Movie Reviews

ਫ਼ਿਲਮ ਸਮੀਖਿਆ:ਪਰਿਵਾਰਕ-ਸਮਾਜਿਕ ਕਦਰਾਂ-ਕੀਮਤਾਂ ਦਰਸਾਉਂਦੀ ਮਹੱਤਵਪੂਰਨ-ਦਿਲਚਸਪ ਅਤੇ ਸਾਫ-ਸੁਥਰੀ ਪੇਸ਼ਕਾਰੀ ਹੈ ‘ਰੱਬ ਦਾ ਰੇਡੀਓ 3’ !

Written by Daljit Arora
#filmreview #rabbdaradio3 @daljitsingharora
➡️“ਵਿਹਲੀ ਜਨਤਾ ਫ਼ਿਲਮਜ਼”
ਦੀ ਇਹ ਖੂਬਸੂਰਤ ਪਰਦਾਪੇਸ਼ੀ ਨੂੰ ਪ੍ਰਸਿੱਧ ਬਾਲੀਵੁੱਡ ਫ਼ਿਲਮ ਨਿਰਮਾਣ ਘਰ “ਰਾਜ ਸ਼੍ਰੀ ਪ੍ਰੋਡਕਸ਼ਨਜ਼” ਦੀਆਂ ਫ਼ਿਲਮਾਂ ਵਾਂਗ ਵੇਖਿਆ ਜਾ ਸਕਦਾ ਹੈ ਜਿਹਨਾਂ ਨੇ ਹਮੇਸ਼ਾਂ ਸਾਫ-ਸੁਥਰੀਆਂ ਅਤੇ ਯਾਦਗਾਰ ਪਰਿਵਾਰਕ ਫ਼ਿਲਮਾਂ ਦਾ ਨਿਰਮਾਣ ਕੀਤਾ ਅਤੇ ਇਸੇ ਲੀਹਾਂ ਦੇ ਚਲਦਿਆਂ ਆਪਣੀ ਵਿਲੱਖਣਤਾਂ ਕਾਈਮ ਰੱਖਣ ਵਿਚ ਸਾਡੇ ਫ਼ਿਲਮ ਨਿਰਮਾਤਾ ਮਨਪ੍ਰੀਤ ਸਿੰਘ ਜੋਹਲ ਅਤੇ ਅਦਾਕਾਰ ਤਰਸੇਮ ਸਿੰਘ ਜੱਸੜ ਅੱਜ ਅਜਿਹੀਆਂ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਵਿਚ ਸਭ ਤੋਂ ਮੋਹਰੀ ਆ ਖੜੇ ਹੋਏ ਹਨ।
“ਰੱਬ ਦਾ ਰੇਡੀਓ 3” ਨੇ ਇਕ ਵਾਰ ਫਿਰ ਇਹਨਾਂ ਦੀ ਸੁਚੱਜੀ ਫ਼ਿਲਮ ਨਿਰਮਾਣ ਕਾਬਲੀਅਤ ਦੇ ਨਾਲ-ਨਾਲ ਪੰਜਾਬੀ ਸਿਨੇਮਾ ਅਤੇ ਪੰਜਾਬੀ ਭਾਸ਼ਾ ਲਈ ਇਹਨਾਂ ਦੀ ਸ਼ਿੱਦਤ ਅਤੇ ਜਨੂੰਨ ਦਾ ਮੁਜ਼ਾਹਰਾ ਕੀਤਾ ਹੈ।
