ਪਰ ਅਫ਼ਸੋਸ ……. !?
#Filmreview #chakkven
➡️ਵੈਸੇ ਤਾਂ ਕਿਸੇ ਵੀ ਫ਼ਿਲਮ ਦਾ ਪਹਿਲਾ ਆਲੋਚਕ ਤਾਂ ਅਸਲ ਫ਼ਿਲਮ ਦਰਸ਼ਕ ਹੀ ਹੁੰਦਾ ਹੈ ਅਤੇ ਜੇ ਉਹੀ ਫ਼ਿਲਮ ਪ੍ਰਤੀ ਹਾਂ ਪੱਖੀ ਹੁੰਗਾਰਾ ਨਾ ਭਰੇ ਤਾਂ ਹੋਰ ਕੋਈ ਗੱਲ ਕਰਨ ਲਈ ਬਚਦੀ ਨਹੀਂ ! ਪਰ ਫਿਰ ਵੀ ਆਪੋ-ਆਪਣੇ ਕੰਮ ਦੀ ਜ਼ਿੰਮੇਵਾਰੀ ਸਭ ਨੇ ਨਿਭਾਉਣੀ ਹੀ ਹੁੰਦੀ ਹੈ, ਸੋ ਸਮੀਖਿਆ ਰੂਪੀ ਦੋ ਗੱਲਾਂ ਫ਼ਿਲਮ “ਚੱਕਵੇਂ” ਬਾਰੇ !
➡️ਮੈਂ ਹਰ ਉਸ ਫ਼ਿਲਮ ਦੀ ਤਾਰੀਫ਼ ਵੀ ਜ਼ਰੂਰ ਕਰਦਾ ਹਾਂ, ਜਿੱਥੇ ਨਵੇਂ ਟੈਲੈਂਟ ਨੂੰ ਵੱਡੇ ਪਰਦੇ ਤੇ ਜਨਮ ਦਿੱਤਾ ਜਾਂਦਾ ਹੈ, ਸੋ ਇਹ ਤਾਰੀਫ਼ ਇਸ ਫ਼ਿਲਮ ਤੇ ਵੀ ਢੁੱਕਦੀ ਹੈ।
ਇਸ ਫ਼ਿਲਮ ਦੇ ਲੇਖਕ-ਨਿਰਦੇਸ਼ਕ ਹੈਪੀ ਰੋਡੇ ਨੇ ਆਪਣੀਆਂ ਪਹਿਲੀਆਂ ਫ਼ਿਲਮਾਂ ‘ਰੋਡੇ ਕਾਲਜ’ ਅਤੇ ‘ਡਾਕੂਆਂ ਦਾ ਮੁੰਡਾ 3’ ਵਾਂਗ ਇਸ ਫ਼ਿਲਮ ਵਿੱਚ ਵੀ ਨਵੇਂ ਕਲਾਕਾਰ ਵੱਡੇ ਪਰਦੇ ਤੇ ਉਤਾਰੇ ਹਨ, ਖ਼ਾਸਕਰ ਨਵਾਂ ਹੀਰੋ ਵਿਸ਼ਾਲ ਬਰਾੜ !
➡️ਖ਼ੈਰ! ਕਲਾਕਾਰਾਂ ਦੀ ਗੱਲ ਬਾਅਦ ਵਿੱਚ ਕਰਦੇ ਹਾਂ, ਪਹਿਲਾਂ ਗੱਲ ਫ਼ਿਲਮ ਦੇ ਟਾਈਟਲ, ਜੌਨਰ, ਕਹਾਣੀ-ਸਕਰੀਨ ਪਲੇਅ ਦੀ!
