—————
ਦਸਤਾਰ ਦਾ ਅਕਸ ਵਿਗਾੜਦੀ ਦਿਸੀ ਫ਼ਿਲਮ “ਦਸਤਾਰ” !?
———————
ਵੈਸੇ ਤਾਂ ਫਿਲਮ ਨੂੰ ਦਰਸ਼ਕਾਂ ਦਾ ਹੁੰਗਾਰਾ ਨਾ ਮਿਲਣ ਤੋਂ ਹੀ ਨਿਰਮਾਤਾ-ਨਿਰਦੇਸ਼ਕ ਅਤੇ ਲੇਖਕ ਨੂੰ ਆਪਣੀ ਕਮਜ਼ੋਰੀ,ਆਪਣੀ ਗ਼ਲਤੀ ਦਾ ਅਹਿਸਾਸ ਹੋ ਜਾਣਾ ਚਾਹੀਦਾ ਹੈ ਅਤੇ ਚਾਹੀਦਾ ਤਾਂ ਇਹ ਵੀ ਹੈ ਕਿ ਇਹ ਫ਼ਿਲਮ ਸਿਨੇਮਾ ਘਰਾਂ ਚੋਂ ਆਪਣਾ ਇਖ਼ਲਾਕੀ ਫਰਜ਼ ਸਮਝ ਕੇ ਖ਼ੁਦ ਹੀ ਵਾਪਸ ਲੈ ਲਈ ਜਾਏ।
ਇਕ-ਦੋ ਦਿਨਾਂ ਤੋਂ ਜੋ ਥੋੜੇ-ਬਹੁਤ ਦਰਸ਼ਕ ਫ਼ਿਲਮ ਵੇਖ ਰਿਹਾ ਹੈ,ਉਹ ਸਿਰਫ ਤੇ ਸਿਰਫ “ਦਸਤਾਰ” ਟਾਈਟਲ ਕਰ ਕੇ,ਜਿਸ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਹੁਣ ਤੱਕ ਤਾਂ ਅਸਫਲ ਰਹੀ ਨਜ਼ਰ ਆ ਰਹੀ ਹੈ!?

ਮੈਂ ਆਪਣੀਆਂ ਫ਼ਿਲਮ ਸਮੀਖਿਆਵਾਂ ਵਿਚ ਬਹੁਤ ਵਾਰ ਲਿਖਿਆ ਹੈ ਕਿ ਪੰਜਾਬੀ ਵਿਚ ਬਣੀ ਕੋਈ ਵੀ ਫਿਕਸ਼ਨ ਫ਼ਿਲਮ ਕਦੇ ਵੀ ਪੰਜਾਬੀ ਦਰਸ਼ਕਾਂ ਨੂੰ ਹਜ਼ਮ ਨਹੀਂ ਹੋਈ ਤੇ ਨਾ ਹੀ ਹੋਵੇਗੀ, ਖਾਸਕਰ ਸਿੱਖ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੀ ਕੋਈ ਪੀਰੀਅਡ ਨੁਮਾ ਫਿਲਮ ਤਾਂ ਬਿਲਕੁਲ ਨਹੀਂ, ਚਾਹੇ ਕਰੋੜਾਂ ਦੇ ਖਰਚੇ ਨਾਲ ਕਿਉਂ ਨਾ ਬਣੀ ਹੋਵੇ, ਤੇ ਹੁਣ ਸਿੱਖਾਂ ਦੇ ਧਾਰਮਿਕ ਚਿੰਨ ‘ਦਸਤਾਰ’ ਨੂੰ ਅਧਾਰ ਬਣਾ ਕੇ ਘੜੀ ਨਕਲੀ ਪੀਰੀਅਡ ਫ਼ਿਲਮ ਵਿਚ ਅਜਿਹੀ ਕੜੀ ਘੋਲਣਾ ਨਹਾਇਤ ਸ਼ਰਮ ਵਾਲੀ ਗੱਲ ਹੈ!?