➡️ਫ਼ਿਲਮ ਦੀ ਪੀਰੀਅਡ ਨੁਮਾ ਪਰਿਵਾਰਕ ਕਹਾਣੀ ਨੂੰ ਸਕਰੀਨ ਪਲੇਅ ਅਤੇ ਸੰਵਾਦਾਂ ਸਮੇਤ ਬਹੁਤ ਹੀ ਸਾਦੇ,ਮਕਸਦ ਭਰਪੂਰ ਅਤੇ ਦਿਲਚਸਪ ਢੰਗ ਨਾਲ ਲਿਖਿਆ ਗਿਆ ਹੈ ਅਤੇ ਉਸੇ ਹੀ ਖੂਬਸੂਰਤ ਅਤੇ ਰੋਮਾਂਚਕ ਢੰਗ ਨਾਲ ਇਸ ਨੂੰ ਫਿਲਮਾਇਆ ਵੀ ਗਿਆ ਹੈ,ਜਿਸ ਲਈ ਫ਼ਿਲਮ ਲੇਖਕ ਜੱਸ ਗਰੇਵਾਲ ਅਤੇ ਨਿਰਦੇਸ਼ਕ ਹੈਰੀ ਭੱਟੀ ਨੂੰ ਬਰਾਬਰ ਦਾ ਕ੍ਰੈਡਿਟ ਜਾਂਦਾ ਹੈ।
➡️ਬੇਸ਼ੱਕ ਇਸ ਫ਼ਿਲਮ ਦੀ ਕਹਾਣੀ ਰਵਾਇਤਨ ਸ਼ਰੀਕੇਬਾਜ਼ੀ,ਜਾਇਦਾਦ ਨੂੰ ਲੈ ਕੇ ਰਿਸ਼ਤਿਆਂ ਵਿਚ ਕੜਵਾਹਟ ਅਤੇ ਵਿਆਹ-ਪ੍ਰੇਮ ਪ੍ਰਸੰਗ ਵਿਚਲੇ ਅੜਿੱਕਿਆਂ ਦੀ ਗੱਲ ਕਰਦੀ ਹੈ,ਪਰ ਅੱਜ ਦੇ ਬਦਲੇ ਯੁੱਗ ਵਿਚ ਵੀ ਇਹ ਮਸਲੇ ਸਾਡੇ ਸਮਾਜ ਦਾ ਪਹਿਲਾਂ ਵਾਂਗ ਹੀ ਹਿੱਸਾ ਹਨ,ਵੱਖਰੀ ਗੱਲ ਹੈ ਨਵੀਂ ਜਨਰੇਸ਼ਨ ਦੇ ਸ਼ਾਮਲ ਹੋਣ ਨਾਲ ਤੌਰ-ਤਰੀਕੇ ਅਲੱਗ ਹੋ ਗਏ ਹਨ,ਸੋ ਮੇਰੇ ਮੁਤਾਬਕ ਅੱਜ ਦੀ ਪੀੜੀ ਨੂੰ ਆਪਣੀਆਂ ਸਮਾਜਿਕ-ਪਰਿਵਾਰਕ ਕਦਰਾਂ-ਕੀਮਤਾਂ ਦੇ ਨਾਲ-ਨਾਲ ਖੂਨੀ ਰਿਸ਼ਤਿਆਂ ਦੀ ਅਹਿਮੀਅਤ ਦਰਸਾਉਣ ਲਈ ਇਹੋ ਜਿਹੀ ਫ਼ਿਲਮਾਂ ਦਾ ਨਿਰਮਾਣ ਜ਼ਰੂਰੀ ਹੈ,ਜੇ ਇਹਨਾਂ ਨੂੰ ਅੱਜ ਦੇ ਸਮੇਂ ਅਨੁਸਾਰ ਢਾਲ ਕੇ ਨਿਰਮਾਣ ਕੀਤੇ ਜਾਣ ਤਾਂ ਹੋਰ ਵੀ ਲਾਹੇਵੰਦ ਅਤੇ ਪ੍ਰਭਾਵਸ਼ਾਲੀ ਸਿਨੇਮਾ ਸਿਰਜਿਆ ਜਾ ਸਕਦਾ ਹੈ।➡️ਖੈਰ! ਗੱਲ ਇਸ ਫ਼ਿਲਮ ਦੇ ਸੰਗੀਤ ਦੀ ਤਾਂ ਇਹ ਵੀ “ਵਿਹਲੀ ਜਨਤਾ ਫ਼ਿਲਮਜ਼” ਦੀ ਖਾਸੀਅਤ ਰਹੀ ਹੈ ਕਿ ਜਿੱਥੇ ਉਹ ਆਪਣੀਆਂ ਫ਼ਿਲਮਾਂ ਨੂੰ ਹਰ ਤਕਨੀਕ ਪੱਖੋ ਉੱਚ ਮਿਆਰੀ ਬਨਾਉਣ ਦੀ ਕੋਸ਼ਿਸ਼ ਕਰਦੇ ਹਨ, ਓਥੇ ਉਹਨਾਂ ਨੇ ਹਮੇਸ਼ਾ ਫ਼ਿਲਮ ਸੰਗੀਤ ਨੂੰ ਫ਼ਿਲਮ ਦੀ ਰੀੜ ਦੀ ਹੱਡੀ ਮੰਨਿਆ ਹੈ ਅਤੇ “ਰੱਬ ਦਾ ਰੇਡੀਓ 3” ਦਾ ਸੰਗੀਤ ਵੀ ਦਰਸ਼ਕਾਂ ਨੂੰ ਸਿਨੇਮਾ ਘਰਾਂ ਵੱਲ ਆਕਰਸ਼ਿਤ ਕਰਨ ਅਤੇ ਇਸ ਫ਼ਿਲਮ ਨੂੰ ਸੁਪਰ-ਡੁਪਰ ਹਿੱਟ ਕਰਵਾਉਣ ਲਈ ਯਕੀਨਣ ਆਪਣਾ ਅਹਿਮ ਯੋਗਦਾਨ ਪਾਵੇਗਾ,ਜਿਸ ਦਾ ਸਬੂਤ ਫ਼ਿਲਮ ਰਿਲੀਜ਼ ਦੇ ਪਹਿਲੇ ਦਿਨ ਦਰਸ਼ਕਾਂ ਦੀ ਸਿਨੇਮਾ ਘਰਾਂ ਅੰਦਰ ਚਹਿਲ-ਬਹਿਲ ਨੇ ਹੀ ਦੇ ਦਿੱਤਾ ਹੈ। ਫ਼ਿਲਮ ਦੀ ਸ਼ੁਰੂਆਤ ਵਿਚ ਗੁਰਦਾਸ ਮਾਨ ਸਾਹਬ ਦੀ ਪਿੱਠਵਰਤੀ ਆਵਾਜ਼ ਅਤੇ ਚਲਦੀ ਫ਼ਿਲਮ ਵਿਚ ਸ਼ੈਰੀ ਮਾਨ ਦੀ ਆਵਾਜ਼ ਵਿਚ ਚਲਦੇ ਗੀਤ ਫ਼ਿਲਮ ਦੇ ਮਧੁਰ ਅਤੇ ਅਮੀਰ ਵਿਰਾਸਤੀ ਸੰਗੀਤ ਦਾ ਪ੍ਰਤੀਕ ਹਨ।
ਫ਼ਿਲਮ ਦਾ ਇਕ-ਇਕ ਗੀਤ ਦੇ ਬੋਲਾਂ ਦੀ ਢੁੱਕਵੀਂ ਚੋਣ ਦੇ ਨਾਲ-ਨਾਲ ਫ਼ਿਲਮ ਦੇ ਪੂਰੇ ਸੰਗੀਤ ਉੱਤੇ ਸੰਗੀਤਕਾਰ ਗੁਰਮੋਹਰ ਵੱਲੋਂ ਬਰਾਬਰ ਦੀ ਮਿਹਨਤ ਕੀਤੀ ਗਈ ਮਿਹਨਤ ਸਾਫ ਨਜ਼ਰ ਆਉਂਦੀ ਹੈ। ਗੁਰਦਾਸ ਮਾਨ ਸਾਹਬ, ਹਰਮਨਜੀਤ ਅਤੇ ਜੱਸ ਗਰੇਵਾਲ ਵੱਲੋਂ ਲਿਖੇ ਫ਼ਿਲਮ-ਗੀਤਾਂ ਦੇ ਬੋਲਾਂ ਨੂੰ ਗਾਇਕ ਤਰਸੇਮ, ਕੁਲਬੀਰ ਝਿੰਜਰ ਨਿਮਰਤ ਖਹਿਰਾ, ਮੰਨਤ ਨੂਰ, ਜੋਤੀਕਾ ਟਾਂਗਰੀ, ਨੂਰ ਚਹਿਲ ਅਤੇ ਜਸਲੀਨ ਦੀਆਂ ਦਿਲਕਸ਼ ਆਵਾਜ਼ਾਂ ਨਾਲ ਫ਼ਿਲਮ-ਸੰਗੀਤ ਨੂੰ ਚਾਰ ਚੰਨ ਲੱਗੇ ਨਜ਼ਰ ਆਉਂਦੇ ਹਨ ।
