ਪ੍ਰਮੁੱਖ ਸਿਤਾਰਿਆਂ ਦੀ ਹੋਈ ਚੋਣ!
ਰਾਈਟ ਇਮੇਜ ਮੀਡੀਆ ਪ੍ਰਾ.ਲਿ. ਦੇ ਬੈਨਰ ਹੇਠ ਰਾਈਟ ਇਮੇਜ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਬਣਨ ਜਾ ਰਹੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ਦੀ ਪ੍ਰਮੁੱਖ ਸਟਾਰਕਾਸਟ ਲਗਭਗ ਮੁਕੰਮਲ ਕਰ ਲਈ ਗਈ ਹੈ ਅਤੇ ਬਹੁਤ ਜਲਦ ਹੀ ਇਹ ਫ਼ਿਲਮ ਸੈਟ ਤੇ ਜਾ ਰਹੀ ਹੈ । ਫ਼ਿਲਮ ਟੀਮ ਵਲੋਂ ਮਿਲੀ ਜਾਣਕਾਰੀ ਅਨੁਸਾਰ ਯੁਵਰਾਜ ਹੰਸ, ਦ੍ਰਿਸ਼ਟੀ ਗਰੇਵਾਲ, ਵਿੰਦੂ ਦਾਰਾ ਸਿੰਘ, ਯਾਮਨੀ ਮਲਹੋਤਰਾ, ਅਮਨ ਧਾਲੀਵਾਲ, ਯੁਵਰਾਜ ਸਿੰਘ ਔਲਖ (ਡੈਬਿਊ), ਡੋਲੀ ਮੱਟੂ, ਰਤਨ ਔਲਖ, ਸਰਦਾਰ ਸੋਹੀ ਅਤੇ ਮੁਕੇਸ਼ ਰਿਸ਼ੀ ਦੀ ਚੋਣ ਕਰ ਲਈ ਗਈ ਹੈ ਅਤੇ ਬਾਕੀ ਕਲਾਕਾਰਾਂ ਦਾ ਖੁਲਾਸਾ ਵੀ ਜਲਦ ਕਰ ਦਿੱਤਾ ਜਾਵੇਗਾ। ਯਾਦ ਰਹੇ ਕਿ 50 ਵਰੇ ਪਹਿਲਾ ਰਿਲੀਜ਼ ਹੋਈ ਬਲਾਕਬਸਟਰ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ਨੇ ਸਫ਼ਲਤਾਪੂਰਵਕ ਇਤਿਹਾਸ ਰਚਿਆ ਸੀ ਅਤੇ ਹੁਣ ਦੁਬਾਰਾ ਇਸੇ ਨਾਮ ਹੇਠ ਨਵੇਂ ਵਿਸ਼ੇ ਤੇ ਫ਼ਿਲਮ ਬਣ ਰਹੀ ਹੈ । ਇਸ ਫ਼ਿਲਮ ਨਾਲ ਵਿਸ਼ੇਸ਼ ਤੌਰ ਤੇ ਜੁੜੇ ਪ੍ਰਸਿਧ ਫ਼ਿਲਮ ਐਕਟਰ ਰਤਨ ਔਲਖ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗੋਵਿੰਦਾ ਤੇ ਆਰਤੀ ਛਾਬੜੀਆ ਨਾਲ ਰਾਜੂ ਭਈਆ ਵਰਗੀ ਵੱਡੀ ਹਿੰਦੀ ਫ਼ਿਲਮ ਬਨਾਉਣ ਵਾਲੇ ਨਿਰਮਾਤਾ, ਮਾਨ ਸਿੰਘ ਦੀਪ ਅਤੇ ਕਲਿਆਨੀ ਸਿੰਘ ਮਿਲ ਕੇ ਬਹੁਤ ਜਲਦ ਇਸ ਫ਼ਿਲਮ ਦਾ ਨਿਰਮਾਣ ਕਰ ਰਹੇ ਹਨ।
ਇਸ ਫ਼ਿਲਮ ਦੀ ਲੇਖਿਕਾ ਤੇ ਨਿਰਦੇਸ਼ਕਾ ਵੀ ਕਲਿਆਨੀ ਸਿੰਘ ਹੀ ਹਨ । ਦੋ ਨਾਇਕ ਅਤੇ ਨਾਇਕਾਵਾਂ ਵਾਲ਼ੀ ਇਸ ਫ਼ਿਲਮ ਦਾ ਸੰਗੀਤ ਓਂਕਾਰ ਮਿਨਹਾਸ ਦੇ ਰਹੇ ਹਨ ਜਿਸ ਦੀ ਰਿਕਾਰਡਿੰਗ ਮੁੰਬਈ ਵਿਖੇ ਚਲ ਰਹੀ ਹੈ। ਇਤਿਹਾਸ ਦੋਹਰਾਇਆ ਜਾਂਦਾ ਹੈ ਅਤੇ ਰਿਕਾਰਡ ਤੋੜੇ ਜਾਣ ਵਾਸਤੇ ਹੀ ਬਣਦੇ ਹਨ, ਇਸੇ ਉਮੀਦ ਤੇ ਖਰੀ ਉੁਤਰਣ ਨੂੰ ਤਿਆਰ-ਬਰ-ਤਿਆਰ ਹੈ ਫ਼ਿਲਮ ‘ਨਾਨਕ ਨਾਮ ਜਹਾਜ ਹੈ’ ਦੀ ਨਵੀਂ ਟੀਮ!