ਮੰਨਿਆ ਕਿ ਕਿਸੇ ਵੇਲੇ ਅਚਾਨਕ ਪੰਜਾਬ ਦੇ ਹਾਲਾਤਾਂ ਵਿੱਚ ਵਿਗਾੜ ਆਉਣ ਨਾਲ ਉਸ ਵੇਲੇ ਲੱਗੀ ਕੋਈ ਪੰਜਾਬੀ ਫ਼ਿਲਮ ਜਾਂ ਆਉਣ ਵਾਲੀ ਇੱਕ-ਅੱਧ ਫ਼ਿਲਮ ਨੂੰ ਦਰਸ਼ਕ ਨਾ ਮਿਲਣ ‘ਤੇ ਫ਼ਿਲਮ ਦੀ ਕਮਾਈ ‘ਤੇ ਮਾੜਾ ਅਸਰ ਪੈ ਜਾਂਦਾ ਹੈ, ਪਰ ਅਕਸਰ ਉਸੇ ਆੜ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਆਮ ਖ਼ੁਸ਼ਹਾਲ ਹਾਲਾਤਾਂ ਵਿੱਚ ਸਾਡੀਆਂ ਪੰਜਾਬੀ ਫ਼ਿਲਮਾਂ ਨੂੰ ਕਿੰਨੇ ਕੁ ਦਰਸ਼ਕ ਮਿਲ ਰਹੇ ਹਨ ?

ਆਪਾਂ ਆਪਣੀਆਂ ਕਮਜ਼ੋਰੀਆਂ ਵੱਲ ਧਿਆਨ ਕਿਉਂ ਨਹੀਂ ਦਿੰਦੇ ਕਿ ਅਸੀਂ ਦਰਸ਼ਕਾਂ ਨੂੰ ਵਾਰ-ਵਾਰ ਕੀ ਪਰੋਸ ਰਹੇ ਹਾਂ, ਜ਼ਰਾ ਇਕ ਨਜ਼ਰ ਜਨਵਰੀ ਤੋਂ ਅਕਤੂਬਰ ਤੱਕ ਦੀਆਂ ਰਿਲੀਜ਼ 32 ਫ਼ਿਲਮਾਂ ਵੱਲ ਤਾਂ ਮਾਰੀਏ ?
ਨਾ ਸਾਡੇ ਕੋਲ ਕੋਈ ਚੰਗੀ ਮਜ਼ਬੂਤ ਕਹਾਣੀ ਹੁੰਦੀ ਹੈ, ਜੇ ਹੁੰਦੀ ਵੀ ਹੈ ਤਾਂ ਸਮੇਂ ਦੀ ਹਾਣੀ ਨਹੀਂ ਹੁੰਦੀ, ਨਾ ਕਹਾਣੀ-ਸਕਰੀਨ ਰਚੇਤਾ ਮਿਹਨਤ ਕਰਦਾ ਹੈ, ਨਾ ਨਿਰਦੇਸ਼ਕ ਦੀ ਮਿਹਨਤ ਕੀਤੀ ਨਜ਼ਰ ਆਉਂਦੀ ਹੈ, ਨਾ ਹੀ ਅਸੀਂ ਨਵੀਆਂ-ਤਾਜ਼ੀਆਂ ਕਹਾਣੀਆਂ ਦੇ ਲੇਖਕਾਂ ਨੂੰ ਮੌਕੇ ਦੇ ਰਹੇ ਹਾਂ ਅਤੇ ਨਾ ਹੀ ਕਈ ਸਾਲਾਂ ਤੋਂ ਅਸੀਂ ਨਵੇਂ ਚਿਹਰੇ, ਗੁਣਵਾਨ ਲੀਡ ਚਿਹਰਿਆਂ ਨੂੰ ਅੱਗੇ ਆਉਣ ਦਿੱਤਾ ਹੈ।
ਜ਼ਰਾ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਈਏ ਕਿ ਇੱਕੋ ਟਾਈਮ ‘ਤੇ ਇੱਕ ਪੰਜਾਬੀ ਫ਼ਿਲਮ ਨੂੰ ਦਰਸ਼ਕ ਨਹੀਂ ਮਿਲਦਾ ਅਤੇ ਉਸੇ ਵੇਲੇ ਹੀ ਪੰਜਾਬ ‘ਚ ਲੱਗੀ ਕਿਸੇ ਬਾਲੀਵੁੱਡ, ਸਾਊਥ ਜਾਂ ਹਾਲੀਵੁੱਡ ਫ਼ਿਲਮ ਲਈ ਸਿਨੇਮਾ ਘਰਾਂ ਵਿੱਚ ਦਰਸ਼ਕਾਂ ਦੀ ਭਰਮਾਰ ਨਜ਼ਰ ਆਉਂਦੀ ਹੈ! ਹੁਣ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਸਿਨੇਮਾ ਹਾਲ ਭਰਨ ਵਾਲੇ ਇਹ ਦਰਸ਼ਕ ਪੰਜਾਬੀ ਨਹੀਂ ਜਾਂ ਇਹਨਾਂ ਨੇ ਕਦੇ ਪੰਜਾਬੀ ਫ਼ਿਲਮ ਵੇਖੀ ਹੀ ਨਹੀਂ।
ਜੇ ਦ੍ਰਿਸ਼ਮ ਵਰਗੀ ਬਾਲੀਵੁੱਡ ਫ਼ਿਲਮ ਨੇ ਪਹਿਲੇ ਦਿਨ 100 ਕਰੋੜ ਇਕੱਠਾ ਕੀਤਾ ਅਤੇ ਰਮਾਇਣ ਨੇ 127 ਕਰੋੜ ਤਾਂ 10/15 ਪ੍ਰਤੀਸ਼ਤ ਹਿੱਸਾ ਪੰਜਾਬ ਤੋਂ ਵੀ ਹੋਵੇਗਾ, ਤਾਂ ਫਿਰ ਪੰਜਾਬੀ ਫ਼ਿਲਮ ਨੂੰ ਦਰਸ਼ਕ ਕਿਉਂ ਨਹੀਂ?
