(ਪੰ.ਸ. ਵਿਸ਼ੇਸ਼): ਕਹਿਣ ਦਾ ਮਤਲਬ ਕਿ ਚੰਗੇ ਵਿਸ਼ਿਆਂ ਤੇ ਅਧਾਰਿਤ ਫ਼ਿਲਮਾਂ ਦੇ ਰਿਲੀਜ਼ ਵਿਚ ਐਨਾ ਕੁ ਗੈਪ ਤਾਂ ਚਾਹੀਦਾ ਹੈ ਕਿ ਨਿਰਮਾਤਾ-ਨਿਰਦੇਸ਼ਕ ਨੂੰ ਤਸੱਲੀ ਰਹੇ ਕਿ ਅਸੀਂ ਆਪਣੀ ਫਿਲਮ ਸਹੀ ਸਮੇਂ ਤੇ ਰਿਲੀਜ਼ ਕੀਤੀ ਹੈ,ਜੋ ਕਿ ਸਾਡੇ ਆਪਣੇ ਹੱਥ-ਵੱਸ ਹੈ।ਗੱਲ ਸ਼ੁਰੂ ਕਰਦੇ ਹਾਂ 30ਅਗਸਤ ਨੂੰ ਇੱਕਠੀਆਂ ਰਿਲੀਜ਼ ਹੋਈਆਂ ਫ਼ਿਲਮਾਂ ‘ਰਜਨੀ’ ਅਤੇ ‘ਗਾਂਧੀ 3’ ਤੋਂ। ਕਿਉਂਕਿ ਦੇਵ ਖਰੋੜ ਇਕ ਵੱਡਾ ਨਾਮ ਹੈ ਅਤੇ ਉਸ ਦੀ ਗਾਂਧੀ ਸੀਰੀਜ਼ ਇਕ ਬਰਾਂਡ,ਇਸ ਤੋਂ ਇਲਾਵਾ ਦੇਵ ਖਰੋੜ ਦੀ ਨਿੱਜੀ ਫੈਨ ਫਾਲੋਇੰਗ ਕਰ ਕੇ ਵੀ ਗਾਂਧੀ-3 ਦੇ ਖੂਬ ਚੱਲਣ ਦੀ ਆਸ ਸੀ। ਦੂਜੇ ਪਾਸੇ ਰਜਨੀ ਇਕ ਧਾਰਮਿਕ-ਸੋਸ਼ਲ ਫ਼ਿਲਮ ਸੀ ਅਤੇ ਉਸ ਵਿਚ ਕੋਈ ਵੱਡਾ ਮੇਲ ਲੀਡ ਕਿਰਦਾਰ ਨਹੀ ਸੀ, ਹਾਂ ਰੂਪੀ ਗਿੱਲ,ਜੱਸ ਬਾਜਵਾ ਅਤੇ ਬਾਕੀ ਚਰਿੱਤਰ ਅਦਾਕਾਰ ਜ਼ਰੂਰ ਨਾਮੀ ਸਨ, ਪਰ ਇਸ ਫ਼ਿਲਮ ਦੇ ਸੁਪਰਹਿੱਟ ਹੋਣ ਦੀ ਕਿਸੇ ਨੂੰ ਵੀ ਆਸ ਨਹੀਂ ਸੀ, ਇਸ ਲਈ ਇਸ ਨੂੰ ਅੰਡਰ ਐਸਟੀਮੇਟ ਹੀ ਕੀਤਾ ਗਿਆ।
ਖੈਰ ਦਰਸ਼ਕ ਦੀ ਨਬਜ਼ ਤਾਂ 100 ਸਾਲਾਂ ਵਿਚ ਕੋਈ ਨੀ ਫੜ ਸਕਿਆ ਕਿ ਕੀ ਹਿੱਟ ਹੋਣਾ ਹੈ ਤੇ ਕੀ ਫਲਾਪ।
ਫ਼ਿਲਮ “ਰਜਨੀ” ਐਸੀ ਚੱਲੀ ਕੇ ਕਿ ‘ਗਾਂਧੀ 3’ ਨੂੰ ਬਹੁਤ ਪਛਾੜ ਗਈ ।