ਜੇ ਗੱਲ ਫ਼ਿਲਮ ਦੀ ਕਹਾਣੀ ਦੀ ਕਰੀਏ ਤਾਂ ਬੇਸਮਝੀ ਭਰਪੂਰ ਜਾਂ ਫਿਰ ਜਾਣ ਬੁੱਝ ਕਿ ਸਿਰਫ ਪੈਸੇ ਕਮਾਉਣ ਦੇ ਮਕਸਦ ਦਾ ਘੜੀ ਗਈ ਕਹਾਣੀ ਦੇ ਨਾਲ ਬੇਤੁਕਾ ਸਕਰੀਨ ਪਲੇਅ ਰਚਿਆ ਗਿਆ ਹੈ,ਜੋ ਕਿ ਅਸੀਂ ਆਪਣੀ ਹੋਸ਼ ਵਿਚ ਤਾਂ ਕਦੇ ਨਹੀਂ ਸੁਣਿਆ ਕਿ ਵਿਦੇਸ਼ਾਂ ਵਿਚ ਦਸਤਾਰ ਨੂੰ ਲੈ ਕੇ ਸਿੱਖਾ ਨਾਲ ਵੱਡੇ ਪੱਧਰ ਤੇ ਅਜਿਹੀਆਂ ਬੇ- ਅਦਬੀ ਵਾਲੀਆਂ ਘਟਨਾਵਾਂ ਵਾਪਰੀਆਂ ਹੋਣ,ਜਿਸ ਤੇ ਕਿ ਫ਼ਿਲਮ ਬਨਾਉਣ ਦੀ ਲੋੜ ਮਹਿਸੂਸ ਹੋਵੇ, ਹਾਂ ਅਜਿਹੀਆਂ ਇਕਾ-ਦੁਕਾ ਖ਼ਬਰਾਂ ਤਾਂ ਹੁਣ ਵੀ ਭਾਰਤ ਸਮੇਤ ਕਿਤੇ ਨਾ ਕਿਤੇ ਸੁਣਾਈ ਦਿੰਦੀਆਂ ਰਹਿੰਦੀਆਂ ਹਨ !

ਕਿਉਂਕਿ 83-84 ਦਾ ਦੌਰ ਅਸੀਂ ਵੀ ਅੱਖੀਂ ਵੇਖਿਆ ਤੇ ਹੰਢਾਇਆ ਹੈ,ਤੇ ਉਸ ਪੀਰੀਅਡ ਵਿੱਚ ਯੂ.ਕੇ. ‘ਚ ਅਜਿਹੀਆਂ ਘਟਨਾਵਾਂ ਬੇਬੁਨਿਆਦ ਹਨ,ਕਿਉਂ ਕਿ ਕਈ ਦਹਾਕਿਆਂ ਤੋਂ ਓਥੇ ਰਹੇ ਰਹੇ ਪਰਿਵਾਰਾਂ ਨੂੰ ਅਸੀਂ ਸਭ ਆਪੋ ਆਪਣੇ ਸਬੰਧਾਂ ਰਾਹੀਂ ਜਾਣਦੇ ਹਾਂ।
ਉਲਟਾ ਉਸ ਪੀਰੀਅਡ ਪੰਜਾਬ ਤੋਂ ਗਏ ਸਿੱਖ ਨੌਜਵਾਨਾਂ ਨੂੰ ਤਾਂ ਵਿਦੇਸ਼ਾਂ ਵਿਚ, ਉਥੋਂ ਦੀਆਂ ਸਰਕਾਰਾਂ ਨੇ ਸਿਆਸੀ ਸ਼ਰਨ
#politicalasylum ਦਿੱਤੀ !