➡️ਜਿੱਥੇ ਗੁਰਮੋਹਰ ਦੁਆਰਾ ਹੀ ਸਿਰਜਿਆ ਫ਼ਿਲਮ ਦਾ ਪਿੱਠਵਰਤੀ ਸੰਗੀਤ, ਫ਼ਿਲਮ ਦੀ ਪੀਰੀਅਡ ਦਿਖ ਦੀ ਗਵਾਹੀ ਭਰਦਾ ਹੈ, ਓਥੇ ਨਿਰਦੇਸ਼ਕ ਦੀ ਦੇਖ-ਰੇਖ ਵਿਚ ਇਸ ਦਿੱਖ ਦੀ ਪਰਦੇ ਤੇ ਮਜਬੂਤੀ ਲਈ ਕਾਸਟੀਊਮਜ਼ ਅਤੇ ਪ੍ਰਾਪਰਟੀ ਦਾ ਧਿਆਨ ਰੱਖਣ ਵਾਲੀ ਟੀਮ ਦਾ ਕੰਮ ਵੀ ਸਲਾਹੁਣਯੋਗ ਹੈ।
➡️ਗੱਲ ਫ਼ਿਲਮ ਦੇ ਅਦਾਕਾਰਾਂ ਦੀ ਕਰੀਏ ਤਾਂ ਕੋਈ ਵੀ ਅਜਿਹਾ ਕਲਾਕਾਰ ਨਹੀਂ ਹੈ ਜਿਸ ਨੂੰ ਜ਼ਿਕਰਯੋਗ ਨਾ ਕਿਹਾ ਜਾਏ। ਕਹਾਣੀ ਅਤੇ ਕਲਾਕਾਰਾਂ ਦੀ ਸਮਰੱਥਾ ਮੁਤਾਬਕ ਸਭ ਦੀ ਢੁੱਕਵੀਂ ਵੰਡ ਵੀ ਲੇਖਕ-ਨਿਰਦੇਸ਼ਕ ਦੀ ਖਾਸੀਅਤ ਦੇ ਹਿੱਸੇ ਆਉਂਦੀ ਹੈ।
ਫ਼ਿਲਮ ਵਿਚ ਕੁਝ ਨਵੇਂ ਚਿਹਰਿਆਂ ਜਿਹਨਾਂ ਵਿੱਚ “ਕਿੰਗਜ਼ ਇਲੈਵਨ ਪੰਜਾਬ ਦੇ ਕ੍ਰਿਕੇਟ ਸਟਾਰ ‘ਹਰਪ੍ਰੀਤ ਬਰਾੜ’ ਜੋ ਕਿ ਆਪਣੀ ਵਧੀਆ ਅਦਾਕਾਰੀ ਰਾਹੀਂ ਫ਼ਿਲਮ ਦਾ ਹਿੱਸਾ ਹਨ”,ਦੀ ਆਮਦ ਲਈ ਵੀ ਫ਼ਿਲਮ ਨਿਰਮਾਣ ਘਰ ਦੀ ਪ੍ਰਸ਼ੰਸਾ ਅੱਲਗ ਤੋਂ ਬਣਦੀ ਹੈ।
ਜਿੱਥੇ ਲੀਡ ਅਦਾਕਾਰ ਤਰਸੇਮ ਜੱਸੜ ਆਪਣੇ ਅਭਿਨੈ ਕਲਾ ਵਿੱਚ ਪਹਿਲਾਂ ਨਾਲੋਂ ਵੱਧ ਨਿਪੁੰਨ ਵਿਖਾਈ ਦਿੰਦਾ ਹੈ ਓਥੇ ਨਿਮਰਤ ਖਹਿਰਾ ਦੀ ਹੋਰ ਸੁਭਾਵਿਕ ਅਦਾਕਾਰੀ ਆਕਰਸ਼ਿਤ ਕਰਦੀ ਹੈ। ਦੂਜੀ ਹੀਰੋਈਨ ਰੌਣਕ ਜੋਸ਼ੀ ਵੀ ਆਪਣੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਨਜ਼ਰ ਆਉੰਦੀ ਹੈ।ਲਵਰਜ਼ ਤੋਂ ਕਾਫੀ ਸਮੇ ਬਾਅਦ ਇਸ ਅਦਾਕਾਰਾ ਦੇ ਹੁਨਰ ਨੂੰ ਪਹਿਚਾਣ ਕੇ ਮੁੜ ਤੋਂ ਸਾਹਮਣੇ ਲਿਆਉਣਾ ਵੀ ਵਿਹਲੀ ਜਨਤਾ ਦੀ ਤਿੱਖੀ ਨਜ਼ਰ ਦਾ ਸੰਕੇਤ ਹੈ।
