Pollywood Punjabi Screen News

Film Review ‘Pani Ch Madhaani’ ਫ਼ਿਲਮ ਸਮੀਖਿਆ- ‘ਪਾਣੀ ‘ਚ ਮਧਾਣੀ’ ਉੱਚਾਈ ਤੋਂ ਜਹਾਜ਼ ਦੀ ਲੈਂਡਿੰਗ ਵਾਂਗ ਹੇਠਾਂ ਆਉਂਦਾ ਹੈ ਫ਼ਿਲਮ ਦਾ ਗ੍ਰਾਫ ⁉️ 🎞🎞🎞🎞🎞🎞🎞🎞🎞

Written by Daljit Arora

ਜਦ ਮੈਂ ਫਿ਼ਲਮ ਵੇਖ ਰਿਹਾ ਸੀ ਤਾਂ ਐਦਾਂ ਮਹਿਸੂਸ ਹੋਇਆ ਕਿ ਕਾਫੀ ਸਮੇ ਬਾਅਦ ਇਕ ਵਧੀਆ ਪੰਜਾਬੀ ਫ਼ਿਲਮ ਵੇਖਣ ਨੂੰ ਮਿਲੀ ਹੈ, ਜਿਸ ਬਾਰੇ ਜੋ ਪ੍ਰਚਾਰਿਆ ਜਾ ਰਿਹਾ ਸੀ ਉਹੀ ਪਰਦੇ ਤੇ ਨਜ਼ਰ ਆ ਰਿਹਾ ਸੀ ਕਿ ਸੱਚ ਮੁੱਚ ਦਿਲ ਨੂੰ ਛੂਹਣ ਵਾਲਾ 1980 ਦਾ ਦਹਾਕਾ, ਉਹੀ ਭੋਲੇ ਭਾਲੇ ਅਤੇ ਸਾਦਾ ਜੀਵਨ ਬਤੀਤ ਕਰ ਰਹੇ ਲੋਕ, ਕਮਾਲ ਦੀ ਪ੍ਰਾਪਟੀ ਅਤੇ ਲੋਕੇਸ਼ਨਾਂ ਦੀ ਵਰਤੋਂ ਲਈ ਨਿਰਦੇਸ਼ਕ ਦੇ ਨਾਲ ਨਾਲ ਲਾਈਨ ਨਿਰਮਾਤਾ ਵੀ ਵਧਾਈ ਦਾ ਹੱਕਦਾਰ ਹੈ। ਕਿਉਂ ਇਹ ਫਿ਼ਲਮ ਉਸ ਸਮੇ ਦੀ ਸੰਗੀਤਕ ਸ਼ੈਲੀ ਤੇ ਅਧਾਰਤ ਹੈ ਇਸ ਲਈ ਉਸ ਸਮੇ ਦੀ ਗਾਇਕੀ, ਸਾਜਾਂ, ਵਸਤਰਾਂ ਅਤੇ ਅਖਾੜਿਆਂ ਦਾ ਇੰਤਾਜ਼ਾਮ ਵੀ ਖੂਬਸੂਰਤੀ ਨਾਲ ਸਿਰਜਿਆ ਗਿਆ ਹੈ।
ਜੇ ਗੀਤ ਸੰਗੀਤ ਦੀ ਗੱਲ ਕਰੀਏ ਤਾਂ ਜਤਿੰਦਰ ਸ਼ਾਹ ਦਾ ਸੰਗੀਤ ਅਤੇ ਹੈਪੀ ਰਾਏਕੋਟੀ ਦੇ ਸਮੇਂ ਮੁਤਾਬਕ ਢੁਕਵੇਂ ਅਲਫਾਜ਼ਾ ਨੂੰ ਢੁਕਵੀਂ ਸ਼ੈਲੀ ਦੀਆਂ ਆਵਾਜ਼ਾ ਵਿਚ ਢਾਲ ਕੇ ਗਾਇਕਾਂ ਕੋਲੋਂ ਬਾਖੂਬੀ ਗਵਾਉਣ ਦਾ ਸਿਹਰਾ ਸੰਗੀਤਕਾਰ ਦੇ ਸਿਰ ਬਣਨਾ ਬਿਲਕੁਲ ਜਾਇਜ਼ ਹੈ।
