“40 ਦਿਨ” ਫਿਲਮ ਸਮੀਖਿਆ-ਦਲਜੀਤ ਸਿੰਘ ਅਰੋੜਾ


ਪੈਰਲਰ ਪੰਜਾਬੀ ਸਿਨੇਮਾ ਨੂੰ ਜ਼ਿੰਦਾ ਰੱਖਣ ਲਈ ਜਿੱਥੇ ‘ਚਾਲੀ ਦਿਨ’ ਵਰਗੀਆਂ ਫਿਲਮਾਂ ਦਾ ਨਿਰਮਾਣ ਜ਼ਰੂਰੀ ਹੈ ਓਥੇ ਅਜਿਹੀਆਂ ਫਿਲਮਾਂ ਨੂੰ ਆਮ ਦਰਸ਼ਕ ਅਤੇ ਸਮੀਖਿਕ ਨੂੰ ਵੀ ਕਮਰਸ਼ੀਅਲ ਐੰਗਲ ਤੋਂ ਪਰਖਣ ਦੀ ਬਜਾਏ, ਸਾਹਿਤਕ ਨਜ਼ਰ ਨਾਲ ਵੇਖਣ ਦੀ ਕੋਸ਼ਿਸ਼ ਕਰਨ! ਫਿਲਮ ਮੇਕਰ ਦੀ ਅਜਿਹੇ ਸਿਨੇਮਾ ਨੂੰ ਪ੍ਰਫੁੱਲਿਤ ਕਰਨ ਦੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕਰਨ।

ਇਸ ਫਿਲਮ ਦੇ ਲੇਖਕ ਅਤੇ ਨਿਰਮਾਤਾ ਡਾ. ਗੁਰਪ੍ਰੀਤ ਧੁੱਗਾ ਦੇ ਲਿਖੇ ਨਾਵਲ ‘ਚਾਲੀ ਦਿਨ’ ਤੇ ਅਧਾਰਿਤ ਇਹ ਫਿਲਮ ਜ਼ਿੰਦਗੀ ਦੇ ਉਸ ਫਲਸਫੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ,ਜੋ ਅੱਜ ਦੇ ਵਪਾਰਕ ਤੇ ਤੇਜ਼ ਰਫ਼ਤਾਰ ਯੁਗ ਵਿਚ ਨੌਜਵਾਨ ਪੀੜੀ ਦੇ ਨਾਲ-ਨਾਲ ਬਾਕੀਆਂ ਨੂੰ ਵੀ ਸਮਝਣ ਦੀ ਲੋੜ ਹੈ।

ਫਿਲਮ ਦਾ ਸਕਰੀਨ ਪਲੇਅ ਨਾਮੀ ਫਿਲਮ ਲੇਖਕ ਸੁਰਮੀਤ ਮਾਵੀ ਨੇ ਲਿਖਿਆ ਹੈ ਅਤੇ ਬਹੁਤ ਹੀ ਸੁਲਝੇ ਹੋਏ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਵੱਲੋਂ ਇਹ ਫਿਲਮ ਬਣਾਈ ਗਈ ਹੈ। ਇਸ ਫਿਲਮ ਵਿਚ ਨਿਰਦੇਸ਼ਕ ਵੱਲੋਂ ਕਹਾਣੀ ਮੁਤਾਬਕ ਵਰਤੇ ਗਏ ਸਮੇਂ-ਸਥਾਨਾਂ, ਲੋਕਾਂ ਦਾ ਰਹਿਣ-ਸਹਿਣ ਅਤੇ ਸਾਜੋ-ਸਮਾਨ ਦੀ ਬਰੀਕੀ ਨਾਲ ਛਾਣਬੀਣ ਕਰਦਿਆਂ ਬਾਖੂਬੀ ਪੇਸ਼ਕਾਰੀ ਕੀਤੀ ਗਈ ਹੈ,ਜੋ ਉਸ ਦੀਆਂ ਪਹਿਲੀਆਂ ਫਿਲਮਾਂ ਦੇ ਤਜ਼ਰਬੇ ਦੀ ਉਪਜ ਹੈ।
ਜਿਸ ਤਰਾਂ ਉਸ ਨੇ ਕਹਾਣੀ ਵਿਚਲੇ ਹਰ ਕਿਰਦਾਰ ਨੂੰ ਬਹੁਤ ਹੀ ਸਿਆਣਪ ਨਾਲ ਚੁਣ ਕੇ ਉਹਨਾਂ ਤੋਂ ਕੰਮ ਲਿਆ ਗਿਆ ਹੈ,ਇਹੀ ਨਿਸ਼ਾਨੀ ਹੈ ਇਕ ਦੂਰ ਅੰਦੇਸ਼ ਨਿਰਦੇਸ਼ਕ ਦੀ!

