(ਪੰਸ:ਮਿਤੀ:24ਮਈ 2025)54 ਸਾਲ ਦੀ ਉਮਰ ਦੇ ਅਦਾਕਾਰ ਮੁਕੁਲ ਦੇਵ ਦਾ ਅੱਜ ਦਿਹਾਂਤ ਹੋ ਗਿਆ ਹੈ,ਉਹ ਹਿੰਦੀ, ਪੰਜਾਬੀ ਅਤੇ ਦੱਖਣੀ ਭਾਰਤੀ ਫਿਲਮਾਂ ਦੇ ਨਾਲ-ਨਾਲ ਟੈਲੀਵਿਜ਼ਨ ਵਿਚ ਵੀ ਆਪਣੀਆਂ ਦਿੱਗਜ ਭੂਮਿਕਾਵਾਂ ਲਈ ਜਾਣੇ ਜਾਂਦੇ ਸਨ।
ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਸਪਸ਼ਟ ਜਾਣਕਾਰੀ ਨਹੀਂ ਮਿਲ ਸਕੀ।
ਮੁਕੁਲ ਦੇਵ ਦਾ ਜਨਮ 17 ਸਤੰਬਰ 1970 ਨੂੰ ਨਵੀਂ ਦਿੱਲੀ ਵਿਖੇ ਹੋਇਆ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 1996 ਵਿੱਚ ਟੀ.ਵੀ. ਲੜੀਵਾਰ ‘ਮੁਮਕਿਨ’ ਨਾਲ ਕੀਤੀ ਅਤੇ ਉਸੇ ਸਾਲ ਹੀ ਫ਼ਿਲਮ ‘ਦਸਤਕ’ ਰਾਹੀਂ ਫਿਲਮੀ ਦੁਨੀਆਂ ਵਿਚ ਦਸਤਕ ਦਿੱਤੀ, ਜਿਸ ਵਿਚ ਸੁਸ਼ਮਿਤਾ ਸੇਨ ਨਾਲ ਅਭਿਨੈ ਕੀਤਾ।
ਆਪਣੇ ਇਸ ਫ਼ਿਲਮੀ ਸਫਰ ਦੌਰਾਨ, ਉਹ ‘ਯਮਲਾ ਪਗਲਾ ਦੀਵਾਨਾ’, ‘ਸਨ ਆਫ਼ ਸਰਦਾਰ, ਕੋਹਰਾਮ, ਇਤਫ਼ਾਕ,‘ਆਰ… ਰਾਜਕੁਮਾਰ, ਅਤੇ ‘ਜੈ ਹੋ’ ਵਰਗੀਆਂ ਪ੍ਰਸਿਧ ਫਿਲਮਾਂ ਦੇ ਨਾਲ ਨਾਲ ਹਵਾਏਂ, ਬੁਰਰਾਹਾ, ਹੀਰ ਐਂਡ ਹੀਰ, ਬਾਜ਼, ਇਸ਼ਕ ਵਿਚ-ਯੂ ਨੈਵਰ ਨੌਅ, ਹੀਰੋ ਨਾਮ ਯਾਦ ਰੱਖੀਂ, ਜ਼ੋਰਾਵਰ, ਜੋਰਾ 10 ਨੰਬਰੀਆ, ਡਾਕਾ, ਸਾਕ, ਮੁੰਡਾ ਫਰੀਦਕੋਟੀਆ, ਸ਼ਰੀਕ, ਸਾਕਾ ਨਨਕਾਣਾ, ਸਰਾਭਾ ਅਤੇ ਸ਼ਾਤਰ ਆਦਿ ਪੰਜਾਬੀ ਫ਼ਿਲਮਾਂ ਵਿਚ ਵੀ ਨਜ਼ਰ ਆਏ।
ਉਹਨਾਂ ਦੇ ਜ਼ਿਕਰਯੋਗ ਟੀ.ਵੀ ਲੜੀਵਾਰਾਂ ਵਿਚ, ਭਾਬੀ, ਕੁਟੰਬ,ਕਸ਼ਿਸ਼, ਕੁਮਕੁਮ, ਘਰਵਾਲੀ ਉਪਰਵਾਲ ਅਤੇ ਕਿਆ ਹਾਦਸਾ ਕਿਆ ਹਕੀਕਤ ਆਦਿ ਸ਼ਾਮਲ ਹਨ।