ਜੇ ਫ਼ਿਲਮ ਮੇਕਰ ਅਜਿਹਾ ਕਹਿਣ ਕਿ ਸਿੱਖਾਂ ਦੇ ਦਸਤਾਰ ਪ੍ਰਤੀ ਜਜ਼ਬੇ ਨੂੰ ਵਿਖਾ ਕੇ ਕੋਈ ਸੰਦੇਸ਼ ਦੇਣ ਲਈ ਅਜਿਹੀ ਝੂਠੀ ਕਹਾਣੀ-ਸਕਰੀਨ ਪਲੇਅ ਘੜਿਆ ਗਿਆ ਹੈ ਤਾਂ ਪਹਿਲਾਂ ਤੁਹਾਨੂੰ ਫ਼ਿਲਮ ਵਿਚਲੇ ਕਿਰਦਾਰਾਂ ਨੂੰ ਸਿੱਖੀ ਪ੍ਰਤੀ ਆਪਣਾ ਜਜ਼ਬਾ ਮੁਲਾਂਕਣ ਕਰਨ ਦੀ ਲੋੜ ਹੈ।

ਦੱਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅਕਾਲ ਪੁਰਖ ਫੌਜ ਬਨਾਉਣ ਵੇਲੇ ਇੱਕਲੀ ਦਸਤਾਰ ਦੀ ਗੱਲ ਨਹੀਂ ਸੀ ਕੀਤੀ ਬਲਕਿ ਪੰਜਾਂ ਕਕਾਰਾਂ ਨੂੰ ਬਰਾਬਰ ਦੀ ਤਰਜੀਹ ਦਿੱਤੀ । ਇਹਨਾਂ ਕੁਝ ਗੁਰਬਾਣੀ ਵਾਕਾਂ ਅਤੇ ਇਸ ਦੇ ਮਤਲਬ ਤੋਂ ਅਸੀਂ ਸਭ ਜਾਣੂ ਹੀ ਹਾਂ (ਸਾਬਤ ਸੂਰਤਿ ਦਸਤਾਰ ਸਿਰਾ),
ਜਬ ਲਗ ਖ਼ਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਉ ਮੈਂ ਸਾਰਾ।। ਆਦਿ,
ਤੇ ਅਸੀਂ ਫ਼ਿਲਮ ਵਿਚ ਦਾੜੀ ਕੱਟੇ ਕਿਰਦਾਰ ਵਿਖਾ ਕੇ ਉਹਨਾਂ ਮੂੰਹੋਂ ਦਸਤਾਰ ਦੀ ਸ਼ਾਨ ਦੀ ਗੱਲ ਕਰਵਾ ਰਹੇ ਹਾਂ ਅਤੇ ਆਪਣੀ ਸਹੂਲਤ ਮੁਤਾਬਕ ਗੁਰਬਾਣੀ ਦੀਆਂ ਤੁਕਾਂ ਦਾ ਇਸਤੇਮਾਲ ਕਰ ਰਹੇ ਹਾਂ!

ਫ਼ਿਲਮ ਵਿਚ ਤਰਸੇਮ ਜੱਸੜ ਵਾਲੇ ਨਿਭਾਏ ਜਾਣ ਵਾਲੇ ਕਿਰਦਾਰ ਨੂੰ ਹੀਰੋ ਰੂਪੀ ਮਜ਼ਬੂਤ ਸਾਬਤ ਕਰਨ ਕਰਨ ਲਈ ਉਸ ਦੇ ਪਿਤਾ ਦਿਖਾਏ ਅਦਾਕਾਰ ਯੋਗਰਾਜ ਸਿੰਘ ਦੀ ਅਸਲ ਸਾਬਤ ਸੂਰਤ ਦਿਖ ਦੇ ਨਾਲ ਇਕ ਅਧਿਆਪਕ ਦੇ ਰੂਪ ਨਿਭਾਏ ਜਾਣ ਵਾਲੇ ਕਿਰਦਾਰ ਨੂੰ ਪੁੱਤਰ ਮੋਹ ਵਿਚ ਐਨਾ ਕਮਜ਼ੋਰ ਵਿਖਾ ਦਿੱਤਾ ਕਿ ਉਹ ਐਨੀ ਹੱਟੀ-ਘੱਟੀ ਸਿਹਤ ਮੰਦ ਦੇਹ ਦੇ ਬਾਵਜੂਦ ਦੋ/ਤਿੰਨ ਅੰਗਰੇਜ ਗੁੰਡਿਆ ਹੱਥੋਂ ਸਿਰ ਤੋਂ ਪਗੜੀ ਉਛਾਲੇ ਜਾਣ,ਸੜਕ ਤੇ ਡਿੱਗਣ ਅਤੇ ਇਕ-ਦੂਜੇ ਦੇ ਹੱਥੋ ਭੱਦੇ ਮਜ਼ਾਕਾਂ ਨਾਲ ਪਗੜੀ ਉਛਾਲੇ ਜਾਣ ਦੇ ਬਾਵਜੂਦ ਬਿਲਕੁਲ ਹੀ ਰੀ-ਐਕਟ ਨਹੀਂ ਕਰਦਾ ਬਲਕਿ ਪਗੜੀ ਵਾਪਸ, ਮੰਗਣ ਲੀ ਤਰਲੇ ਮਾਰਦਾ ਵਿਖਾਇਆ ਗਿਆ ਹੈ!? ,

