ਪਹਿਲਾਂ ਜਿੰਮੀ ਸ਼ੇਰ ਗਿੱਲ ਅਤੇ ਹੁਣ ਗਿੱਪੀ ਗਰੇਵਾਲ, ਦੋਨਾਂ ਸਟਾਰਾਂ ਤੇ ਇਹਨਾਂ ਦੇ ਯੁਨਿਟ ਮੈਂਬਰਾਂ ਸਮੇਤ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਹੇਠ ਪਰਚੇ ਦਰਜ ਹੋਣੇ ਪੰਜਾਬੀ ਸਿਨੇਮਾ ਲਈ ਨਾਮੋਸ਼ੀ ਦਾ ਆਲਮ ਹੈ।
ਕਿਸੇ ਵੀ ਸਿਨੇਮਾ ਨਾਲ ਸਬੰਧਤ ਵੱਡੇ ਸਟਾਰਾਂ ਦੇ ਕਰੋੜਾ ‘ਚ ਫਾਲੋਅਰ ਹੁੰਦੇ ਹਨ ਅਤੇ ਸਿਨੇਮਾ ਨਾਲ ਸਬੰਧਤ ਬਾਕੀ ਲੋਕਾਂ ਦੀਆਂ ਨਜ਼ਰਾਂ ਵੀ ਉਨਾਂ ਦੇ ਕੰਮਾਂ ਤੇ ਟਿਕੀਆਂ ਹੁੰਦੀਆਂ ਹਨ। ਜਦੋਂ ਅਜਿਹੇ ਲੋਕਾਂ ਦਾ ਹੀ ਕੋਈ ਗੈਰ-ਜਿੰਮੇਵਾਰਾਨਾ ਕੰਮ ਸਾਹਮਣੇ ਆਉਂਦਾ ਹੈ ਤਾਂ ਸਭ ਲਈ ਨਾਮੋਸ਼ੀ ਸੁਭਾਵਕ ਹੈ। ਇਹਨਾਂ ਸਟਾਰਾਂ ਨੂੰ ਆਪਣੇ ਤੇ ਓਵਰ ਕਾਂਵਫੀਡੈਂਸ ਰੱਖਣ ਦੀ ਬਜਾਏ ਆਪਣੇਆਪ ਨੂੰ ਸਿਨੇਮਾ ਦੇ ਪ੍ਰਤੀਨਿਧ ਸਮਝਦੇ ਹੋਏ ਵੱਧ ਜ਼ੁੰਮੇਵਾਰੀ ਤੋਂ ਕੰਮ ਲੈਣਾ ਚਾਹੀਦੈ।
ਸਾਰੇ ਮੁਲਕ ‘ਚ ਕਰੋਨਾ ਅਤੇ ਆਕਸੀਜਨ ਦੀ ਕਮੀ ਕਾਰਨ ਹੋ ਰਹੀਆਂ ਮੌਤਾਂ ਕਰਕੇ ਹਾਹਾਕਾਰ ਮਚੀ ਹੈ, ਬੱਚੇ ਬੱਚੇ ਨੂੰ ਪਤਾ ਹੈ ਕਿ ਪੰਜਾਬ ‘ਚ ਵਿਆਹ ਹੋਵੇ ਜਾਂ ਮਰਗ, 20 ਤੋਂ ਵੱਧ ਬੰਦੇ ਇੱਕਠੇ ਨਹੀਂ ਹੋ ਸਕਦੇ, ਕੋਈ ਸਮਾਗਮ ਨਹੀਂ ਹੋ ਸਕਦਾ, ਤਾ ਫੇਰ ਸਾਨੂੰ ਫਿਲਮਾਂ ਵਾਲਿਆਂ ਨੂੰ ਕੀ ਜਲਦੀ ਹੈ ਕਿ ਅਸੀ ਨਿਯਮਾਂ ਤੋਂ ਉਲਟ ਜਾਈਏ। ਅਸੀਂ ਫਿ਼ਲਮੀ ਲੋਕ ਤਾਂ ਸਮਾਜ ਲਈ ਸ਼ੀਸ਼ੇ ਦਾ ਕੰਮ ਕਰਦੇ ਹਾਂ, ਬਸ ਇਹੀ ਸਮਝਣ ਦੀ ਲੋੜ ਹੈ। ਸ਼ੂਟਿੰਗ ਹੁੰਦਿਆਂ ਵੇਖ ਆਮ ਲੋਕਾਂ ਦੀ ਭੀੜ ਵੀ ਤਾਂ ਇਕੱਠੀ ਹੋ ਜਾਂਦੀ ਹੈ, ਇਸ ਲਈ ਕੋਈ ਐਡੀ ਵੱਡੀ ਵੀ ਗੱਲ ਨਹੀਂ ਸੀ, ਜੇ ਪੁਲਿਸ ਚਾਹੁੰਦੀ ਤਾਂ ਵਾਰਨਿੰਗ ਦੇ ਕੇ ਛੱਡ ਵੀ ਸਕਦੀ ਸੀ,ਪਰ ਅਸੀਂ ਉਨਾਂ ਨੂੰ ਵੀ ਆਪਣੀ ਡਿਊਟੀ ਤੋਂ ਨਹੀਂ ਰੋਕ ਸਕਦੇ , ਵੱਖਰੀ ਗੱਲ ਹੈ ਕਿ ਪੁਲਿਸ ਵਿਚਾਰੀ ਵੱਡੀਆਂ ਵੱਡੀਆਂ ਗੈਰ ਜ਼ੁੰਮੇਵਾਰਨਾ ਸਿਆਸੀ ਰੈਲੀਆਂ/ਇੱਕਠਾਂ ਤੇ ਕਾਨੂੰਨ ਦੀਆਂ ਧੱਜੀਆਂ ਉਡਦਿਆਂ ਵੇਖ ਵੀ, ਬੇਵੱਸ ਅਤੇ ਲਾਚਾਰ ਜਿਹੀ ਹੁੰਦੀ ਹੈ, ਉਨਾਂ ਦਾ ਡੰਡਾ ਵੀ ਸਾਡੇ ਜਿਹਿਆਂ ਤੇ ਹੀ ਚਲਦਾ ਹੈ।