➡️ਜਿਸ ਧਰਤੀ ਤੇ ਸਿੰਘਾਂ-ਸੂਰਮਿਆਂ ਨੇ ਜਨਮ ਲਿਆ ਹੋਵੇ, ਓਥੇ ‘ਚੱਕਵੇਂ’ ਵਰਗੇ ਸਿਰਲੇਖਾਂ ਦਾ ਕੋਈ ਮਤਲਬ ਫਿਰ ਹੀ ਮਾਇਨੇ ਰੱਖਦਾ ਹੈ ਜੇ ਤੁਸੀਂ ਉਸ ਨੂੰ ਮਜ਼ਬੂਤੀ ਨਾਲ ਜਸਟੀਫਾਈ ਕਰ ਸਕੋ, ਜੋ ਕਿ ਇਸ ਫ਼ਿਲਮ ਰਾਹੀਂ ਨਹੀਂ ਹੋ ਸਕਿਆ!?
ਲੇਖਕ-ਨਿਰਦੇਸ਼ਕ ਦੇ ਫ਼ਿਲਮ ਪ੍ਰਤੀ ਜਜ਼ਬਾਤ ਤਾਂ ਸਮਝ ਆਉਂਦੇ ਹਨ, ਪਰ ਫ਼ਿਲਮ ਦਾ ਜੌਨਰ ਕਲੀਅਰ ਨਹੀਂ ਹੈ ਕਿ ਆਖ਼ਰਕਾਰ ਤੁਹਾਡੀ ਫ਼ਿਲਮ ਇੱਕ ਫੈਮਿਲੀ ਡਰਾਮਾ ਹੈ, ਰੋਮਾਂਟਿਕ ਹੈ, ਐਕਸ਼ਨ ਜਾਂ ਪੈਰਲਲ ਸਿਨੇਮਾ ਜੌਨਰ ਦੀ ਹੈ।

➡️ਵੈਸੇ ਵੀ ਜਦੋਂ ਕਿਸੇ ਫ਼ਿਲਮ ਨੂੰ “ਏ ਸਰਟੀਫਿਕੇਟ” ਮਿਲਦਾ ਹੈ, ਤਾਂ ਤੁਹਾਡੀ ਫ਼ਿਲਮ ਪਰਿਵਾਰਕ ਨਹੀਂ ਰਹਿ ਜਾਂਦੀ, ਜਦਕਿ ਸਾਡਾ ਦਰਸ਼ਕ ਦਾਇਰਾ ਤਾਂ ਪਹਿਲਾਂ ਹੀ ਸੀਮਿਤ ਹੈ ਅਤੇ ਅਜੇ ਅਸੀਂ ਐਡੇ ਵੱਡੇ ਸਥਾਪਤ ਨਾਵਾਂ ਵਾਲੇ ਲੇਖਕ-ਨਿਰਦੇਸ਼ਕ ਵੀ ਨਹੀਂ ਬਣੇ ਕਿ ਸਾਡੇ ਭਰੋਸੇ ਫ਼ਿਲਮ ਹਿੱਟ ਹੋ ਜਾਵੇ!?
ਰੋਮਾਂਸ ਫ਼ਿਲਮ ‘ਚ ਦਿਸਦਾ ਨਹੀਂ ਤੇ ਐਕਸ਼ਨ ਦੇ ਅਧਾਰ ਵਿੱਚ ਮਜ਼ਬੂਤ ਨਵੀਨਤਾ ਵੀ ਨਹੀਂ।
ਬਾਕੀ ਰਹੀ ਗੱਲ ਫ਼ਿਲਮ ਦੇ ਸਮਾਜਿਕ ਸੁਨੇਹਾ ਭਰਪੂਰ ਹੋਣ ਦੀ, ਤਾਂ ਇੱਥੇ ਵੀ ਫ਼ਿਲਮ ਦੇ ਪੱਖਾਂ ਨਾਲੋਂ ਵੱਧ ਮਜ਼ਬੂਤ, ਲੇਖਕ-ਨਿਰਦੇਸ਼ਕ ਦੇ ਜਜ਼ਬਾਤ ਹੀ ਨਜ਼ਰ ਆਉਂਦੇ ਹਨ, ਜੋ ਕਿ ਚੰਗੀ ਗੱਲ ਤਾਂ ਹੈ ਪਰ ਇਹਨਾਂ ਵਿੱਚ ਅਜੇ ਉਹ ਮੁਹਾਰਤ ਘੁਲਣੀ ਬਾਕੀ ਹੈ,ਜੋ ਫ਼ਿਲਮ ਨੂੰ ਉਹ ਰੰਗ ਦੇ ਸਕੇ ਜਿਸ ਤੋਂ ਮੌਜੂਦਾ ਦਰਸ਼ਕ ਪ੍ਰਭਾਵਿਤ ਹੋਵੇ !