ਸਿੱਖੀ ਖਾਤਰ ਬੰਦ ਬੰਦ ਕਟਵਾਉਣ, ਚਰਖੜੀਆਂ ਤੇ ਚੜਣ, ਨੀਹਾਂ ਵਿਚ ਚਿਣਵਾਏ ਜਾਣ ਅਤੇ ਸਰਬੰਸ ਦਾਣੀ ਕੌਮ ਨੂੰ ਫ਼ਿਲਮੀ ਪਰਦੇ ਤੇ ਇਕ ਸਾਬਤ ਸੂਰਤ ਕਿਰਦਾਰ ਰਾਹੀਂ ਅਜਿਹਾ ਜਲਾਲਤ ਨੁਮਾ ਪੇਸ਼ ਕਰਨਾ ਉਫ!?
ਉਹ ਵੀ ਸਿਰਫ ਹੀਰੋ ਕਿਰਦਾਰ ਦੀ ਮਜਬੂਤੀ ਦਾ ਅਧਾਰ ਘੜ ਕੇ ਫ਼ਿਲਮ ਅੱਗੇ ਤੌਰਨ ਲਈ !? ਧੰਨ ਹੋ ਫਿਲਮ ਲੇਖਕ ਸਾਹਬ! ਫਿਲਮ ਲਿਖਣ ਵੇਲੇ ਚਾਰ, ਕਿਤਾਬਾਂ ਸਿੱਖ ਇਤਿਹਾਸ ਦੀਆਂ ਵੀ ਪੜ੍ਹ ਲੈਦੇ,ਪਰ ਤੁਸੀਂ ਤਾਂ ਮਝੈਲਾਂ ਤੋਂ ਹੀ ਵਾਕਫ ਨਹੀਂ, ਸਿੱਖ ਇਤਿਹਾਸ ਦੀ ਜਾਣਕਾਰੀ ਤਾਂ ਦੂਰ ਦੀ ਗੱਲ ਦੂਰ ਦੀ ਲੱਗਦੀ ਹੈ ਸਾਨੂੰ!?