ਸਭ ਤੋਂ ਪਹਿਲਾਂ ਜੇ ਗੱਲ ਫਿਲਮ ਵਿਚਲੇ (ਫਕੀਰ) ਦੇਬੀ ਮਖਸੂਸਪੁਰੀ ਦੀ ਕਰੀਏ ਤਾਂ ਲੱਗਦਾ ਨਹੀਂ ਕਿ ਕਿਸੇ ਗਾਇਕ/ਗੀਤਕਾਰ ਨੇ ਪਹਿਲੀ ਵਾਰ ਅਭਿਨੈ ਕੀਤਾ ਹੋਵੇ,ਉਸ ਦੀ ਵੇਸਭੂਸ਼ਾ ਤੋਂ ਲੈ ਕਿ ਬਾਡੀ ਲੈਂਗੁਏਜ਼ ਅਤੇ ਸੰਵਾਦ ਅਦਾਈਗੀ ਤੱਕ ਹਰ ਚੀਜ਼ ਦਾ ਬਰਾਬਰ ਖਿਆਲ ਰੱਖਿਆ ਜਾਣਾ,ਜਿੱਥੇ ਕਲਾਕਾਰ ਦੀ ਆਪਣੇ ਲਈ ਕੀਤੀ ਮਿਹਨਤ ਦਾ ਪ੍ਰਤੀਕ ਹੈ ਓਥੇ,ਇਸ ਦੇ ਕ੍ਰੈਡਿਟ ਦਾ ਹੱਕਦਾਰ ਨਿਰਦੇਸ਼ਕ ਵੀ ਹੈ।

ਗੱਲ (ਕੇਸਰ) ‘ਸੁਖਨ ਵੜੈਚ’ ਦੀ ਤਾਂ ਉਸ ਨੇ ਵੀ ਆਪਣੀ ਅਭਿਨੈ ਪੜਾਈ/ਸਿਖਲਾਈ ਅਤੇ ਘਰੋਂ ਮਿਲੀ ਅਦਾਕਾਰੀ ਦੀ ਗੁੜਤੀ ਤੇ ਖਰੇ ਉਤਰਦਿਆਂ ਆਪਣੀ ਬਹੁਤ ਹੀ ਸੁਭਾਵਿਕ ਅਦਾਕਾਰੀ ਨਾਲ ਪਹਿਲੀ ਵਾਰ ਵਿਚ ਹੀ ਦਰਸ਼ਕਾਂ ਦਾ ਦਿਲ ਜਿੱਤਣ ਦੇ ਨਾਲ-ਨਾਲ ਆਪਣੇ ਅਗਲੇ ਰਸਤੇ ਵੀ ਸੌਖਾਲੇ ਕਰ ਲਏ ਹਨ।

ਗੁਰਪ੍ਰੀਤ ਘੁੱਗੀ ਦੀ ਵਰਸੇਟਾਈਲ ਅਦਾਕਾਰੀ ਤਾਂ ਤੋਂ ਅਸੀਂ ਪਹਿਲਾਂ ਹੀ ਵਾਕਿਫ ਹਾਂ,ਕਿ “ਪਾਣੀ ਰੇ ਪਾਣੀ ਤੇਰਾ ਰੰਗ ਕੈਸਾ,ਜਿਸ ਮੇਂ ਮਿਲਾ ਦੋ ਲਗੇ ਉਸ ਜੈਸਾ”ਅਤੇ ਇਹੀ ਗੱਲ ਨਿਰਮਲ ਰਿਸ਼ੀ ਮੈਡਮ ਤੇ ਵੀ ਢੁੱਕਦੀ ਹੈ।

