ਪਰਦੇ ਦੇ ਪਿੱਛੇ ਫਿਲਮ ਨਿਰਮਾਣ ਕਾਰਜਾਂ ਵਿਚ ਅਕਸਰ ਪੁਰਸ਼ ਵਰਗ ਦਾ ਹੀ ਬੋਲ ਬਾਲਾ ਰਿਹਾ ਹੈ , ਚਾਹੇ ਉਹ ਬਾਲੀਵੁੱਡ ਹੋਵੇ ਜਾਂ ਪਾਲੀਵੁੱਡ, ਪਰ ਹੁਣ ਪੰਜਾਬੀ ਇੰਡਸਟਰੀ ਇੱਕ ਅਜਿਹੀ ਮਹਿਲਾ ਸਾਹਮਣੇ ਆਈ ਹੈ ਜੋ ਇਸ ਸਥਿਤੀ ਨੂੰ ਬਦਲਣ ਵਿੱਚ ਜੁਟ ਗਈ ਹੈ। ਇਸ ਮਹਿਲਾ ਫਿਲਮ ਨਿਰਮਾਤਰੀ ਨਾਮ ਹੈ ਰੁਪਾਲੀ ਗੁਪਤਾ, ਜੋਕਿ ਆਪਣੀ ਫਿਲਮ ਨਿਰਮਾਣ ਕੰਪਨੀ ਫਰਾਇਡੇ ਰਸ਼ ਮੋਸ਼ਨ ਪਿਕਚਰਜ਼ ਰਾਹੀ ਨਾ ਸਿਰਫ ਪੰਜਾਬੀ ਫਿਲਮਾਂ ਦਾ ਨਿਰਮਾਣ ਕਰ ਰਹੀ ਹੈ ਬਲਕਿ ਅਜਿਹੀਆਂ ਵਿਲਖੱਣ ਕਹਾਣੀਆਂ ਤੇ ਮੇਹਨਤ ਕਰ ਕ ਪੈਸਾ ਨਿਵੇਸ਼ ਕਰ ਰਹੀ ਹੈ ਜੋ ਕਮਰਸ਼ੀਅਲ ਹੋਣ ਦੇ ਨਾਲ ਨਾਲ ਮਹੱਤਵਪੂਰਨ ਅਤੇ ਸੁਨੇਹਾ ਭਰਪੂਰ ਵੀ ਹਨ।
ਰੁਪਾਲੀ ਗੁਪਤਾ ਅਤੇ ਉਹਨਾਂ ਦੇ ਪਤੀ ਦੀਪਕ ਗੁਪਤਾ ਨੇ ਫਰਾਇਡੇ ਰਸ਼ ਮੋਸ਼ਨ ਪਿਕਚਰਸ ਦੀ ਸਥਾਪਨਾ ਕੀਤੀ ਸੀ, ਜੋ ਕਿ ਅੱਜ ਪੰਜਾਬ ਦੇ ਸਫਲ ਪ੍ਰੋਡਕਸ਼ਨ ਘਰਾਂ ਚੋਂ ਇਕ ਗਿਣਿਆਂ ਜਾਣ ਲੱਗਾ ਹੈ।
ਰੁਪਾਲੀ ਗੁਪਤਾ ਨੇ ਪਹਿਲਾਂ ਵੀ ਫ਼ਿਲਮਾਂ ਬਣਾਈਆਂ ਹਨ, ਜਿਹਨਾਂ ਚ 2018 ਦੀ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤੀ ਗਈ ਕਾਮੇਡੀ ਮਿਸਟਰ ਐਂਡ ਮਿਸੇਜ਼ 420 ਰਿਟਰਨਸ ਵੀ ਇੱਕ ਹੈ। ਇਸ ਫਿਲਮ ਦੀ ਪਹਿਲੀ ਕੜੀ ਮਿਸਟਰ ਐਂਡ ਮਿਸੇਜ਼ 420 ਨੇ ਪਹਿਲਾਂ ਹੀ ਫਿਲਮ ਜਗਤ ਚ ਇੱਕ ਮੁਕਾਮ ਹਾਸਿਲ ਕਰ ਲਿਆ ਸੀ ਜਦੋਂ ਮੁੱਖ ਅਦਾਕਾਰਾਂ ਨੇ ਔਰਤਾਂ ਨੇ ਭੇਸ ਚ ਲੋਕਾਂ ਨੂੰ ਖੂਬ ਹਸਾਇਆ ਸੀ। ਉਹਨਾਂ ਦਾ ਪ੍ਰੋਡਕਸ਼ਨ ਹਾਊਸ ਪੰਜ ਸਾਲਾਂ ਤੋਂ ਇੰਡਸਟਰੀ ਦਾ ਹਿੱਸਾ ਹੈ ਪਰ ਬੈਕ ਟੂ ਬੈਕ ਫ਼ਿਲਮਾਂ ਦੀ ਬਜਾਏ ਉਹਨਾਂ ਨੇ ਕਵਾਲਿਟੀ ਤੇ ਹੀ ਤਵੱਜੋ ਦਿੱਤੀ ਹੈ।