ਫ਼ਿਲਮ ਵਾਲਿਓ! ਜ਼ਰਾ ਸੋਚ ਕੇ ਵੇਖੋ ਕਿ ਸਿੱਖ ਇਤਿਹਾਸ ਦੇ ਕਿਹੜੇ ਪੰਨੇ ਤੇ ਇਹ ਲਿਖਿਆ ਹੈ ਕਿ ਕੋਈ ਸਾਬਤ ਸੂਰਤ ਸਿੱਖ ਅਜਿਹੀ ਬੇਜ਼ਤੀ ਕਰਵਾ ਕੇ ਬਿਨਾ ਦਸਤਾਰ ਘਰ ਪਰਤਿਆ ਹੋਵੇ?
ਤੇ ਦੂਜੇ ਪਾਸੇ ਸੰਵਾਦ ਅਸੀਂ ਫ਼ਿਲਮ ਵਿਚ “ਸਵਾ ਲਾਖ ਸੇ ਏਕ ਲਰਾਊਂ।” ਵਰਗੇ ਬਹਾਦਰੀ ਵਾਲੇ ਵਰਤ ਰਹੇ ਹਾਂ?
ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਕੇ ਉਫ ਨਹੀਂ ਕੀਤੀ ਅਤੇ ਯੋਗਰਾਜ ਸਿੰਘ ਵਾਲੇ ਕਿਰਦਾਰ ਦੇ ਹੋਰ ਵਿਸਥਾਰ ਵਿਚ ਜਾਣ ਦੀ ਲੋੜ ਨਹੀਂ ਸ਼ਾਇਦ…!
ਅਫਸੋਸ ਹੈ ਸਭ ਤੇ ! ਅਜਿਹਾ ਲਿਖਣ-ਵਿਖਾਉਣ ਲਈ !

ਹਾਂ ਯੋਗਰਾਜ ਸਿੰਘ ਦੇ ਪੱਖ ਵਿਚ ਉਸ ਦੇ ਕਿਰਦਾਰ ਦਾ ਉਹ ਹਿੱਸਾ ਕਿਸੇ ਹੱਦ ਤੱਕ ਸਹੀ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਦੇ ਕਾਲੇ ਦੌਰ ਦੌਰਾਨ ਅਧਿਆਪਕ ਹੋਣ ਨਾਤੇ ਖੜਾਕੂਵਾਦ ਵਿਚ ਸ਼ਾਮਲ ਹੋਏ ਆਪਣੇ ਪੁੱਤਰ (ਸਰਬਜੀਤ ਚੀਮਾ) ਦਾ ਵਿਰੋਧੀ ਹੋਣਾ ! ਪਰ ਬਿਨਾ ਵਜ਼ਹ ਗੁੰਡਿਆਂ ਵੱਲੋਂ ਦਸਤਾਰ ਤੇ ਹਮਲੇ ਪ੍ਰਤੀ ਕਮਜ਼ੋਰ ਵਿਖਾਏ ਜਾਣਾ ਹਰਗਿਜ਼ ਨਹੀਂ।

ਫਿਲਮ ਵੇਖਣ ਵਾਲਿਆਂ ਨੂੰ ਯੋਗਰਾਜ ਸਿੰਘ ਦੇ ਕਿਰਦਾਰ ਦਾ ਫਿਲਮੀ ਘਟਨਾਵਾਂ ਮੁਤਾਬਕ ਦੋਹਰਾ ਮਾਪਦੰਡ ਵੀ ਕੰਨਫਿਊਜ਼ ਕਰਦਾ ਹੋਵੇਗਾ ! ਜਿਵੇਂਕਿ ਤਰਸੇਮ ਜੱਸੜ ਦੇ ਯੂਕੇ ਵਿਚ ਐਮ.ਪੀ. ਦੀ ਚੋਣ ਲੜਣ ਦੀ ਖਬਰ ਤੇ ਰਾਜ਼ੀ ਹੋ ਜਾਣਾ ਆਦਿ ! ਵੈਸੇ ਵੀ ਫਿਲਮ ਦੀ ਲੇਖਣੀ ਅਤੇ ਨਿਰਦੇਸ਼ਨ ਵਿਚ ਕਈ ਥਾਂ ਝੋਲ ਹਨ !? ਪਰ ਜਿੱਥੇ ਸਭ ਕੁੱਝ ਬੇਤੁਕਾ ਹੋਵੇ ਓਥੇ ਕਿਹੜੀ-ਕਿਹੜੀ ਗੱਲ ਕਰੇ ਬੰਦਾ !?

