍ਰੀਤ ਸਹਿਜੀ ਦੀ ਫ਼ਿਲਮ ਲੇਖਣੀ ਬਾਰੇ ਦੂਰਅੰਦੇਸ਼ੀ ਵਿਚ ਕਮੀ ਅਤੇ ਸਿੱਖ ਇਤਿਹਾਸ/ਫਲਸਫ਼ੇ ਤੋਂ ਅਗਿਆਨਤਾ ਦਾ ਵੀ ਸੰਕੇਤ ਮਿਲਦਾ ਹੈ ਜਿਸਦਾ ਜ਼ਿਕਰ ਮੈਂ ਇਸ ਸਮੀਖਿਆ ਵਿਚ(ਗੱਲ ਲੰਮੀ ਹੋ ਜਾਣ ਕਾਰਨ)ਦਰਸਾਉਣਯੋਗ ਨਹੀਂ ਸਮਝਦਾ ਅਤੇ ਇਹ ਸੰਵਾਦ ਫ਼ਿਲਮ ਦੇ ਪਰਦਾਪੇਸ਼ ਆਪਣੇ ਹੀ ਮਕਸਦ ਦੇ ਵੀ ਵਿਪਰੀਤ ਹਨ ?
ਬਾਕੀ ਜੇ ਉਹ ਚਾਹੁਣ ਤਾਂ ਮੇਰੇ ਨਾਲ ਗੱਲ ਕਰ ਸਕਦੇ ਹਨ ਪਰ ਆਖਿਰਕਾਰ ਫ਼ਿਲਮੀ ਸ਼ਿਪ ਦਾ ਕੈਪਟਨ ਤਾਂ ਹਮੇਸ਼ਾ ਨਿਰਦੇਸ਼ਕ ਹੀ ਹੁੰਦਾ ਹੈ, ਇਸ ਲਈ ਜ਼ਿੰਮੇਵਾਰੀ ਅਤੇ ਜਵਾਬਦੇਹੀ ਸਿਰਫ ਨਿਰਦੇਸ਼ਕ ਦੀ ਬਣਦੀ ਹੈ।
ਖੈਰ! ਫ਼ਿਲਮ ਦਾ ਸੰਗੀਤ ਅਤੇ ਪਿੱਠਵਰਤੀ ਸੰਗੀਤ ਵਧੀਆ ਅਤੇ ਢੁਕਵਾਂ ਸੀ।
ਜਿੰਮੀ ਸ਼ੇਰਗਿੱਲ ਅਤੇ ਮਾਨਵ ਵਿੱਜ ਦੀ ਦਮਦਾਰ ਅਦਾਕਾਰੀ ਤੋਂ ਨਵਾਂ ਚਿਹਰਾ ਰਹਿਮਤ ਰਤਨ ਅਤੇ ਬਾਕੀ ਕਲਾਕਾਰਾਂ ਵਿੱਚੋਂ ਯੋਗਰਾਜ ਸਿੰਘ ਅਨੀਤਾ ਮੀਤ ਅਤੇ ਗੁਰਿੰਦਰ ਮਕਨਾ ਅਤੇ ਬਚਪਨ ਦੇ ਰੋਲ ਵਿਚ ਭਰਾਵਾਂ ਦੇ ਵਿਖਾਏ ਬਾਲ ਅਦਾਕਾਰਾਂ ਆਦਿ ਦਾ ਵੀ ਬਿਹਤਰੀਨ ਅਭਿਨੈ ਹੈ।
ਬਾਕੀ ਫ਼ਿਲਮ ‘ਮਾਂ ਜਾਏ’ ਆਪਣੇ ਸਾਰਥਕਤਾ ਭਰਪੂਰ ਵਿਸ਼ੇ ਅਤੇ ਸੁਹਿਰਦ ਪੇਸ਼ਕਾਰੀ ਕਰ ਕੇ ਡਾ.ਅਮਰਜੀਤ ਸਿੰਘ ਵੱਲੋਂ ਆਪਣੀ ਆਤਮਕਥਾ ਰੂਪੀ ਸਾਂਭਣਯੋਗ ਦਸਤਾਵੇਜ ਦੇ ਨਾਲ ਨਾਲ ਪੰਜਾਬੀ ਸਿਨੇਮਾ ਲਈ ਵੀ ਰੈਫਰੈਂਸ ਲਾਇਬ੍ਰੇਰੀ ਵਿਚ ਦਰਜ਼ ਕਰਨ ਯੋਗ ਫ਼ਿਲਮ ਬਣੀ ਹੈ,ਜਿਸ ਲਈ ਫ਼ਿਲਮ ਨਿਰਮਾਤਾ ਡਾ. ਅਮਰਜੀਤ ਸਿੰਘ ਸਮੇਤ ਸਾਰੀ ਫ਼ਿਲਮ ਟੀਮ ਵਧਾਈ ਦੀ ਪਾਤਰ ਹੈ।