ਇਸ਼ਕਨਾਮਾ” ਦਾ ਸਿਰਲੇਖ ਅਤੇ ਸੰਗੀਤ ਫ਼ਿਲਮ ਦੇ ਹੱਕ ਵਿਚ ਭੁਗਤਦਾ ਹੈ -ਫ਼ਿਲਮ ਸਮੀਖਿਆ-ਦਲਜੀਤ ਸਿੰਘ ਅਰੋੜਾ——

#Filmreview #ishqnama

ਕਿਉਂਕਿ ਫ਼ਿਲਮ ਦਾ ਟਾਈਟਲ ਅਤੇ ਸੰਗੀਤ ਨੌਜਵਾਨਾ ਨੂੰ ਆਕਰਸ਼ਿਤ ਕਰ ਰਿਹਾ ਹੈ,ਇਸੇ ਲਈ ਤਿੰਨ ਦਿਨਾਂ ਤੋਂ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਜ਼ਾਹਿਰ ਹੈ ਕਿ ਟਾਈਟਲ ‘ਇਸ਼ਕਨਾਮਾ’ ਫ਼ਿਲਮ ਦੇ ਰੋਮਾਂਟਿਕ ਜੇਨਰ ਦੀ ਗਵਾਹੀ ਭਰਦਾ ਹੈ, ਜਿਸ ਨੂੰ ਮਸਾਲਾ ਐਕਸ਼ਨ ਦਾ ਤੜਕਾ ਲਾਇਆ ਗਿਆ ਹੈ।

ਬਾਕੀ ਇਸ ਫ਼ਿਲਮ ਦੀ ਕਹਾਣੀ-ਸਕਰੀਨ ਪਲੇਅ ਅਤੇ ਫ਼ਿਲਮ ਵਿਚਲੀਆਂ ਘਟਨਾਵਾਂ ਬਾਰੇ ਸੋਚਣ-ਲਿਖਣ ਤੇ ਮੈਂ ਆਪਣਾ ਦਿਮਾਗ ਖਰਚਣ ਦੀ ਬਜਾਏ ਬਸ ਇਹੀ ਕਹਾਂਗਾ ਕਿ ਫ਼ਿਲਮ ਵੇਖਣ ਵਾਲੇ ਵੀ ਇਸ ਨੂੰ “ਮਨੋਰੰਜਨ ਮਨੋਰੰਜਨ ਅਤੇ ਸਿਰਫ ਮਨੋਰੰਜਨ” ਮੰਨ ਕੇ ਹੀ ਵੇਖਣ ! ਜਿਵੇਂ ਕੇ ਵੇਖੀ ਵੀ ਜਾ ਰਹੀ ਹੈ ਅਤੇ ਬਚਪਨ ਤੋਂ ਜਿਵੇ ਆਪਾਂ ਨਿਰਦੇਸ਼ਨ ਮਨਮੋਹਨ ਦੇਸਾਈ ਸਾਹਿਬ ਦੀਆਂ ਫਿਲਮਾਂ ਵਿਚ ਬਹੁਤੀਆਂ ਦਲੀਲਾਂ ਵੱਲ ਨਹੀਂ ਸੀ ਜਾਂਦੇ !? ਖੈਰ! ਦਰਸ਼ਕ ਖੁਸ਼, ਨਿਰਮਾਤਾ ਖੁਸ਼, ਐਕਟਰ ਖੁਸ਼ ਤੇ ਆਪਾਂ ਵੀ ਖੁਸ਼!