ਇਸ ਤੋਂ ਬਾਅਦ ਲਗਾਤਾਰ ਚੰਗੀਆਂ ਅਤੇ ਵਿਸ਼ਾ ਭਰਪੂਰ ਫ਼ਿਲਮਾਂ ‘ਅਰਦਾਸ ਸਰਬਤ ਦੇ ਭਲੇ ਦੀ’ 13 ਸਤੰਬਰ, ‘ਸੁੱਚਾ ਸੂਰਮਾ’ ਅਤੇ ‘ਜਹਾਨ ਕਿੱਲਾ’ 20ਸਤੰਬਰ, ‘ਸ਼ੁਕਰਾਨਾ’ 27ਸਤੰਬਰ, ‘ਸ਼ਾਹਕੋਟ’ ਅਤੇ (ਮੋਹ-ਰੀ ਰਿਲੀਜ਼) 4 ਅਕਤੂਬਰ ਅਤੇ ਆਉੰਦੀ 11 ਅਕਤੂਬਰ ਨੂੰ ‘ਮਿੱਤਰਾਂ ਦਾ ਚੱਲਿਆ ਟਰੱਕ ਨੀ’ ।
ਹੁਣ ਅਜਿਹੀਆਂ ਸਾਰਥਕ ਸਿਨੇਮਾ ਵਾਲੀਆਂ ਫ਼ਿਲਮਾਂ ਦੇ ਦਰਸ਼ਕਾਂ ਦੀ ਵੀ ਇਕ ਹੱਦ ਹੈ ਅਤੇ ਇਹ ਫ਼ਿਲਮਾਂ ਪਰਿਵਾਰਾਂ ਨਾਲ ਵੇਖਣਯੋਗ ਫ਼ਿਲਮਾਂ ਦੀ ਲਿਸਟ ਵਿਚ ਸ਼ਾਮਲ ਹਨ।
ਹੁਣ ਸਮੱਸਿਆ ਇਸ ਗੱਲ ਦੀ ਹੈ ਇਕ ਅਸੀਂ ਧੜਾਧੜ ਫ਼ਿਲਮਾਂ ਸਿਨੇਮਾ ਘਰਾਂ ‘ਚ ਲਾਉਣ ਲੱਗਿਆਂ ਇਹ ਨਹੀਂ ਸੋਚਦੇ ਕਿ ਦਰਸ਼ਕਾਂ ਦੀ ਜੇਬ ਨੂੰ ਵੀ ਅਰਾਮ ਚਾਹੀਦਾ ਹੈ। ਇਹ ਤਾਂ ਹੈ ਨਹੀਂ ਕਿ ਸਾਰੀਆਂ ਹੀ ਵਧੀਆਂ ਫ਼ਿਲਮਾਂ ਦਰਸ਼ਕਾਂ ਵਲੋਂ ਵੇਖੀਆਂ ਜਾ ਸਕਣ ।ਅੱਜ ਇਕ ਪਰਿਵਾਰ ਫ਼ਿਲਮ ਵੇਖਣ ਜਾਵੇ ਤਾਂ 3/4 ਹਜ਼ਾਰ ਦਾ ਖਰਚਾ ਹੋ ਜਾਂਦਾ ਹੈ।
ਨਿਰਮਾਤਾਵਾਂ ਦੀ ਕਾਹਲੀ ਦਾ ਅਸਰ ਆਖਰ ਨਿਰਮਾਤਾਵਾਂ ਤੇ ਹੀ ਪਿਆ ਨਜ਼ਰ ਆਉਂਦਾ ਹੈ ।
‘ਰਜਨੀ’ ਦੇ ਹਿੱਟ ਹੋਣ ਨਾਲ ਜਿੱਥੇ ‘ਗਾਂਧੀ-3’ ਦੀ ਕੁਲੈਕਸ਼ਨ ਤੇ ਅਸਰ ਪਿਆ ਉਥੇ ‘ਅਰਦਾਸ ਸਰਬਤ ਦੇ ਭਲੇ ਦੀ’ ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ।
ਭਾਵੇਂ ਕਿ ਇਹ ਫ਼ਿਲਮ ਵੀ ਸੁਪਰਹਿੱਟ ਰਹੀ ਪਰ ਥੋੜੇ ਗੈਪ ‘ਚ ਦੋ ਸੋਸ਼ਲ ਫ਼ਿਲਮਾਂ ਕਾਰਨ ਇਹ ਫਰਕ ਸੁਭਾਵਿਕ ਸੀ।
