ਜੇ 5 ਜੂਨ ਨੂੰ ਰਿਲੀਜ਼ ਹੋ ਰਹੀ ਫ਼ਿਲਮ “ਸਰਪੰਚ” ਦੀ ਝਲਕ ਵੱਲ ਨਜ਼ਰ ਮਾਰੀਏ ਤਾਂ ਯਕੀਨਨ ਕੁਝ ਵੱਖਰਾਪਣ ਨਜ਼ਰ ਆਉਂਦਾ ਹੈ ਅਤੇ ਦੇਵ ਖਰੌੜ ਦੀਆਂ ਪਹਿਲੀਆਂ ਐਕਸ਼ਨ ਫ਼ਿਲਮਾਂ ਦੇ ਮੁਕਾਬਲਤਨ ਸਰਪੰਚ ਵਾਲਾ ਕਿਰਦਾਰ, ਵੱਧ ਲੋਕਪ੍ਰਿਯ ਹੋ ਕੇ ਨਿਬੜਣ ਦੀ ਆਸ ਇਸ ਲਈ ਵੀ ਵੱਧ ਜਾਂਦੀ ਹੈ ਕਿ ਕਹਾਣੀ ਦਾ ਇਹ ਟਾਈਟਲ ਆਪਣੇ ਆਪਣੇ-ਆਪ ਵਿਚ ਪੰਜਾਬੀਅਤ ਨਾਲ ਜੁੜਿਆ ਘਰ-ਘਰ ਦਾ ਹਿੱਸਾ ਹੈ।

ਖਾਸ ਤੌਰ ਤੇ ਪੇਂਡੂ ਸੱਭਿਆਚਾਰ ਵਿਚ ਇਕ ਪਿੰਡ ਦੇ ਸਰਪੰਚ ਦੀ ਕਿਸੇ ਮੰਤਰੀ ਨਾਲੋ ਘੱਟ ਅਹਿਮੀਅਤ ਨਹੀਂ ਹੁੰਦੀ ਅਤੇ ਇਕ ਸਰਪੰਚ ਪਿੰਡ ਵਾਲਿਆਂ ਲਈ ਮਸੀਹਾ ਵੀ ਮੰਨਿਆ ਜਾਂਦਾ ਹੈ।
ਹੁਣ ਦੇ ਫ਼ਿਲਮ ਵਿਚਲਾ ਸਰਪੰਚ ਸਾਡਾ ਐਕਸ਼ਨ ਹੀਰੋ ਦੇਵ ਖਰੌੜ ਹੋਵੇ ਤੇ ਸਰਪੰਚ ਬਣ ਕੇ ਗੱਲ ਆਪਣੇ ਹੱਕਾਂ ਦੀ ਕਰਦਾ ਹੋਵੇ ਅਤੇ ਉਦਾਹਰਣ ਲਈ ਫ਼ਿਲਮ ਝਲਕ ਵਿਚ, ਪੰਜਾਬੀਆਂ ਦੀਆਂ ਆਪਣੇ ਹੱਕਾਂ ਲਈ ਪਿਛੋਕੜ ਵਿਚ ਲੜੀਆਂ ਲੜਾਈਆਂ ਅਤੇ ਬਹਾਦਰੀ ਨਾਲ ਜੁੜੇ ਕਿੱਸਿਆਂ ਦੀ ਗੱਲ ਕੀਤੀ ਹੋਵੇ, ਤਾਂ ਪੰਜਾਬੀਆਂ ਦਾ ਇਸ ਫ਼ਿਲਮ ਨਾਲ ਜੁੜਣਾ ਸੁਭਾਵਿਕ ਹੈ, ਤੇ ਇਹ ਵੀ ਆਸ ਹੈ ਕਿ ਇੱਕ ਸਰਪੰਚ ਦੀ ਅਸਲ ਤਾਕਤ ਦਰਸਾਵੇਗੀ, ਐਕਸ਼ਨ ਹੀਰੋ ਦੇਵ ਖਰੌੜ ਦੀ ਫ਼ਿਲਮ ‘ਸਰਪੰਚ’ !?