ਬਾਕੀ ਐਨਾ ਜ਼ਰੂਰ ਕਹਾਂਗਾ ਕਿ ਹੁਣ ਯੁੱਗ ਬਦਲ ਗਿਆ ਹੈ ਤੇ ਦਰਸ਼ਕ ਦੀ ਸੋਚ ਵੀ, ਇਸ ਲਈ ਜੇ ਮਨੋਰੰਜਨ ਦੇ ਨਾਲ-ਨਾਲ ਕਹਾਣੀ ਦਾ ਅਧਾਰ,ਜਿੰਨਾ ਮਜ਼ਬੂਤ ਹੋਵੇਗਾ ਓਨਾ ਹੀ ਪੰਜਾਬੀ ਫ਼ਿਲਮ ਲੇਖਕ ਮਜ਼ਬੂਤ ਕਹਾਉਣਗੇ, ਜਿਸ ਦਾ ਫਾਇਦਾ ਇਸ ਫ਼ਿਲਮ ਦੇ ਨਿਰਦੇਸ਼ਕ ਅਰਵਿੰਦਰ ਐਸ ਖਹਿਰਾ ਵਾਂਗ ਉਹਨਾਂ ਸਭ ਫ਼ਿਲਮ ਨਿਰਦੇਸ਼ਕਾਂ ਨੂੰ ਜਾਵੇਗਾ ਜਿਹੜੇ ਦਿਲਚਸਪ ਕਲਾਤਮਕ ਫ਼ਿਲਮਾਕਣ ਦੀ ਸੋਚ-ਸਮਝ ਰੱਖਦੇ ਹਨ।

ਜੇ ਫ਼ਿਲਮ ਦੇ ਅਦਾਕਾਰਾਂ ਦੀ ਗੱਲ ਕਰਾਂ ਤਾਂ ਸਭ ਤੋਂ ਵੱਧ ਖੁਸ਼ੀ ਦੀ ਗੱਲ ਅਤੇ ਵੱਡੀ ਗੱਲ ਵੀ ਹੈ ਕਿ “ਜੈ ਰੰਧਾਵਾ” ਨੇ ਬਤੌਰ ਹੀਰੋ ਸਾਰੀ ਫ਼ਿਲਮ ਦਾ ਭਾਰ ਆਪਣੇ ਸਿਰ ਚੁੱਕ ਕੇ ਦਰਸ਼ਕਾਂ ਦਾ ਰੁਖ਼ ਇਸ ਫ਼ਿਲਮ ਪ੍ਰਤੀ ਆਪਣੇ ਵੱਲ ਕੀਤਾ ਹੈ ਕਿਉਂਕਿ ਹੀਰੋ, ਹੀਰੋ ਹੀ ਹੁੰਦਾ ਹੈ ਇਸ ਲਈ, ਇਹ ਫ਼ਿਲਮ ਜੈ ਰੰਧਾਵਾ ਨੂੰ ਪੰਜਾਬੀ ਫ਼ਿਲਮ ਹੀਰੋਜ਼ ਦੀ ਮੁਹਰਲੀ ਕਤਾਰ ਵਿਚ ਖੜਾ ਕਰਦੀ ਹੈ !

ਇਸ ਵਿਚ ਕੋਈ ਸ਼ੱਕ ਨਹੀਂ ਕਿ ਫ਼ਿਲਮ ਦੀ ਹੀਰੋਇਨ ਸ਼ਹਿਨਾਜ਼ ਗਿੱਲ ਦੀ ਮਾਸੂਮੀਅਤ ਭਰੀ ਮਜ਼ਬੂਤ ਅਦਾਕਾਰੀ ਵੀ ਦਰਸ਼ਕਾਂ ਵਿਚ ਆਪਣੀ ਖਿੱਚ ਬਰਕਰਾਰ ਰੱਖਦੀ ਹੈ ਤੇ ਬਾਕੀ ਸਾਥੀ ਕਲਾਕਾਰਾਂ ਵਿਚ ਜਿੱਥੇ ਮੁੱਖ ਖਲਨਾਇਕ ਦੇ ਕਿਰਦਾਰ ਵਿਚ ਬਾਲੀਵੁੱਡ ਅਦਾਕਾਰ ਸੌਰਵ ਸਚਦੇਵਾ ਨੇ ਸਭ ਤੋਂ ਵੱਧ ਧਿਆਨ ਆਪਣੇ ਵੱਲ ਖਿੱਚਿਆ ਹੈ ਓਥੇ ਸਾਡੇ ਮਹਾਬੀਰ ਭੁੱਲਰ ਵੀ ਕਿਸੇ ਤੋਂ ਘੱਟ ਨਹੀਂ!