ਹੁਣ ਜੇ ਨਰੇਸ਼ ਕਥੂਰੀਆ ਦੀ ਲਿਖੀ ਇਸ ਫ਼ਿਲਮ ਦੀ ਕਹਾਣੀ ਅਤੇ ਫ਼ਿਲਮ ਵਿਚਲੇ ਕਲਾਕਾਰਾਂ ਦੀ ਪ੍ਰਫੋਰਮੈਂਸ ਦੀ ਗੱਲ ਕਰੀਏ ਤਾਂ ਜਿਉਂ ਜਿਉਂ ਕਹਾਣੀ ਅੱਗੇ ਤੁਰਦੀ ਹੈ ਅਤੇ ਫਿ਼ਲਮ ਪ੍ਰਚਾਰ ਵੇਲੇ ਫ਼ਿਲਮ ਪ੍ਰਤੀ ਕੀਤੀਆਂ ਗੱਲਾਂ ਕਿ ਇਹ ਫਿਲਮ ਕਾਮੇਡੀ, ਡਰਾਮਾ, ਰੋਮਾਂਸ ਅਤੇ ਭਾਵੁਕਤਾ ਦਾ ਸੁਮੇਲ ਹੈ ਬਿਲਕੁੱਲ ਸਹੀ ਨਜ਼ਰ ਆਈਆਂ। ਫ਼ਿਲਮ ਵਿਚਲੇ ਅਰਥ ਭਰਪੂਰ ਪ੍ਰਭਾਵਸ਼ਾਲੀ ਸੰਵਾਦਾਂ ਅਤੇ ਕਲਾਕਾਰਾਂ ਵਲੋਂ ਇਨਾਂ ਦੀ ਅਦਾਇਗੀ ਕਾਰਨ, ਵੇਖਦੇ ਵੇਖਦੇ ਫ਼ਿਲਮ ਦੇ ਪਹਿਲੇ ਹਿੱਸੇ ਤੱਕ ਫ਼ਿਲਮ ਦਾ ਗ੍ਰਾਫ ਬਹੁਤ ਉੱਚਾ ਚਲਾ ਜਾਂਦਾ ਹੈ ਕਿਉਂ ਕਿ 1980 ਦਹਾਕੇ ਦੇ ਚਲਦਿਆਂ ਵੀ ਫਿਲਮ ਦੇ ਵਿਸ਼ੇ ਵਿਚ ਨਵੀਨਤਾ ਨਜ਼ਰ ਆਉਂਦੀ ਹੈ, ਕਿ ਜਦੋਂ ਫ਼ਿਲਮ ਵਿਚਲੀ ਦੋਗਾਣਾ ਜੋੜੀ ਦੇ ਕਾਰਨ, ਕਾਫੀ ਮਸ਼ਕਤ ਤੋਂ ਬਾਅਦ ਹੀਰੋ ਗਿੱਪੀ ਗਰੇਵਾਲ ਦਾ ਇਹ ਮਿਊਜ਼ਿਕਲ ਗਰੁੱਪ ਹਿੱਟ ਹੁੰਦਾ ਹੈ ਅਤੇ ਇਸ ਦਾ ਸਾਰਾ ਕ੍ਰੈਡਿਟ ਇਸ ਗਰੁੱਪ ਵਿਚ ਨਵੀਂ ਆਈ ਗਾਇਕਾ ਨੀਰੂ ਬਾਜਵਾ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ।
ਬੜਾ ਹੀ ਦਿਲਚਸਪ ਅਤੇ ਵੱਖਰਾ ਵਿਸ਼ਾ ਸੀ ਕਿ ਹਿੱਟ ਹੋਣ ਤੇ ਇਸ ਜੋੜੀ ਦਾ ਆਪਸ ਵਿਚ ਪਿਆਰ ਹੋਣ ਦੀ ਬਜਾਏ ਗਿੱਪੀ ਗਰੇਵਾਲ ਦਾ ਨੀਰੂ ਬਾਜਵਾ ਤੋਂ ਸੜਣਾ ਅਤੇ ਉਸ ਨੂੰ ਆਪਣੀ ਈਗੋ ਹਰਟ ਹੁੰਦੀ ਮਹਿਸੂਸ ਹੋਣਾ। ਇਸ ਵਿਸ਼ੇ ਵਿਚ ਉਸ ਦਹਾਕੇ ਔਰਤ-ਮਰਦ ਦੀ ਕਾਰੋਬਾਰੀ ਅਤੇ ਸਮਾਜਿਕ ਬਰਾਬਰਤਾ, ਔਰਤਾਂ ਦਾ ਮਰਦਾਂ ਦੇ ਕੰਮ ਵਿਚ ਯੋਗਦਾਨ ਵਗੈਰਾ ਕਾਫੀ ਸੰਦੇਸ਼ ਛੁਪੇ ਸਨ ਜਿਸ ਨੂੰ ਹੋਰ ਜ਼ਿਆਦਾ ਮੰਨੋਰੰਜਕ ਅਤੇ ਭਾਵੁਕਤਾ ਭਰਭੂਰ ਤਰੀਕੇ ਨਾਲ ਅੱਗੇ ਕੈਰੀ ਕਰ ਕੇ ਬਹੁਤ ਹੀ ਦਿਲਚਸਪ ਅੰਤ ਤੱਕ ਲਿਜਾਇਆ ਜਾ ਸਕਦਾ ਸੀ, ਜੋ ਕਿ ਨਹੀਂ ਹੋ ਸਕਿਆ।
