Short #filmreview #JollyLLB3
-ਦਲਜੀਤ ਅਰੋੜਾ
ਕਿਸਾਨਾਂ ਦੇ ਭਾਰਤ ਅੰਦਰ ਹਾਲਾਤ ਬਿਆਨਦੀ ਅਤੇ ਉਹਨਾਂ ਦੇ ਕਾਨੂੰਨੀ ਹੱਕ ਦੀ ਗੱਲ ਕਰਦੀ ਇਸ ਫ਼ਿਲਮ ਦਾ ਅਧਾਰ ਭਾਵੇਂ ਉਤਰ ਪ੍ਰਦੇਸ਼ ਦੀ ਇਕ ਸੱਚੀ ਘਟਨਾ ਤੇ ਅਧਾਰਿਤ ਹੈ ਪਰ ਲੇਖਕ-ਨਿਰਦੇਸ਼ਕ ਸ਼ੁਭਾਸ਼ ਕੁਮਾਰ ਨੇ ਇਸ ਵਿਸ਼ੇ ਨੂੰ ਵਜ਼ਨਦਾਰ ਸੰਵਾਦਾਂ, ਮਜਬੂਤ ਪਟਕਥਾ ਅਤੇ ਪਿਠਵਰਤੀ ਬੋਲਾਂ ਭਰਪੂਰ ਦਿਲ ਨੂੰ ਛੂੰਹਦੇ ਸੰਗੀਤ ਰਾਹੀਂ ਅਜਿਹਾ ਬੰਨਿਆ ਹੈ ਕਿ ਦਰਸ਼ਕ ਨੂੰ ਏਧਰ-ਓਧਰ ਵੇਖਣ-ਸੋਚਣ ਦਾ ਮੌਕਾ ਹੀ ਨਹੀਂ ਮਿਲਦਾ। ਕਦੇ ਉਹ ਫ਼ਿਲਮ ਰਾਹੀਂ ਲੈਂਡ ਮਾਫੀਆ, ਭ੍ਰਿਸ਼ਟ ਕਾਰਪੋਰੇਟ ਜਗੀਰਦਾਰੀ ਅਤੇ ਅਖੌਤੀਆਂ ਲੈਂਡ ਪੁਲਿੰਗ ਪਾਲਸੀਆਂ ਦੇ ਮੂੰਹ ਤੇ ਵਰਦੀ ਕੱਸਵੀਂ ਚਪੇੜ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਕਦੇ ਦਰਸ਼ਕ ਆਪਣੇ ਹੀ ਮੁਲਕ ਦੇ ਅੰਨਦਾਤਾ ਨਾਲ ਹੋ ਰਹੀਆਂ ਬੇਇਨਸਾਫੀਆਂ ਦੀਆਂ ਘਟਨਾਵਾਂ ਨੂੰ ਪਰਦਾਪੇਸ਼ ਦਰਸਾਉਂਦਾ,ਆਪਣੇ ਹੀ ਦੇਸ਼ ਤੇ ਰੋਸ ਪ੍ਰਗਟਾਉਂਦਾ ਪਿਠਵਰਤੀ ਗੀਤ ‘ਵਤਨ ਕਿਉਂ ਹਮਾਰਾ ਨਾ ਹੂਆ” ਨੂੰ ਸੁਣ-ਵੇਖ ਕੇ ਆਪਣੇ ਮੁਲਕ ਦੇ ਭ੍ਰਿਸ਼ਟ ਸਿਸਟਮ ਅਤੇ ਰਾਜਨੀਤਿਕ ਢਾਂਚੇ ਤੇ ਅਫਸੋਸ ਪ੍ਰਗਟ ਕਰਦਾ ਹੈ।
