ਜੇ ਬਾਲੀਵੁੱਡ ਫ਼ਿਲਮ “ਪਰਵਰਿਸ਼” (1977) ਵੇਖੋ ਤਾਂ ਸਮਝ ਆਵੇਗਾ “ਫੱਫੇਕੁਟਣੀਆਂ” ਵਿਚਲੇ ਵਿਸ਼ੇ ਦਾ ਚੱਕਰ ?😃
(ਫ਼ਿਲਮ ਸਮੀਖਿਆ-ਦਲਜੀਤ ਸਿੰਘ ਅਰੋੜਾ #filmreview #faffekuttniyan )
ਜਦੋਂ ਫ਼ਿਲਮਾਂ ਲਈ ਟਾਈਟਲ ਮੁੱਕ ਜਾਣ ਤਾਂ ਸਮਝੋ ਸਿਨੇਮਾ ਪਤਨ ਵੱਲ…!!😔
🎞🎞🎬🎬
ਅਤੇ ਇਕ ਗੱਲ ਹੋਰ ਜਦੋਂ ਲੇਖਕ-ਨਿਰਦੇਸ਼ਕ ਦੀ ਨਿਪੁੰਨਤਾ ਬਾਰ ਬਾਰ ਥਿੜਕਦੀ ਨਜ਼ਰ ਆਵੇ ਤਾਂ ਉਹਨਾਂ ਨਾਲੋੰ ਵੱਧ ਕਸੂਰਵਾਰ ਨਿਰਮਾਤਾਵਾਂ ਨੂੰ ਗਿਣਿਆ ਜਾਵੇਗਾ ਜਿਹੜੇ ਅੱਖਾਂ ਬੰਦ ਕਰ ਕੇ ਇਹਨਾਂ ਤੇ ਇਤਬਾਰ ਕਰਦੇ ਹਨ !
ਟਾਈਟਲ
——
ਫ਼ਿਲਮ ਦਾ ਟਾਈਟਲ ਤਾਂ ਪਹਿਲੇ ਦਿਨ ਤੋਂ ਹੀ ਨੇਗੇਟਿਵ ਅਤੇ ਪੂਰੀ ਤਰਾਂ ਨਿਕੰਮਾ ਸੀ ਪਰ ਰਿਲੀਜ਼ ਤੋਂ ਪਹਿਲਾਂ ਫ਼ਿਲਮ ਬਾਰੇ ਕੁਝ ਬੋਲਣਾ ਮੇਰੀ ਆਦਤ ਨਹੀਂ ਅਤੇ ਬਾਕੀ ਦੀ ਕਸਰ ਫ਼ਿਲਮ ਵੇਖ ਕੇ ਪੂਰੀ ਹੋ ਗਈ ਜਦੋਂ ਫ਼ਿਲਮ ਦੀ ਕਹਾਣੀ ਨਾਲ ਟਾਈਟਲ ਦਾ ਦੂਰ ਦੂਰ ਤੱਕ ਦਾ ਕੋਈ ਰਿਸ਼ਤਾ ਨਹੀਂ ਨਿਕਲਿਆ।
ਫ਼ਿਲਮ ਵਾਲਿਓ ਇਕ ਗੱਲ ਮੈਂ ਤੁਹਾਥੋਂ ਹੀ ਪੁੱਛਦਾ ਹਾਂ ਸੌਂਹ ਖਾ ਕੇ ਦੱਸਿਓ ਕੇ ਤੁਹਾਡੇ ਆਪਣੇ ਘਰਾਂ ਦੇ ਨੌਜਵਾਨ ਬੱਚੇ-ਬੱਚੀਆਂ ਚੋਂ ‘ਫੱਫੇਕੁੱਟਣੀਆਂ’ ਦਾ ਮਤਲਬ ਕਿਸ ਕਿਸ ਨੂੰ ਪਤਾ ਹੈ।
ਬਾਹਰੋਂ ਨਹੀਂ ਤਾਂ ਘੱਟੋ-ਘੱਟ ਘਰੋਂ ਹੀ ਸਲਾਹ ਲੈ ਲਿਆ ਕਰੋ ਇਹੋ ਜਿਹੇ ਨਾਵਾਂ ਦਾ ‘ਸ਼ਹਿਰੀਕਰਨ’ ਕਰਨ ਵੇਲੇ,ਕਿਉਂ ਸਿਨੇਮਾ ਦਾ ਜਲੂਸ ਕਢਵਾਉਣ ਤੇ ਤੁਲੇ ਹੋ ?