➡️ਵੈਸੇ ਵੀ ਕਿਸੇ ਪੇਸ਼ਾਵਰ ਥਿਏਟਰ ਫ਼ਿਲਮ ਵਿਚ ਇਕ/ਅੱਧ ਸਮਾਜਿਕ ਸੁਨੇਹਾ ਹੀ ਕਾਫੀ ਹੁੰਦਾ ਹੈ ਨਾ ਕਿ ਸੁਨੇਹਿਆਂ ਵਿਚ ਫਸੀ ਫ਼ਿਲਮ! ਹਰ ਹਾਲ ਵਿਚ ਐਂਟਰਟੇਨਮੈਂਟ ਹੀ ਫ਼ਿਲਮ ਤੇ ਭਾਰੂ ਹੋਣਾ ਲਾਜ਼ਮੀ ਹੈ,ਤਾਂ ਹੀ ਦਰਸ਼ਕ ਦੀ ਦਿਲਚਸਪੀ ਬਰਕਰਾਰ ਰਹਿੰਦੀ ਹੈ।
➡️ਰਹੀ ਗੱਲ ਫ਼ਿਲਮ ਦੀ ਕਹਾਣੀ ਦੀ, ਤਾਂ ਪਹਿਲੀ ਗੱਲ ਨਵੀਨਤਾ ਕੋਈ ਨਹੀਂ ਤੇ ਦੂਜਾ ਕਿ ਦਰਸ਼ਕ ਨੂੰ ਹਰ ਗੱਲ ਇਕ ਸਿੱਧੀ ਰੇਖਾ ਵਾਂਗ ਸਾਫ਼-ਸਰਲ ਅਤੇ ਮਜ਼ਬੂਤ ਤਰੀਕੇ ਨਾਲ ਸਮਝ ਆਉਣੀ ਜ਼ਰੂਰੀ ਹੈ, ਕਿ ਆਖ਼ਰ ਲੇਖਕ-ਨਿਰਦੇਸ਼ਕ ਫ਼ਿਲਮ ਜ਼ਰੀਏ ਕਹਿਣਾ ਕੀ ਚਾਹੁੰਦਾ ਹੈ ?
➡️ਇਸੇ ਤਰਾਂ ਗੱਲ ਫ਼ਿਲਮ ਦੇ ਸਕਰੀਨ ਪਲੇਅ ਦੀ, ਤਾਂ ਦਰਸ਼ਕਾਂ ਦੀਆਂ ਨਜ਼ਰਾਂ ਪਰਦੇ ਤੇ ਟਿਕੀਆਂ ਰਹਿਣ, ਇਸ ਲਈ ਜ਼ਰੂਰੀ ਹੁੰਦੀ ਹੈ ਇਸ ਦੀ ਮਜ਼ਬੂਤ ਪਕੜ, ਜੋ ਕਹਾਣੀ ਵਿਚਲੀਆਂ ਕਮਜ਼ੋਰੀਆਂ ਨੂੰ ਲੁਕਾ ਲਵੇ, ਪਰ ਇਸ ਫ਼ਿਲਮ ਦੀ ਡਾਕੂਮੈਂਟਰੀ ਰੂਪੀ ਧੀਮੀ ਗਤੀ ਕਾਰਨ ਅਜਿਹਾ ਵੀ ਨਹੀਂ ਹੋ ਸਕਿਆ!?