“ਰਜਨੀ” ਅਤੇ “ਅਰਦਾਸ ਸਰਬਤ ਦੇ ਭਲੇ ਦੀ” ਦੇ ਚਲਦਿਆਂ ‘ਸੁੱਚਾ ਸੂਰਮਾ’ ਤੇ ਵੀ ਇਹ ਅਸਰ ਦਿਖਾਈ ਦਿੱਤਾ, ਇਹ ਤਾਂ ਸ਼ੁਕਰ ਹੈ ਕਿ ਬੱਬੂ ਮਾਨ ਨੇ ਵੀ ਆਪਣਾ ਇਕ ਦਰਸ਼ਕ ਵਰਗ ਬਣਾ ਕੇ ਕਾਇਮ ਰੱਖਿਆ ਹੋਇਆ ਹੈ ਅਤੇ ਇਸ ਫਿਲਮ ਦਾ ਸੰਗੀਤ ਅਤੇ ਪ੍ਰਚਾਰ ਵੀ ਸੋਹਣਾ ਹੋਣ ਕਾਰਨ ਇਸ ਫਿਲਮ ਦੀ ਇਮੇਜ ਬਣੀ ਰਹਿ ਗਈ। ਇਸ ਦੇ ਨਾਲ ਰਿਲੀਜ਼ ਹੋਈ ਫ਼ਿਲਮ “ਜਹਾਨ ਕਿੱਲਾ” ਵੀ ਇਕ ਕੰਟੈਂਟ ਬੇਸਡ ਇਤਿਹਾਸਕ ਤੱਥਾ ਤੇ ਅਧਾਰਿਤ ਫ਼ਿਲਮ ਸੀ ਪਰ ਸਿਨੇਮਾ ਘਰਾਂ ਵਿਚਲੀ ਵਿਸ਼ਾ ਭਰਪੂਰ ਪੰਜਾਬੀ ਫ਼ਿਲਮਾਂ ਦੀ ਭੀੜ ਨੇ ਇਸ ਨੂੰ ਵੀ ਲੁਕਾ ਲਿਆ, ਦੂਜਾ ਇਹਦਾ ਨਾਮ ਵੀ ਆਮ ਦਰਸ਼ਕਾਂ ਦੀ ਸਮਝ ਤੋਂ ਬਾਹਰ ਜਿਹਾ ਸੀ ਅਤੇ ਪ੍ਰਚਾਰ ਵੀ ਬਹੁਤਾ ਨਹੀਂ ਸੀ ।
ਫੇਰ ਆ ਗਈ ਫ਼ਿਲਮ “ਸ਼ੁਕਰਾਨਾ” ਇਹਦੀ ਕਹਾਣੀ ਇਕ ਸੁਪਰਹਿੱਟ ਅਤੇ ਕਲਾਸਿਕ ਕੈਟਾਗਿਰੀ ਦੀ ਬਾਲੀਵੁੱਡ ਫ਼ਿਲਮ ਤੇ ਅਧਾਰਿਤ ਸੀ, ਅਤੇ ਪੰਜਾਬ ਸਿਨੇਮਾ ਲਈ ਇਹ ਫ਼ਿਲਮ ਦਰਸ਼ਕਾਂ ਦੀ ਪਸੰਦ ਬਣਨ ਦੇ ਕਾਬਲ ਸੀ,ਪਰ ਇਸ ਦੇ ਟਾਈਟਲ ‘ਸ਼ੁਕਰਾਨਾ’ ਤੋਂ ਇਹ ਫ਼ਿਲਮ ਦਰਸ਼ਕਾਂ ਨੂੰ ਧਾਰਮਿਕ ਛਵੀ ਵਾਲੀ ਫਿਲਮ ਲੱਗੀ, ਜਿਸ ਨਾਲ ਫਰਕ ਇਹ ਪਿਆ ਕਿ ਧਾਰਮਿਕ ਟਾਈਪ ਫ਼ਿਲਮ ਸਮਝ ਕੇ ਵੀ ਲੋਕ ਇਹ ਫ਼ਿਲਮ ਨਹੀਂ ਵੇਖਣ ਗਏ। ਜਿਸ ਦਾ ਵੱਡਾ ਕਾਰਨ ਕਿ ਇਸ ਕੈਟਾਗਰੀ ਦੇ ਦਰਸ਼ਕਾਂ ਦੀ ‘ਰਜਨੀ’ ਅਤੇ ‘ਅਰਦਾਸ ਸਰਬਤ ਦੇ ਭਲੇ’ ਅਤੇ ਫੇਰ “ਸੁੱਚਾ ਸੂਰਮਾ”, (ਜੋ ਅਜੇ ਵੀ ਚੱਲ ਰਹੀਆਂ ਹਨ) ਵੇਖਣ ਤੋਂ ਬਾਅਦ ਸ਼ਾਇਦ ਫਿਲਮਾਂ ਤੇ ਪੈਸੇ ਖਰਚਣ ਦੀ ਅਜੇ ਹੋਰ ਸਮਰੱਥਾ ਨਾ ਹੋਵੇ।