ਸੈਕਿੰਡ ਲੀਡ ਹੀਰੋਇਨ ਵਿਚ ਅਰਵਿੰਦਰ ਕੌਰ ਦੇ ਅਭਿਨੈ ਦੀ ਪ੍ਰਪੱਕਤਾ ਅਤੇ ਆਕਰਸ਼ਿਤ ਚਿਹਰੇ ਨੇ ਉਸ ਦੀ ਹਰ ਫ਼ਿਲਮ ਵਿਚ ਉਸ ਦਾ ਸਾਥ ਦਿੱਤਾ ਹੈ।
ਫੌਜੀ ਅਫ਼ਸਰ (ਹੀਰੋਇਨ-ਮੰਗੇਤਰ)ਦੇ ਰੂਪ ਵਿਚ ਪ੍ਰੀਤ ਭੁੱਲਰ ਅਤੇ ਹੀਰੋ ਦੇ ਪਾਕਿਸਤਾਨੀ ਦੋਸਤ ਦੇ ਕਿਰਦਾਰ ਵਿਚ ਅੰਜੁਮ ਬੱਤਰਾ(ਦੋਵੇਂ ਬਾਲੀਵੁੱਡ ਅਦਾਕਾਰਾਂ ਨੇ ਵੀ ਸ਼ਾਨਦਾਰ ਅਭਿਨੈ ਪ੍ਰਦਰਸ਼ਨ ਕੀਤਾ ਹੈ।

ਇਸ ਤੋਂ ਇਲਾਵਾ ਨੌਕਰਾਣੀ ਦੇ ਕਿਰਦਾਰ ਵਿਚ ਵਧੀਆ ਅਭਿਨੇਤਰੀ ਕੰਵਲ ਰਾਧੇ ਅਤੇ ਨੈਗਟਿਵ ਅਭਿਨੈ ਵਿਚ ਜਸਬੀਰ ਗਿੱਲ ਨੂੰ ਵੀ ਬਿਹਤਰ ਮੌਕਾ ਮਿਲਣ,ਸਮੇਤ ਸਭ ਨੇ ਵੀ ਆਪਣੀ-ਆਪਣੀ ਭੂਮਿਕਾ ਨਾਲ ਇਨਸਾਫ ਕੀਤਾ ਹੈ,ਜਿਸ ਕਰ ਇਹ ਇਕ “ਮਜ਼ਬੂਤ- ਤਾਜ਼ਾ ਕਲਾਕਾਰ” ਚਿਹਰਿਆਂ ਵਾਲੀ ਫ਼ਿਲਮ ਕਹਾਉਣ ਵਿਚ ਵੀ ਕਾਮਯਾਬ ਹੈ (ਜਿਸ ਦੀ ਕਿ ਪੰਜਾਬੀ ਸਿਨੇਮਾ ਵਿਚ ਸਖ਼ਤ ਜ਼ਰੂਰਤ ਵੀ ਹੈ। ਇਸ ਫ਼ਿਲਮ ਦੀ ਕਾਸਟਿੰਗ ਵੀ ਨਿਰਦੇਸ਼ਕ ਅਰਵਿੰਦਰ ਸਿਆਣਪ ਦੀ ਨਿਸ਼ਾਨੀ ਹੈ।

ਫ਼ਿਲਮ ਦਾ ਸਭ ਤੋਂ ਮਜਬੂਤ ਪੱਖ ਫ਼ਿਲਮ ਦਾ ਸੰਗੀਤ ਹੈ, ਜਿਸ ਨੂੰ ਢੁਕਵਾਂ ਅਤੇ ਦਿਲਖਿੱਚਵਾਂ ਬਣਾ ਦੇ ਨੌਜਵਾਨਾਂ ਦੀ ਸੋਚ ਤੇ ਖਰਾ ਉਤਾਰਨ ਲਈ ਗੀਤਕਾਰ ਜਾਨੀ, ਸੰਗੀਤਕਾਰ ਬੀ.ਪਰਾਕ ਦੇ ਨਾਲ-ਨਾਲ ਸਾਰੇ ਪਿੱਠਵਰਤੀ ਗਾਇਕ ਵੀ ਵਧਾਈ ਦੇ ਪਾਤਰ ਹਨ। ਫ਼ਿਲਮ ਵਿਚਲਾ ਇਕ ਗੀਤ “ਨਰਕ” ਇਸ਼ਕਨਾਮਾ ਦੇ ਸੰਗੀਤ ਦਾ ਸਿਖਰ ਹੈ।