ਬਾਕੀ ਸਾਡੇ ਹਰਮਨ ਪਿਆਰੇ ਗਾਇਕ ਨਛੱਤਰ ਗਿੱਲ ਨੂੰ ਕਹਾਣੀ ਵਿਚਲੇ ਕਿਰਦਾਰ ਵਿਚ ਪਛਾਣਨ ਲਈ ਦਰਸ਼ਕ ਨੂੰ ਵੀ ਪਰਦੇ ਤੇ ਟਿਕਟਿਕੀ ਲਾਉਣੀ ਪੈਂਦੀ ਹੈ ਅਤੇ ਇਹੀ ਮਜ਼ਾ ਹੈ ਆਪਣੀ ਅਸਲ ਪਛਾਣ ਪਾਸੇ ਰੱਖ ਕੇ,ਆਪਣੇ ਫਿਲਮੀ ਕਿਰਦਾਰ ਵਿਚ ਖੁੱਭ ਕੇ ਕੰਮ ਕਰਨ ਦਾ,ਜਿਸ ਦਾ ਆਨੰਦ ਖੁਦ ਨਛੱਤਰ ਗਿੱਲ ਨੇ ਵੀ ਜ਼ਰੂਰ ਮਾਨਿਆ ਹੋਵੇਗਾ।
ਫਿਲਮ ਦੀ ਲੀਡ ਅਦਾਕਾਰਾ ਦ੍ਰਿਸ਼ਟੀ ਤਲਵਾਰ ਦੀ ਅਦਾਕਾਰੀ ਵਿਚੋਂ ਸਹਿਜਤਾ ਅਤੇ ਮਾਸੂਮੀਅਤ ਦੀ ਝਲਕ ਉਸ ਦੇ ਪੁਖਤਾ ਅਭਿਨੈ ਦੀ ਨਿਸ਼ਾਨੀ ਬਣ ਕੇ ਉੱਭਰੀ!ਇਸ ਤੋਂ ਇਲਾਵਾ ਬਾਕੀ ਕਿਰਦਾਰਾਂ ਵਿਚ,ਹਰਾਬੀ ਸੰਘਾ, ਰਾਜ ਧਾਰੀਵਾਲ,ਗੁਰਿੰਦਰ ਮਕਨਾ ਆਦਿ ਸਮੇਤ ਜਿੱਥੇ ਸਭ ਦੀ ਕਾਸਟਿੰਗ ਫਿੱਟ ਰਹੀ, ਓਥੇ ਸਭ ਨੇ ਆਪੋ-ਆਪਣੇ ਪੁਖਤਾ ਅਭਿਨੈ ਦੀ ਛਾਪ ਵੀ ਬਾਖੂਬੀ ਛੱਡੀ।

ਨੰਨੇ ਅਦਾਕਾਰ ਫ਼ਤਿਹ ਪ੍ਰਤਾਪ ਸਿੰਘ ਅਤੇ ਪੀਹੂ ਸ਼ਰਮਾ (ਛੋਟੇ ਕੇਸਰ ਅਤੇ ਜੀਤੀ ਵੀ ਆਪਣੀ ਮਾਸੂਮੀਅਤ ਭਰੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਸੋਹਣੇ ਲੱਗੇ।