ਉਪਰੋਕਤ ਲੀਡ ਜੋੜੀ ਦੀ ਸ਼ਾਨਦਾਰ ਅਦਾਕਾਰੀ ਤੋਂ ਇਲਾਵਾ
ਗੁਰਪ੍ਰੀਤ ਘੁੱਗੀ ਦੀ ਨਿਵੇਕਲੀ ਅਤੇ ਢੁਕਵੀਂ ਬੋਲ-ਸ਼ੈਲੀ ਵਾਲੀ ਅਦਾਕਾਰੀ, ਹਾਰਬੀ ਸੰਘਾ ਦਾ ਆਪਣਾ ਸਟਾਈਲ ਅਤੇ ਕਰਮਜੀਤ ਅਨਮੋਲ ਦਾ ਹਰ ਫ਼ਿਲਮ ਵਿਚ ਵੱਖਰੀ ਲੁਕ ਰਾਹੀਂ ਪੇਸ਼ ਹੋਣਾ ਇਸ ਵਾਰ ਵੀ ਕਬੀਲੇ ਤਾਰੀਫ ਰਿਹਾ। ਫ਼ਿਲਮ ‘ਚ ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਇਫਤਿਖਾਰ ਠਾਕੁਰ ਵੀ ਨਜ਼ਰ ਆਏ ਪਰ ਬਹੁਤਾ ਪ੍ਰਭਾਵ ਨਹੀਂ ਛੱਡ ਸਕੇ, ਸ਼ਾਇਦ ਉਨਾਂ ਨੂੰ ਦਿੱਤੇ ਗਏ ਰੋਲ ਦੀ ਵਜਾ ਕਰ ਕੇ ਵੀ ਹੋ ਸਕਦੈ ਅਤੇ ਫਿਲਮ ਦੇ ਬਾਕੀ ਕਲਾਕਾਰਾਂ ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਰਾਜ ਧਾਰੀਵਾਲ, ਹਨੀ ਮੱਟੂ, ਪ੍ਰਵੀਨ ਅਤੇ ਮਲਕੀਤ ਰੌਣੀ ਆਦਿ ਨੇ ਵੀ ਇਕ ਵਾਰ ਫਿਰ ਆਪਣੀ ਕਲਾ ਨਿਪੁੰਨਤਾ ਦਾ ਲੋਹਾ ਮਨਵਾਇਆ।
ਆਓ ਹੁਣ ਚਲਦੇ ਹਾਂ ਫਿਲਮ ਦੇ ਦੂਜੇ ਹਿੱਸੇ ਵੱਲ ਜਿਸ ਦੀ ਸ਼ਾਇਦ ਮੈਂ ਤਾਰੀਫ ਨਾ ਕਰ ਸਕਾਂ, ਜਿੱਥੇ ਫਿ਼ਲਮ ਦਾ ਗ੍ਰਾਫ ਡਿੱਗਦਾ ਡਿੱਗਦਾ ਇੰਝ ਥੱਲੇ ਆਉਂਦਾ ਹੈ ਜਿਵੇਂ ਜਹਾਜ਼ ਲੈਂਡ ਕਰਦਾ ਹੈ।