ਕਹਿਣ ਦਾ ਮਤਲਬ ਲੇਖਕ-ਨਿਰਦੇਸ਼ਕ, ਕਹਾਣੀ-ਸਕਰੀਨ ਪਲੇਅ ਨੂੰ ਲੈ ਕੇ ਦਰਸ਼ਕ ਉੱਤੇ ਮਜ਼ਬੂਤ ਪਕੜ ਨਹੀਂ ਬਣਾ ਸਕਿਆ।
➡️ਗੱਲ ਫ਼ਿਲਮ ਦੇ ਸੰਗੀਤ ਦੀ ਤਾਂ ਕਿਸੇ ਚੀਜ਼ ਦਾ ਗਿਆਨ ਹੋਣਾ ਤੁਹਾਡੇ ਵਾਧੂ ਟੈਲੇਂਟ ਦਾ ਹਿੱਸਾ ਤਾਂ ਹੋ ਸਕਦਾ ਹੈ ਪਰ ਕਿਸੇ ਚੀਜ਼ ਵਿਚ ਮੁਹਾਰਤ ਹੋਣੀ ਵੱਖ ਗੱਲ ਹੈ, ਇਸ ਲਈ ਪੇਸ਼ਾਵਰ ਸਿਨੇਮਾ ਵਿਚ ਹਮੇਸ਼ਾ ਮੁਹਾਰਤ ਨੂੰ ਪਹਿਲ ਦਿੱਤੀ ਜਾਂਦੀ ਹੈ ਨਾ ਕਿ ਹਰ ਕੰਮ ਆਪੇ ਸੰਭਾਲਣ ਨੂੰ !? ਇਸ ਤੋਂ ਤਾਂ ਇਹੀ ਲੱਗਦਾ ਇਹ ਹੈ ਕਿ ਸ਼ਾਇਦ ਤੁਹਾਨੂੰ ਹੋਰਨਾਂ ਤੇ ਭਰੋਸਾ ਨਹੀਂ, ਹਰ ਬੰਦਾ ਜਿਸ ਕੰਮ ਵਿੱਚ ਮੁਹਾਰਤ ਰੱਖਦਾ ਹੋਵੇ, ਉਸੇ ਕੋਲੋਂ ਕਰਵਾਇਆ ਜਾਵੇ ਤਾਂ ਹੋਰ ਵਧੀਆ ਅਤੇ ਮਜ਼ਬੂਤੀ ਨਾਲ ਸਾਹਮਣੇ ਆਉਂਦਾ ਹੈ, ਵਰਨਾ ਬਾਲੀਵੁੱਡ ਅਤੇ ਪੰਜਾਬ ਵਿੱਚ ਕਿਸੇ ਨੂੰ ਲੀਜੈਂਡ ਗੀਤ-ਸੰਗੀਤਕਾਰ ਕਿਹਾ ਹੀ ਨਾ ਜਾਂਦਾ !
➡️ਖ਼ੈਰ, ਗੱਲ ਫ਼ਿਲਮ ਵਿਚਲੇ ਕਲਾਕਾਰਾਂ ਦੀ, ਤਾਂ ਪੁਰਾਣੇ ਚਿਹਰਿਆਂ, ਜਿਵੇਂ ਕਿ ਕਰਤਾਰ ਚੀਮਾ, ਪ੍ਰਿਤਪਾਲ ਪਾਲੀ, ਰਾਜ ਧਾਲੀਵਾਲ, ਸੰਜੂ ਸੋਲੰਕੀ ਅਤੇ ਮਲਕੀਅਤ ਰੌਣੀ ਆਦਿ ਕਲਾਕਾਰਾਂ ਦਾ ਨਿਪੁੰਨਤਾ ਭਰਪੂਰ ਕੰਮ ਤਾਂ ਸਭ ਨੇ ਪਹਿਲਾਂ ਹੀ ਵੇਖਿਆ ਹੈ। ਇਸ ਲਈ ਗੱਲ ਨਵੇਂ ਕਲਾਕਾਰਾਂ ਚੋਂ ਸਭ ਤੋਂ ਪਹਿਲਾਂ ਫ਼ਿਲਮ ਦੇ ਹੀਰੋ ਵਿਸ਼ਾਲ ਬਰਾੜ ਦੀ। ਉਸ ਨੂੰ ਚੰਗਾ ਮੌਕਾ ਮਿਲਿਆ ਅਤੇ ਉਸ ਨੇ ਬਾਖ਼ੂਬੀ ਨਿਭਾਇਆ ਵੀ, ਪਰ ਬਤੌਰ ਡੈਬਿਊ ਹੀਰੋ ਜਿਸ ਤਰੀਕੇ ਨਾਲ ਉਸ ਨੂੰ ਪੇਸ਼ ਕੀਤਾ ਜਾਣਾ ਬਣਦਾ ਸੀ, ਉਹ ਨਜ਼ਰ ਨਹੀਂ ਆਇਆ, ਕਿ ਯੂਥ ਉਸ ਤੋਂ ਪ੍ਰਭਾਵਿਤ ਹੋ ਸਕੇ ਅਤੇ ਅੱਜ ਦੇ ਯੂਥ ਦੀ ਪਸੰਦ ਤੋਂ ਬਿਨਾਂ ਨਾ ਤਾਂ ਕਿਸੇ ਫ਼ਿਲਮ ਦੀ ਅਤੇ ਨਾ ਹੀ ਕਿਸੇ ਨਵੇਂ ਐਕਟਰ ਦੀ ਗੱਲ ਅੱਗੇ ਤੁਰਨੀ ਸੰਭਵ ਹੈ। ਭਾਵੇਂ ਫ਼ਿਲਮ ਦੀ ਕਹਾਣੀ ਕਿਸੇ ਖ਼ਾਸ ਦੀ ਜ਼ਿੰਦਗੀ ਜਾਂ ਕਿਸੇ ਖ਼ਾਸ ਸਮੇਂ ਜਾਂ ਇਲਾਕੇ ਦੀਆਂ ਪੁਰਾਣੀਆਂ ਵਾਪਰੀਆਂ ਘਟਨਾਵਾਂ ਤੇ ਅਧਾਰਿਤ ਹੀ ਕਿਉਂ ਨਾ ਹੋਵੇ, ਉਸ ਵਿੱਚ ਵਾਜਿਬ ਫ਼ਿਕਸ਼ਨ/ਫ਼ਿਲਮ ਲਿਬਰਟੀ ਦੀ ਗੁੰਜਾਇਸ਼ ਰੱਖਣੀ ਚਾਹੀਦੀ ਹੈ, ਤਾਂ ਕਿ ਦਰਸ਼ਕ ਦੀ ਖਿੱਚ ਬਰਕਰਾਰ ਰਹੇ, ਨਹੀਂ ਤਾਂ ਚੰਗੀ ਭਲੀ ਫ਼ਿਲਮ ਇੱਕ ਡਾਕੂਮੈਂਟਰੀ ਜਿਹੀ ਲੱਗਣ ਲੱਗ ਪੈਂਦੀ ਹੈ।
➡️ਹੀਰੋ-ਹੀਰੋਇਨ ਦਾ ਰੋਮਾਂਟਿਕ ਪੱਖ ਅਤੇ ਸਬੰਧਤ ਗੀਤ-ਸੰਗੀਤ ਗ਼ਾਇਬ ਜਿਹਾ ਨਜ਼ਰ ਆਇਆ ਇਸ ਫ਼ਿਲਮ ਚੋਂ, ਜੋ ਕਿ ਫ਼ਿਲਮ ਨੂੰ ਹੋਰ ਸੁਸਤ ਕਰਦਾ ਹੈ, ਜਦੋਂ ਕਿ ਇਸ ਨੂੰ ਮਜ਼ਬੂਤੀ ਨਾਲ ਉਭਾਰਨ ਦੀ ਗੁੰਜਾਇਸ਼ ਸੀ ਲੇਖਕ-ਨਿਰਦੇਸ਼ਕ ਕੋਲ। ਜੇ ਅਜਿਹਾ ਹੁੰਦਾ ਤਾਂ ਫ਼ਿਲਮ ਦੀ ਹੀਰੋਇਨ ਉਮਦਾ ਅਦਾਕਾਰਾ ਰਮਨ ਸ਼ੇਰਗਿੱਲ ਵੀ ਮਜ਼ਬੂਤੀ ਨਾਲ ਸਥਾਪਤ ਹੋਣੀ ਸੀ।
