ਪਰਿਵਾਰਾਂ ਸਮੇਤ ਬੇਝਿਜਕ ਦੇਖੀ ਜਾ ਸਕਦੀ ਹੈ ‘ਕੈਰੀ ਆਨ ਜੱਟਾ 4’

ਫਿਲਮ ਵੇਖ ਕੇ ਬੇਹੱਦ ਸਕੂਨ ਮਿਲਿਆ,ਜਿਸ ਦਾ ਸਭ ਤੋਂ ਵੱਡਾ ਕਾਰਨ ਹੈ ਇਹ ਕਿ ਇਹ ਪਿਉਰ ਪਰਿਵਾਰਕ ਕਮੇਡੀ ਫਿਲਮ ਨਿਕਲੀ! ਅਤੇ ਪੂਰੇ ਭਰੇ ਹੋਏ ਸਿਨੇਮਾ ਹਾਲ ਵਿਚ ਹਰ ਕਿਸੇ ਨੇ ਬਿਨਾਂ ਕੁਝ ਹੋਰ ਸੋਚਿਆਂ, ਸਿਰਫ ਤੇ ਸਿਰਫ ਭਰਪੂਰ ਮਨੋਰੰਜਨ ਭਰੀ ਕਾਮੇਡੀ ਅਤੇ ਲਾਜਵਾਬ ਸੰਗੀਤ ਦਾ ਪੂਰਾ-ਪੂਰਾ ਆਨੰਦ ਮਾਣਿਆ ਨਜ਼ਰ ਆਇਆ।
ਤਾਲੀਆਂ ਦੀ ਗੂੰਜ ਦੇ ਨਾਲ-ਨਾਲ ਹਰ ਬੱਚੇ, ਨੌਜਵਾਨ ਤੇ ਬਜ਼ੁਰਗ ਦੇ ਮੂੰਹੋਂ ਉੱਚੀ-ਉੱਚੀ ਹਾਸਾ ਸੁਣਾਈ ਦਿੱਤਾ।
ਅੱਜ ਫਿਲਮ ਮੇਕਰ ਗਿੱਪੀ ਗਰੇਵਾਲ, ਲੇਖਕ ਨਰੇਸ਼ ਕਥੂਰੀਆ ਅਤੇ ਨਿਰਦੇਸ਼ਕ ਸਮੀਪ ਕੰਗ ਨੇ ਖੁਦ ਸਾਬਤ ਕਰ ਵਿਖਾਇਆ ਕਿ ਬਿਨਾਂ ਦੁਹਰੇ ਮਤਲਬ ਵਾਲੇ ਸੰਵਾਦਾਂ ਅਤੇ ਸਵਾਲੀਆ ਦ੍ਰਿਸ਼ਾਂ ਤੋਂ ਵੀ ਕਾਮੇਡੀ ਫਿਲਮਾਂ ਬਣ ਕੇ ਹਿੱਟ ਹੋ ਸਕਦੀਆਂ ਹਨ।

ਪੰਜਾਬੀ ਸਕ੍ਰੀਨ ਅਦਾਰੇ ਵੱਲੋਂ ਫਿਲਮ ਮੇਕਰਾਂ ਅੱਗੇ ਆਲੋਚਨਾ ਰੂਪੀ, ਸਾਡੀ ਵੀ ਹਮੇਸ਼ਾ ਇਹੋ ਮੰਗ ਰਹੀ ਸੀ ਕਿ ਸਾਨੂੰ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਦੇ ਦਾਅਰੇ ਵਿਚ ਰਹਿਣਾ ਚਾਹੀਦਾ ਹੈ।

ਚੱਲੋ ! ਅਲੋਚਨਾਤਮਕ ਜੱਦੋ ਜ਼ਹਿਦ ਤੋਂ ਬਾਅਦ ਸਾਡੀ ਮਿਹਨਤ ਵੀ ਰੰਗ ਲਿਆਈ,ਜਿਵੇਂ ਇਸ ਤੋਂ ਪਹਿਲਾਂ ਪੰਜਾਬੀ ਸਕ੍ਰੀਨ ਦੇ ਸਖ਼ਤ ਇਤਰਾਜ਼ ਤੋਂ ਬਾਅਦ ਪੰਜਾਬੀ ਫਿਲਮਾਂ ਦੇ ਪੋਸਟਰਾਂ ਤੇ ਫਿਲਮ ਦਾ ਨਾਂ ਲਾਜ਼ਮੀ ਪੰਜਾਬੀ ਵਿਚ ਵੀ ਲਿਖਿਆ ਜਾਣਾ ਸ਼ੁਰੂ ਚੁਕਿਆ ਹੈ!