ਇਸ ਕਾਰਨ ਜਿੱਥੇ ਨਿਰਮਾਤਾ ਦਾ ਨੁਕਸਾਨ ਹੋਇਆ,ਓਥੇ ਸਿਮਰਜੀਤ ਸਿੰਘ ਵਰਗੇ ਵਧੀਆ ਨਿਰਦੇਸ਼ਕ ਦੀ ਇਕ ਵਧੀਆ ਬਣਾਈ ਫ਼ਿਲਮ ਹਨੇਰੇ ‘ਚ ਗੁੰਮ ਹੋ ਗਈ, ਜਿਸ ਦਾ ਅਫਸੋਸ ਸ਼ਾਇਦ ਸਭ ਨੂੰ ਹੋਇਆ ਹੋਵੇਗਾ।
ਹੁਣ ਬਿਨਾ ਬਰੇਕ ਤੋਂ ਆ ਗਈ ਵਾਰੀ “ਸ਼ਾਹਕੋਟ” ਦੀ।ਇਹ ਵੀ ਇਕ ਬਹੁਤ ਵਧੀਆ ਅਤੇ ਪੰਜਾਬੀ ਸਿਨੇਮਾ ਵਿਚ ਆਮ ਫ਼ਿਲਮਾਂ ਨਾਲੋਂ ਹੱਟ ਕੇ ਬਣੀ ਫ਼ਿਲਮ ਹੈ ਪਰ ਅਜੇ ਦਰਸ਼ਕਾਂ ਦਾ ਰੁਝਾਨ ਆਉਣਾ ਬਾਕੀ ਹੈ।ਅਤੇ ਇਹਦੇ ਨਾਲ ਹੀ ਫ਼ਿਲਮ ‘ਮੋਹ’ ਨੂੰ ਦੁਬਾਰਾ ਰਿਲੀਜ਼ ਕਰਨ ਦਾ ਕਾਰਨ ਵੀ ਸਮਝ ਤੋਂ ਬਾਹਰ ਹੈ,ਕਿ ਐਨੀ ਭੀੜ ਵਿਚ ਇਸ ਨੂੰ ਕਿਉਂ ਫਸਾਇਆ ਗਿਆ।
ਖੈਰ! ਇਸੇ ਧੜਾਧੜ ਵਾਲੀ ਲੜੀ ਵਿਚ 11ਅਕਤੂਬਰ ਨੂੰ ਅਮਰਿੰਦਰ ਗਿੱਲ ਦੀ ਫ਼ਿਲਮ “ਮਿੱਤਰਾਂ ਦਾ ਚੱਲਿਆ ਟਰੱਕ ਨੀ’ ਵੀ ਚੱਲਣ ਲਈ ਤਿਆਰ ਬਰ ਤਿਆਰ ਬੈਠਾ ਹੈ।
ਹੁਣ ਅਮਰਿੰਦਰ ਗਿੱਲ ਦੀ ਫੈਨ ਫੋਲੋਇੰਗ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਹੈ ਅਤੇ ਨਾਲ ਹੀ ਇਸ ਫਿਲਮ ਦੇ ਨਿਰਮਾਣ ਘਰ ਤੋਂ, ਕਿਉਂਕਿ ਇਹਨਾਂ ਨੇ ਹਮੇਸ਼ਾ ਹੀ ਵਧੀਆਂ ਸਿਨੇਮਾ ਦਰਸ਼ਕਾਂ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਮੈਂ ਮੰਨਦਾ ਹਾਂ ਕਿ ਫਿਲਮ ਰਿਲੀਜ਼ ਦੀਆਂ ਡੇਟਾਂ ਦੇ ਕਲੈਸ਼ ਕਾਰਨ ਨਿਰਮਾਤਾਵਾਂ ਨੂੰ ਇਹ ਸਭ ਕੁਝ ਪਹਿਲਾ ਹੀ ਮਿੱਥਣਾ ਪੈਂਦਾ ਹੈ, ਕਿਉਂ ਨੇ ਇਸ ਦੇ ਪੈਰਲਰ ਬਾਲੀਵੁੱਡ ਅਤੇ ਸਾਊਥ ਦੀਆਂ ਵੱਡੀਆਂ ਫ਼ਿਲਮਾਂ ਦੀਆਂ ਰਿਲੀਜ ਡੇਟਾਂ ਦਾ ਵੀ ਖਿਆਲ ਰੱਖਣਾ ਪੈਂਦਾ ਹੈ। ਕਾਰਨ ਕਿ ਪੰਜਾਬੀ ਦਰਸ਼ਕਾਂ ਦਾ ਦੂਜੀਆਂ ਭਾਸ਼ਾਵਾਂ ਦੇ ਸਿਨੇਮਾ ਵੱਲ ਵੀ ਬਰਾਬਰ ਦਾ ਝੁਕਾਅ ਬਣਿਆ ਹੋਇਆ ਹੈ।
ਹੁਣ ‘ਚੰਗੀਆਂ ਫ਼ਿਲਮਾਂ ਨੂੰ ਸਾਹ ਆਉਣਾ ਵੀ ਜ਼ਰੂਰੀ ਹੈ’ ਵਾਲੇ ਮੁੱਦੇ ਤੇ ਵਿਚਾਰ ਕਰਨਾ ਵੀ ਜ਼ਰੂਰੀ ਹੈ ਕਿ ਇਸ ਦਾ ਹੱਲ ਕੀ ਅਤੇ ਕਿਵੇਂ ਕੱਢਿਆ ਜਾਵੇ, ਤਾਂ ਕਿ ਕੋਈ ਵੀ ਚੰਗੀ ਫ਼ਿਲਮ ਦਰਸ਼ਕਾਂ ਤੋਂ ਵਾਂਝੀ ਨਾ ਰਹੇ ਅਤੇ ਨਾ ਹੀ ਨਿਰਮਾਤਾ-ਨਿਰਦੇਸ਼ਕਾਂ ਦੀ ਵੀ ਇਨਵੈਸਟਮੈਂਟ ਅਤੇ ਈਮੇਜ ਨੂੰ ਕੋਈ ਕਸਰ ਲੱਗੇ।
ਖੁਸ਼ੀ ਤਾਂ ਹੈ ਕਿ ਪੰਜਾਬੀ ਸਿਨੇਮਾ ਸਾਰਥਕ ਦਿਸ਼ਾ ਵੱਲ ਵਧਿਆ ਨਜ਼ਰ ਆ ਰਿਹਾ ਹੈ,ਪਰ ਅਜਿਹਾ ਸਾਰਥਿਕਤਾ ਵਾਲਾ ਰਵੱਈਆ ਫ਼ਿਲਮ ਨਿਰਮਾਤਾਵਾਂ ਅੰਦਰ ਵੀ ਪੈਦਾ ਹੋਣਾ ਜ਼ਰੂਰੀ ਹੈ, ਜੋਕਿ ਈਗੋ ਜਾਂ ਗਰੁੱਪਇਜ਼ਮ ਵਾਲੀ ਭਾਵਨਾ ਤੋਂ ਉਪਰ ਉਠ ਕੇ ਆਪਸੀ ਤਾਲਮੇਲ ਜ਼ਰੀਏ ਹੀ ਸੰਭਵ ਹੈ। ਜੇ ਅਸੀਂ ਅਜਿਹਾ ਕਰ ਪਾਈਏ ਤਾਂ ਕਾਫੀ ਹੱਦ ਤਾਂ ਅਜਿਹੀਆਂ ਮੁਸ਼ਕਲਾਂ ਦੇ ਹੱਲ ਲੱਭੇ ਜਾ ਸਕਦੇ ਹਨ, ਵਰਨਾ 30 ਅਗਸਤ ਤੋਂ 11 ਅਕਤੂਬਰ ਕੇਵਲ 43 ਦਿਨਾਂ ਵਿਚ 9 ਫ਼ਿਲਮਾਂ, ਚੰਗੀਆਂ ਫਿਲਮਾਂ ਹੋਣ ਦੇ ਬਾਵਜੂਦ ਵੀ ਸਾਰੇ ਨਿਰਮਾਤਾਵਾਂ ਦਾ ਘਰ ਪੂਰਾ ਕਰ ਸਕਣ, ਇਹ ਕਿਸੇ ਤਰਾਂ ਵੀ ਸੰਭਵ ਨਹੀਂ ਲੱਗਦਾ।
-ਦਲਜੀਤ ਅਰੋੜਾ