ਪਰ ਫੇਰ ਵੀ ਅਸੀਂ ਫਿ਼ਲਮੀ ਲੋਕ ਇਹੋ ਜਿਹੇ ਗੈਰ ਜ਼ੁੰਮੇਵਾਰ ਸਿਆਸੀ ਲੀਡਰਾਂ ਦੀਆਂ ਉਦਹਾਰਣਾਂ ਦੇ ਕੇ ਆਪਣੀ ਜ਼ੁੰਮੇਵਾਰੀ ਤੋਂ ਨਹੀਂ ਭੱਜ ਸਕਦੇ। ਅਜਿਹੇ ਹਲਾਤਾਂ ਵਿਚ ਸਾਨੂੰ ਤਾਂ ਸੋਨੂੰ ਸੂਦ ਜਿਹੀਆਂ ਉਦਹਾਰਣਾਂ ਕਾਇਮ ਕਰਨ ਦੀ ਲੋੜ ਹੈ।
ਵੈਸੇ ਵੀ 100 ਤੋਂ ਵੱਧ ਪੰਜਾਬੀ ਫਿ਼ਲਮਾਂ ਤਾਂ ਪਹਿਲਾਂ ਹੀ ਬਣ ਕੇ ਤਿਆਰ ਪਈਆਂ ਹਨ, ਜਿੰਨਾਂ ਦਾ ਸਹੀ ਤਰੀਕੇ ਨਾਲ ਸਿਨੇਮਾ ਘਰਾਂ ‘ਚ ਲੱਗਣ ਦਾ ਅਜੇ ਕੋਈ ਸਕੋਪ ਨਜ਼ਰ ਨਹੀਂ ਆਇਆ ਆ ਰਿਹਾ, ਤਾਂ ਫੇਰ ਸਾਨੂੰ ਵੀ ਥੋੜੇ ਸਬਰ ਤੋਂ ਕੰਮ ਲੈਣ ਦੀ ਲੋੜ ਹੈ। ਹੁਣੇ ਹੁਣੇ ਕਾਹਲੀ ਦਾ ਇਕ ਨਤੀਜਾ ਫਿਲਮ “ਕੁੜੀਆਂ ਜਵਾਨ ਬਾਪੂ ਪਰੇਸ਼ਾਨ” ਵਾਲਿਆਂ ਨੇ ਵੀ ਭੁਗਤਿਆ ਹੈ।
ਫਿ਼ਲਮ ਲਈ ਕੀਤੀ ਇਨਵੈਸਟਮੈਂਟ ਦਾ ਲੋੜੋਂ ਵੱਧ ਸਮਾਂ ਬਲਾਕ ਰਹਿਣਾ ਵੀ ਤਾਂ ਨੁਕਸਾਨ ਹੈ।
ਅਜੇ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਕਿਸਾਨੀ ਮਸਲਾ ਵੀ ਉੱਥੇ ਹੀ ਲਟਕਿਆ ਹੈ ਅਤੇ ਰੋਜ਼ ਕਿੰਨੀਆਂ ਕੀਮਤੀ ਜਾਨਾ ਜਾ ਰਹੀਆਂ ਹਨ ਅਤੇ ਪਰਿਵਾਰ ਉਜੱੜ ਰਹੇ ਹਨ।
ਮੇਰੀਆਂ ਇੰਨਾਂ ਸਭ ਗੱਲਾਂ ਦਾ ਮਕਸਦ ਸਿਨੇਮਾ ਵਿਚ ਕੋਈ ਨੈਗਟੀਵਿਟੀ ਫੈਲਾਉਣਾ ਨਹੀ, ਕਿਉਂਕਿ ਮੈਂ ਵੀ ਇਸੇ ਪੰਜਾਬੀ ਸਿਨੇਮਾ ਦਾ ਹਿੱਸਾ ਹਾਂ ਅਤੇ ਫਿ਼ਲਮਾਂ ਦਾ ਬਣਨਾ ਸਾਡੇ ਸਭ ਦੇ ਰੁਜ਼ਗਾਰ ਨਾਲ ਵੀ ਜੁੜਿਆ ਹੈ ਅਤੇ ਕਾਨੂੰਨ ਵਿਚ ਰਹਿ ਕੇ ਸ਼ੂਟਿੰਗਾਂ ਹੇਈ ਵੀ ਜਾਣ ਤਾਂ ਕੋਈ ਹਰਜ਼ ਨਹੀ, ਪਰ ਫੇਰ ਵੀ, ਹੈ ਤਾਂ ਇਹ ਮਨੋਰੰਜਨ ਨਾਲ ਜੁੜਿਆ ਕਾਰੋਬਾਰ ਹੀ, ਜਿਸ ਦੀ ਕਿ ਸਹੀ ਵਾਰੀ ਸਭ ਦੇ ਚੰਗੇ ਹਲਾਤਾਂ ਅਤੇ ਹਰ ਪਾਸੇ ਖੁਸ਼ਨੁਮਾ ਮਾਹੌਲ ਨਾਲ ਹੀ ਆਉਂਦੀ ਹੈ।
-Daljit Arora