ਖੈਰ ! ਗੱਲ ਹੁਣ ਫਿਲਮ ‘ਕੈਰੀ ਆਨ ਜੱਟਾ 4’ ਦੀ ਤਾਂ ਜਿਵੇਂ ਕਿ ਮੈਂ ਉਪਰ ਦੱਸ ਹੀ ਦਿੱਤਾ ਹੈ ਕਿ ਤੁਸੀਂ ਬੇਝਿਜਕ ਪਰਿਵਾਰ ਸਮੇਤ ਜਾ ਕੇ ਦੋ/ਢਾਈ ਘੰਟੇ ਬਾਹਰ ਦੀ ਦੁਨੀਆਂ ਪੂਰੀ ਤਰਾਂ ਭੁੱਲ ਕੇ ਆਪਣਾ ਖੂਨ ਵਧਾਉਂਦੇ ਹੋਏ ਬਾਹਰ ਨਿਕਲੋਗੇ!

ਲੇਖਕ-ਨਿਰਦੇਸ਼ਕ ਵੱਲੋਂ ਏ.ਆਈ. ਤਕਨੀਕ ਰਾਹੀਂ ਜਿਵੇ ਬੜੀ ਸੂਝਬੂਝ ਨਾਲ ਸਾਡੇ ਸਵਰਗੀ ਕਲਾਕਾਰ ‘ਜਸਵਿੰਦਰ ਭੱਲਾ’ ਜੀ ਨੂੰ ਫਿਲਮ ਕਹਾਣੀ ਵਿਚ ਫਿੱਟ ਕਰ ਕੇ ਪੇਸ਼ ਕੀਤਾ ਗਿਆ ਹੈ, ਲੱਗਦਾ ਹੀ ਨਹੀਂ ਕਿ ਉਹ ਇਸ ਦੁਨੀਆਂ ਵਿਚ ਸ਼ਰੀਰਕ ਤੌਰ ਤੇ ਨਹੀਂ ਰਹੇ।
ਬੇਸ਼ਕ ਉਹਨਾਂ ਦੇ ਹਾਸਰਸ ਪੰਚਾ ਨੇ ਖੂਬ ਹਸਾਇਆ ਪਰ ਉਹਨਾਂ ਨੂੰ ਹੱਸਦੇ-ਹਸਾਉਂਦੇ, ਚਲਦੇ-ਫਿਰਦੇ ਵੇਖ ਕਿ ਕਈ ਵਾਰ ਅੱਖਾਂ ਨਮ ਵੀ ਹੋਈਆਂ, ਕਿ ਰੱਬਾ ਤੂੰ ਇਹ ਕੀ ਕੀਤਾ ?

ਇਹ ਫਿਲਮ ਬਾਲੀਵੁੱਡ ਤਰਜ਼ ਦੀ ‘ਗੋਲਮਾਲ ਸੀਰੀਜ਼’ ਵਾਂਗ ਹੀ ਲੱਗੀ, ਜਿੱਥੇ ਦਰਸ਼ਕ ਨੂੰ ਸਿਵਾ ਹਸਾਉਣ ਤੇ ਹੋਰ ਕੁਝ ਵੀ ਸੋਚਣ ਦਾ ਮੌਕਾ ਨਹੀਂ ਦਿੱਤਾ ਜਾਂਦਾ !
ਪਰ ਫਿਰ ਵੀ ‘ਕੈਰੀ ਆਨ ਜੱਟਾ 4′ ਇਕ ਬੇਸਿਕ ਕਹਾਣੀ ਨੂੰ ਦਿਲਚਸਪ ਸਕ੍ਰੀਨ ਪਲੇਅ ਰਾਹੀਂ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਮਾੜੀਆਂ-ਮੋਟੀਆਂ “ਅਟਪੱਟੀਆਂ ਗੱਲਾਂ’ ਸਿਨੇਮਾ ਹਾਲ ‘ਚ ਬੈਠਾ ਦਰਸ਼ਕ ਨਾਲੋ-ਨਾਲ ਭੁੱਲ ਕੇ ਫਿਲਮ ਦਾ ਮਜ਼ਾ ਲੈਂਦਾ ਹੋਇਆ ਅਗਾਂਹ ਤੁਰਿਆਂ ਜਾਂਦਾ ਹੈ।