ਫਿਲਮ ਸੰਗੀਤ ਅਤੇ ਪਿੱਠ ਵਰਤੀ ਸੰਗੀਤ ਵੀ ਪੀਰੀਅਡ ਡਰਾਮੇ ਦੀ ਸਹੀ ਗਵਾਹੀ ਭਰਦਾ ਹੈ।

ਆਪਣੇ ਸਿਨੇਮਾ ਦੀ ਬਿਹਤਰੀ, ਅਮੀਰ ਸਹਿਤ ਨੂੰ ਸਿਨੇਮਾ ਵਿਚ ਢਾਲਦਿਆਂ ਇਸ ਦੀ ਅੰਤਰਰਾਸ਼ਟਰੀ ਪੱਧਰ ਤੇ ਪਛਾਣ ਲਈ ਆਪਣੇ ਯੋਗਦਾਨ ਦੀ ਮਾਨਸਿਕ ਸੰਤੁਸ਼ਟੀ ਲਈ ਫਿਲਮ ਨਿਰਮਾਤਾ-ਨਿਰਦੇਸ਼ਕ ਦਾ ਜ਼ੋਖਮ ਚੱਕ ਕੇ ਅੱਗੇ ਆਉਣਾ ਜਿੱਥੇ ਇਹਨਾਂ ਦੀ ਕਾਮਯਾਬੀ ਵੱਲ ਮਜ਼ਬੂਤ ਕਦਮ ਹੈ, ਓਥੇ ਅਜਿਹੇ ਪੈਰਲਰ/ਅਰਥ ਭਰਪੂਰ ਪੰਜਾਬੀ ਸਿਨੇਮਾ ਦੀ ਚੜਤ ਅਤੇ ਵਰਲਡ ਸਿਨੇਮਾ ਵਿਚ ਰੈਫਰੈਂਸ ਵੱਜੋਂ ਅਜਿਹੀ ਫਿਲਮ ਦਾ ਖੜਣਾ ਵੀ ਛੋਟੀ ਗੱਲ ਨਹੀਂ।

ਮੈਂ ਤਾਂ ਸਮਝਦਾ ਹਾਂ ਕਿ ਪੰਜਾਬ ਦੇ ਹਰ ਕਾਮਯਾਬ ਫਿਲਮ ਨਿਰਮਾਣ ਘਰ ਨੂੰ ਆਪਣਾ ਵਪਾਰਕ ਪੱਖ ਲਾਂਭੇ ਰੱਖਦਿਆਂ ਸਾਲ/ਦੋ ਸਾਲ ਵਿਚ ਇਕ-ਅੱਧ ਫਿਲਮ ਤਾਂ ਦਸਵੰਧ ਵੱਜੋਂ ਹੀ ਅਜਿਹੇ ਪੈਰਲਰ ਪੰਜਾਬੀ ਸਿਨੇਮਾ ਦੀ ਝੋਲੀ ਪਾ ਛੱਡਣੀ ਚਾਹੀਦੀ ਹੈ,ਤਾਂ ਕਿ ਇਹ ਰੀਤ ਤੁਰੀ ਰਹੇ ਅਤੇ ਅਜਿਹੀਆਂ ਫਿਲਮਾਂ ਵੇਖਣ ਵਾਲਾ ਸੂਝਵਾਨ ਦਰਸ਼ਕ ਵੀ ਪੰਜਾਬੀ ਸਿਨੇਮਾ ਨਾਲ ਜੁੜਿਆ ਰਹੇ।

ਹਾਂ ਇੱਥੇ ਵੱਡੇ ਕਲਾਕਾਰ ਵੀ ਫਰਾਖਦਿਲੀ ਨਾਲ ਬਹੁਤ ਹੀ ਘੱਟ ਬਜਟ ਵਿਚ ਕੰਮ ਕਰਨ ਤਾਂ ਕਿ ਨਿਰਮਾਤਾਵਾਂ ਦਾ ਜੋਖਮ ਘਟਾਇਆ ਜਾ ਸਕੇ। ਜੇ ਇਹ ਰੀਤ ਤੁਰ ਪਈ ਤਾਂ ਅਜਿਹੀਆਂ ਫਿਲਮਾਂ ਵੀ ਘਾਟੇ ਵਾਲਾ ਸੌਦਾ ਨਹੀਂ ਰਹਿਣਗੀਆਂ।