ਕਹਾਣੀ/ਵਿਸ਼ਾ
——–
ਬਾਕੀ ਰਹੀ ਫ਼ਿਲਮ ਦੇ ਵਿਸ਼ੇ/ ਕਹਾਣੀ ਦੀ ਗੱਲ ਤਾਂ ਬਹੁਤੇ ਵਿਸਥਾਰ ਵਿਚ ਨਹੀਂ ਜਾਣਾ ਪਰ ਇੰਨਾ ਜ਼ਰੂਰ ਦੱਸਣਾ ਚਾਹਾਂਗਾ ਕਿ 1977 ਵਿਚ ਆਈ ਮਨਮੋਹਨ ਦੇਸਾਈ ਦੀ ਫ਼ਿਲਮ ‘ਪਰਵਰਿਸ਼” ਜਿਸ ਬਾਰੇ ਜੇ ਤੁਹਾਨੂੰ ਯਾਦ ਹੋਵੇ ਕਿ ਸ਼ਬਾਨਾ ਆਜ਼ਮੀ ਅਤੇ ਨੀਤੂ ਸਿੰਘ ਚੋਰ/ਜੇਬ ਕਤਰੀਆਂ ਹੁੰਦੀਆ ਹਨ ਅਤੇ ਅਮਿਤਾਭ ਬੱਚਨ ਪੁਲਿਸ ਇੰਸਪੈਕਟਰ। ਜਦੋਂ ਨੀਤੂ ਸਿੰਘ ਨੂੰ ਚੋਰੀ ਦੇ ਇਲਜ਼ਾਮ ਵਿਚ ਲਾਕਅੱਪ ‘ਚ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਓਥੋਂ ਛੁੱਟਣ ਦੇ ਵੱਖ ਵੱਖ ਬਹਾਨੇ ਲਾਉਣ ਉਪਰੰਤ ਆਪਣੀ ਭੈਣ ਨੂੰ ਕੈਂਸਰ ਹੋਣ ਦਾ ਝੂਠ ਬੋਲ ਕੇ ਅਮਿਤਾਭ ਬੱਚਨ ਨੂੰ ਭਾਵੁਕ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਮਿਤਾਭ ਉਸ ਦੀ ਗੱਲ ਮੰਨ ਕੇ ਉਸ ਨੂੰ ਛੱਡ ਤਾਂ ਦਿੰਦਾ ਪਰ ਉਸ ਦੇ ਘਰ ਜਾ ਕੇ, ਤਾਂ ਕਿ ਸੱਚ ਦਾ ਪਤਾ ਲੱਗ ਸਕੇ।(‘ਫੱਫੇਕੁਟਣੀਆਂ’ ਵਿਚ ਵੀ ਇਸੇ ਤਰਾਂ ਲਾਕਅੱਪ ‘ਚ ਬੰਦ ਨੀਰੂ-ਤਾਨੀਆ ਦੇ ਬਾਹਰ ਨਿਕਲਣ ਦੇ ਬਹਾਨਿਆਂ ਦੇ ਝੂਠ-ਸੱਚ ਦਾ ਪਤਾ ਲਾਉਣ ਲਈ ਉਹਨਾਂ ਦੇ ਘਰ ਵੀ ਪੁਲਿਸ ਵਾਲੇ ਭੇਜੇ ਜਾਂਦੇ ਹਨ)
ਹੁਣ ਜਦੋਂ ਅਮਿਤਾਭ ਬੱਚਨ ਨੀਤੂ ਸਿੰਘ ਦੇ ਨਾਲ ਉਸ ਦੇ ਘਰ ਪਹੁੰਚਦਾ ਹੈ ਤਾਂ ਉਸ ਦੀ ਜੇਬਕਤਰੀ ਸਾਥਣ ਸ਼ਬਾਨਾ ਆਜ਼ਮੀ ਬੀਮਾਰ ਹੋਣ ਦਾ ਬਹਾਨਾ ਬਣਾ ਕੇ ਲੇਟੀ ਹੋਈ ਨਜ਼ਰ ਆਉਂਦੀ ਹੈ ਤਾਂ ਅਮਿਤਾਭ ਬੱਚਨ ਤਰਸ ਖਾ ਕੇ ਉਲਟਾ ਆਪਣੀ ਜੇਬ ਚੋਂ ਪੈਸੇ ਕੱਢ ਕੇ ਉਸ ਦੀ ਮਦਦ ਵੀ ਕਰਦਾ ਹੈ।