ਦਿੱਲੀ ਦੇ ਸੇਂਟ ਕੋਲੰਬਾ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਇਲਾਵਾ ਮੁਕੁਲ ਨੇ ਰਾਏਬਰੇਲੀ ਦੇ ਇੰਦਰਾ ਗਾਂਧੀ ਇੰਸਟੀਚਿਊਟ ਆਫ਼ ਏਵੀਏਸ਼ਨ ਤੋਂ ਏਅਰੋਨੌਟਿਕਸ ਦੀ ਡਿਗਰੀ ਵੀ ਹਾਸਲ ਕੀਤੀ ।
ਮੁਕੁਲ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਮੈਂ ਆਪਣੇ 25 ਸਾਲਾਂ ਦੇ ਕਰੀਅਰ ਨੂੰ ਇਕ ਲੰਮਾ ਅਤੇ ਸੰਪੂਰਨ ਸਫ਼ਰ ਮੰਨਦਾ ਹਾਂ। ਮੈਂ ਟੈਲੀਵਿਜ਼ਨ, ਹਿੰਦੀ ਅਤੇ ਖੇਤਰੀ ਫ਼ਿਲਮਾਂ ਵਿਚ ਜੋ ਕੰਮ ਕੀਤਾ ਹੈ ਉਹ ਬਹੁਤ ਸੰਤੁਸ਼ਟੀਜਨਕ ਹੈ ਅਤੇ ਜਦੋਂ ਮੈਂ ਅੱਜ ਚੱਲ ਰਹੇ ਮੁਕਾਬਲੇ ਦੇ ਦੌਰ ਨੂੰ ਵੇਖਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਲਈ ਕਾਫ਼ੀ ਵਧੀਆ ਕੰਮ ਕਰ ਚੁਕਿਆ ਹਾਂ।
ਮੈਂ ਪਿਛਲੇ ਸਾਲਾਂ ਦੌਰਾਨ ਆਪਣੇ ਲਈ ਇਕ ਅਹਿਜੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ ਹਾਂ ਜਿੱਥੇ ਲੋਕ ਮੈਨੂੰ ਉਦੋਂ ਬੁਲਾਉਂਦੇ ਹਨ ਜਦੋਂ ਉਹ ਮੇਰੀ ਜ਼ਰੂਰਤ ਕਿਸੇ ਵਿਸ਼ੇਸ਼ ਭੂਮਿਕਾ ਲਈ ਮਹਿਸੂਸ ਕਰਦੇ ਹਨ,ਜਿਵੇਂ ਕਿ ਯਮਲਾ ਪਗਲਾ ਦੀਵਾਨਾ, ਸਰਫਰੋਸ਼ ਅਤੇ ਸਾਰਾਗੜ੍ਹੀ ਆਦਿ।
ਅੱਜ ਇਸ ਇਸ ਦਿੱਗਜ ਅਤੇ ਵਿਲਖੱਣ ਕਲਾਕਾਰ ਦੇ ਅਚਨਚੇਤ ਤੁਰ ਜਾਣ ਤੇ ਬਾਲੀਵੁੱਡ ਜਗਤ ਦੇ ਨਾਲ ਨਾਲ ਦੱਖਣੀ ਭਾਰਤੀ ਸਿਨੇਮਾ ਅਤੇ ਪੰਜਾਬੀ ਸਿਨੇਮਾ ਦੀਆਂ ਅਹਿਮ ਸ਼ਖ਼ਸੀਅਤਾਂ ਦੇ ਮਨਾ ਅੰਦਰ ਸੋਗ ਦੀ ਲਹਿਰ ਨੇ ਦਸਤਕ ਦਿੱਤੀ ਹੈ। ਪੰਜਾਬੀ ਸਕਰੀਨ ਅਦਾਰਾ ਇਸ ਘੜੀ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹੋਇਆ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖ਼ਸ਼ੇ।