➡️ਕਹਿਣ ਦਾ ਮਤਲਬ ਕਿ ਨਿਰਦੇਸ਼ਕ ਵੱਲੋਂ ਫ਼ਿਲਮ ਲਈ ਚੁਣੇ ਗਏ ਨਵੇਂ-ਪੁਰਾਣੇ ਲੀਡ ਜਾਂ ਕਰੈਕਟਰ ਚਿਹਰਿਆਂ ਨੂੰ ਸਕਰੀਨ ਪਲੇਅ, ਮਜ਼ਬੂਤ ਦ੍ਰਿਸ਼ਾਂ ਅਤੇ ਸੰਵਾਦਾਂ ਰਾਹੀਂ ਉਭਾਰਨਾ ਹੀ ਉਸ ਦੀ ਅਸਲ ਕਾਰੀਗਰੀ ਹੈ, ਭਾਵੇਂ ਉਨ੍ਹਾਂ ਦੇ ਕਿਰਦਾਰਾਂ ਦੀ ਲੰਬਾਈ ਕਿੰਨੀ ਵੀ ਛੋਟੀ ਕਿਉਂ ਨਾ ਹੋਵੇ, ਪਰ ਦਰਸ਼ਕ ਨੂੰ ਉਨ੍ਹਾਂ ਦੇ ਜ਼ਰੂਰੀ ਹੋਣ ਦਾ ਅਹਿਸਾਸ ਦਿਵਾਉਣਾ ਲੇਖਕ-ਨਿਰਦੇਸ਼ਕ ਦਾ ਕੰਮ ਹੈ।
➡️ਇਕ ਹੋਰ ਉਦਾਹਰਣ ਵਜੋਂ
ਫ਼ਿਲਮ ਵਿੱਚ ਹੀਰੋਇਨ ਦੀ ਸਹੇਲੀ-ਭੈਣ ਵਿਖਾਈ ਗਈ ਰਾਜਵੀਰ ਕੌਰ, ਜੋ ਕਿ ਇੱਕ ਵਧੀਆ ਅਤੇ ‘ਯਾਰ ਚੱਲੇ ਬਾਹਰ’ ਵਰਗੀ ਹਿੱਟ ਵੈੱਬ ਸੀਰੀਜ਼ ਦਾ ਜਾਣਿਆ-ਪਛਾਣਿਆ ਲੀਡ ਅਦਾਕਾਰਾ ਚਿਹਰਾ ਹੈ, ਪਰ ‘ਡਾਕੂਆਂ ਦੇ ਮੁੰਡੇ 3’ ਵਾਂਗ ਇਸ ਫ਼ਿਲਮ ਵਿੱਚ ਵੀ ਉਸ ਦਾ ਰੋਲ ਸਥਾਪਤ ਨਹੀਂ ਹੋ ਸਕਿਆ। ਹਾਂ ! ਇਸ ਇਸ ਵਾਰ ਫ਼ਿਲਮ ਵਿੱਚ ਦਿੱਖ ਪੱਖੋਂ ਉਹ ਵੀ ਕਿਸੇ ਹੀਰੋਇਨ ਤੋਂ ਘੱਟ ਆਕਰਸ਼ਿਤ ਨਹੀਂ ਲੱਗੀ !
ਬਾਕੀ ਨਵੇਂ ਕਲਾਕਾਰਾਂ ਦੇ ਹਿੱਸੇ ਜਿਸ ਤਰਾਂ ਦੇ ਵੀ ਕਿਰਦਾਰ ਆਏ,ਸਭ ਨੇ ਬਾਖੂਬੀ ਨਿਭਾਏ।
➡️ਸੋ ਸਿੱਟਾ ਇਹ ਕਿ ਨਾ ਤਾਂ ਫ਼ਿਲਮ “ਚੱਕਵੇਂ” ਦਰਸ਼ਕਾਂ ਦਾ ਮਨੋਬਲ ਚੱਕਦੀ ਦਿਸ ਰਹੀ ਹੈ ਅਤੇ ਨਾ ਹੀ ਨਿਰਮਾਤਾ ਸਮੇਤ ਪੂਰੀ ਫ਼ਿਲਮ ਟੀਮ ਨੂੰ!?