ਫਿਲਮ ਦਾ ਇਕ ਹੋਰ ਵਿਸ਼ੇਸ ਪਹਿਲੂ ਫਿਲਮ ਦਾ ਸੰਗੀਤ ਹੈ, ਜਿਸ ਉੱਤੇ ਪ੍ਰਸਿੱਧ ਸੰਗੀਤਕਾਰ “ਜਤਿੰਦਰ ਸ਼ਾਹ” ਵੱਲੋਂ ਬਹੁਤ ਸਿਆਣਪ ਅਤੇ ਕ੍ਰਿਏਟਿਵੀਟੀ ਨਾਲ ਮਿਹਨਤ ਕੀਤੀ ਗਈ, ਜੋਕਿ ਗੀਤਕਾਰ ‘ਹੈਪੀ ਰਾਏਕੋਟੀ’ ਦੇ ਬਹੁਤ ਹੀ ਖੂਬਸੂਰਤ ਬੋਲਾਂ ਰਾਹੀ, ਰੰਗ ਲਿਆਈ ਵੀ ਨਜ਼ਰ ਆਈ।

ਇਸ ਵਿਚ ਬਤੌਰ ਫਿਲਮ ਨਿਰਮਾਤਾ “ਗਿੱਪੀ ਗਰੇਵਾਲ” ਵੀ ਆਪਣੀ ਦੂਰ ਅੰਦੇਸ਼ੀ ਅਤੇ ਫਰਾਖਦਿਲੀ ਕਰ ਕੇ ਪ੍ਰਸੰਸ਼ਾ ਦਾ ਹੱਕਦਾਰ ਹੈ, ਕਿਉਂਕਿ ਖੁਦ ਗਾਇਕ ਹੁੰਦਿਆਂ ਵੀ ਉਹ ਦੂਜੇ ਗਾਇਕਾਂ ਨੂੰ ਆਪਣੀ ਫਿਲਮ ਵਿਚ ਆਪਣੇ ਨਾਲੋਂ ਵੱਧ ਤਰਜੀਹ ਦਿੰਦਾ ਹੈ ਅਤੇ ਇਹੀ ਇਕ ਇਮਾਨਦਾਰ ਫਿਲਮ ਮੇਕਰ ਦੀ ਨਿਸ਼ਾਨੀ ਵੀ ਹੁੰਦੀ ਹੈ।

ਜਿੱਥੇ ਫਿਲਮ ਦਾ ਪਿੱਠਵਰਤੀ ਸੰਗੀਤ, ਫਿਲਮ ਦੀਆਂ ਸਿਚੂਏਸ਼ਨਾ ਦੇ ਹਿਸਾਬ ਨਾਲ ਆਕਰਸ਼ਕ ਅਤੇ ਢੁਕਵਾਂ ਹੈ, ਓਥੇ ਫਿਲਮੀ ਗੀਤਾਂ ਦੀ ਕੋਰੀਓਗ੍ਰਾਫਰੀ ਵੀ ਕਮਾਲ ਦੀ ਹੈ, ਜੋ ਫਿਲਮ ਸੰਗੀਤ ਦਾ ਦਰਜਾ ਹੋਰ ਉੱਚਾ ਅਤੇ ਮਜ਼ਬੂਤ ਕਰਦੀ ਹੈ।

ਸੋਹਣਾ ਕਲਾ ਨਿਰਦੇਸ਼ਨ, ਫਿਲਮ ਵਿਚਲੀਆਂ ਖੂਬਸੂਰਤ ਲੋਕੇਸ਼ਨਾਂ ਅਤੇ ਲੀਡ ਕਲਾਕਾਰਾਂ ਦੀਆਂ ਬਹੁਤ ਹੀ ਉਮਦਾ ਪੋਸ਼ਾਕਾਂ ਦੀ ਚੋਣ ਵੀ ਫਿਲਮ ਨੂੰ ਰਿਚਨੈੱਸ ਵਾਲੀ ਹਾਈਟ ਦਿੰਦੀਆਂ ਹਨ।