ਆਖਰੀ ਗੱਲ ਕਿ ਅਜਿਹੀਆਂ ਫਿਲਮ, ਖਾਸਕਰ ਜੋ ਕਿਸੇ ਲੇਖਕ ਦੀ ਛਪੀ ਕਹਾਣੀ ਜਾਂ ਨਾਵਲ ਤੇ ਅਧਾਰਿਤ ਪੀਰੀਅਡ ਰਚਨਾ ਹੋਵੇ ਤਾਂ ਉਸ ਦੇ ਫਿਲਮੀਕਰਨ ਕਰਨ ਲਈ ਹੋਰ ਵੀ ਜ਼ਿਆਦਾ ਮਿਹਨਤ ਅਤੇ ਵੱਡੇ ਪਰਦੇ ਦੇ ਲਿਹਾਜ਼ ਨਾਲ ਹਰ ਐੰਗਲ ਤੇ ਬਰਾਬਰ ਮਿਹਨਤ ਦੀ ਲੋੜ ਹੁੰਦੀ ਹੈ, ਕਿਉਂਕਿ ਕੋਈ ਵੀ ਲੇਖਕ ਆਪਣੀ ਅਜਿਹੀ ਰਚਨਾ ਨੂੰ ਉਸ ਸਮੇਂ ਦੇ ਹਲਾਤਾਂ ਅਤੇ ਸਮਾਜ ਦੀ ਦਿਸ਼ਾ ਮੁਤਾਬਕ ਲਿਖਦਾ ਹੈ,ਨਾ ਕਿ ਇਹ ਸੋਚ ਕੇ, ਕਿ ਆਉਣ ਵਾਲੇ ਸਮੇਂ ਵਿਚ ਇਸ ਤੇ ਫਿਲਮ ਬਣੇਗੀ,ਇਸੇ ਲਈ ਤਾਂ ਫਿਲਮ ਲੇਖਕਾਂ ਦੀ ਦੁਨੀਆਂ,ਸਾਹਿਤਕ ਲੇਖਕਾਂ ਨਾਲੋਂ ਥੋੜੀ ਹੱਟ ਕੇ ਹੈ

ਕਿਸੇ ਸਾਹਿਤਕ ਰਚਨਾ ਤੇ ਫਿਲਮ ਬਣਾਉਣੀ ਇਕ ਫਿਲਮ ਨਿਰਦੇਸ਼ਕ ਲਈ ਸਭ ਤੋਂ ਔਖਾ ਕੰਮ ਹੈ, ਜੋ ਤਰਨਵੀਰ ਜਗਪਾਲ ਨੇ ਬਾਖੂਬੀ ਕਰ ਵਿਖਾਇਆ!

ਬਾਕੀ ਕੰਮ ਕਰਦਿਆਂ ਛੋਟੀਆਂ-ਮੋਟੀਆਂ ਕਮੀਆਂ ਦਾ ਰਹਿ ਜਾਣਾ ਸੁਭਾਵਿਕ ਹੈ ਜੋ ਕਹਾਣੀ-ਸਕਰੀਨ ਪਲੇਅ ਵਿਚ ਕੁਝ ਵਿੱਥਾਂ ਰੂਪੀ ਨਜ਼ਰ ਆਈਆਂ,ਜੋ ਸਾਡੀ ਨਜ਼ਰ ਮੁਤਾਬਕ ”ਚਾਲੀ ਦਿਨ” ਵਿਚ ਵੀ ਭਰਨੀਆਂ ਰਹਿ ਗਈਆਂ, ਪਰ ਇਹਨਾਂ ਦਾ ਜ਼ਿਕਰ ਮੇਕਰਾਂ ਨਾਲ ਨਿੱਜੀ ਤੌਰ ਤੇ ਹੀ ਕਰਨਾ ਬਿਹਤਰ ਹੈ,ਕਿਉਂਕਿ ਆਮ ਦਰਸ਼ਕਾਂ ਅਤੇ ਸਿਨੇਮਾ ਕਾਰੋਬਾਰੀਆਂ ਲਈ ਇਹ ਇਕ ਵੇਖਣਯੋਗ ਫਿਲਮ ਹੈ, ਜਿਸ ਨੂੰ ਮਿਸ ਨਹੀਂ ਕੀਤਾ ਜਾਣਾ ਚਾਹੀਦਾ!

ਸਾਰੀ ਟੀਮ ਨੂੰ ਫਿਲਮ ਲਈ ਬਹੁਤ ਬਹੁਤ ਮੁਬਾਰਕਾਂ !ਉਮੀਦ ਕਰਦੇ ਹਾਂ ਕਿ ਇਹ ਫਿਲਮ ਵਪਾਰਕ ਕਾਮਯਾਬੀ ਵੱਲ ਵੀ ਆਪਣੇ ਕਦਮ ਪੁੱਟੇਗੀ
Comments & Suggestions
Comments & Suggestions