➡️ਫ਼ਿਲਮ ਟੀਮ ਦੇ ਆਤਮ ਮੰਥਨ/ਚਿੰਤਨ ਵਾਲੀ ਗੱਲ ਇਹ ਹੈ ਕਿ ਫ਼ਿਲਮ ਚੱਕਵੇਂ ਵਿੱਚ ਚੱਕਵਾਂ, ਨਵਾਂ,ਖਾਸ ਜਾਂ ਮੌਜੂਦਾ ਸਿਨੇਮਾ ਦੌਰ ਦਾ ਹਾਣੀ ਕੀ ਹੈ, ਜਿਸ ਨੂੰ ਵੱਡੇ ਪਰਦੇ ਤੇ ਵੇਖਣ ਲਈ ਦਰਸ਼ਕ ਉਤਸ਼ਾਹ ਵਿਖਾਏਗਾ ?
➡️ਸਾਨੂੰ ਇਹ ਗੱਲ ਮੰਨਣ/ਵਿਚਾਰਨ ਦੀ ਵੀ ਲੋੜ ਹੈ ਕਿ “ਚੱਕਵੇਂ ਬਣ ਚੁੱਕੇ ਫ਼ਿਲਮ ਦਰਸ਼ਕ ਅਤੇ ਵਰਲਡਵਾਈਡ ਸਿਨੇਮਾ ਬਹੁਤ ਅੱਗੇ ਨਿਕਲ ਚੁੱਕਿਆ ਹੈ ਅਤੇ ਅਸੀਂ ਅਜੇ ਵੀ ਕਿਸੇ ਨਾਲ ਵਾਪਰੀਆਂ ਨਿੱਜੀ ਪਿਛੋਕੜ ਘਟਨਾਵਾਂ ਵਾਲੀਆਂ ਦਸਤਾਵੇਜ਼ ਨੁਮਾ ਫ਼ਿਲਮਾਂ ਨੂੰ ਵੱਡੇ ਪਰਦੇ ਦੀਆਂ ਫ਼ਿਲਮਾਂ ਰੂਪੀ ਪੇਸ਼ ਕਰ ਰਹੇ ਹਾਂ ਅਤੇ ਫ਼ਿਲਮਾਂ ਨਾ ਚੱਲਣ ਦੇ ਦੋਸ਼ ਦਰਸ਼ਕਾਂ ਜਾਂ ਪੰਜਾਬ ਦੇ ਮਾਹੌਲ ਸਿਰ ਮੜ੍ਹ ਰਹੇ ਹਾਂ।
➡️ਸੋ ਮੌਜੂਦਾ ਸਿਨੇਮਾ ਸਨੈਰਿਓ ਅਨੁਸਾਰ ਫ਼ਿਲਮ ਦੀ ਪੇਸ਼ਕਾਰੀ ਅਤੇ ਦਰਸ਼ਕ ਦੀ ਰਮਜ਼-ਨਬਜ਼਼ ਪਛਾਣਨ ਦੀ ਸਮਰੱਥਾ ਵਾਲਾ ਇਜ਼ਾਫ਼ਾ ਹਰ ਤਜ਼ਰਬੇਕਾਰ ਪੰਜਾਬੀ ਫ਼ਿਲਮ ਮੇਕਰ ਅੰਦਰ ਹੋਣਾ ਜ਼ਰੂਰੀ ਹੈ, ਕਿਉਂਕਿ ਜੇ ਫ਼ਿਲਮ ਨੂੰ ਦਰਸ਼ਕ ਨੇ ਵੱਡੇ ਪਰਦੇ ਤੇ ਪੈਸੇ ਖ਼ਰਚ ਕੇ ਵੇਖਣਾ ਹੈ ਤਾਂ ਉਸ ਦਾ ਮੁੱਲ ਮੁੜਣਾ ਵੀ ਅਤਿ ਜ਼ਰੂਰੀ ਹੈ!?- ਡਾ. ਦਲਜੀਤ ਸਿੰਘ ਅਰੋੜਾ