ਫ਼ਿਲਮ ਦਾ ਪਿੱਠਵਰਤੀ ਸੰਗੀਤ ਵੀ ਫ਼ਿਲਮ ਦੀਆਂ ਘਟਨਾਵਾਂ ਮੁਤਾਬਕ ਢੁਕਵਾਂ ਪਰ ਮਾਡਰਨ ਨੁਮਾ ਹੈ, ਭਾਵੇਂ ਕਿ ਇਹ ਫ਼ਿਲਮ “ਹਿੰਦ-ਪਾਕ ਬਾਰਡਰਨਾਮਾ” ਚੋਂ ਲਈ ਗਈ ਕਿਸੇ ਅਸਲ ਘਟਨਾ ਚੋਂ ਉੱਭਰੀ ਇਕ ਫਿਕਸ਼ਨ ਡਰਾਮਾ ਨੁਮਾ ਪੀਰੀਅਡ ਫ਼ਿਲਮ ਹੈ,ਜਿਸ ਵਿਚ ਕਿ ਕੁਝ ਦਲੀਲ ਰਹਿਤ ਜਾਂ ਕਹਿ ਲਓ ਕਿ ਹਾਸਰਸ ਐਕਸ਼ਨ ਘਟਨਾਵਾਂ ਦਾ ਵੀ ਤੜਕਾ ਹੈ!?


ਫ਼ਿਲਮ ਲੇਖਕ ਧੀਰਜ ਕੇਦਾਰਨਾਥ ਦੀ ਫਿਕਸ਼ਨ ਮਨੋਰੰਜਨ ਰੂਪੀ ਕਹਾਣੀ-ਸਕਰੀਨ ਦੇ ਹਿਸਾਬ ਨਾਲ ਗੁਰਪ੍ਰੀਤ ਭੁੱਲਰ ਅਤੇ ਜੱਸ ਲੋਹਕਾ ਨੇ ਸੰਵਾਦ, ਸੋਹਣੇ ਲਿਖੇ ਹਨ।

ਚਲੋ ! ਕੁੱਲ ਮਿਲਾ ਕੇ ਇਸ ਨੂੰ ਇਕ ਐਂਟਰਟੇਨਮੈਂਟ,ਐਂਟਰਟੇਨਮੈਂਟ ਅਤੇ ਸਿਰਫ ਐਂਟਰਟੇਨਮੈਂਟ ਭਰੀ ਰੋਮਾਂਸ, ਐਕਸ਼ਨ ਅਤੇ ਸੋਹਣੇ ਸੰਗੀਤ ਨਾਲ ਸਜੀ ਫ਼ਿਲਮ ਕਹਿਣ ਵਿਚ ਵੀ ਕੋਈ ਹਰਜ਼ ਨਹੀਂ।

ਉਮੀਦ ਹੈ ਕਿ ਜੇ ਇਸ ਫ਼ਿਲਮ ਦੀ ਦਰਸ਼ਕਾਂ ਉੱਤੇ ਪਕੜ ਪਹਿਲੇ ਤਿੰਨ ਦਿਨਾਂ ਦੀ ਤਰ੍ਹਾਂ ਬਣੀ ਰਹੀ ਤਾਂ ਨਿਰਮਾਤਾਵਾਂ ਦਾ ਘਰ ਪੂਰਾ ਕਰ ਸਕਦੀ ਹੈ,ਤੇ ਉਹਨਾਂ ਨੂੰ ਕਮਾਈ ਵੀ ਦੇ ਸਕਦੀ ਹੈ,ਕਿਉਂਕਿ ਫ਼ਿਲਮ ਮਹਿੰਗੀ ਵੀ ਬਣੀ ਹੈ !?
@jayyrandhawa
See less
Comments & Suggestions
Comments & Suggestions