ਮੈਨੂੰ ਤਾਂ ਲੱਗਦੈ ਹੈ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਸਿੱਖ ਇਤਿਹਾਸ ਨਾਲ ਜੁੜੇ ਸ਼ਹੀਦਾਂ-ਸੂਰਮਿਆਂ ਤੇ ਫਿਲਮਾਂ ਬਨਾਉਣ ਤੇ ਪਾਬੰਦੀ ਲਗਾਈ ਹੈ,ਜੋ ਕਿ ਸ਼ਾਇਦ ਠੀਕ
ਹੀ ਕੀਤਾ ਹੈ ਅਤੇ ਅਸੀਂ ਫਿਲਮ ਮੇਕਰ ਹੁਣ ਅਜਿਹੀਆਂ ਨਲਾਇਕੀਆਂ ਕਾਰਨ ਦਸਤਾਰ ਅਤੇ ਹੋਰ ਧਾਰਮਿਕ ਚਿੰਨਾ ਵਾਲੇ ਸਿਰਲੇਖਾਂ ਨੂੰ ਵਰਤ ਕੇ ਫਿਲਮਾਂ ਬਣਾਉਣ ਤੇ ਵੀ ਪਾਬੰਦੀ ਲਗਵਾ ਕੇ ਹਟਾਂਗੇ ਤਾਂ ਕਿ ਕੋਈ ਸਾਰਥਕ ਫਿਲਮ ਬਣਾ ਕੇ ਸਿੱਖੀ ਨੂੰ ਪ੍ਰਫੁੱਲਿਤ ਕਰਨ ਦੀ ਗੱਲ ਹੀ ਨਾ ਕਰ ਸਕੇ!

“ਇਕ ਪਾਸੇ ਸਿੱਖੀ ਦੀ ਸ਼ਾਨ ‘ਦਸਤਾਰ’ ਦੇ ਸਤਿਕਾਰ ਦੀ ਲੜਾਈ ਲੜਦਾ ਮੁੱਖ ਕਿਰਦਾਰ ਅਤੇ ਦੂਜੇ ਪਾਸੇ ਰੋਮਾਂਟਿਕ ਗਾਣੇ ਗਾਉਂਦਾ ਉਹੀ ਕਿਰਦਾਰ, ਦੱਸੋ ਹੈ ਕੋਈ ਮੇਲ ਆਪਸ ਵਿਚ?”

ਦੂਜਾ ਯੂ.ਕੇ. ਵਰਗੇ ਦੇਸ਼ ਵਿਚ ਦਸਤਾਰਧਾਰੀ ਸਿੱਖਾਂ ਹੱਥੋਂ ਗੁੰਡਾਨੁਮਾ, ਹਥਿਆਰਾਂ ਦੀ ਸ਼ਰੇਆਮ ਵਰਤੋਂ/ਕਤਲੋਗਾਰਤ ਵਿਖਾਉਣਾ, ਉਹ ਵੀ ਸਿਰਫ ਆਪਣੀ ਘੜੀ ਹੋਈ ਨਕਲੀ ਕਹਾਣੀ ਨੂੰ ਜਸਟੀਫਾਈ ਕਰਨ ਲਈ !

ਯਾਰ ਤੁਸੀਂ ਸਾਰੇ ਆਪਣੇ ਹੀ ਫਿਲਮੀ ਬੰਦੇ ਹੋ, ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਕਿਹੜੇ ਅਲਫਾਜ਼ਾ ਨਾਲ ਤੁਹਾਡੇ ਨਾਲ ਮੁਖਾਤਿਬ ਹੋਵਾਂ,ਘੱਟੋ-ਘੱਟ ਇਹ ਤਾਂ ਸੋਚ ਲੈਂਦੇ ਕਿ ਅਸੀਂ ਸਿੱਖੀ ਦੀ ਸ਼ਾਨ ਵਧਾ ਰਹੇ ਹਾਂ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਦਸਤਾਰਧਾਰੀ ਸਿੱਖਾ ਦਾ ਇਹ ਹਥਿਆਰਬੰਦ ਗੈਂਗਸਟਰਾਂ ਵਾਲਾ ਘਟੀਆ ਰੂਪ ਵਿਖਾ ਕੇ ਬਦਨਾਮ ਕਰ ਰਹੇ ਹਾਂ? ਉਹ ਵੀ ਦਸਤਾਰ ਵਰਗੇ ਧਾਰਮਿਕ ਚਿੰਨ੍ਹ ਨੂੰ ਜ਼ਬਰਦਸਤੀ ਫਿਲਮ ਦਾ ਟਾਈਟਲ ਬਣਾ ਕੇ ਫਿੱਟ ਕਰਨ ਖਾਤਰ,ਇਸ ਤੋਂ ਤਾਂ ਤੁਹਾਡਾ ਪੈਸਾ ਕਮਾਉਣ ਵਾਲਾ ਮਕਸਦ ਸਾਫ ਝਲਕਦਾ ਹੈ!?