ਫ਼ਿਲਮ ਪਰਵਰਿਸ਼ ਦੇ ਇਸ ਹਿੱਸੇ ਨੂੰ ‘ਫੱਫੇਕੁਟਣੀਆਂ’ ਦੇ ਥੀਮ ਵੱਜੋਂ ਤਰੋੜ-ਮਰੋੜ ਕੇ ਵਰਤਣ ਬਾਰੇ ਉਹੀ ਦੱਸਣ ਸਕਣਗੇ ਜਿਹਨਾਂ ਦੋਵੇਂ ਫ਼ਿਲਮਾਂ ਵੇਖੀਆਂ ਹੋਣਗੀਆਂ,ਲੱਗਦੈ ਮੈਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਬਸ ਐਨਾ ਕਿ ਇਸ ਫ਼ਿਲਮ ਦਾ ਕੋਈ ਸਿਰ-ਪੈਰ ਨਹੀਂ, ਸਿਰਫ ਇਧਰ-ਓਧਰ ਦੇ ਫ਼ਿਲਮੀ ਟੋਟੇ ਜੋੜੇ ਹੀ ਨਜ਼ਰ ਆਉਂਦੇ ਹਨ। ਹਾਂ ਫ਼ਿਲਮ ਪਰਵਰਿਸ਼ ਵਿਚਲੇ ਸ਼ਬਾਨਾ-ਨੀਤੂ ਤੇ ਫਿਲਮਾਏ “ਗੀਤ ਸਭ ਜਨਤਾ ਕਾ ਹੈ” ਨਾਲ ਮੇਲ ਖਾਂਦਾ ਫੱਫੇਕੁਟਣੀਆਂ ਦਾ ਗੀਤ ਚਿਲ ਮਾਰੋ ਵੀ ਬਹੁਤ ਕੁਝ ਕਹਿੰਦਾ ਹੈ ?🙂
ਬਾਕੀ ਵਾਰ ਵਾਰ ਫ਼ਿਲਮਾਂ ‘ਚ ਨਸ਼ਿਆਂ ਦੀ ਗੱਲ ਵਿਖਾਉਣਾ ਜਾਂ ਇਸ ਫ਼ਿਲਮ ਵਿਚ ਨਵੀਂ ਗੱਲ ਕਿ ਕੁੜੀਆਂ ਦੇ ਨਾਲ ਨਾਲ ਸਿਆਣੀ ਉਮਰ ਦੇ ਮਰਦ-ਔਰਤਾਂ ਨੂੰ ਵੀ ਠੱਗੀ-ਠੋਰੀ ਵਾਲੇ ਵਿਖਾ ਕੇ ਆਪਾਂ ਕੀ ਸਾਬਤ ਕਰਨਾ ਚਾਉਂਦੇ ਹਾਂ, ਜਦੋਂ ਅਸੀ ਫ਼ਿਲਮ ਦੇ ਅੰਤ ਤੱਕ ਵੀ ਉਹਨਾਂ ਨੂੰ ਹੀ ਸਹੀ ਠਹਿਰਾ ਕੇ ਅਤੇ ਕਾਨੂੰਨ ਨੂੰ ਨੀਵਾਂ ਦਿਖਾ ਕੇ ਬਿਨਾਂ ਕਿਸੇ ਸਾਰਥਕ ਸਿੱਟੇ ਦੇ ਫ਼ਿਲਮ ਖਤਮ ਕਰ ਰਹੇ ਹਾਂ,ਸ਼ਾਇਦ “ਫੱਫੇਕੁਟਣੀਆਂ 2” ਦੇ ਇਰਾਦੇ ਨਾਲ ?😆
ਯਾਰ ਐਂਟਰਟੇਨਮੈਂਟ ਦੇ ਨਾਂ ਤੇ ਐਨਾ ਵੀ ਅਜੀਬੋ-ਗਰੀਬ ,ਬੇਤੁਕਾ, ਬੇਦਲੀਲਾ ਅਤੇ ਸਿਨੇਮਾ ਦਰਸ਼ਕਾਂ ਨੂੰ ਨਾ ਹਜ਼ਮ ਹੋਣ ਵਾਲਾ ਮਸਾਲਾ ਉਹਨਾਂ ਅੱਗੇ ਨਾ ਪਰੋਸੋ ਕਿ ਉਹ ਆਉਣ ਵਾਲੀਆਂ ਚੰਗੀਆਂ ਨਜ਼ਰ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਵੀ ਵੇਖਣ ਤੋਂ ਗੁਰੇਜ ਕਰ ਲੈਣ !