ਸੋ 5 ਜੂਨ ਨੂੰ ਰਹੋ ਤਿਆਰ! ਜਿੱਥੇ ਦੇਵ ਖਰੋੜ ਦੇ ਨਾਲ ਐਕਸ਼ਨ ਵਿਚ ਹਿੱਸਾ ਬਣੇ ਦਮਦਾਰ ਐਕਟਰ ਦਕਸ਼ਅਜੀਤ ਸਿੰਘ, ਸਰਬਜੀਤ ਚੀਮਾ,ਗੁਰਬਾਜ ਸਿੰਘ,ਦੀਦਾਰ ਗਿੱਲ ਅਤੇ ਪ੍ਰਮੋਦ ਪੱਬੀ ਦਾ ਅਭਿਨੈ ਜਲਵਾ ਵੇਖਣ ਨੂੰ ਮਿਲੇਗਾ ਓਥੇ ਇਸ ਫ਼ਿਲਮ ਦੀਆਂ ਦੋ ਖੂਬਸੂਰਤ ਹੀਰੋਈਨਾਂ ਜੈਸਮੀਨ ਬਾਜਵਾ ਅਤੇ ਸਾਨਵੀ ਧੀਮਾਨ ਦੀਆਂ ਦਿਲਕਸ਼ ਅਦਾਵਾਂ ਦਾ ਜਾਦੂ ਵੀ ਫ਼ਿਲਮ ਦਰਸ਼ਕਾਂ ਤੇ ਚਲਦਾ ਨਜ਼ਰ ਆਵੇਗਾ।
ਦੁਨੀਆਂ ਭਰ ਵਿਚ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਸਰਪੰਚ’ ਪ੍ਰਸਿੱਧ ਫ਼ਿਲਮ ਨਿਰਮਾਤਾ ਵਿਵੇਕ ਓਹਰੀ ਦੀ ਦੇਖ-ਰੇਖ ਵਿਚ “ਓਹਰੀ ਪ੍ਰੋਡਕਸ਼ਨਜ਼” ਅਤੇ “ਫਤਿਹਜੀਤ ਫਿਲਮਜ਼ ਪ੍ਰੋਡਕਸ਼ਨ” ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ ਜਿਸ ਨੂੰ ਪੰਜਾਬੀ ਸਿਨੇਮਾ ਦੇ ਕਾਮਯਾਬ ਨਿਰਦੇਸ਼ਕ ਮਨਦੀਪ ਬੈਨੀਪਾਲ ਨੇ ਬਹੁਤ ਹੀ ਕ੍ਰਿਏਟਿਵ ਢੰਗ ਨਿਰਦੇਸ਼ਿਤ ਕਰ, ਸਜਾਇਆ ਹੈ। ਇਸ ਫ਼ਿਲਮ ਨੂੰ ਲੈ ਕੇ ਇਕ ਦਿਲਚਸਪ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਨਵੀਂ ਪੀੜੀ ਤਾਂ ਇਹ ਫ਼ਿਲਮ ਆਪਣੇ ਚਹੇਤੇ ਐਕਸ਼ਨ ਹੀਰੋਂ ਦੇਵ ਖਰੌੜ ਨੂੰ ਤਰਜੀਹ ਦਿੰਦਿਆਂ ਅਤੇ ਫ਼ਿਲਮ ਦੀ ਝਲਕ ਵਿਚ ਕੀਤੀ ਗਈ ਪੰਜਾਬੀਆਂ ਦੀ ਆਪਣੇ ਹੱਕਾਂ ਲਈ ਖੜਣ-ਲੜਣ ਦੀ ਗੱਲ ਕਰ ਕੇ ਵੇਖੇਗੀ ਮਗਰ ਇਸ ਫ਼ਿਲਮ ਨੂੰ
1982 ਵਿਚ ਰਿਲੀਜ਼ ਹੋ ਕੇ ਹਰ ਸਿਨੇਮਾ ਪ੍ਰੇਮੀ ਦੇ ਦਿਲੋ-ਦੀਮਾਗ ਤੇ ਹੁਣ ਤੱਕ ਛਾਈ ਸਵਰਗੀ ਲੀਜੈਂਡ ਪੰਜਾਬੀ ਅਦਾਕਾਰ ਵਰਿੰਦਰ ਦੇ ਲੀਡ ਕਿਰਦਾਰ ਵਾਲੀ ਫ਼ਿਲਮ ‘ਸਰਪੰਚ’ ਦੇ ਨਾਲ ਜੋੜ ਕੇ ਵੀ ਵੇਖਿਆ ਜਾਵੇਗਾ,ਕਿ ਕੀ 2026 ਵਿਚ ਦੇਵ ਖਰੌੜ ਦੇ ਲੀਡ ਕਿਰਦਾਰ ਵਾਲੀ ਫ਼ਿਲਮ ‘ਸਰਪੰਚ’, ਪਹਿਲੀ ਸਰਪੰਚ ਨਾਲੋ ਦੋ-ਕਦਮ ਅੱਗੇ ਵੱਧ ਪਾਵੇਗੀ ? ਜਾਂ ਫਿਰ ਅੱਜ ਦੇ ਮਾਹੌਲ ਮੁਤਾਬਕ ਨਵੇਂ-ਪੁਰਾਣੇ ਦਰਸ਼ਕਾਂ ਤੇ ਕਿਸ ਤਰਾਂ ਦਾ ਪ੍ਰਭਾਵ ਛੱਡਦੀ ਹੈ !?
ਖੈਰ! ਆਓ ਆਪਣੀਆਂ ਸ਼ੁੱਭ ਇੱਛਾਵਾਂ ਦੇ ਨਾਲ ਫ਼ਿਲਮ ਰਿਲੀਜ਼ ਵਾਲੀ ਘੜੀ,5 ਜੂਨ ਦਾ ਕਰਦੇ ਹਾਂ ਇੰਤਜ਼ਾਰ !!