ਬਾਕੀ ਜਿੰਨੇ ਫਿਲਮ ਵੇਖਣੀ ਹੈ ਵੇਖੇ, ਕਿਉਂ ਅਸੀਂ ਸਿਨੇਮਾ ਦੇ ਦੋਖੀ ਨਹੀਂ ਪਰ ਸਿੱਖ ਸਮਾਜ ਦਾ ਹਿੱਸਾ ਵੀ ਜ਼ਰੂਰ ਹਾਂ, ਜਿਸ ਦੀ ਫਿਲਮ ਮਾਧਿਅਮ ਰਾਹੀਂ ਤੌਹੀਨ ਬਰਦਾਸ਼ਤ ਨਹੀਂ ! ਅਜਿਹੀਆਂ ਫਿਲਮਾਂ ਦੀ ਤਾਂ ਸਭ ਵੱਲੋਂ ਖੁੱਲ੍ਹ ਕੇ ਅਲੋਚਨਾ ਹੋਣੀ ਚਾਹੀਦੀ ਹੈ, ਤਾਂ ਕਿ ਅੱਗੋਂ ਸੋਚ ਸਮਝ ਕੇ ਅਜਿਹੀਆਂ ਫਿਲਮਾਂ ਦਾ ਨਿਰਮਾਣ ਹੋ ਸਕੇ।

ਵੈਸੇ ਵੀ ‘ਵਾਈਟ ਹਿੱਲ’ ਵਰਗਾ ਨਿਰਮਾਣ ਘਰ ਜਿਸ ਨੇ ‘ਪੰਜਾਬ 84’ ਸਮੇਤ ਉੱਚੇ ਦਰਜੇ ਦੀਆਂ ਫਿਲਮਾਂ ਬਣਾਈਆਂ ਹੋਣ ਅਤੇ ਤਰਸੇਮ ਜੱਸੜ ਵਰਗੇ ਕਲਾਕਾਰ ਅਤੇ ਨਿਰਮਾਤਾ ਜਿਸਨੇ “ਮਸਤਾਨੇ”, ‘ਗੁਰੂ ਨਾਨਕ ਜਹਾਜ਼’ ਅਤੇ ਰੱਬ ਦਾ ਰੇਡੀਓ ਵਰਗੀਆਂ
ਮਿਆਰੀ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹੋਣ,ਉਹ ਜ਼ਰਾ “ਦਸਤਾਰ” ਫਿਲਮ ਦੇ ਕਮਰਸ਼ੀਅਲ ਐਂਗਲ ਤੋਂ ਹੱਟ ਕੇ ਇਕ ਵਾਰ ਆਪਣੇ ਪੰਜਾਬੀ ਸਿਨੇਮਾ ਅਤੇ ਸਿੱਖ ਸਮਾਜ ਵਿਚ ਫਿਲਮਾਂ ਰਾਹੀਂ ਪਾਏ,ਪਿਛਲੇ ਸਾਰਥਕ ਯੋਗਦਾਨ ਬਾਰੇ ਜ਼ਰੂਰ ਸੋਚਣ।