ਫਿਲਮ ਵਿਚਲੇ ਮਿਊਜ਼ਿਕਲ ਗਰੁੱਪ ਦੇ ਯੂ.ਕੇ. ਟੂਰ ਤੋਂ ਪਹਿਲਾਂ ਹੀਰੋ ਗੁੱਲੀ/ਗਿੱਪੀ ਗਰੇਵਾਲ 21 ਲੱਖ ਦੀ ਲਾਟਰੀ ਪਾ ਕੇ ਆਉਂਦਾ ਹੈ, ਜਿਸ ਦੀ ਟਿਕਟ ਨਾਲ ਲੈ ਆਉਂਦਾ ਹੈ, ਯੂ.ਕੇ. ਬੈਠੇ ਨੂੰ ਖਬਰ ਮਿਲਦੀ ਹੈ ਕਿ ਉਸ ਦੀ ਲਾਟਰੀ ਨਿਕਲ ਆਈ ਹੈ,ਪਰ ਹੀਰੋ ਆਪਣਾ ਉਹ ਕੋਟ ਕਿਸੇ ਮੰਗਤੇ ਨੂੰ ਦੇ ਬੈਠਾ ਹੈ ਜਿਸ ਵਿਚ ਉਸ ਲਾਟਰੀ ਦੀ ਟਿਕਟ ਹੈ, ਬਸ ਫੇਰ ਫ਼ਿਲਮ ਦਾ ਵਿਸ਼ਾ ਵੀ ਗਵਾਚੀ ਲਾਟਰੀ ਨੂੰ ਲੱਭਣ ਦੇ ਘੀਸੇ ਪਿਟੇ ਫਿਲਮੀ ਪਲਾਟ ਵਾਂਗੂ ਗਵਾਚ ਜਾਂਦਾ, ਆਖਰ ਤੇ ਕਵਰ ‘ਚ ਦੱਬੇ ਮੰਗਤੇ ਦੀ ਜੇਬ ਚੋਂ ਗਲ ਕੇ ਬੇਕਾਰ ਹੋ ਚੁੱਕੀ ਟਿਕਟ ਨਿਕਲਦੀ ਹੈ ਜੋ ਫਿਲਮ ਵਿਚਲੀਆਂ ਸਾਰੀਆਂ ਸਿਫਤਾਂ ਨੂੰ ਵੀ ਬੇਕਾਰ ਕਰਦੀ ਨਜ਼ਰ ਆਉਂਦੀ ਹੈ। ਭਾਵੇਂ ਕਿ ਕਹਾਣੀਕਾਰ ਨੇ ਫ਼ਿਲਮ ਦੇ ਅੰਤ ਵਿਚ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ ਵਿਚ ਮਿਹਨਤ ਨਾਲ ਹੀ ਕਾਮਯਾਬੀ ਮਿਲਦੀ ਹੈ ਪਾਣੀ ਚ ਮਧਾਣੀ ਫੇਰਿਆਂ ਕੁਝ ਹਾਸਲ ਨਹੀਂ ਹੁੰਦਾ, ਪਰ ਇਹ ਟੌਪਿਕ ਭਟਕਿਆ ਹੋਇਆ ਅਤੇ ਫਿਲਮ ਦੀ ਸ਼ੁਰੂਆਤੀ ਕਹਾਣੀ ਮੁਤਾਬਕ ਗੈਰ ਮਜਬੂਤ ਹੈ।
ਫ਼ਿਲਮ ਵਿਚਲੇ ਸਾਰੇ ਕਾਮੇਡੀ ਕਲਾਕਾਰਾਂ ਦੀ ਹਾਸਰਸ ਦੇ ਨਾਲ ਨਾਲ ਇਮੋਸ਼ਨਲ ਪੇਸ਼ਕਾਰੀ ਜਿਸ ਦਾ ਆਨੰਦ ਖਾਸ ਕਰ ਫਿਲਮ ਦੇ ਪਹਿਲੇ ਹਿੱਸੇ ਵਿੱਚ ਆਉਂਦਾ ਹੈ, ਉਸ ਤੋਂ ਉਲਟ ਦੂਜੇ ਭਾਗ ਵਿਚ ਉਨਾਂ ਨੂੰ ਕਹਾਣੀਕਾਰ ਨੇ ਫੇਰ ਉਹੀ ਰਵਾਇਤਨ ਡਾਇਲਾਗਬਾਜ਼ੀ ਵਾਲੀ ਕਾਮੇਡੀ ਵੱਲ ਧਕੇਲ ਦਿੱਤਾ ਜਿਸ ਤੋਂ ਇਹ ਵੀ ਸ਼ੱਕ ਪੈਂਦਾ ਹੈ ਕਿ ਸ਼ਾਇਦ ਫ਼ਿਲਮ ਦੇ ਪਹਿਲੇ ਅਤੇ ਦੂਜੇ ਭਾਗ ਦਾ ਲੇਖਕ ਹੀ ਵੱਖ ਵੱਖ ਹੋਵੇ, ਜਿਸ ਨੇ ਦੂਜੇ ਭਾਗ ਵਿਚ ਫ਼ਿਲਮ ਦੇ ਟਾਈਟਲ ਨੂੰ ਹੀ ਸੱਚ ਸਾਬਤ ਕਰ ਦਿੱਤਾ।