ਫ਼ਿਲਮ ਵਿਚਲੇ 1/2 ਸੰਵਾਦ ਕਿ ਜਿੱਥੇ ਕਿ ਕੁੜੀ ਆਪਣੇ ਬਾਪ ਨੂੰ ਕਹਿੰਦੀ ਹੈ ਕਿ “ਧੀਆਂ ਦੇ ਮਰਨ ਨਾਲ ਕਿਸੇ ਨੂੰ ਕੋਈ ਘਾਟਾ ਨਹੀਂ ਪੈਂਦਾ” ਅਤੇ ਬਥੇਰੀਆਂ ਕੁੜੀਆਂ ਨੇ ਅਨਾਥ ਆਸ਼ਰਮਾਂ ਵਿਚ, ਕਿਸੇ ਨੂੰ ਵੀ ਆਪਣੀ ਧੀ ਬਣਾ ਲੈਣਾ ਆਦਿ ਲਿਖਣ ਵੇਲੇ ਪਤਾ ਨਹੀਂ ਲੇਖਕ ਕਿਹੜੇ ਬੈਕਵਰਡ ਜਹਾਨ ਦੀ ਗੱਲ ਕਰ ਰਿਹਾ ਹੈ ਅਤੇ ਇਕ ਗੀਤ ਦੀ ਲਾਈਨ “ਹਿੰਮਤ ਨੂੰ ਦੇਣ ਸਲਾਮਾ ਫੌਜਾਂ ਤੁਰ ਪਈਆਂ” ਨੂੰ ਚੋਰੀ ਠੱਗੀ ਕਰ ਕੇ ਪੁਲਿਸ ਤੋਂ ਲੁਕਦੀਆਂ ਫਿਰਦੀਆਂ ਕੁੜੀਆਂ ਦੀ ਸਿਚੂਏਸ਼ਨ ਤੇ ਬੈਕਗਰਾਉਂਡ ਗੀਤ ਵੱਜੋਂ ਨਿਰਦੇਸ਼ਕ ਵੱਲੋਂ ਵਰਤਿਆ ਜਾਣਾ ਮੇਰੀ ਸਮਝ ਤਾਂ ਸਮਝ ਤੋਂ ਬਾਹਰ ਹੈ🤔।
ਫ਼ਿਲਮ ਵਿਚਲੇ ਅਦਾਕਾਰ
——-
ਫ਼ਿਲਮ ਦੀਆਂ ਲੀਡ ਹੀਰੋਇਨਾਂ ਨੀਰੂ ਬਾਜਵਾ , ਤਾਨੀਆ ਸਮੇਤ ਗੁਰਬਾਜ਼ ਸਿੰਘ,ਅਨੀਤਾ ਮੀਤ, ਪ੍ਰਭ ਬੈਂਸ, ਇਕਤਾਰ ਸਿੰਘ, ਨੀਸ਼ਾ ਬਾਨੋ ਅਤੇ ਅਨੂ ਪ੍ਰਿਯਾ ਆਦਿ ਦਾ ਰਵਾਇਆਤਨ ਅਭਿਨੈ ਪ੍ਰਦਰਸ਼ਨ ਆਪੋ ਆਪਣੀ ਥਾਂ ਵਧੀਆ ਹੈ ਪਰ ਇਸ ਵਾਰੀ ਦੋ ਕਰੈਕਟਰ ਆਰਟਿਸਟ ਆਸ਼ੋਕ ਟਾਂਗਰੀ ਅਤੇ ਜਗਤਾਰ ਬੈਨੀਪਾਲ ਵਧੀਆ ਅਭਿਨੈ ਪੱਖੋਂ ਵਿਸ਼ੇਸ ਜ਼ਿਕਰਯੋਗ ਹਨ।
ਫ਼ਿਲਮ ਸੰਗੀਤ
———
ਫ਼ਿਲਮ ਦੇ ਸੰਗੀਤ ਦੀ ਜੇ ਗੱਲ ਕਰੀਏ ਤਾਂ ਬਸ, ਨਛੱਤਰ ਗਿੱਲ ਦਾ ਗਇਆ ਨਵੇਂ ਸੰਗੀਤ ਵਿਚ ਸੱਜਿਆ ਗਾਣਾ “ਦੋਵੇਂ ਭੈਣਾਂ” ਹੀ ਸਭ ਤੋਂ ਵੱਧ ਪ੍ਰਭਾਵ ਛੱਡਦਾ ਜੋ ਇਕ ਪਹਿਲਾਂ ਰਾਏ ਜੁਝਾਰ ਗਾ ਚੁੱਕਾ ਹੈ ਤੇ ਬਾਕੀ ਦੇ ਗੀਤ ਬਸ ਫ਼ਿਲਮ ਲਈ ਹੀ ਟਾਈਮ ਪਾਸ ਹਨ । ਸੰਗੀਤ ਨੂੰ ਫ਼ਿਲਮ ਮੁਤਾਬਕ ਢੁਕਵਾਂ ਨਹੀਂ ਬਣਾਇਆ ਗਿਆ।
ਕੁੱਲ ਮਿਲਾ ਕੇ ਕਿਸੇ ਵੀ ਵਿਸ਼ੇਸ ਜੌਨਰ ਤੋਂ ਸੱਖਣੀ ਇਹ ਫ਼ਿਲਮ ਪੰਜਾਬੀ ਸਿਨੇਮਾ ਦੇ ਅਸਲ ਦਰਸ਼ਕਾਂ ਤੇ ਕੋਈ ਪ੍ਰਭਾਵ ਨਹੀਂ ਛੱਡਦੀ। -ਦਲਜੀਤ ਸਿੰਘ ਅਰੋੜਾ