ਬਾਕੀ ਰਹੀ ਗੱਲ ਫਿਲਮ ਵਿਚਲੇ ਅਦਾਕਾਰਾਂ ਦੀ ਤਾਂ ਜਿੱਥੇ ਗਾਇਕ/ਨਾਇਕ ਗਿੱਪੀ ਗਰੇਵਾਲ ਅਤੇ ਗਲੈਮਰ ਭਰਪੂਰ ਅਦਾਕਾਰਾ ਸਰਗੁਨ ਮਹਿਤਾ ਦੀ ਖੂਬਸੂਰਤ ਅਤੇ ਦਿਲਕਸ਼ ਰੋਮਾਂਟਿਕ ਜੋੜੀ ਦਰਸ਼ਕਾਂ ਵਿਚ ਖਿੱਚ ਪੈਦਾ ਕਰਦੀ ਹੈ,ਓਥੇ ਹਰ ਵਾਰ ਦੀ ਤਰਾਂ ਬਿਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ ਦੀ ਆਪੋ-ਆਪਣੇ ਵਿਲੱਖਣ ਅੰਦਾਜ਼ ਵਿਚ ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਪੁਖਰਾਜ ਭੱਲਾ ਵੀ ਆਪਣੀ ਦਮਦਾਰ ਅਦਾਕਾਰੀ ਰਾਹੀਂ ਸਭ ਦੇ ਬਰਾਬਰ ਖੜਾ ਨਜ਼ਰ ਆਇਆ।
ਫਿਲਮ ਦੇ ਬਾਕੀ ਪ੍ਰਮੁੱਖ ਕਲਾਕਾਰਾਂ ਵਿਚ ਪ੍ਰਿੰਸ ਕੰਵਲਜੀਤ,ਅਦਾਕਾਰਾ ਸੀਮਾ ਕੌਸ਼ਲ, ਜੈਸਮੀਨ ਬਾਜਵਾ, ਸਵਿਤਾਜ ਬਰਾੜ, ਹਨੀ ਮੱਟੂ, ਭਾਨਾ ਐਲ ਏ, ਸ਼ਿੰਦਾ ਗਰੇਵਾਲ, ਸੰਜੀਵ ਅੱਤਰੀ,ਨਗਿੰਦਰ ਗਾਖੜ, ਪਵਨ ਗਿੱਲ,ਜੱਸੀ ਲੋਂਗੋਵਾਲੀਆ ਅਤੇ ਮਹਿਮਾਨ ਭੂਮਿਕਾ ਵਿਚ (ਨਰੇਸ਼ ਕਥੂਰੀਆ,
ਸਮੀਪ ਕੰਗ ਅਤੇ ਗਾਇਕ/ਨਾਇਕ ਰਣਜੀਤ ਬਾਵਾ) ਤੋਂ ਇਲਾਵਾ ਵੀ ਸਭ ਨੇ ਵੀ ਆਪਣੇ ਸ਼ਾਨਦਾਰ ਅਭਿਨੈ ਨਾਲ ਆਪਣੀ ਛਾਪ ਛੱਡੀ।
ਸੋ ਫਿਲਮ ਨਿਰਮਾਤਾ ਗਿੱਪੀ ਗਰੇਵਾਲ-ਰਵਨੀਤ ਗਰੇਵਾਲ(ਹੰਬਲ ਮੋਸ਼ਨ ਪਿਕਚਰਜ਼), ਲੇਖਕ ਨਰੇਸ਼ ਕਥੂਰੀਆ,ਨਿਰਦੇਸ਼ਕ ਸਮੀਪ ਕੰਗ, ਫਿਲਮ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ (‘ਓਮ ਜੀ ਸਿਨੇ ਵਰਲਡ ਪ੍ਰਾਈਵੇਟ ਲਿਮਟਿਡ’) ਅਤੇ ਪਰਦੇ ਪਿੱਛੇ ਦੀ ਬਾਕੀ ਟੀਮ ਜਿਸ ਵਿਚ ਵਿਸ਼ੇਸ਼ ਜਿਕਰਯੋਗ ਸੰਗੀਤ ਟੀਮ ਅਤੇ ਸਾਰੇ ਸੂਰੀਲੇ ਅਤੇ ਦਿਲਕਸ਼ ਆਵਾਜ਼ਾ ਵਾਲੇ ਪਿੱਠ ਵਰਤੀ ਗਾਇਕ,ਉਮਦਾ ਕਲਾ ਨਿਰਦੇਸ਼ਕ, ਮੇਕਅੱਪ ਆਰਟਿਸ, ਕੋਰੀਓਗ੍ਰਾਫਰ, ਕੋਸਟਿਊਮ ਡਿਜ਼ਾਇਨਰ, ਲਾਈਨ ਨਿਰਮਾਤਾ, ਮਨਮੋਹਕ ਲੋਕੇਸ਼ਨਾ ਅਤੇ ਦਿਲਚਸਪ ਸਿਚੂਏਸ਼ਨਾ ਨੂੰ ਕੈਮਰੇ ਵਿੱਚ ਕੈਦ ਕਰਨ ਵਾਲਾ ‘ਡੀ.ਓ.ਪੀ. ਸੁਖ ਕੰਬੋਜ” ਅਤੇ ਇਹਨਾਂ ਸਭ ਦੀ ਟੀਮਾਂ ਸਮੇਤ ਫਿਲਮ ਮੇਕਿੰਗ ਨਾਲ ਜੁੜੇ ਹਰ ਵਿਅਕਤੀ ਨੂੰ ਇਕ ਵਾਰ ਫਿਰ ਤੋਂ ਵਧਾਈਆਂ ਅਤੇ ਸਭ ਸਿਨੇ ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਫਿਲਮ ਵੇਖਣ ਦੀ ਸਲਾਹ!!
See less
Comments & Suggestions
Comments & Suggestions