ਦਾਰਾ ਮੋਸ਼ਨ ਪਿਕਚਰਜ ਤੋਂ ਸੰਨੀ ਰਾਜ ਅਤੇ ਪ੍ਰਭਜੋਤ ਸਿੰਘ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ ਅਤੇ ਫ਼ਿਲਮ ਨਿਰਦੇਸ਼ਕ ‘ਦਾਦੂਜੀ’ (ਵਿਜੇ ਕੁਮਾਰ ਅਰੋੜਾ) ਹਨ, ਜਿਨਾਂ ਦਾ ਕਿ ਸ਼ਾਇਦ ਇਸ ਫਿ਼ਲਮ ਦੇ ਲੇਖਕ ਨਾਲ ਵਿਸ਼ੇ-ਕਹਾਣੀ-ਪਟਕਥਾ ਨੂੰ ਲੈ ਕੇ ਬਹੁਤਾ ਤਾਲ ਮੇਲ ਨਾ ਬੈਠ ਸਕਿਆ ਹੋਵੇ, ਜਿਸ ਦੀ ਕਿ ਇਸ ਫਿਲਮ ਨੂੰ ਲੋੜ ਸੀ।
ਬਾਕੀ ਇਹ ਫ਼ਿਲਮ ਨਿਰਮਾਤਾਵਾਂ ਦੀ ਸੋਚ ਮੁਤਾਬਕ ਕਿੰਨੀ ਕੁ ਖਰੀ ਉਤਰੀ ਹੈ ਇਹ ਤਾਂ ਉਹੀ ਜਾਣਦੇ ਹਨ ਪਰ ਉਹ ਇਸ ਫ਼ਿਲਮ ਦੇ ਨਿਰਮਾਣ ਅਤੇ ਪਰਦੇ ਤੇ ਕਾਮਯਾਬੀ ਨਾਲ ਉਤਾਰਣ ਲਈ ਵਧਾਈ ਦੇ ਹੱਕਦਾਰ ਜ਼ਰੂਰ ਹਨ।
ਅਫਸੋਸ ਇਸ ਗੱਲ ਦਾ ਜ਼ਰੂਰ ਰਹੇਗਾ ਕਿ ਐਨਾ ਵੱਡਾ ਫ਼ਿਲਮ ਦਾ ਸੈਟਅੱਪ ਹੁੰਦਿਆ ਜਿੱਥੇ ਸਟਾਰ ਕਾਸਟ ਤੋਂ ਲੈ ਕੇ ਫ਼ਿਲਮ ਮੋਕਿੰਗ ਅਤੇ ਰਿਲੀਜ਼ ਮੌਕੇ ਤੱਕ ਦੇ ਫਿਲਮ ਪ੍ਰਚਾਰ ਵਿਚ ਕੋਈ ਕਮੀ ਨਾ ਰਹੀ ਹੋਵੇ ਅਤੇ ਅਸੀ ਕਹਾਣੀ-ਸਕਰੀਨ ਪਲੇਅ ਤੋਂ ਮਾਰ ਖਾ ਜਾਈਏ ਤਾਂ ਸਾਨੂੰ ਪੰਜਾਬੀ ਕਹਾਣੀਆ ਨੂੰ ਲੈ ਕੇ ਹੋਰ ਸੰਜੀਦਾ ਹੋਣਾ ਪਵੇਗਾ।
ਖੈਰ ਫ਼ਿਲਮ ਨੂੰ ਇੰਟਰਵਲ ਤੱਕ ਵੇਖ ਲੈਣ ਵਿਚ ਕੋਈ ਹਰਜ਼ ਨਹੀ, ਬਾਕੀ ਦਾ ਹਿੱਸਾ ਵੇਖਣਾ ਟਿਕਟ ਖਰਚਣ ਵਾਲਿਆ ਦੀ ਮਰਜ਼ੀ ⁉️ -ਦਲਜੀਤ

Comments & Suggestions

Comments & Suggestions

About the author

Daljit Arora