ਫ਼ਿਲਮ ਵਿਚਲੇ ਬਾਕੀ ਕਲਾਕਾਰਾਂ ਦੀ ਜੇ ਗੱਲ ਕਰੀਏ ਤਾਂ ਜਿੱਥੇ ਜਤਿੰਦਰ ਕੌਰ ਆਪਣੇ ਸੀਨੀਅਰ ਹੋਣ ਦੇ ਨਾਲ-ਨਾਲ ਆਪਣੇ ਦਿਲਚਸਪ ਅਤੇ ਪ੍ਰਭਾਵਸ਼ਾਲੀ ਅਭਿਨੈ ਪ੍ਰਦਰਸ਼ਨ ਦਾ ਅਹਿਸਾਸ ਕਰਵਾਉਂਦੀ ਹੈ, ਓਥੇ ਨਿਰਮਲ ਰਿਸ਼ੀ ਅਤੇ ਗੁਰਪ੍ਰੀਤ ਭੰਗੂ ਦੀ ਦਮਦਾਰ ਅਦਾਕਾਰੀ ਦਾ ਨਮੁਨਾ ਇਸ ਫ਼ਿਲਮ ਨੂੰ ਕਲਾਈਮੈਕਸ ਵੱਲ ਮੋੜਦੇ ਇਕ ਭਾਵੁਕ ਦ੍ਰਿਸ਼ ਤੋਂ ਭਲੀਭਾਂਤ ਲਾਇਆ ਜਾ ਸਕਦਾ ਹੈ। ਜਿੱਥੇ ਸੁਨੀਤਾ ਧੀਰ,ਸਤਵੰਤ ਕੌਰ,ਰੁਪਿੰਦਰ ਰੂਪੀ ਨੇ ਆਪਣੇ ਕਿਰਦਾਰ ਰਵਾਇਤਨ ਬਾਖੂਬੀ ਨਿਭਾਏ ਉੱਥੇ ਸੀਮਾ ਕੌਸ਼ਲ ਨੇ ਵਿਲੱਖਣ ਅੰਦਾਜ਼ ਵਿੱਚ ਨੈਗੇਟਿਵ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਸਰਦਾਰ ਸੋਹੀ ਅਤੇ ਸੁੱਖੀ ਚਾਹਲ ਵੀ ਬਾਜ਼ੀ ਮਾਰਦੇ ਨਜ਼ਰ ਆਏ।ਸ਼ਵਿੰਦਰ ਮਾਹਲ,ਤਰਸੇਮ ਪਾਲ,ਮਲਕੀਤ ਰੌਣੀ,ਬਰਿੰਦਰ ਬੰਨੀ,ਗੁਰਦਿਆਲ ਪਾਰਸ,ਗੁਰਮੀਤ ਸਾਜਨ ਤੋਂ ਇਲਾਵਾ ਨਵਦੀਪ ਕਲੇਰ ਵੀ ਆਪਣੀ ਅਲੱਗ ਥਾਂ ਬਨਾਉਣ ਵਿੱਚ ਕਾਮਯਾਬ ਹੁੰਦਾ ਵਿਖਾਈ ਦਿੰਦਾ ਹੈ।
ਇਸ ਤੋਂ ਇਲਾਵਾ ਪਵਨ ਜੋਹਲ,ਸਾਂਸ਼ੀ ਬਹਿਲ,ਦਿਸ਼ਮਾਰਿਯਾ,