2019 ਚ ਉਹਨਾਂ ਨੇ ਕੁਝ ਨਵੇਂ ਅਤੇ ਅਨੋਖੇ ਕਾਨਸੈਪਟ ਤੇ ਫ਼ਿਲਮਾਂ ਬਣਾਉਣ ਦਾ ਫੈਸਲਾ ਕੀਤਾ ਹੈ। ਬੇਹਤਰੀਨ ਲੇਖਕ ਨਰੇਸ਼ ਕਥੂਰੀਆ ਅਤੇ ਨਿਰਦੇਸ਼ਕ ਸ਼ਿਤਿਜ ਚੌਧਰੀ ਦੇ ਨਾਲ ਸਾਂਝੇਦਾਰੀ ਵਿਚ ਹਾਲ ਹੀ ਚ ਉਹਨਾਂ ਨੇ ਆਮ ਸੋਚ ਦੇ ਪਰੇ ਪ੍ਰੋਜੈਕਟ ਦੀ ਘੋਸ਼ਣਾ ਕੀਤੀ ਹੈ ਜਿਸ ਵਿੱਚ ਉਹ ਹੁਣ ਤੱਕ ਦੇ ਸਾਰੇ ਵਿਗਿਆਨਕ ਸਿਧਾਂਤਾਂ ਨੂੰ ਚੁਣੌਤੀ ਦੇਣਗੇ ਪਰ ਸਭ ਤੋਂ ਪਹਿਲਾਂ ਉਹਨਾਂ ਦੀ ਫਿਲਮ ‘ੳ ਅ’ 1-2-2019 ਨੂੰ ਰਿਲੀਜ਼ ਹੋ ਰਹੀ ਹੈ।
‘ੳ ਅ’ ਚ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਮੁੱਖ ਭੂਮਿਕਾ ਚ ਨਜ਼ਰ ਆਉਣਗੇ। ਇਹ ਇੱਕ ਮਨੋਰੰਜਨ ਭਰਪੂਰ ਫਿਲਮ ਹੈ ਜਿਸ ਵਿੱਚ ਇੱਕ ਸੰਦੇਸ਼ ਵੀ ਦਿੱਤਾ ਗਿਆ ਹੈ। ਫਿਲਮ ਦਾ ਟ੍ਰੇਲਰ ਅਤੇ ਗਾਣੇ ਪਹਿਲਾਂ ਹੀ ਦਰਸ਼ਕਾਂ ਦੁਆਰਾ ਪਸੰਦ ਕੀਤੇ ਜਾ ਰਹੇ ਹਨ।
ਮਨੋਰੰਜਨ ਕਰਨ ਦੇ ਆਪਣੇ ਇਸ ਮਿਸ਼ਨ ਨੂੰ ਸਾਂਝਾ ਕਰਦੇ ਹੋਏ ਰੁਪਾਲੀ ਗੁਪਤਾ ਨੇ ਕਿਹਾ, “ਪੰਜਾਬੀ ਫਿਲਮ ਇੰਡਸਟਰੀ ਚ ਬਹੁਤ ਸੰਭਾਵਨਾਵਾਂ ਹਨ। ਹੁਣ ਦਰਸ਼ਕ ਕਾਮੇਡੀ ਫਿਲਮ ਚ ਵੀ ਵਧੀਆ ਕੰਟੇੰਟ ਦੀ ਮੰਗ ਕਰਦੇ ਹਨ। ਫਰਾਇਡੇ ਰਸ਼ ਮੋਸ਼ਨ ਪਿਕਚਰਸ ਚ ਸਾਡਾ ਮਿਸ਼ਨ ਅਜਿਹੇ ਹੀ ਪ੍ਰਯੋਗ ਅਤੇ ਨਵੀਂ ਕਹਾਣੀਆਂ ਨੂੰ ਦਿਖਾਉਣਾ ਹੈ। ਜਿਵੇਂ ਕਿ ‘ੳ ਅ’ ਜੋ ਕਿ ਇੱਕ ਮਨੋਰੰਜਨ ਭਰਪੂਰ ਹਾਸਰਸ ਸੰਵਾਦਾ ਨਾਲ ਲੈਸ ਫਿਲਮ ਹੈ ਪਰ ਅਰਥਭਰਪੂਰ ਵੀ ਹੈ। ਤੁਸੀਂ ਦੇਖੋਗੇ ਕਿ ਅਸੀਂ ‘ੳ ਅ’ ਦੇ ਮਾਧਿਅਮ ਨਾਲ ਪੰਜਾਬੀ ਫਿਲਮਾਂ ਦੀ ਇਕਸਾਰਤਾ ਤੋੜ ਕੇ ਇੰਡਸਟਰੀ ਵਿਚ ਵਰੈਟੀ ਭਰਪੂਰ ਰਾਹ ਖੋਲਣ ਦਾ ਯਤਨ ਕੀਤਾ ਹੈ । ਸਾਡਾ ਵਾਅਦਾ ਹੈ ਅਸੀਂ ਪੰਜਾਬੀ ਸਿਨੇਮਾ ਨੂੰ ਨਵੀਂ ਉਚਾਈਆਂ ਵੱਲ ਲੈਕੇ ਜਾਵਾਂਗੇ, ਜਿਸ ਲਈ ਸਾਨੂੰ ਪਹਿਲਾਂ ਦੀ ਤਰ੍ਹਾਂ ਪੰਜਾਬੀ ਸਿਨੇ ਦਰਸ਼ਕਾਂ ਦੇ ਭਰਪੂਰ ਪਿਆਾਰ ਦੀ ਲੋੜ ਰਹੇਗੀ।