ਇਕ ਪਾਸੇ ਕੋਰਟ ਰੂਮ ਵਿਚ ਇਕ ਕਿਸਾਨ ਦੀ ਜਬਰੀ ਹੜੱਪੀ ਜ਼ਮੀਨ ਦੇ ਸੰਜੀਦਾ ਵਿਸ਼ੇ ਤੇ ਵਕੀਲਾਂ ਦੀ ਹੁੰਦੀ ਦਿਲਚਸਪ ਦਲੀਲ ਬਾਜ਼ੀ ਦੇ ਸਿੱਟੇ ਜਿੱਥੇ ਦਰਸ਼ਕ ਨੂੰ ਆਪਣੇ ਦੇਸ਼ ਦੇ ਅੰਨਦਾਤਾ ਤੇ ਫ਼ਖ਼ਰ ਮਹਿਸੂਸ ਕਰਵਾਉਂਦੇ ਹੋਏ ਉਸ ਦੀਆਂ ਅੱਖਾ ਨਮ ਕਰਦੇ ਹਨ ਓਥੇ ਵੱਖੀਆਂ ਹਿਲਾਉੰਦੀ ਸਿਚੂਏਸ਼ਨਲ ਕਾਮੇਡੀ ਦਾ ਬਾਕਮਾਲ ਤੜਕਾ ਦਰਸ਼ਕਾਂ ਨੂੰ ਇਸ ਸੰਜੀਦਾ ਵਿਸ਼ੇ ਤੋਂ ਮਜ਼ੇਦਾਰ ਰਾਹਤ ਦਿੰਦਾ ਹੈ।
ਕਿਸੇ ਵੀ ਫ਼ਿਲਮ ਦੀ ਮੇਕਿੰਗ ਦਾ ਮਜਬੂਤ ਪੱਖ ਓਦੋਂ ਪੁਖ਼ਤਾ ਸਾਬਤ ਹੁੰਦਾ ਹੈ ਜਦੋਂ ਕਿਸੇ ਫ਼ਿਲਮ ਦੇ ਟਾਈਟਲ ਨੂੰ ਤੀਜੀ ਵਾਰ ਵਰਤ ਕੇ ਨਹਿਲੇ ਤੇ ਦਹਿਲਾ ਮਾਰਨ ਤੋਂ ਬਾਅਦ ਯੱਕਾ ਸੁੱਟ ਕੇ ਨਿਰਦੇਸ਼ਕ ਆਪਣੀ ਕਾਬਲੀਅਤ ਨਾਲ ਦਰਸ਼ਕਾਂ ਦਾ ਦਿਲ ਜਿੱਤਦਾ ਹੈ। ਮਜਬੂਤ ਕਹਾਣੀ,ਸਕ੍ਰੀਨ ਪਲੇਅ, ਸੰਵਾਦਾਂ ਦੇ ਨਾਲ-ਨਾਲ ਸੌਰਬ ਸ਼ੁਕਲਾ,ਅਕਸ਼ੇ ਕੁਮਾਰ,ਅਰਸ਼ਦ ਵਾਰਸੀ,ਗਜਰਾਜ ਰਾਓ,ਰਾਮ ਕਪੂਰ,ਸੀਮਾ ਬਿਸਵਾਸ,ਅਮ੍ਰਿਤਾ ਰਾਓ ਅਤੇ ਹੁਮਾ ਕੁਰੈਸ਼ੀ ਆਦਿ ਬਿਹਤਰੀਨ ਕਲਾਕਾਰਾਂ ਦੀ ਚੋਣ ਸਾਬਤ ਕਰਦੀ ਹੈ ਕਿ ਨਿਰਦੇਸ਼ਕ ਆਪਣੇ ਕਰੀਅਰ ਅਤੇ ਸਿਨੇਮਾ ਨੂੰ ਜਿੰਦਾ ਰੱਖਣ ਲਈ ਕਿੰਨਾ ਸੰਜੀਦਾ ਹੈ। ਜੇ ਸਾਡੇ ਪੰਜਾਬੀ ਮੇਕਰ ਵੀ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਨ ਤਾਂ ਕਿੰਨਾ ਚੰਗਾ ਹੋਵੇ ।
ਕੁੱਲ ਮਿਲਾ ਕੇ ਇਹ ਫ਼ਿਲਮ 100% ਮਨੋਰੰਜਨ ਭਰਪੂਰ ਫ਼ਿਲਮ ਹੈ ਜੋ ਕਿ ਸਿਨੇਮਾ ਪ੍ਰੇਮੀ ਮਿਸ ਨਾ ਕਰਨ!
ਫ਼ਿਲਮ ਦੇ ਲੇਖਕ-ਨਿਰਦੇਸ਼ਕ ਸੁਭਾਸ਼ ਕਪੂਰ #subashkumarfilmdirector ਸਮੇਤ ਸਾਰੀ ਫ਼ਿਲਮ ਟੀਮ ਨੂੰ ਵਧਾਈਆਂ ਅਤੇ ਸ਼ੁੱਭ ਇੱਛਾਵਾਂ !