ਅਮਨਜੋਤ ਅੰਮੂ, ਅਪਨੀਤ ਬਾਜਵਾ,ਜੱਸਾ ਢਿੱਲੋਂ,ਜਤਿੰਦਰ ਜੀਤੂ, ਮਨਜੀਤ,ਕਮਲਪ੍ਰੀਤ,ਜੱਸੀ ਆਦਿ [ਸਭ ਨੇ ਜਿਹਨਾਂ ਦਾ ਨਾਮ ਨਹੀਂ ਵੀ ਲਿਖਿਆ ਜਾ ਸਕਿਆ],ਜਿੱਥੇ ਵਧੀਆ ਪ੍ਰਦਰਸ਼ਨ ਕੀਤਾ ਓਥੇ ਫ਼ਿਲਮ ਨਿਰਮਾਤਾ ਮਨਪ੍ਰੀਤ ਜੋਹਲ ਦੀ ਮਹਿਮਾਨ ਭੂਮਿਕਾ ਵਿੱਚ ਕਿਤੇ ਵੀ ਅਭਿਨੈ ਪੱਖੋਂ ਓਪਰਾਪਣ ਨਹੀਂ ਦਿਸਿਆ।
➡️ਕੁੱਲ ਮਿਲਾ ਕੇ “ਵਿਹਲੀ ਜਨਤਾ ਫ਼ਿਲਮਜ਼’ ਦੀ ਇਹ ਫ਼ਿਲਮ ਇੱਕ ਪਰਿਵਾਰ ਨਾਲ ਵੇਖਣਯੋਗ ਫ਼ਿਲਮ ਹੋਣ ਦੇ ਨਾਲ-ਨਾਲ ਉਹਨਾਂ ਫ਼ਿਲਮ ਮੇਕਰਾਂ ਲਈ ਸੁਨੇਹਾ ਵੀ ਹੈ ਜੋ ਕਹਿੰਦੇ ਤਾਂ ਪਰਿਵਾਰਕ ਫ਼ਿਲਮਾਂ ਹਨ ਪਰ ਪਰਿਵਾਰ ਨਾਲ ਵੇਖਣ ਲਾਈਕ ਨਹੀਂ ਹੁੰਦੀਆਂ,ਇਸ ਲਈ ਉਹਨਾਂ ਨੂੰ ਵੀ ਇਸ ਫ਼ਿਲਮ ਤੋਂ ਮਤ ਲੈਣ ਦੀ ਲੋੜ ਹੈ!?
➡️ਸੋ “ਰੱਬ ਦਾ ਰੇਡੀਓ 3” ਦੀ ਸਾਰੀ ਟੀਮ ਨੂੰ ਪੰਜਾਬੀ ਸਕਰੀਨ ਅਦਾਰੇ ਵੱਲੋਂ ਢੇਰਾਂ ਮੁਬਾਰਕਾਂ ਅਤੇ ਫ਼ਿਲਮ ਦੀ ਕਾਮਯਾਬੀ ਲਈ ਸ਼ੁੱਭ ਇੱਛਾਵਾਂ।
➡️ਵਿਹਲੀ ਜਨਤਾ ਦੀ ਇਹ ਫ਼ਿਲਮ ਵੀ ਯਕੀਨਣ ਰੱਬ ਦਾ ਰੇਡੀਓ 1, ਗਲਵੱਕੜੀ ਅਤੇ ਗੁਰੂ ਨਾਨਕ ਜਹਾਜ਼ ਦੀ ਤਰਾਂ ਪੰਜਾਬੀ ਸਿਨੇਮਾ ਵਿਚਲੀ ਰੈਫਰੈਂਸ ਲਾਇਬ੍ਰੇਰੀ ਵਿੱਚ ਪੱਕੀ ਜ਼ਿਕਰਯੋਗ ਥਾਂ ਬਣਾਏਗੀ। ਪੰਜਾਬੀ ਸਕਰੀਨ ਅਦਾਰਾ ਵੀ ਸਿਫਾਰਸ਼ ਕਰਦਾ ਹੈ ਕਿ ਇਹ ਫ਼ਿਲਮ ਇਕ ਵਾਰ ਪਰਿਵਾਰ ਸਮੇਤ ਜ਼ਰੂਰ ਵੇਖੋ।

Comments & Suggestions

Comments & Suggestions

About the author

Daljit Arora

WP2Social Auto Publish Powered By : XYZScripts.com