ਹੁਣ ਅਸੀਂ ਨੀਰੂ ਬਾਜਵਾ ਦੀ ਫ਼ਿਲਮ “ਥਾਪੀ” ਨੂੰ ਦਰਸ਼ਕ ਨਾ ਮਿਲਣ ਦਾ ਕਾਰਨ ਪੰਜਾਬ ਦੇ ਹਾਲਾਤ ਦੱਸ ਕੇ ਫ਼ਿਲਮ ਸਿਨੇਮਾ ਘਰਾਂ ‘ਚੋਂ ਵਾਪਸ ਲੈ ਲਈ, ਇਸ ਹਿਸਾਬ ਨਾਲ ਤਾਂ ਇਹ ਫ਼ਿਲਮ ਰਿਲੀਜ਼ ਹੀ ਨਹੀਂ ਕਰਨੀ ਚਾਹੀਦੀ ਸੀ, ਕਿਉਂਕਿ ਖ਼ਰਾਬ ਦੱਸੇ ਗਏ ਪੰਜਾਬ ਦੇ ਹਾਲਾਤ ਰਾਤੋ-ਰਾਤ ਤਾਂ ਅਜਿਹੇ ਨਹੀਂ ਹੋ ਗਏ? ਇਸ ਤੋਂ ਬਾਅਦ ਰਿਲੀਜ਼ ਹੋਈ ਫ਼ਿਲਮ ‘ਪਟਾਕਾ ਗੁੱਡੀਆਂ” ਦੇ ਟਾਈਟਲ ਤੋਂ ਹੀ ਅੰਦਾਜ਼ਾ ਲਾ ਲਓ ਕਿ ਸਾਡੀ ਸੋਚ ਕਿੱਥੇ ਖੜੀ ਹੈ ? ਦੱਸੋ ਹੁਣ ਕੀ ਵੇਖਣ ਆਏ ਦਰਸ਼ਕ ਸਿਨੇਮਾ ਘਰਾਂ ਵਿੱਚ ? ਸੋ ਅਸਲ ਮੁੱਦੇ ‘ਤੇ ਆਉਣ ਦੀ ਲੋੜ ਹੈ, ਪੰਜਾਬੀ ਦਰਸ਼ਕਾਂ ਦਾ ਪੰਜਾਬੀ ਫ਼ਿਲਮਾਂ ਤੋਂ ਟੁੱਟਦਾ ਜਾਂਦਾ ਭਰੋਸਾ ਬਹਾਲ ਕਰਨ ਲਈ ਸਖ਼ਤ ਮਿਹਨਤ ਦੀ ਲੋੜ ਹੈ।
ਫ਼ਿਲਮਾਂ ਜਨੂੰਨ ਨਾਲ ਬਣਾਉਣ ਦੀ ਲੋੜ ਹੈ ਨਾ ਕਿ ਵਪਾਰਕ ਪ੍ਰੋਜੈਕਟ ਸੋਚ ਕੇ, ਕਿਉਂਕਿ ਜਦੋਂ ਰੱਬ ਦਾ ਰੇਡੀਓ 3 ਵਾਂਗ ਫ਼ਿਲਮ ਚੰਗੀ ਬਣਦੀ ਹੈ ਤਾਂ ਵਪਾਰ ਖ਼ੁਦ-ਬ-ਖ਼ੁਦ ਹੋ ਜਾਂਦਾ ਹੈ।ਧੰਨਵਾਦ -Daljit Singh Arora (Editor, Punjabi Screen Magazine)
